ਆਓ! ਸੌਗਾਤ ਰੂਪੀ ਜ਼ਿੰਦਗੀ ਦਾ ਜਸ਼ਨ ਮਨਾਈਏ

Gift of Life

ਕਦੇ-ਕਦੇ ਇਉਂ ਜਾਪਦਾ ਹੈ ਕਿ ਜਿਵੇਂ ਯੁੱਗਾਂ-ਯੁੱਗਾਂ ਤੋਂ ਹਰ ਇਨਸਾਨ ਕੋਹਲੂ ਦੇ ਬੈਲ ਦੀ ਤਰ੍ਹਾਂ ਅੱਖਾਂ ਉੱਤੇ ਝੂਠ, ਲਾਲਚ, ਫਰੇਬ, ਈਰਖਾ, ਹਊਮੈ ਅਤੇ ਨਫਰਤ ਦੀ ਪੱਟੀ ਬੰਨ੍ਹ ਕੇ ਆਪਣੀ ਨਫਸ ਦੇ ਹੱਥੋਂ ਮਜ਼ਬੂਰ ਹੋ ਕੇ ਆਪਣੀਆਂ ਬੇਲਗਾਮ ਹਸਰਤਾਂ ਦੇ ਇਰਦ-ਗਿਰਦ ਗੇੜੇ ਤਾਂ ਕੱਟ ਰਿਹਾ ਹੋਵੇ ਪਰ ਅਫਸੋਸ ਉਹ ਕਦੇ ਵੀ ਸੰਤੁਸ਼ਟੀ, ਖੁਸੀ ਅਤੇ ਸਕੂਨ ਹਾਸਲ ਨਾ ਕਰ ਪਾ ਰਿਹਾ ਹੋਵੇ। ਮਨੁੱਖ ਨੂੰ ਇਸ ਗੱਲ ਦਾ ਅਹਿਸਾਸ ਤੱਕ ਨਹੀਂ ਹੁੰਦਾ ਹੈ ਕਿ ਉਹ ਕਿਸ ਘੁੰਮਣਘੇਰੀ ਵਿਚ ਫਸ ਕੇ ਆਪਣੀ ਹਯਾਤੀ ਨੂੰ ਬਰਬਾਦ ਕਰ ਰਿਹਾ ਹੈ। ਆਪਣੇ ਹਸ਼ਰ ਤੋਂ ਬੇਖਬਰ ਲੋਕ ਅਕਸਰ ਵੱਡੇ-ਵੱਡੇ ਤੇ ਖੋਖਲੇ ਦਾਅਵੇ ਕਰਦੇ ਸਮੇਂ ਰੰਚਕ ਮਾਤਰ ਵੀ ਨਾ ਤਾਂ ਝਿਜਕਦੇ ਹਨ ਅਤੇ ਨਾ ਕਿਸੇ ਤੋਂ ਡਰਦੇ ਹਨ। ਰੱਬ ਦੇ ਖੌਫ ਨੂੰ ਭੁਲਾ ਕੇ ਤੇ ਰੱਬ ਦੀ ਰਜ਼ਾ ਨੂੰ ਪਛਾਣਨ ਤੋਂ ਅਸਮਰੱਥ ਲੋਕ ਆਪਣੇ ਮਨ ਦੇ ਹੱਥੋਂ ਹਾਰ ਕੇ ਤਾਉਮਰ ਜ਼ਿੰਦਗੀ ਦੇ ਹਰ ਪੜਾਅ ਉੱਤੇ ਸ਼ਰਮਿੰਦਾ, ਖੱਜਲ-ਖੁਆਰ ਅਤੇ ਧਿਰਕਾਰੇ ਜਾਂਦੇ ਹਨ। (Gift of Life)

ਆਖਰ ਇਨਸਾਨ ਦੀ ਅਜਿਹੀ ਅਧੋਗਤੀ ਦੀ ਮੂਲ ਜੜ੍ਹ ਕਿੱਥੇ ਹੈ? ਇਨਸਾਨ ਦੀ ਬੇਕਰਾਰੀ ਦਾ ਮੂਲ ਕਾਰਨ ਕੀ ਹੈ? ਇਨਸਾਨ ਸਫ਼ਲਤਾ ਦੇ ਸਿਖਰ ਉੱਪਰ ਪਹੁੰਚ ਕੇ ਵੀ ਮਾਯੂਸ ਅਤੇ ਤਨਹਾ ਕਿਉਂ ਹੈ? ਰਿਸ਼ਤਿਆਂ ਵਿਚ ਬੱਝ ਕੇ ਵੀ ਇਨਸਾਨ ਆਪਣਿਆਂ ਤੇ ਬੇਗਾਨਿਆਂ ਤੋਂ ਖੌਫਜ਼ਦਾ ਕਿਉਂ ਹੈ? ਆਪਣੀ ਜ਼ਿੰਦਗੀ ਨੂੰ ਆਪਣੇ ਹੱਥੀਂ ਗੁੰਝਲਦਾਰ ਬਣਾ ਕੇ ਫਿਰ ਉਹ ਕੁਰਲਾਉਂਦਾ ਕਿਉਂ ਹੈ? ਆਖਰ ਕਿਹੜੀ ਮੰਜ਼ਿਲ ਦੀ ਤਲਾਸ਼ ਵਿਚ ਉਹ ਦਰ-ਦਰ ਦੀਆਂ ਠ੍ਹੋਕਰਾਂ ਖਾਣ ਲਈ ਬਜਿੱਦ ਹੈ? ਪਤਾ ਨਹੀਂ ਕਿਸ ਚੰਦਰੇ ਦੀ ਸੁਹਬਤ ਦਾ ਅਸਰ ਹੈ ਕਿ ਉਹ ਆਪਣੀ ਪਰਛਾਵਾਂ ਮਾਤਰ ਹਸਤੀ ਨੂੰ ਹੱਦੋਂ ਵੱਧ ਅਹਿਮੀਅਤ ਦਿੰਦੇ ਹੋਏ ਜ਼ਿੰਦਗੀ ਦੇ ਯਥਾਰਥ ਤੋਂ ਮੁਨਕਰ ਹੈ? ਜ਼ਿੰਦਗੀ ਦੇ ਬੜੇ ਸਰਲ ਜਿਹੇ ਫਲਸਫੇ ਨੂੰ ਆਪਣੇ ਹੱਥੀਂ ਉਲਝਾ ਕੇ ਮਨੁੱਖ ਵਕਤੀ ਤੌਰ ਉੱਪਰ ਮੁਤਮੀਨ ਹੋ ਕੇ ਫਿਰ ਸਾਰੀ ਉਮਰ ਜ਼ਿੰਦਗੀ ਦੇ ਗਵਾਚੇ ਅਰਥਾਂ ਨੂੰ ਤਲਾਸ਼ਦਿਆਂ ਫਨਾ ਹੋ ਜਾਂਦਾ ਹੈ।

Also Read : ਸਾਕਾ ਸਰਹਿੰਦ ਦਾ ਮਹਾਨ ਨਾਇਕ, ਦੀਵਾਨ ਟੋਡਰ ਮੱਲ

ਜੇਕਰ ਦੇਖਿਆ ਜਾਵੇ ਤਾਂ ਇਨਸਾਨ ਨੂੰ ਅਸਲ ਵਿਚ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਆਪਣੇ ਤਮਾਮ ਮੁਖੌਟੇ ਉਤਾਰ ਕੇ ਸਹਿਜ਼ ਸੁਭਾਅ ਵਿਚਰਨ ਦੀ, ਆਪਣੀ ਅੰਤਰ ਆਤਮਾ ਦੇ ਕਟਹਿਰੇ ਵਿਚ ਖੜ੍ਹੇ ਹੋ ਕੇ ਆਪਣੇ ਸੋਹਣੇ ਰੱਬ ਕੋਲੋਂ ਆਪਣੇ ਗੁਨਾਹਾਂ ਲਈ ਮਾਫੀ ਮੰਗਣ ਦੀ, ਆਪਣੇ ਸਰੋਕਾਰਾਂ, ਤਰਜ਼ੀਹਾਂ ਅਤੇ ਅਮਲਾਂ ਨੂੰ ਇਖਲਾਕੀ ਕਦਰਾਂ-ਕੀਮਤਾਂ ਦੇ ਅਨੁਸਾਰ ਢਾਲਣ ਦੀ ਅਤੇ ਸਭ ਤੋਂ ਵੱਧ ਲੋੜ ਆਪਣੀ ਮਸੂਮੀਅਤ, ਦਿਆਨਤਦਾਰੀ ਅਤੇ ਇਮਾਨ ਨੂੰ ਹਰ ਹੀਲੇ ਕਾਇਮ ਰੱਖਣ ਦੀ ਲੋੜ ਹੈ। ਜੇਕਰ ਗਹੁ ਨਾਲ ਵਾਚਿਆ ਜਾਵੇ ਤਾਂ ਜ਼ਿੰਦਗੀ ਦੀ ਬੁਝਾਰਤ ਉਹੀ ਸ਼ਖਸ ਬੁੱਝ ਸਕਦਾ ਹੈ, ਜਿਸ ਦੇ ਅੰਦਰ ਸਕੂਨ, ਖੇੜਾ ਅਤੇ ਵਿਸਮਾਦ ਵੱਸਿਆ ਹੋਵੇ। ਜ਼ਿੰਦਗੀ ਬਹੁਤ ਸਰਲ ਅਤੇ ਸੁਖਾਲੀ ਹੋ ਸਕਦੀ ਹੈ ਬਸ਼ਰਤੇ ਇਨਸਾਨ ਆਪਣੇ ਆਖਰੀ ਸਾਹਾਂ ਤੱਕ ਆਪਣੀ ਨਫਸ ਨਾਲ ਹਰ ਰੋਜ਼ ਜੰਗ ਲੜੇ ਅਤੇ ਆਪਣੀ ਨਫਸ ਉੱਤੇ ਨਿਯੰਤਰਣ ਰੱਖਣ ਦਾ ਹੁਨਰ ਸਿੱਖੇ।

ਜ਼ਿੰਦਗੀ ‘ਚ ਕੋਈ ਅਜਿਹਾ ਕਦਮ ਨਾ ਚੁੱਕੋ

ਜ਼ਿੰਦਗੀ ਵਿਚ ਤੁਸੀਂ ਹੋਰ ਕੁਝ ਕਰੋ ਜਾਂ ਨਾ ਕਰੋ, ਲੇਕਿਨ ਆਪਣੇ-ਆਪ ਨਾਲ ਇਹ ਅਹਿਦ ਜ਼ਰੂਰ ਕਰੋ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਕੋਈ ਅਜਿਹਾ ਕਦਮ ਨਾ ਚੁੱਕੋ ਕਿ ਜਿਸ ਦਾ ਪਛਤਾਵਾ ਤੁਹਾਨੂੰ ਆਪਣੇ ਅਖੀਰਲੇ ਸਵਾਸਾਂ ਤੱਕ ਰਹੇ। ਆਪਣੀਆਂ ਹੀ ਨਜ਼ਰਾਂ ਵਿਚ ਇੱਕ ਮੁਨਫਰਿਦ ਮੁਕਾਮ ਹਾਸਲ ਕਰਨ ਲਈ ਅਤੇ ਆਪਣੀਆਂ ਛੋਟੀਆਂ-ਛੋਟੀਆਂ ਗਰਜਾਂ ਖਾਤਰ ਕੌਡੀਆਂ ਦੇ ਭਾਅ ਖੁਦ ਨੂੰ ਹਰ ਰੋਜ਼ ਨੀਲਾਮ ਨਾ ਕਰੋ। ਆਪਣੇ ਸੁਭਾਅ ਅਤੇ ਅਮਲਾਂ ਦੀ ਸਮੇਂ-ਸਮੇਂ ਉੱਪਰ ਪੜਚੋਲ ਕਰੋ। ਦੂਜਿਆਂ ਦੇ ਪੈਮਾਨਿਆਂ ਅਨੁਸਾਰ ਖੁਦ ਨੂੰ ਢਾਲਣ ਦੀ ਕੋਸ਼ਿਸ਼ ਕਰਦਿਆਂ ਆਪਣੀਆਂ ਹੀ ਨਜ਼ਰਾਂ ਵਿਚ ਨਾ ਡਿੱਗੋ।

ਆਪਣੇ-ਆਪ ਅਤੇ ਆਪਣੇ ਰੱਬ ਉੱਪਰ ਯਕੀਨ ਰੱਖੋ, ਆਪਣੇ ਕਰੀਬੀਆਂ ਦੇ ਸੰਗ ਆਪਣੇ ਦੁੱਖ-ਸੁੱਖ ਵੰਡੋ ਅਤੇ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਅਹਿਮੀਅਤ ਦਿਉ। ਆਪਣੀਆਂ ਨਾਕਾਮੀਆਂ ਦੀ ਵਜ੍ਹਾ ਬਾਹਰ ਨਹੀਂ ਸਗੋਂ ਆਪਣੇ ਅੰਦਰ ਤਲਾਸ਼ ਕਰੋ ਅਤੇ ਆਪਣੀ ਹਰ ਸਫ਼ਲਤਾ ਲਈ ਉਸ ਨਿਰੰਕਾਰ ਦਾ ਸ਼ੁਕਰ ਕਰੋ। ਤੁਸੀਂ ਸਾਕਾਰਾਤਮਕ ਤੇ ਆਸ਼ਾਵਾਦੀ ਸੋਚ ਨੂੰ ਅਪਣਾਉਣ ਵੱਲ ਤਵੱਜੋ ਦਿਉ ਤੇ ਨਕਾਰਾਤਮਕ ਬਿਰਤੀ ਅਤੇ ਢਹਿੰਦੀ ਕਲਾ ਵਾਲੇ ਲੋਕਾਂ ਤੋਂ ਵੱਧ ਤੋਂ ਵੱਧ ਦੂਰੀ ਬਣਾ ਕੇ ਰੱਖੋ। ਹਰ ਪਲ ਨੂੰ ਆਪਣੀ ਜ਼ਿੰਦਗੀ ਦਾ ਆਖਰੀ ਪਲ ਸਮਝਦੇ ਹੋਏ ਵਕਤ ਦਾ ਬਾਮਕਸਦ ਇਸਤੇਮਾਲ ਕਰੋ। ਆਪਣੀ ਜ਼ਿੰਦਗੀ ਦਾ ਰਿਮੋਟ ਕੰਟਰੋਲ ਆਪਣੇ ਹੱਥਾਂ ਵਿਚ ਰੱਖੋ। ਇਹ ਯਾਦ ਰੱਖੋ ਕਿ ਖੁਸ਼ੀਆਂ ਖੈਰਾਤ ਵਿਚ ਨਹੀਂ ਮਿਲਦੀਆਂ ਹਨ।

Also Read : 34 ਸਾਲ ਪਹਿਲਾਂ ਅੱਜ ਦੇ ਦਿਨ ਹੀ ਕੀਤਾ ਸੀ ਇੱਕਰੋਜ਼ਾ ’ਚ ਡੈਬਿਊ, ਵੇਖੋ ਕਿਵੇਂ ਇਸ ਫਾਰਮੈਟ ’ਚ ਸਟਾਰ ਬਣਿਆ ਇਹ ਖਿਡਾਰੀ

ਖੁਸ਼ੀ ਉਸ ਨੂੰ ਮਿਲਦੀ ਹੈ, ਜਿਸ ਨੂੰ ਜ਼ਿੰਦਗੀ ਦੇ ਹਰ ਲਮਹੇ ਨੂੰ ਜਸ਼ਨ ਵਾਂਗ ਮਨਾਉਣ ਦਾ ਹੁਨਰ ਆਉਂਦਾ ਹੈ। ਇਸ ਗੱਲ ਨੂੰ ਤੁਸੀਂ ਆਪਣੇ ਜ਼ਿਹਨ ਵਿਚ ਸਦਾ ਲਈ ਵਸਾ ਲਵੋ ਕਿ ਅਨਜਾਣ ਰਾਹਾਂ ਉੱਤੇ ਗਿਆਨ ਦਾ ਦੀਪਕ, ਵਿਸ਼ਵਾਸ ਦੀ ਡੋਰ ਅਤੇ ਮਜ਼ਬੂਤ ਇਰਾਦਾ ਲੈ ਕੇ ਚੱਲੋ। ਜੇ ਕੋਈ ਪਿੱਛੋਂ ਆਵਾਜ਼ ਦੇਵੇ ਤਾਂ ਸਮਝ ਲਵੋ ਕਿ ਕੋਈ ਤਹਾਨੂੰ ਉੱਥੇ ਹੀ ਦੇਖਣਾ ਚਾਹੁੰਦਾ ਹੈ, ਜਿੱਥੇ ਉਹ ਆਪ ਖੜ੍ਹਾ ਹੈ। ਮੰਜ਼ਿਲ ਦਾ ਖ਼ਾਕਾ ਸਦਾ ਨਜ਼ਰਾਂ ਸਾਹਮਣੇ, ਦਿਲ ਵਿੱਚ ਜਨੂੰਨ ਤੇ ਆਪਣੇ ਸੁਪਨਿਆਂ ਨੂੰ ਸਾਕਾਰ ਰੂਪ ਦੇਣ ਲਈ ਆਪਣੇ ਸੁਪਨਿਆਂ ਨੂੰ ਜੀਵਨ ਦੇ ਹਰ ਪਲ ਜਿਉਣ ਦੀ ਧੁਨ ਤੇ ਦਿਮਾਗ ਵਿਚ ਨਿੱਤ ਨਵੀਆਂ ਮੰਜ਼ਿਲਾਂ ਉੱਪਰ ਆਪਣਾ ਸਿਰਨਾਵਾਂ ਲਿਖਣ ਦੀ ਜੁਸਤਜੂ ਹੋਣੀ ਚਾਹੀਦੀ ਹੈ। ਤੁਸੀਂ ਇਸ ਗੱਲ ਉਤੇ ਗੌਰ ਫ਼ਰਮਾਓ ਕਿ ਇੱਕ ਫੂਕ ਦੀਵੇ ਨੂੰ ਬੁਝਾ ਵੀ ਸਕਦੀ ਹੈ ਤੇ ਉਹੀ ਫੂਕ ਬੁਝ ਚੁੱਕੇ ਕੋਲਿਆਂ ਵਿੱਚ ਅੱਗ ਦੇ ਭਾਂਬੜ ਵੀ ਮਚਾ ਸਕਦੀ ਹੈ।

ਜ਼ਿੰਦਗੀ ਵਿੱਚ ਤੁਹਾਡੇ ਨੁਕਤਾ-ਏ-ਨਿਗਾਹ ਦਾ ਸਹੀ ਹੋਣਾ ਬੇਹੱਦ ਲਾਜ਼ਮੀ ਹੈ ਕਿਉਂਕਿ ਸਾਡੇ ਸੋਚਣ ਦਾ ਢੰਗ ਸਾਡੇ ਕਦਮਾਂ ਦੀ ਦਿਸ਼ਾ, ਰਫ਼ਤਾਰ ਤੇ ਮੰਜ਼ਿਲ ਤੋਂ ਸਾਡਾ ਫਾਸਲਾ ਤੈਅ ਕਰਦਾ ਹੈ। ਆਪਣੀ ਜ਼ਿੰਦਗੀ ਦੀ ਕਦਰ ਕਰੋ, ਖੁਸ਼ੀਆਂ ਨੂੰ ਖੁਸ਼ਾਮਦੀਦ ਕਹੋ, ਮੁਹੱਬਤ ਦੇ ਗੀਤ ਗਾਉ, ਰੁੱਖਾਂ ਵਾਂਗ ਛਾਂ ਦਿਉ, ਫੁੱਲਾਂ ਵਾਂਗ ਖੁਸ਼ਬੂ ਫੈਲਾਉਣਾ ਸਿੱਖੋ, ਦਰਿਆ ਵਾਂਗ ਵਹਿੰਦੇ ਰਹੋ, ਝੀਲ ਵਾਂਗ ਸ਼ਾਂਤ ਰਹੋ, ਚੱਟਾਨ ਵਾਂਗ ਦਿ੍ਰੜ ਰਹੋ ਅਤੇ ਜਲ ਵਾਂਗ ਨਿਰਮਲ ਰਹੋ। ਜੇ ਅੰਬਰਾਂ ਨੂੰ ਛੂਹਣਾ ਹੈ ਤਾਂ ਧਰਤੀ ਦੇ ਮੋਹ ਦਾ ਤਿਆਗ ਕਰੋ। ਜੇ ਪੰਛੀਆਂ ਵਾਂਗ ਉਡਾਰੀ ਭਰਨੀ ਹੈ ਤਾਂ ਆਪਣੇ ਪਰਾਂ ਨੂੰ ਬੋਝਲ ਨਾ ਬਣਾਉ।

Also Read : ਪੁਲਿਸ ਅਤੇ ਜੁਡੀਸ਼ੀਅਲ ਵਿਭਾਗ ’ਚ ਨੌਕਰੀਆਂ ਦਿਵਾਉਣ ਦੇ ਨਾਂਅ ’ਤੇ ਬੇਰੁਜ਼ਗਾਰਾਂ ਨਾਲ ਠੱਗੀ ਦੇ ਵੱਡੇ ਫਰਜੀਵਾੜੇ ਦਾ ਭਾਂਡਾ ਫੋੜ

ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਧਰੂ ਤਾਰੇ ਵਾਂਗ ਚਮਕੋ ਤਾਂ ਮਿਹਨਤ ਦੀ ਭੱਠੀ ਵਿੱਚ ਪਹਿਲਾਂ ਤਪੋ ਅਤੇ ਫਿਰ ਕੁੰਦਨ ਬਣੋ। ਜੇ ਕਾਦਰ ਨਾਲ ਅਭੇਦ ਹੋਣਾ ਹੈ ਤਾਂ ਸਿਰ ਤਲੀ ’ਤੇ ਧਰ ਕੇ ਇਸ ਢੰਗ ਨਾਲ ਅੱਗੇ ਵਧੋ ਕਿ ਹਰ ਮੰਜ਼ਿਲ ਤੁਹਾਡੇ ਪੈਰ ਚੁੰਮੇ ਤੇ ਇਸ ਧਰਤੀ ’ਤੇ ਤੁਹਾਡਾ ਆਉਣਾ ਵੀ ਸਾਰੀ ਕਾਇਨਾਤ ਲਈ ਮੁਬਾਰਕ ਹੋਵੇ ਅਤੇ ਜਦੋਂ ਤੁਸੀਂ ਇੱਥੋਂ ਕੂਚ ਕਰੋ ਤਾਂ ਤੁਹਾਡੇ ਚੰਗੇ ਅਮਲ ਆਉਣ ਵਾਲੀਆਂ ਨਸਲਾਂ ਦੇ ਰਾਹਾਂ ਨੂੰ ਰੁਸ਼ਨਾਉਂਦੇ ਰਹਿਣ। ਜੇ ਤੁਸੀਂ ਪਰਵਾਜ਼ ਭਰੋ ਤਾਂ ਪਰਿੰਦੇ ਵੀ ਤੁਹਾਡੇ ਤੋਂ ਉੱਡਣਾ ਸਿੱਖਣ ਅਤੇ ਜੇ ਧਰਤੀ ਉੱਪਰ ਚੱਲੋ ਤਾਂ ਤੁਹਾਡੇ ਪੈਰਾਂ ਦੇ ਨਿਸ਼ਾਨ ਭਟਕਦੇ ਹੋਏ ਲੋਕਾਂ ਲਈ ਮੁਕਤੀ ਦੇ ਰਸਤੇ ਖੋਲ੍ਹਣ।

  1. ਡਾ. ਅਰਵਿੰਦਰ ਸਿੰਘ ਭੱਲਾ
    ਪ੍ਰਿੰਸੀਪਲ, ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਮੋ. 94630-62603