ਕੋਵਿਡ ਮਹਾਂਮਾਰੀ ਦੇ ਸੰਕਟ ਸਮੇਂ ਨਿੱਜੀ ਸਨਅਤਾਂ ਵੱਲੋਂ ਮੱਦਦ ਲਈ ਅੱਗੇ ਆਉਣਾ ਸ਼ਲਾਘਾਯੋਗ : ਹਰਦਿਆਲ ਸਿੰਘ ਕੰਬੋਜ

Coronavirus Sachkahoon

ਬੁੰਗੇ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਰਾਜਪੁਰਾ ਸਿਵਲ ਹਸਪਤਾਲ ਲਈ ਜੈਨਰੇਟਰ ਭੇਟ

ਰਾਜਪੁਰਾ, ਅਜਯ ਕਮਲ। ਕੋਵਿਡ ਮਹਾਂਮਾਰੀ ਵਿਰੁੱਧ ਲੜੀ ਜਾ ਰਹੀ ਜੰਗ ’ਚ ਯੋਗਦਾਨ ਪਾਉਣ ਲਈ ਨਿਜੀ ਸਨਅਤਾਂ ਵੀ ਅੱਗੇ ਆ ਰਹੀਆਂ ਹਨ। ਇਸ ਤਹਿਤ ਰਾਜਪੁਰਾ ਅਧਾਰਤ ਖਾਣ ਵਾਲੇ ਘਿਓ ਤੇ ਤੇਲਾਂ ਦੀ ਉਦਯੋਗਿਕ ਇਕਾਈ, ਬੁੰਗੇ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਅੱਜ ਏ.ਪੀ. ਜੈਨ ਸਿਵਲ ਹਸਪਤਾਲ ਵਿਖੇ ਲਗਾਏ ਜਾ ਰਹੇ ਆਕਸੀਜਨ ਪਲਾਂਟ ਲਈ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਮੌਜ਼ੂਦਗੀ ’ਚ 250 ਕਿਲੋਵਾਟ ਦਾ ਸਾਇਲੈਂਟ ਬਿਜਲੀ ਜੈਨਰੇਟਰ ਸੈਟ ਭੇਟ ਕੀਤਾ। ਐਮ.ਐਲ.ਏ. ਕੰਬੋਜ ਨੇ ਬੁੰਗੇ ਇੰਡੀਆ ਦੀ ਮੈਨੇਜਮੈਂਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਿਜੀ ਸਨਅਤਾਂ ਵੱਲੋਂ ਕੋਵਿਡ ਮਹਾਂਮਾਰੀ ਵਰਗੇ ਸੰਕਟ ਦੇ ਸਮੇਂ ਸਰਕਾਰ ਨੂੰ ਸਹਿਯੋਗ ਦੇਣ ਲਈ ਅੱਗੇ ਆਉਣਾ ਅਤਿ ਸ਼ਲਾਘਾਯੋਗ ਹੈ।

ਸ੍ਰੀ ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਆਕਸੀਜਨ ਦੀ ਲੋੜ ਨੂੰ ਵੇਖਦਿਆਂ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਟੌਰੈਂਟ ਕੰਪਨੀ ਵੱਲੋਂ ਆਕਸੀਜਨ ਦਾ ਪਲਾਂਟ ਲਗਾਇਆ ਜਾ ਰਿਹਾ ਹੈ, ਜਿਸ ਲਈ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਵਾਸਤੇ 15 ਲੱਖ ਤੋਂ ਵਧੇਰੇ ਦੀ ਲਾਗਤ ਵਾਲਾ ਜਨਰੇਟਰ ਸੈਟ ਬੁੰਗੈ ਇੰਡੀਆ ਨੇ ਭੇਟ ਕੀਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਰਾਜਪੁਰਾ ਦਾ ਸਿਵਲ ਹਸਪਤਾਲ ਨਿਜੀ ਖੇਤਰ ਦੇ ਹਸਪਤਾਲਾਂ ਤੋਂ ਵੀ ਬਿਹਤਰ ਹਸਪਤਾਲ ਬਣਕੇ ਸਾਹਮਣੇ ਆਇਆ ਹੈ ਅਤੇ ਜਲਦ ਹੀ ਇੱਥੇ ਮਰੀਜਾਂ ਦੀ ਸਹੂਲਤ ਲਈ ਸਿਟੀ ਸਕੈਨ ਮਸ਼ੀਨ ਵੀ ਲਗਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਿਸ਼ਕਾਮ ਸੇਵਾ ਸੁਸਾਇਟੀ ਆਕਸੀਜਨ ਪਾਈਪ ਲਾਈਨ ਪਵਾ ਰਹੀ ਹੈ ਅਤੇ ਜਦਕਿ ਪਲਾਂਟ ਨੂੰ ਲਗਵਾਉਣ ਲਈ ਬਾਕੀ ਸਾਰੇ ਖ਼ਰਚੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ।

ਬੁੰਗੇ ਇੰਡੀਆ ਦੇ ਫੈਕਟਰੀ ਮੈਨੇਜਰ ਮੁਨੀਸ਼ ਵਡੇਰਾ ਨੇ ਦੱਸਿਆ ਕਿ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨਾਲ ਮੀਟਿੰਗ ਕਰਕੇ ਇਸ ਹਸਪਤਾਲ ਦੀ ਲੋੜ ਮੁਤਾਬਕ ਇਹ ਜੈਨਰੇਟਰ ਸੈਟ ਦਿੱਤਾ ਗਿਆ ਹੈ ਤੇ ਕੰਪਨੀ ਭਵਿੱਖ ’ਚ ਵੀ ਆਪਣੀ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਤਹਿਤ ਪ੍ਰਸ਼ਾਸਨ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬੁੰਗੇ ਇੰਡੀਆ ਵੱਲੋਂ ਪੰਜਾਬ ਇਨਵੈਸਟਮੈਂਟ ਬਿਊਰੋ ਦੀ ਅਪੀਲ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਕੋਵਿਡ ਮਰੀਜਾਂ ਦੀ ਲੋੜ ਲਈ 3000 ਪਲਸ ਆਕਸੀਮੀਟਰ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੂੰ ਸੌਂਪੇ ਗਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।