ਆਉ ਪੰਜਾਬੀਓ! ਆਪਣੀ ਦਸ਼ਾ ਤੇ ਦਿਸ਼ਾ ਬਦਲੀਏ

ਆਉ ਪੰਜਾਬੀਓ! ਆਪਣੀ ਦਸ਼ਾ ਤੇ ਦਿਸ਼ਾ ਬਦਲੀਏ

ਹਰ ਮੁਲਕ ਦੀ ਤਰੱਕੀ ਤੇ ਖ਼ੁਸ਼ਹਾਲੀ ਵਿੱਚ ਉਸ ਮੁਲਕ ਦੇ ਮਜ਼ਦੂਰਾਂ ਤੇ ਕਿਸਾਨਾਂ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ। ਜਿਸ ਨੂੰ ਅਸੀਂ ਅਕਸਰ ਹੀ ਅੱਖੋਂ-ਪਰੋਖੇ ਕਰੀ ਰੱਖਦੇ ਹਾਂ। ਕਾਰਖ਼ਾਨੇ, ਇਮਾਰਤਾਂ ਦੀਆਂ ਉਸਾਰੀਆਂ, ਖੇਤ, ਪਸ਼ੂ ਪਾਲਣ ਧੰਦੇ ਮਜ਼ਦੂਰਾਂ ਬਿਨਾਂ ਚੱਲ ਹੀ ਨਹੀਂ ਸਕਦੇ। ਕੋਈ ਸਮਾਂ ਹੁੰਦਾ ਸੀ ਜਦੋਂ ਅਸੀਂ ਪੰਜਾਬੀ ਇਹ ਸਾਰੇ ਕੰਮ ਆਪਣੇ ਹੱਥੀਂ ਕਰਦੇ ਸਾਂ।

ਕਰੀਬ 35-40 ਸਾਲ ਪਹਿਲਾਂ, ਜਦੋਂ ਅਸੀਂ ਸਾਂਝੇ ਪਰਿਵਾਰ ਵਿੱਚ ਰਹਿੰਦੇ ਹੁੰਦੇ ਸਾਂ ਤੇ ਘਰੇ ਕਦੇ ਉਸਾਰੀ ਕਰਨੀ ਹੁੰਦੀ ਤਾਂ ਮੇਰੇ ਦਾਦਾ ਜੀ ਮੇਰੇ ਪਾਪਾ ਨੂੰ ਤਾਕੀਦ ਕਰਦੇ ਹੁੰਦੇ ਸਨ ਕਿ ਉਹ ਪੰਜਾਬੀ ਮਿਸਤਰੀ ਤੇ ਮਜ਼ਦੂਰ ਹੀ ਦਿਹਾੜੀ ‘ਤੇ ਲੈ ਕੇ ਆਉਣ।

ਦੇਸ਼ਾਂ-ਵਿਦੇਸ਼ਾਂ ਵਿੱਚ ਕਦੇ ਪੰਜਾਬੀਆਂ ਦੇ ਸਿਰੜ ਤੇ ਮਿਹਨਤ ਦਾ ਸਿੱਕਾ ਚੱਲਦਾ ਹੁੰਦਾ ਸੀ। ਅੱਜ ਪੰਜਾਬੀ ਵਿਦੇਸ਼ਾਂ ਨੂੰ ਬੇਸ਼ੱਕ ਪੜ੍ਹਾਈ ਦੇ ਵੀਜ਼ੇ ‘ਤੇ ਜਾਂਦੇ ਹੋਣ, ਪਰ ਅੱਜ ਤੋਂ ਚਾਲੀ-ਪੰਜਾਹ ਸਾਲ ਪਹਿਲਾਂ ਪੰਜਾਬੀਆਂ ਨੂੰ ਕੰਮ ਕਰਨ ਲਈ ਵੀਜ਼ਾ ਆਸਾਨੀ ਨਾਲ ਮਿਲ ਜਾਂਦਾ ਸੀ। ਪੰਜਾਬੀਆਂ ਨੇ ਰਾਜਸਥਾਨ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਮਾਰੂਥਲੀ ਟਿੱਬੇ ਖਰੀਦ ਕੇ ਉੱਥੇ ਜੀਅ-ਤੋੜ ਮਿਹਨਤਾਂ ਕੀਤੀਆਂ। ਨਤੀਜੇ ਵਜੋਂ ਅੱਜ ਉੱਥੇ ਹਰੀਆਂ ਫ਼ਸਲਾਂ ਲਹਿਲਹਾਉਂਦੀਆਂ ਹਨ। ਮੱਧ ਪ੍ਰਦੇਸ਼ ਤੇ ਗੁਜਰਾਤ ਵਿੱਚ ਵੀ ਪੰਜਾਬੀਆਂ ਦੀ ਮਿਹਨਤ ਨੇ ਆਪਣੀ ਈਨ ਮਨਵਾਈ ਹੋਈ ਹੈ।

ਪਰ ਅੱਜ ਸਾਡੇ ਪੰਜਾਬ ਦੇ ਹਾਲਾਤ ਹੋਰ ਹਨ। ਅੱਜ ਅਸੀਂ ਹੱਥੀਂ ਕੰਮਕਾਰ ਕਰਨ ਨੂੰ ਤਰਜੀਹ ਨਹੀਂ ਦਿੰਦੇ। ਸਾਨੂੰ ਸਰਕਾਰਾਂ ਪਾਸੋਂ ਵੋਟਾਂ ਬਦਲੇ ਸਹਾਇਤਾ ਚਾਹੀਦੀ ਹੈ। ਜੇ ਕਿਤੇ ਮਾਂਹ ਦੇ ਦਾਣੇ ‘ਤੇ ਸਫ਼ੈਦੀ ਜਿੰਨੇ ਮਜ਼ਦੂਰ ਕੰਮ ਕਰਦੇ ਵੀ ਹਨ ਤਾਂ ਉਹਨਾਂ ਨੂੰ ਕੰਮ ਥੋੜ੍ਹਾ ਤੇ ਮਜ਼ਦੂਰੀ ਜ਼ਿਆਦਾ ਚਾਹੀਦੀ ਹੁੰਦੀ ਹੈ।

ਅਸੀਂ ਕਿਸੇ ਪ੍ਰਵਾਸੀ ਮਜ਼ਦੂਰ ਦੇ ਵਧੀਆ ਬਣਾਏ ਮਕਾਨ, ਉਸ ਥੱਲੇ ਮਹਿੰਗਾ ਮੋਟਰਸਾਈਕਲ ਦੇਖ ਕੇ ਸਾੜਾ ਤਾਂ ਕਰਦੇ ਹਾਂ, ਪਰ ਕਦੇ ਉਸ ਦੀ ਮਿਹਨਤ ਨਹੀਂ ਦੇਖਦੇ, ਉਸ ਦੇ ਖ਼ਰਚੇ ਨਹੀਂ ਦੇਖਦੇ, ਉਸ ਦਾ ਜੀਵਨ ਪੱਧਰ ਨਹੀਂ ਦੇਖਦੇ। ਪੁਰਾਣੇ ਸੱਭਿਆਚਾਰ ਵੱਲ ਨਿਗ੍ਹਾ ਮਾਰੀਏ ਤਾਂ ਕਦੇ ਜੱਟ ਤੇ ਸੀਰੀ ਵਿੱਚ ਪਿਉ-ਪੁੱਤਰ, ਭਰਾ-ਭਰਾ ਦਾ ਰਿਸ਼ਤਾ ਹੁੰਦਾ ਸੀ। ਸਰਦਾਰ ਜਸਵੰਤ ਸਿੰਘ ਕੰਵਲ ਦਾ ਇੱਕ ਮਸ਼ਹੂਰ ਨਾਵਲ ‘ਮੜ੍ਹੀ ਦਾ ਦੀਵਾ’  ਇਸ ਗੱਲ ਦੀ ਸ਼ਾਹਦੀ ਭਰਦਾ ਹੈ। ਪਰ ਜਿਵੇਂ-ਜਿਵੇਂ ਸਾਡੇ ਵਿੱਚੋਂ ਹੱਥੀਂ ਕਿਰਤ ਕਰਨ ਦੀ ਕਵਾਇਦ ਖ਼ਤਮ ਹੁੰਦੀ ਗਈ, ਇਹ ਰਿਸ਼ਤੇ ਵੀ ਦੂਰ ਹੁੰਦੇ ਗਏ। ਕਿਉਂਕਿ ਰਿਸ਼ਤਿਆਂ ਦੀ ਬੁਨਿਆਦ ਹੀ ਪਰਸਪਰ ਲੈਣ-ਦੇਣ ‘ਤੇ ਹੁੰਦੀ ਹੈ।

ਫਿਰ ਹੌਲੀ-ਹੌਲੀ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਤੇ ਹਰਿਆਣਾ, ਕੈਨੇਡਾ ਵਾਂਗ ਦਿਸਣ ਲੱਗਿਆ। ਉਹਨਾਂ ਨੇ ਕਾਰਖ਼ਾਨੇ, ਖੇਤਾਂ, ਉਸਾਰੀ, ਡੇਅਰੀ ਪਾਲਣ ਵਰਗੇ ਧੰਦਿਆਂ ਵਿੱਚ ਪੱਕੀ ਜਗ੍ਹਾ ਬਣਾ ਲਈ। ਥੋੜ੍ਹੇ ਮਿਹਨਤਾਨੇ ਵਿੱਚ ਵੱਧ ਕੰਮ ਕਰਨ ਅਤੇ ਨਿਮਰਤਾ ਦੇ ਗੁਣ ਨੇ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਸਾਡੀ ਪਹਿਲੀ ਜ਼ਰੂਰਤ ਬਣਾ ਦਿੱਤਾ।

ਅੱਜ ਹਾਲਾਤ ਇਹ ਹਨ ਕਿ ਅਸੀਂ ਸ਼ਹਿਰੀ ਲੋਕ ਵੀ ਉਸਾਰੀ ਦੇ ਕੰਮਾਂ ਲਈ, ਪੱਥਰ-ਟਾਈਲਾਂ ਲਗਵਾਉਣ ਲਈ, ਪਲੰਬਰ ਦੇ ਕੰਮਾਂ ਲਈ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਬੁਲਾਉਂਦੇ ਹਾਂ। ਰਿਕਸ਼ੇ, ਆਟੋ-ਰਿਕਸ਼ੇ, ਫਲ-ਸਬਜ਼ੀਆਂ ਵੇਚਣਾ, ਦੁਕਾਨਾਂ ਵਿੱਚ ਪ੍ਰਾਈਵੇਟ ਨੌਕਰੀਆਂ, ਚਾਹ-ਦੁੱਧ ਦੀਆਂ ਦੁਕਾਨਾਂ, ਛੋਟੇ-ਛੋਟੇ ਢਾਬੇ, ਦੁਕਾਨਾਂ ਆਦਿ ਸਭ ਤਰ੍ਹਾਂ ਦੇ ਕੰਮ ਕਰਦੇ ਹਨ। ਮੈਂ ਤਾਂ ਇਹ ਵੀ ਸੁਣਿਆ ਹੈ ਕਿ ਆਪਣੀ ਜੀਵਿਕਾ ਵਿੱਚੋਂ ਕੁੱਝ ਪੈਸੇ ਬਚਾ ਕੇ ਵਿਆਜ਼ ‘ਤੇ ਵੀ ਦਿੰਦੇ ਹਨ। ਇੱਕ ਅਸੀਂ ਹਾਂ ਕਿ ਤੰਦਰੁਸਤ ਹੁੰਦੇ ਹੋਏ ਵੀ ਸਰਕਾਰੀ ਇਮਦਾਦ ਲਈ ਸਰਕਾਰ ਦੇ ਹੱਥਾਂ ਵੱਲ ਤੱਕਦੇ ਰਹਿੰਦੇ ਹਾਂ।

ਪਿੱਛੇ ਜਿਹੇ ਆਪਣੇ ਮਕਾਨ ਦੀ ਮੁਰੰਮਤ ਕਰਵਾਉਣ ਲਈ ਮੇਰਾ ਵਾਹ ਇਹਨਾਂ ਦੋਹਾਂ ਕਿਸਮ ਦੇ ਮਿਸਤਰੀਆਂ-ਮਜ਼ਦੂਰਾਂ ਨਾਲ ਪਿਆ, ਜਿਸ ਵਿੱਚ ਪਰਵਾਸੀ ਮਿਸਤਰੀ-ਮਜ਼ਦੂਰ ਕੰਮ ਕਰਨ ਵਿੱਚ ਬਾਜ਼ੀ ਮਾਰ ਗਏ ਸਨ। ਹੁਣ ਜਦ ਕਰੋਨਾ ਦੇ ਕਹਿਰ ਕਰਕੇ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਦੇਸਾਂ ਨੂੰ ਚਾਲੇ ਪਾ ਦਿੱਤੇ ਹਨ ਤਾਂ ਸਾਡੇ ਸਾਰੇ ਕੰਮਕਾਰਾਂ ਦਾ ਪ੍ਰਭਾਵਿਤ ਹੋਣਾ ਕੁਦਰਤੀ ਹੈ।

ਸਾਡੇ ਖੇਤ ਸਾਨੂੰ ਫਿਰ ਬੁਲਾਉਂਦੇ ਹਨ। ਕਾਰਖਾਨਿਆਂ ਦੀਆਂ ਚਿਮਨੀਆਂ ਸਾਡਾ ਰਾਹ ਦੇਖ ਰਹੀਆਂ ਹਨ। ਕਹੀਆਂ, ਸੱਬਲਾਂ ਸਾਡੀ ਛੋਹ ਨੂੰ ਤਰਸ ਰਹੀਆਂ ਹਨ। ਜੇ ਅਸੀਂ ਥੋੜ੍ਹੀ ਜਿਹੀ ਹਿੰਮਤ ਕਰਕੇ ਆਪਣੀ ਪਹਿਲਾਂ ਵਾਲੀ ਦਿੱਖ ਕਾਇਮ ਕਰੀਏ ਤਾਂ ਜਿੱਥੇ ਸਾਡਾ ਪੰਜਾਬ ਮੁੜ ਖ਼ੁਸ਼ਹਾਲੀ ਦੀਆਂ ਰਾਹਾਂ ‘ਤੇ ਚੱਲੇਗਾ, ਉੱਥੇ ਅਸੀਂ ਵੀ ਆਤਮ-ਨਿਰਭਰ ਹੋਵਾਂਗੇ।

ਅਸੀਂ ਖ਼ੁਦ ਕਮਾਈ ਕਰਕੇ ਆਪਣੇ ਆਤਮ-ਸਨਮਾਨ ਨੂੰ ਮੁੜ ਹਾਸਲ ਕਰ ਸਕਾਂਗੇ। ਇਤਿਹਾਸ ਗਵਾਹ ਹੈ ਕਿ ਜਦ ਵੀ ਸਾਡੇ ਪੰਜਾਬੀਆਂ ‘ਤੇ ਭੀੜ ਪਈ ਤਾਂ ਪੰਜਾਬੀਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਇੱਕ-ਦੂਸਰੇ ਦਾ ਸਾਥ ਦਿੱਤਾ। ਹੁਣ ਵੀ ਉਹੀ ਵੇਲਾ ਹੈ ਜਦੋਂ ਸਾਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਕਾਮਿਆਂ ਦੀਆਂ ਜ਼ਰੂਰਤਾਂ ਦਾ ਖ਼ਿਆਲ ਰੱਖੀਏ।
ਬਠਿੰਡਾ
ਜਗਸੀਰ ਸਿੰਘ ਤਾਜ਼ੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।