ਹੁਣ ਵਿਧਾਇਕਾਂ ਦੇ ਹੱਥੋਂ ਜਾਏਗੀ ਕਮਾਨ, ਸਿਰਫ਼ ਕੰਪਿਊਟਰ ਕਰੇਗਾ ਤਬਾਦਲੇ ਦਾ ਫੈਸਲਾ

ਸਿਆਸੀ ਤੌਰ ‘ਤੇ ਨਹੀਂ ਹੋ ਸਕੇਗਾ ਇੱਕ ਵੀ ਤਬਾਦਲਾ, ਨਿਯਮਾਂ ਅਨੁਸਾਰ ਹੀ ਕੰਪਿਊਟਰ ਕਰੇਗਾ ਤਬਾਦਲਾ

ਅੱਜ ਹੋ ਜਾਏਗਾ ਨੋਟੀਫਿਕੇਸ਼ਨ, ਮੰਤਰੀ ਵਿਜੈਇੰਦਰ ਸਿੰਗਲਾ ਕਰਨਗੇ ਪ੍ਰੈੱਸ ਕਾਨਫਰੰਸ

ਕਾਂਗਰਸੀ ਵਿਧਾਇਕਾਂ ਵੱਲੋਂ ਵਿਰੋਧੀ ਹੋਇਆ ਸ਼ੁਰੂ, ਮੁੱਖ ਮੰਤਰੀ ਨੂੰ ਮਿਲ ਕੇ ਜਤਾਉਣਗੇ ਰੋਸ

ਅਸ਼ਵਨੀ ਚਾਵਲਾ, ਚੰਡੀਗੜ੍ਹ

ਸਿੱਖਿਆ ਵਿਭਾਗ ‘ਚ ਇੱਕ-ਅੱਧਾ ਤਬਾਦਲਾ ਕਰਵਾ ਕੇ ਆਪਣੇ ਸਮਰਥਕਾਂ ਨੂੰ ਖੁਸ਼ ਕਰਨ ਵਾਲੇ ਵਿਧਾਇਕਾਂ ਦੇ ਹੱਥੋਂ ਹੁਣ ਇਹ ਕਮਾਨ ਵੀ ਜਾ ਰਹੀ ਹੈ। ਅੱਜ ਮੰਗਲਵਾਰ ਨੂੰ ਆਨਲਾਈਨ ਤਬਾਦਲੇ ਕਰਨ ਵਾਲਾ ਨੋਟੀਫਿਕੇਸ਼ਨ ਜਾਰੀ ਹੋਣ ਜਾ ਰਿਹਾ ਹੈ, ਜਿਸ ਤੋਂ ਬਾਅਦ ਇੱਕ ਵੀ ਤਬਾਦਲਾ ਸਿਆਸੀ ਸਿਫ਼ਾਰਸ਼ ਨਾਲ ਨਹੀਂ ਹੋਏਗਾ, ਸਗੋਂ ਖ਼ੁਦ ਕੰਪਿਊਟਰ ਹੀ ਨਿਯਮਾਂ ਤੇ ਸ਼ਰਤਾਂ ਅਨੁਸਾਰ ਫੈਸਲਾ ਕਰੇਗਾ ਕਿ ਤਬਾਦਲਾ ਹੋ ਵੀ ਸਕਦਾ ਹੈ ਜਾਂ ਫਿਰ ਨਹੀਂ ਹੋ ਪਾਏਗਾ। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅੱਜ ਜਾਂ ਭਲਕੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਇਸ ਦਾ ਐਲਾਨ ਕਰਨ ਜਾ ਰਹੇ ਹਨ। ਜਦੋਂ ਕਿ ਇਸ ਆਨਲਾਈਨ ਤਬਾਦਲਾ ਪਾਲਿਸੀ ਖ਼ਿਲਾਫ਼ ਕਾਂਗਰਸ ਦੇ ਕਈ ਵਿਧਾਇਕ ਜਲਦ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਣ ਲਈ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਇਸੇ ਸਾਲ 8 ਮਾਰਚ ਨੂੰ ਕੈਬਨਿਟ ਮੀਟਿੰਗ ‘ਚ ਅਧਿਆਪਕਾਂ ਦੇ ਤਬਾਦਲੇ ਨੂੰ ਆਨਲਾਈਨ ਕਰਨ ਦਾ ਫੈਸਲਾ ਕਰਦੇ ਹੋਏ ਤਬਾਦਲਾ ਨੀਤੀ ਨੂੰ ਪਾਸ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਮੌਕੇ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ ਵੱਲੋਂ ਇਸ ਆਨਲਾਈਨ ਤਬਾਦਲਾ ਨੀਤੀ ਨੂੰ ਆਪਣੀ ਮਨਜ਼ੂਰੀ ਨਹੀਂ ਦਿੰਦੇ ਹੋਏ ਨੋਟੀਫਿਕੇਸ਼ਨ ਦੀ ਫਾਈਲ ਨੂੰ ਰੋਕਿਆ ਹੋਇਆ ਸੀ ਪਰ ਜੂਨ ਮਹੀਨੇ ਵਿੱਚ ਇਸ ਫਾਈਲ ਨੂੰ ਪਾਸ ਕਰ ਦਿੱਤਾ ਗਿਆ ਹੈ।

ਹੁਣ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਆਨਲਾਈਨ ਤਬਾਦਲਾ ਨੀਤੀ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਜਾ ਰਹੇ ਹਨ ਅਤੇ ਇਸ ਤਬਾਦਲਾ ਨੀਤੀ ਦੇ ਨੋਟੀਫਿਕੇਸ਼ਨ ਨੂੰ ਜਾਰੀ ਕਰਨ ਦਾ ਐਲਾਨ ਉਹ ਪ੍ਰੈਸ ਕਾਨਫਰੰਸ ਵਿੱਚ ਕਰਨਗੇ। ਵਿਜੈਇੰਦਰ ਸਿੰਗਲਾ ਦਿੱਲੀ ਹੋਣ ਕਾਰਨ ਪ੍ਰੈੱਸ ਕਾਨਫਰੰਸ ਦਾ ਦਿਨ ਅੱਜ ਮੰਗਲਵਾਰ ਤਾਂ ਤੈਅ ਨਹੀਂ ਹੋ ਸਕਿਆ ਹੈ ਪਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਸਬੰਧੀ ਤਿਆਰੀ ਖਿੱਚ ਲਈ ਗਈ ਹੈ। ਇਸ ਆਨਲਾਈਨ ਤਬਾਦਲਾ ਨੀਤੀ ਲਾਗੂ ਹੋਣ ਤੋਂ ਬਾਅਦ ਅਧਿਕਾਰੀਆਂ ਤੇ ਖ਼ੁਦ ਸਿੱਖਿਆ ਮੰਤਰੀ ਵੱਲੋਂ ਕੋਈ ਵੀ ਤਬਾਦਲਾ ਆਪਣੇ ਪੱਧਰ ‘ਤੇ ਨਹੀਂ ਕੀਤਾ ਜਾ ਸਕੇਗਾ। ਤਬਾਦਲਾ ਖ਼ੁਦ ਕੰਪਿਊਟਰ ਤੈਅ ਨਿਯਮਾਂ ਅਨੁਸਾਰ ਹੀ ਕਰੇਗਾ। ਸਿੱਖਿਆ ਵਿਭਾਗ ਦੇ ਇਸ ਫੈਸਲੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਕਈ ਵਿਧਾਇਕ ਨਰਾਜ਼ ਹੋ ਗਏ ਹਨ ਤੇ ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਸਿਆਸੀ ਕੰਮ ਦੇਖਣ ਵਾਲੇ ਅਧਿਕਾਰੀ ਵੀ ਨੋਟੀਫਿਕੇਸ਼ਨ ਖ਼ਿਲਾਫ਼ ਖੜ੍ਹੇ ਹੋ ਗਏ ਹਨ।

ਹਮਾਇਤੀਆਂ ਦੇ ਤਬਾਦਲੇ ਵੀ ਨਹੀਂ ਕਰਵਾ ਸਕੇ ਤਾਂ ਕਾਹਦੈ ਵਿਧਾਇਕ

3-4 ਵਿਧਾਇਕਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਜਲਦ ਹੀ ਮੁਲਾਕਾਤ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਮੁਲਾਕਾਤ ਤੋਂ ਪਹਿਲਾਂ ਵਿਧਾਇਕਾਂ ਵੱਲੋਂ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਕਿਹਾ ਕਿ ਉਨ੍ਹਾਂ ਦੇ ਹਲਕੇ ਦਾ ਕੋਈ ਸਰਪੰਚ ਜਾਂ ਫਿਰ ਐਮ.ਸੀ. ਉਨ੍ਹਾਂ ਕੋਲ ਇੱਕ ਅੱਧਾ ਤਬਾਦਲਾ ਕਰਵਾਉਣ ਦੀ ਸਿਫ਼ਾਰਸ਼ ਲੈ ਕੇ ਆ ਜਾਂਦਾ ਹੈ, ਜਿਹੜਾ ਕਿ ਅਸੀਂ ਚੰਡੀਗੜ੍ਹ ਤੋਂ ਕਰਵਾ ਕੇ ਉਨ੍ਹਾਂ ਨੂੰ ਖੁਸ਼ ਕਰ ਦਿੰਦੇ ਹਾਂ ਪਰ ਹੁਣ ਤਾਂ ਅਧਿਕਾਰੀਆਂ ਨੇ ਉਨ੍ਹਾਂ ਦੇ ਹੱਥੋਂ ਇਹ ਸਿਆਸੀ ਤਾਕਤ ਵੀ ਖੋਹਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਅਸੀਂ ਆਪਣੇ ਸਮਰਥਕ ਦਾ ਇੱਕ ਤਬਾਦਲਾ ਵੀ ਨਹੀਂ ਕਰਵਾ ਸਕੀਏ ਤਾਂ ਕਾਹਦੇ ਵਿਧਾਇਕ ਹੋਏ ਅਸੀਂ! ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲ ਕੇ ਇਸ ਪਾਲਿਸੀ ਨੂੰ ਨੋਟੀਫਾਈ ਨਹੀਂ ਹੋਣ ਦੇਣਗੇ।

ਦਰੁਸਤ ਫ਼ਰਮਾਉਂਦੇ ਹਨ ਵਿਧਾਇਕ, ਕੀਤੀ ਜਾਏਗੀ ਮੁੱਖ ਮੰਤਰੀ ਨਾਲ ਗੱਲਬਾਤ

ਮੁੱਖ ਮੰਤਰੀ ਦਫ਼ਤਰ ਵਿੱਚ ਸਿਆਸੀ ਲੀਡਰਾਂ ਤੇ ਵਿਧਾਇਕਾਂ ਦਾ ਕੰਮ ਕਰਵਾਉਣ ਵਾਲੇ ਇੱਕ ਅਧਿਕਾਰੀ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਬਿਲਕੁਲ ਹੀ ਦਰੁਸਤ ਫਰਮਾ ਰਹੇ ਹਨ ਕਿ ਜਿਹੜੇ ਸਮਰਥਕ ਚੋਣਾਂ ਸਮੇਂ ਦਿਨ-ਰਾਤ ਇੱਕ ਕਰਕੇ ਚੋਣ ਜਿਤਾਉਂਦੇ ਹਨ, ਜੇਕਰ ਉਨ੍ਹਾਂ ਦਾ ਇੱਕ ਤਬਾਦਲਾ ਵੀ ਉਹ ਨਾ ਕਰਵਾ ਸਕੇ ਤਾਂ ਉਨ੍ਹਾਂ ਦੇ ਹਮਾਇਤੀ ਕੀ ਕਹਿਣਗੇ। ਉਨ੍ਹਾਂ ਕਿਹਾ ਕਿ ਵਿਧਾਇਕਾਂ ਦੇ ਇਸ ਮੁੱਦੇ ਨੂੰ ਮੁੱਖ ਮੰਤਰੀ ਤੱਕ ਜਰੂਰ ਪਹੁੰਚਾਇਆ ਜਾਏਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।