ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ

Voting Power Sachkahoon

ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ

‘ਵੋਟ ਦਾ ਅਧਿਕਾਰ’ ਦੇਸ਼ ਦੇ ਨਾਗਰਿਕਾਂ ਨੂੰ ਸੰਵਿਧਾਨ ਦੁਆਰਾ ਆਪਣੇ ਪ੍ਰਤੀਨਿਧ ਚੁਣ ਕੇ ਸਰਕਾਰ ਚਲਾਉਣ ਲਈ ਦਿੱਤਾ ਹੋਇਆ ਅਧਿਕਾਰ ਹੁੰਦਾ ਹੈ। ਇੱਕ ਲੋਕਤੰਤਰੀ ਰਾਜ ਦੀ ਨੀਂਹ ਵੋਟ ਪਾਉਣ ਦੇ ਅਧਿਕਾਰ ਉੱਪਰ ਹੀ ਟਿਕੀ ਹੁੰਦੀ ਹੈ। ਕਿਸੇ ਦੇਸ਼ ਦਾ ਲੋਕਤੰਤਰ ਉੱਥੋਂ ਦੇ ਨਾਗਰਿਕਾਂ ਦੁਆਰਾ ਉਸ ਦੇ ਸਮੁੱਚੇ ਤੰਤਰ ਵਿਚ ਨਿਭਾਈ ਭੂਮਿਕਾ ਦੁਆਰਾ ਪਰਿਭਾਸ਼ਤ ਹੁੰਦਾ ਹੈ। ਕੋਈ ਨਾਗਰਿਕ ਭਾਵੇਂ ਰਾਜਨੀਤਕ ਪ੍ਰਣਾਲੀ ਵਿਚ ਵੱਖ-ਵੱਖ ਤਰੀਕਿਆਂ ਨਾਲ ਆਪਣੀ ਭੂਮਿਕਾ ਨਿਭਾਉਂਦਾ ਹੈ ਪਰ ਉਸ ਨੂੰ ਮਿਲਿਆ ਵੋਟ ਦਾ ਅਧਿਕਾਰ ਸਭ ਤੋਂ ਵੱਧ ਮਹੱਤਵਪੂਰਨ ਅਧਿਕਾਰ ਹੁੰਦਾ ਹੈ ਕਿਉਂਕਿ ਇਸ ਦੀ ਸੁਚੱਜੀ ਵਰਤੋਂ ਨਾਲ ਉਹ ਆਪਣੀ ਪਸੰਦ ਦੇ ਨਿਜ਼ਾਮ ਦੀ ਸਥਾਪਨਾ ਕਰ ਸਕਦਾ ਹੈ ਤੇ ਉਸ ਨਿਜ਼ਾਮ ਤੋਂ ਆਪਣੀ ਮਰਜ਼ੀ ਦੀ ਵਿਵਸਥਾ ਪੈਦਾ ਕਰਵਾ ਸਕਦਾ ਹੈ। Voting Power

ਵੋਟ ਦਾ ਇਹ ਅਧਿਕਾਰ ਕਿਤੇ ਸੌਖਿਆਂ ਹੀ ਨਹੀਂ ਮਿਲਿਆ, ਇਤਿਹਾਸ ਗਵਾਹ ਹੈ ਕਿ ਬਹੁਤ ਸਾਰੇ ਮੁਲਕਾਂ ਦੇ ਨਾਗਰਿਕਾਂ ਨੂੰ ਇਹ ਰਾਜਨੀਤਕ ਹੱਕ ਲੈਣ ਲਈ ਵੱਡੀਆਂ ਲੜਾਈਆਂ ਲੜਨੀਆਂ ਪਈਆਂ। ਅੰਗਰੇਜ ਰਾਜ ਦੌਰਾਨ ਗੁਲਾਮ ਭਾਰਤ ਇੱਕ ਸੀਮਿਤ ਲੋਕਤੰਤਰ ਸੀ, ਜਿੱਥੇ ਲੋਕਾਂ ਨੂੰ ਉਨ੍ਹਾਂ ਦੇ ਧਾਰਮਿਕ, ਬਰਾਦਰੀ ਅਤੇ ਕਿੱਤੇ ਦੇ ਅਧਾਰ ’ਤੇ ਹੀ ਵੋਟ ਪਾਉਣ ਦਾ ਹੱਕ ਸੀ। ਅਜ਼ਾਦੀ ਤੋਂ ਬਾਅਦ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਉਪਰੰਤ ਭਾਰਤੀ ਸੰਵਿਧਾਨ ਦੀ ਧਾਰਾ 326 ਅਨੁਸਾਰ ਹੁਣ ਹਰ ਉਹ ਵਿਅਕਤੀ, ਜੋ 18 ਸਾਲ ਜਾਂ ਇਸ ਤੋਂ ਜਿਆਦਾ ਉਮਰ ਦਾ ਹੈ, ਉਹ ਬਿਨਾਂ ਕਿਸੇ ਰੰਗ, ਨਸਲ, ਜਾਤ, ਧਰਮ, ਲਿੰਗ ਆਦਿ ਦੇ ਭੇਦਭਾਵ ਤੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦਾ ਹੈ, ਬਸ਼ਰਤੇ ਕਿ ਉਹ ਭਾਰਤ ਦੇਸ਼ ਦਾ ਨਾਗਰਿਕ ਹੋਵੇ। ਸਾਲ 2011 ਤੋਂ ਹਰ ਸਾਲ 25 ਜਨਵਰੀ ਰਾਸ਼ਟਰੀ ਵੋਟਰ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ।

20ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਤੱਕ ਭਾਰਤ ਵਿੱਚ ਵੀ ਸੱਤਾ ਪਰਿਵਰਤਨ ਦਾ ਸਾਧਨ ਸਿਰਫ ਹਥਿਆਰਬੰਦ ਤਾਕਤਾਂ ਹੀ ਰਹੀਆਂ। ਪਰ 1947 ਵਿੱਚ ਦੇਸ਼ ਦੀ ਅਜ਼ਾਦੀ ਤੋਂ ਬਾਅਦ ਹੁਣ ਤੱਕ ਵੋਟਾਂ ਨੇ ਜਿੰਨੀਆਂ ਸਰਕਾਰਾਂ ਪਰਿਵਰਤਨ ਕਰ ਦਿੱਤੀਆਂ, ਉਨੀਆਂ ਪੂਰੇ ਇਤਿਹਾਸ ਵਿੱਚ ਕਦੇ ਹਥਿਆਰਾਂ ਨੇ ਨਹੀਂ ਕੀਤੀਆਂ। ਭਾਵੇਂ ਕਿ ਅਸਲ ਵਿੱਚ ਜਨਤਾ ਨੂੰ ਉਨ੍ਹਾਂ ਸਰਕਾਰਾਂ ਤੋਂ ਕੋਈ ਬਹੁਤਾ ਫਾਇਦਾ ਨਹੀਂ ਹੋਇਆ ਤੇ ਅਸੀਂ ਹਾਲੇ ਵੀ ਬਹੁਤ ਪੱਛੜੇ ਹੋਏ ਹਾਂ ਇਹ ਇੱਕ ਵੱਖਰਾ ਵਿਸ਼ਾ ਹੈ। ਪਰ ਵੋਟ ਨੂੰ ਇਸ ਦਾ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਇਹ ਤਾਂ ਰਾਜਨੀਤਕ ਨੇਤਾਵਾਂ ਦਾ ਕਸੂਰ ਹੈ ਜਿਨ੍ਹਾਂ ਨੇ ਲੋਕ-ਹਿੱਤਾਂ ਦੀ ਥਾਂ ਆਪਣੇ ਸਵਾਰਥਾਂ ਨੂੰ ਅੱਗੇ ਰੱਖਿਆ। ਹਰ ਵਾਰ ਚੋਣਾਂ ਮੌਕੇ ਜ਼ਿਆਦਾਤਰ ਵੋਟਰ ਵੀ ਇਨ੍ਹਾਂ ਨੇਤਾਵਾਂ ਦੇ ਬਹਿਕਾਵੇ ਵਿੱਚ ਫਸ ਜਾਂਦੇ ਹਨ ਅਤੇ ਆਪਣੀ ਵੋਟ ਦਾ ਇਸਤੇਮਾਲ ਸੁਤੰਤਰ ਰੂਪ ਵਿੱਚ ਨਹੀਂ ਕਰਦੇ।

ਹੁਣ ਇਸ ਵਾਰ ਵੀ ਪੰਜਾਬ ਵਿੱਚ ਚੋਣਾਂ ਦਾ ਐਲਾਨ ਹੁੰਦਿਆਂ ਹੀ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਲੋਕਾਂ ਨੂੰ ਵਰਗਲਾਉਣ ਦੀਆਂ ਸਕੀਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਸਿਰ ਕਰਜੇ ਦੀ ਪੰਡ ਚਾਹੇ ਦਿਨੋ-ਦਿਨ ਭਾਰੀ ਹੁੰਦੀ ਜਾ ਰਹੀ ਹੈ ਪਰ ਇਸ ਵਾਰ ਵੀ ਜ਼ਿਆਦਾਤਰ ਰਾਜਨੀਤਿਕ ਪਾਰਟੀਆਂ ਵੱਲੋਂ ਵੋਟਾਂ ਬਟੋਰਨ ਲਈ ਮੁਫਤ ਬਿਜਲੀ, ਮਹਿਲਾਵਾਂ ਨੂੰ 1000-2000 ਰੁਪਏ ਮਹੀਨਾ, ਮੁਫਤ ਰਾਸ਼ਨ, ਮੁਫਤ ਸਫਰ, ਸ਼ਗਨ ਸਕੀਮ ਆਦਿ ਵਰਗੇ ਮੁੱਦੇ ਹੀ ਉਭਾਰੇ ਤੇ ਪ੍ਰਚਾਰੇ ਜਾ ਰਹੇ ਹਨ। ਜਦੋਂਕਿ ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੀ ਗੱਲ ਬਹੁਤ ਘੱਟ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਹੈ। ਵੋਟਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਮੁਫਤ ਦੀਆਂ ਸਹੂਲਤਾਂ ਦੀ ਥਾਂ ਸਿਹਤ, ਸਿੱਖਿਆ ਅਤੇ ਰੁਜਗਾਰ ਉਨ੍ਹਾਂ ਦੀਆਂ ਮੁੱਢਲੀਆਂ ਲੋੜਾਂ ਹਨ। ਜੇਕਰ ਉਨ੍ਹਾਂ ਕੋਲ ਚੰਗੀ ਸਿੱਖਿਆ, ਮਿਆਰੀ ਸਿਹਤ ਸਹੂਲਤਾਂ ਅਤੇ ਆਪਣਾ ਰੁਜ਼ਗਾਰ ਹੋਵੇਗਾ ਤਾਂ ਇਹ ਸਭ ਕੁਝ ਉਹ ਖੁਦ ਖਰੀਦ ਸਕਦੇ ਹਨ। ਰਾਜਨੀਤਕ ਨੇਤਾਵਾਂ ਨੇ ਹੁਣ ਤੱਕ ਆਮ ਲੋਕਾਂ ਨੂੰ ਇਨ੍ਹਾਂ ਲਾਲਚਾਂ ਵਿੱਚ ਹੀ ਉਲਝਾ ਕੇ ਰੱਖਿਆ ਹੈ। ਇੱਥੇ ਇਹ ਦੱਸਣਯੋਗ ਹੈ ਕਿ ਰਾਜਨੀਤਕ ਲੀਡਰ ਅਤੇ ਪਾਰਟੀਆਂ ਅਮੀਰਾਂ ਦੇ ਨੋਟਾਂ ਨਾਲ ਗਰੀਬਾਂ ਦੀਆਂ ਵੋਟਾਂ ਬਟੋਰਨ ਲਈ ਕਮਜ਼ੋਰ ਵਰਗਾਂ ਵਿੱਚੋਂ ਕੁਝ ਅਜਿਹੇ ਵਿਅਕਤੀਆਂ ਨੂੰ ਚੌਧਰੀ ਬਣਾ ਕੇ ਪਰੋਸਦੀਆਂ ਹਨ, ਜਿਹੜੇ ਉਨ੍ਹਾਂ ਦੇ ਟੁਕੜਿਆਂ ’ਤੇ ਪਲ ਕੇ, ਆਪਣੇ ਭਾਈਚਾਰੇ ਨੂੰ ਗੁੰਮਰਾਹ ਕਰਕੇ ਰਾਜਨੀਤਕ ਨੇਤਾਵਾਂ ਕੋਲ ਸਸਤੇ ਤੋਂ ਸਸਤਾ ਵੇਚਦੇ ਹਨ।

ਪੰਜਾਬ ਦੇ ਵੋਟਰਾਂ ਨੂੰ ਅਪੀਲ ਹੈ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਹੁਣ ਸਾਡੇ ਕੋਲ ਮੌਕਾ ਹੈ ਕਿ ਅਸੀਂ ਬਿਨਾਂ ਕਿਸੇ ਲਾਲਚ ਦੇ ਆਪਣੇ ਦੇਸ਼ ਦੇ ਸੁਨਹਿਰੇ ਭਵਿੱਖ ਲਈ ਆਪਣੀ ਵੋਟ ਦੀ ਤਾਕਤ ਦਾ ਇਸਤੇਮਾਲ ਕਰਦੇ ਹੋਏ ਅਜਿਹੇ ਨੁਮਾਇੰਦੇ ਚੁਣੀਏ ਜੋ ਭਿ੍ਰਸ਼ਟਾਚਾਰ, ਅਪਰਾਧ, ਬੇਰੁਜ਼ਗਾਰੀ, ਗਰੀਬੀ, ਅਨਪੜ੍ਹਤਾ ਆਦਿ ਸਮੱਸਿਆਵਾਂ ਦਾ ਅੰਤ ਕਰਨ ਦੇ ਯੋਗ ਹੋਣ ਅਤੇ ਸਿਹਤ, ਸਿੱਖਿਆ ਅਤੇ ਰੁਜ਼ਗਾਰ ਵਰਗੀਆਂ ਲੋੜਾਂ ਪੂਰਨ ਦੀ ਨੁਮਾਇੰਦਗੀ ਕਰਨ। ਸਾਨੂੰ ਵੋਟ ਕਿਸੇ ਲਾਲਚ, ਡਰ, ਪੈਸੇ, ਨਸ਼ੇ, ਦਬਾਅ ਆਦਿ ਤੋਂ ਮੁਕਤ ਹੋ ਕੇ ਪਾਉਣੀ ਚਾਹੀਦੀ ਹੈ। ਲੋਕਤੰਤਰ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਸਾਰਿਆਂ ਨੂੰ ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ, ਜੋ ਕਿ ਆਪਣੇ ਮਨਪਸੰਦ ਨੁਮਾਇੰਦਿਆਂ ਨੂੰ ਚੁਣਨ ਦੀ ਤਾਕਤ ਰੱਖਦੀ ਹੈ। ਕਈ ਵੋਟਰ ਸੋਚਦੇ ਹੋਣਗੇ ਕਿ ਮੇਰੀ ਇੱਕ ਵੋਟ ਨਾਲ ਕੀ ਫਰਕ ਪੈਣ ਲੱਗਾ ਹੈ, ਜਿਵੇਂ ਇੱਕ-ਇੱਕ ਬੂੰਦ ਨਾਲ ਘੜਾ ਭਰ ਜਾਂਦਾ ਉਸੇ ਤਰ੍ਹਾਂ ਇੱਕ-ਇੱਕ ਵੋਟ ਵੀ ਜਿਤਾਉਣ ਦੀ ਤਾਕਤ ਰੱਖਦੀ ਹੈ।

ਹਾਂ ਜੇਕਰ ਕਿਸੇ ਹਲਕੇ ਵਿੱਚ ਕਿਸੇ ਨੂੰ ਸਾਰਿਆਂ ਵਿੱਚੋਂ ਕੋਈ ਵੀ ਉਮੀਦਵਾਰ ਪਸੰਦ ਨਹੀਂ ਤਾਂ ਉਹ ‘ਨੋਟਾ’ ਨੂੰ ਵੋਟ ਪਾ ਕੇ ਸਾਰੇ ਉਮੀਦਵਾਰਾਂ ਪ੍ਰਤੀ ਆਪਣੀ ਨਾਪਸੰਦਗੀ ਜ਼ਾਹਿਰ ਵੀ ਕਰ ਸਕਦਾ ਹੈ ਪਰ ਵੋਟ ਦੀ ਵਰਤੋਂ ਲਾਜ਼ਮੀ ਤੌਰ ’ਤੇ ਕਰਨੀ ਚਾਹੀਦੀ ਹੈ। ਹਰ ਵੋਟਰ ਦਾ ਇਹ ਕਰਤੱਵ ਵੀ ਬਣਦਾ ਹੈ ਕਿ ਉਹ ਵੋਟਾਂ ਵਿੱਚ ਦੁਬਾਰਾ ਖੜ੍ਹੇ ਹੋਣ ਵਾਲੇ ਉਮੀਦਵਾਰਾਂ ਦਾ ਪਿਛਲਾ ਕੰਮ-ਕਾਰ ਅਤੇ ਚਰਿੱਤਰ ਜ਼ਰੂਰ ਵੇਖੇ। ਜੇਕਰ ਉਹ ਲੋਕਾਂ ਨਾਲ ਕੀਤੇ ਵਾਅਦਿਆਂ ਉੱਤੇ ਖਰਾ ਨਾ ਉੱਤਰਿਆ ਹੋਵੇ, ਤਾਂ ਉਸ ਨੂੰ ਨਕਾਰ ਦੇਵੇ। ਕਦੇ ਵੀ ਕਿਸੇ ਲਾਲਚ ਜਾਂ ਕਿਸੇ ਦੇ ਦਬਾਅ ਹੇਠ ਆ ਕੇ ਵੋਟ ਨਾ ਦੇਵੇ। ਆਪਣੀ ਜਮੀਰ ਨਾ ਵੇਚੇ ਬਲਕਿ ਸੰਵਿਧਾਨ ਅਤੇ ਲੋਕਤੰਤਰ ਦੀ ਰਾਖੀ ਲਈ ਵੋਟ ਦੀ ਸਹੀ ਵਰਤੋਂ ਕਰੇ। ਵੋਟ ਪਾਉਣ ਵੇਲੇ ਵੋਟਰਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਰਾਜਸੀ ਨੇਤਾਵਾਂ ਨੂੰ ਜਵਾਬਦੇਹ ਬਣਾਉਣਾ ਹੈ ਜਾਂ ਪਹਿਲਾਂ ਵਾਂਗ ਹੋਰ ਪੰਜ ਸਾਲ ਲਈ ਉਨ੍ਹਾਂ ਹੱਥੋਂ ਲੁੱਟ ਹੀ ਹੋਣਾ ਹੈ। ਜੇਕਰ ਵੋਟਾਂ ਮੌਕੇ ਅਸੀਂ ਜਾਗਰੂਕ ਹੋ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕਰਦੇ ਤਾਂ ਸਾਨੂੰ ਪਿੱਛੋਂ ਸਰਕਾਰਾਂ ਨੂੰ ਕੋਸਣ ਦਾ ਕੋਈ ਹੱਕ ਨਹੀਂ ਬਣਦਾ। ਸੋ ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ ਅਤੇ ਆਪਣੇ ਅਤੇ ਆਪਣੇ ਦੇਸ਼ ਦੇ ਸੁਨਹਿਰੇ ਭਵਿੱਖ ਲਈ ਰਾਹ ਪੱਧਰਾ ਕਰੀਏ।

ਚਾਨਣ ਦੀਪ ਸਿੰਘ ਔਲਖ
ਗੁਰਨੇ ਖੁਰਦ (ਮਾਨਸਾ)
ਮੋ. 98768-88177

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ