ਆਓ! ਹਨ੍ਹੇਰਿਆਂ ਦੇ ਜੁਗਨੂੰ ਬਣੀਏ
ਕਿਸੇ ਲੋੜਵੰਦ ਦੀ ਸਹਾਇਤਾ ਕਰਕੇ ਵੇਖੋ ਸਾਰਾ ਆਲਾ-ਦੁਆਲਾ ਮੱਦਦਗਾਰ ਜਾਪਣ ਲੱਗ ਜਾਵੇਗਾ। ਕਾਇਨਾਤ ਨਾਲ ਪਿਆਰ ਅਤੇ ਲੋਕਾਂ ਪ੍ਰਤੀ ਸਤਿਕਾਰ ਸਾਨੂੰ ਉੱਚੇ ਕਰ ਦਿੰਦਾ ਹੈ। ਹਰ ਕੰਮ ਘਰ ਤੋਂ ਸ਼ੁਰੂ ਹੁੰਦਾ ਹੈ, ਇਸ ਲਈ ਸਾਡਾ ਖੁਦ ਦਾ ਰੋਲ ਮਾਡਲ ਹੋਣਾ ਬਹੁਤ ਜ਼ਰੂਰੀ ਹੈ। ਮਨੁੱਖ ਹੋਣ ਦੇ ਨਾਤੇ ਆਪਣੇ ਅੰਦਰ ਮਾਨਵੀ ਗੁਣਾਂ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ।
ਮਰੂੰ-ਮਰੂੰ ਕਰਨਾ ਛੱਡ ਕੇ ਵੱਡੇ ਜਿਗਰੇ ਵਾਲੇ ਬਣੋ, ਔਖੀਆਂ ਚੀਜ਼ਾਂ ਸਰਲ ਹੋ ਜਾਣਗੀਆਂ। ਤੁਸੀਂ ਜੋ ਕੰਮ ਕਰਨ ਤੋਂ ਡਰਦੇ ਹੋ ਕਰਕੇ ਵੇਖੋ , ਤੁਹਾਡੀ ਤਾਕਤ ਵਧਣ ਦੇ ਨਾਲ-ਨਾਲ ਅਨੰਤ ਪ੍ਰਾਪਤੀਆਂ ਵੀ ਹੋਣਗੀਆਂ। ਅਸੀਂ ਪਰੰਪਰਾਗਤ ਰਸਤਿਆਂ ‘ਤੇ ਤੁਰਨ ਦੇ ਆਦੀ ਹਾਂ ਭਾਵ ਨਵੇਂ ਰਾਹ-ਰਸਤੇ ਨਹੀਂ ਸਿਰਜਦੇ ਤਾਂ ਹੀ ਸਾਡੇ ਅੰਦਰੋਂ ਨਵੀਆਂ ਸੰਭਾਵਨਾਵਾਂ ਪੈਦਾ ਨਹੀਂ ਹੁੰਦੀਆਂ। ਥਾਮਸ ਐਡੀਸਨ ਦੀ ਉਦਾਹਰਨ ਸਾਡੇ ਸਾਹਮਣੇ ਹੈ ਜਿਸ ਨੇ 1001ਵੇਂ ਯਤਨ ਰਾਹੀਂ ਬੱਲਬ ਜਗਾਉਣ ਤੋਂ ਬਾਅਦ ਖੁਸ਼ੀ ਵਿੱਚ ਉੱਛਲਦੇ ਹੋਏ ਕਿਹਾ ਸੀ ਕਿ ਮੈਂ ਬੱਲਬ ਦੀ ਖੋਜ ਕਾਰਨ ਦੇ ਨਾਲ-ਨਾਲ ਇੱਕ ਹਜ਼ਾਰ ਉਹ ਤਰੀਕੇ ਵੀ ਖੋਜੇ ਜਿਨ੍ਹਾਂ ਰਾਹੀਂ ਬੱਲਬ ਨਹੀਂ ਜਗ ਸਕਦਾ ਸੀ।
ਕੋਈ ਵੀ ਚੀਜ਼ ਤੁਹਾਡੀ ਝੋਲੀ ਵਿੱਚ ਨਹੀਂ ਪੈਂਦੀ ਬਲਕਿ ਉਸ ਦੀ ਪ੍ਰਾਪਤੀ ਲਈ ਯਤਨ ਕਰਨੇ ਪੈਂਦੇ ਹਨ। ਜੇਕਰ ਤੁਸੀਂ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਨੂੰ ਮਿਲਣਾ ਹੈ ਤਾਂ ਸ਼ੀਸ਼ੇ ਦੇ ਸਾਹਮਣੇ ਜਾਓ ਤੇ ਉਹ ਵਿਅਕਤੀ ਤੁਹਾਡੇ ਸਾਹਮਣੇ ਖੜ੍ਹਾ ਹੋਵੇਗਾ। ਤੁਸੀਂ ਆਪਣੇ ਫਿਦਾ ਹੁਸੈਨ ਹੋ ਭਾਵ ਆਪਣੀ ਜ਼ਿੰਦਗੀ ਵਿੱਚ ਰੰਗ ਭਰਨ ਵਾਲੇ ਚਿੱਤਰਕਾਰ ਤੁਸੀਂ ਖੁਦ ਹੋ, ਕੋਈ ਦੂਜਾ ਨਹੀਂ।
ਅੰਦਰਲੀਆਂ ਸੁੱਤੀਆਂ ਸ਼ਕਤੀਆਂ ਜਗਾਉਣ ਅਤੇ ਖੁਦ ਨੂੰ ਪਛਾਨਣ ਲਈ ਕੋਈ ਖ਼ਾਸ ਯਤਨ ਨਹੀਂ ਕਰਨੇ ਹੁੰਦੇ ਬੱਸ ਜਾਗਦੇ ਰਹਿਣਾ ਹੁੰਦਾ ਹੈ। ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਨੇ ਕਿਹਾ ਸੀ ਸੁਪਨੇ ਉਹ ਨਹੀਂ ਜੋ ਸਾਨੂੰ ਰਾਤ ਨੂੰ ਸੁੱਤਿਆਂ ਆਉਂਦੇ ਹਨ ਬਲਕਿ ਉਹ ਹਨ ਜੋ ਸਾਨੂੰ ਸੌਣ ਹੀ ਨਹੀਂ ਦਿੰਦੇ। ਜਦੋਂ ਤੁਹਾਡੀ ਬੇਚੈਨੀ ਰੌਚਿਕ ਹੋ ਜਾਵੇ ਤਾਂ ਸਮਝ ਲੈਣਾ ਕਿ ਮੰਜ਼ਿਲ ਵੱਲ ਵਧ ਰਹੇ ਹੋ। ਆਲਾ-ਦੁਆਲਾ ਜਿਸ ਵਿੱਚ ਕੰਮ ਦੀਆਂ ਹਾਲਤਾਂ ਅਤੇ ਲੋਕ ਸ਼ਾਮਿਲ ਹਨ ਕਠਿਨ ਹੋ ਸਕਦੇ ਹਨ
ਪਰ ਆਪਣੇ-ਆਪ ਨੂੰ ਇਹ ਯਾਦ ਕਰਵਾਉਂਦੇ ਰਹੋ ਕਿ ਤੁਹਾਡੀ ਸ਼ਕਤੀ ਅਤੇ ਯੋਜਨਾਬੰਦੀ ਇਨ੍ਹਾਂ ਸਭ ਰੁਕਾਵਟਾਂ ਤੋਂ ਉੱਚੀ ਹੈ। ਜ਼ਿੰਦਗੀ ਦੇ ਸਕੂਲ ਦੇ ਅਨੁਸ਼ਾਸਿਤ ਵਿਦਿਆਰਥੀ ਬਣਦੇ ਹੋਏ ਅੱਗੇ ਵਧਦੇ ਰਹੋ। ਤੁਹਾਡੇ ਭਵਿੱਖ ਦੇ ਗਰਭ ਵਿੱਚ ਜੋ ਦੱਬਿਆ ਪਿਆ ਹੈ ਉਸ ਬਾਰੇ ਸੋਚ ਕੇ ਉਸ ਦੀ ਸਾਕਾਰ ਮੂਰਤ ਮਨ ਵਿੱਚ ਬਣਾਉਣੀ ਚਾਹੀਦੀ ਹੈ। ਇਸ ਨਾਲ ਜੀਵਨ ਪ੍ਰਤੀ ਰੁਚੀ ਅਤੇ ਉਤਸੁਕਤਾ ਬਣੀ ਰਹਿੰਦੀ ਹੈ।
ਜੋ ਵੀ ਯਤਨ ਕਰੋ ਰੁਚੀ ਨਾਲ ਕਰੋ ਜੋ ਕੰਮ ਤੁਸੀਂ ਕਰ ਰਹੇ ਹੋ ਜੇਕਰ ਉਸ ਨੂੰ ਬੋਝ ਸਮਝੋਗੇ ਤਾਂ ਤੁਹਾਡਾ ਸਵੈ-ਵਿਸ਼ਵਾਸ ਖਤਮ ਹੋ ਜਾਵੇਗਾ ਤੇ ਤੁਹਾਨੂੰ ਫੁੱਟਬਾਲ ਦੀ ਤਰ੍ਹਾਂ ਜਿੱਧਰ ਕੋਈ ਠੁੱਡਾ ਮਰੇਗਾ ਉੱਧਰ ਹੀ ਚਲੇ ਜਾਓਗੇ। ਜੇਕਰ ਤੁਸੀਂ ਆਪਣੀ ਸਵੈ-ਹੋਂਦ ਨੂੰ ਸਮਝਦੇ ਹੋਏ ਵਿਚਰੋਗੇ ਤਾਂ ਘੱਟ ਸ਼ਕਤੀ ਅਤੇ ਸਾਧਨ ਹੋਣ ਦੇ ਬਾਵਜੂਦ ਵੀ ਤੁਸੀਂ ਜੇਤੂ ਹੋ ਕੇ ਨਿੱਕਲੋਗੇ। ਯੋਜਨਾਬੰਦੀ ਦੀ ਜੀਵਨ ਸਫ਼ਲਤਾ ਵਿੱਚ ਬਹੁਤ ਵੱਡੀ ਭੂਮਿਕਾ ਹੈ।
ਕਿਸਾਨ ਫਸਲ ਬੀਜਣ ਤੋਂ ਪਹਿਲਾਂ ਫਸਲ ਪੱਕਣ ਤੱਕ ਦੀ ਕਾਲਪਨਿਕ ਫੋਟੋ ਖਿੱਚ ਕੇ ਦਾਣਿਆਂ ਦੇ ਬੋਹਲ ਦੀ ਟੀਸੀ ਨੂੰ ਵੀ ਤੱਕ ਲੈਂਦਾ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਰਫਤਾਰ ਨਾਲੋਂ ਦਿਸ਼ਾ ਜ਼ਿਆਦਾ ਮਹੱਤਵਪੂਰਨ ਹੈ। ਕਿਹੜੇ ਕੰਮ ਪਹਿਲਾਂ ਤੇ ਕਿਹੜੇ ਬਾਅਦ ਵਿੱਚ ਕਰਨੇ ਹਨ ਦਾ ਪਤਾ ਹੋਣਾ ਸਫ਼ਲਤਾ ਦੀ ਕੁੰਜੀ ਹੈ।
ਕੰਮਾਂ ਦੀ ਤਰਤੀਬ ਤੁਹਾਡੇ ਯਤਨਾਂ ਦੇ ਜਹਾਜ਼ ਨੂੰ ਉੱਪਰ ਚੜ੍ਹਨ ਲਈ ਹੈਲੀਪੈਡ ਦਾ ਕੰਮ ਕਰਦੀ ਹੈ। ਜਿਸ ਤਰ੍ਹਾਂ ਇੱਕ ਥਾਂ ਇਕੱਠਾ ਕਰਕੇ ਪਾਇਆ ਗਿਆ ਪ੍ਰਕਾਸ਼ ਕਾਗਜ ਨੂੰ ਸਾੜ ਦਿੰਦਾ ਹੈ ਬਿਲਕੁਲ ਉਸੇ ਤਰ੍ਹਾਂ ਬੱਝਵੇਂ ਯਤਨ ਹੀ ਕਾਮਯਾਬੀ ਦਾ ਧੁਰਾ ਬਣਦੇ ਹਨ। ਤੁਹਾਡੇ ਯਤਨਾਂ ਦੇ ਫਲ ਬਾਰੇ ਕਿਆਸ ਕਰਨ ਨਾਲ ਮਨੁੱਖ ਨੂੰ ਅਜਿਹੀ ਮਾਨਸਿਕ ਤੇ ਸਰੀਰਕ ਸ਼ਕਤੀ ਮਿਲਦੀ ਹੈ ਜਿਸ ਨਾਲ ਉਹ ਔਖੇ ਕੰਮ ਵੀ ਸਹਿਜੇ ਹੀ ਕਰ ਲੈਂਦਾ ਹੈ।
ਨਿਸ਼ਾਨੇ ਦੀ ਪ੍ਰਾਪਤੀ ਦੇ ਆਨੰਦ ਨਾਲੋਂ ਮੰਜ਼ਿਲ ਦੇ ਸਫ਼ਰ ਦਾ ਆਨੰਦ ਲੈਣ ਵਾਲੇ ਲੋਕ ਭਰਪੂਰ ਜ਼ਿੰਦਗੀ ਜਿਉਂਦੇ ਹਨ। ਤੁਸੀਂ ਹੈਰਾਨ ਹੋਵੋਗੇ ਕਿ ਕੇਵਲ ਅਸੀਂ ਹੀ ਨਹੀਂ ਸਗੋਂ ਸਾਡੇ ਫ਼ੈਸਲੇ ਵੀ ਗ਼ਰੀਬ ਅਤੇ ਅਮੀਰ ਹੁੰਦੇ ਹਨ। ਜ਼ਰੂਰੀ ਨਹੀਂ ਕਿ ਸਾਡੇ ਸਾਰੇ ਫੈਸਲੇ ਸ਼ਕਤੀਸ਼ਾਲੀ ਹੋਣ ਪਰ ਫ਼ੈਸਲਿਆਂ ਦੇ ਮਿਸ਼ਰਣ ਦੇ ਸ਼ਕਤੀਸ਼ਾਲੀ ਔਸਤ ਨਾਲ ਹੀ ਅਸੀਂ ਜਿੱਤ ਹਾਸਲ ਕਰ ਸਕਦੇ ਹਾਂ। ਹੱਥ ‘ਤੇ ਹੱਥ ਧਰ ਕੇ ਕਿਸੇ ਚੀਜ਼ ਦੀ ਲੰਬੀ ਉਡੀਕ ਕਰਨ ਵਾਲੇ ਲੋਕ ਅਕਸਰ ਹੀ ਸੁਨਹਿਰੀ ਮੌਕੇ ਗੁਆ ਲੈਂਦੇ ਹਨ ਤੇ ਪਿੱਛੋਂ ਹੱਥ ਮਲਦੇ ਹੋਏ ਸਾਰੀ ਉਮਰ ਪਛਤਾਵਾ ਕਰਦੇ ਰਹਿੰਦੇ ਹਨ।
ਤੁਹਾਡੇ ਕੋਲ ਜਿੰਨੀ ਵੀ ਸ਼ਕਤੀ ਤੇ ਸਾਧਨ ਹੋਣ ਵਰਤਣੇ ਸ਼ੁਰੂ ਕਰ ਦੇਵੋ , ਜਿੱਤ ਤੁਹਾਡੀ ਹੀ ਹੋਵੇਗੀ। ਜੇਕਰ ਤੁਸੀਂ ਰੋਜ਼ ਹੀ ਰੁਟੀਨ ਵਾਲਾ ਕੰਮ ਕਰਦੇ ਰਹਿੰਦੇ ਹੋ ਤਾਂ ਦਾਲ-ਰੋਟੀ ਦਾ ਜੁਗਾੜ ਤਾਂ ਚੱਲਦਾ ਰਹੇਗਾ ਪਰ ਤੁਹਾਨੂੰ ਕੋਈ ਵੱਖਰੀ ਪ੍ਰਾਪਤੀ ਨਹੀਂ ਹੋਵੇਗੀ। ਕੁਝ ਵੱਖਰਾ ਕਰਨ ਅਤੇ ਸਿਰਜਣ ਲਈ ਘਰਾਂ ਤੋਂ ਨਿੱਕਲਣਾ ਹੀ ਪੈਂਦਾ ਹੈ ਅਤੇ ਪੱਕੇ ਟਿਕਾਣੇ ਛੱਡਣੇ ਹੀ ਪੈਂਦੇ ਹਨ। ਪੰਜਾਬੀ ਸ਼ਾਇਰ ਗੁਰਤੇਜ ਕੋਹਾਰਵਾਲਾ ਦਾ
ਇਹ ਸ਼ੇਅਰ ਵੀ ਇਸ ਗੱਲ ਦਾ ਗਵਾਹ ਹੈ ਕਿ:-
ਘਰਾਂ ਨੇ ਐਸਾ ਕੀਲਿਆ
ਕਿ ਮੁਸਾਫਰ ਹੋਣ ਨਾ ਦਿੱਤਾ
ਰਹੇ ਨਿੱਕੇ-ਨਿੱਕੇ ਜੇਤੂ
ਸਿਕੰਦਰ ਹੋਣ ਨਾ ਦਿੱਤਾ
ਸਮੇਂ ਵਿੱਚ ਚੰਗੇ-ਮਾੜੇ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਮਾੜੇ ਵਕਤ ਵਿੱਚ ਅਡੋਲ ਰਹਿਣ ਵਾਲੇ ਅਖੀਰ ਨੂੰ ਜਿੱਤ ਜਾਂਦੇ ਹਨ। ਸਾਡੀ ਠੋਸ ਹਸਤੀ ਬੁਰੇ ਵਕਤ ਨੂੰ ਆਉਣ ਤੋਂ ਰੋਕ ਨਹੀਂ ਸਕਦੀ ਪਰ ਉਸ ਦਾ ਮਜ਼ਬੂਤੀ ਨਾਲ ਸਾਹਮਣਾ ਕਰਨ ਦੀ ਤਾਕਤ ਜ਼ਰੂਰ ਦਿੰਦੀ ਹੈ। ਬਹਾਦਰ ਅਤੇ ਦਲੇਰ ਲੋਕ ਜਾਣਦੇ ਹੁੰਦੇ ਹਨ ਕਿ ਵੱਡੀ ਤੋਂ ਵੱਡੀ ਚੁਣੌਤੀ ਵੀ ਦੁਨੀਆਂ ਦਾ ਅਖੀਰ ਨਹੀਂ ਹੁੰਦੀ, ਜਗਤ ਤਮਾਸ਼ੇ ਦੇ ਇਹ ਨਾਇਕ ਹਨ੍ਹੇਰਿਆਂ ‘ਚ ਜਗਮਗਾਉਣ ਵਾਲੇ ਜੁਗਨੂੰ ਹੁੰਦੇ ਹਨ।
ਸਮਾਜਿਕ ਮੇਲ-ਜੋਲ ਸਾਡੀ ਤਰੱਕੀ ਦਾ ਆਧਾਰ ਹੈ। ਪਰ ਆਪਣੇ ਨਾਲ ਕਿਹੜੇ ਲੋਕਾਂ ਨੂੰ ਰੱਖਣਾ ਹੈ ਜਾਂ ਕਿਸ ਨਾਲ ਜੁੜਨਾ ਹੈ ਇਹ ਸਮਝ ਹੋਣੀ ਬਹੁਤ ਜ਼ਰੂਰੀ ਹੈ। ਦੋਸਤ ਮਿੱਤਰ, ਰਿਸ਼ਤੇਦਾਰ, ਸਹਿਕਰਮੀ, ਪਰਿਵਾਰਕ ਮੈਂਬਰ ਹੀ ਸਾਡੇ ਸਮਾਜਿਕ ਸਬੰਧਾਂ ਦੀ ਫੁਲਵਾੜੀ ਹੈ।ਇਸ ਬਗੀਚੀ ਵਿੱਚੋਂ ਖੁਸ਼ਬੂਦਾਰ ਫੁੱਲਾਂ ਦੀ ਚੋਣ ਕਰਨਾ ਤੁਹਾਡੀ ਸਿਆਣਪ ‘ਤੇ ਨਿਰਭਰ ਕਰਦਾ ਹੈ। ਹਮੇਸ਼ਾਂ ਧਨਾਤਮਿਕ ਲੋਕਾਂ ਵਿੱਚ ਘਿਰੇ ਰਹਿਣ ਵਾਲਿਆਂ ਨੂੰ ਤਾਕਤ ਮਿਲਦੀ ਹੈ ਜਦੋਂ ਕਿ ਨਕਾਰਾਤਮਕ ਲੋਕ ਤੁਹਾਡੀ ਸਰੀਰਕ ਜਜ਼ਬਾਤੀ ਊਰਜਾ ਨੂੰ ਖਤਮ ਕਰ ਦਿੰਦੇ ਹਨ।
ਤੁਹਾਡੇ ਨਿੱਜੀ ਜੀਵਨ, ਪਰਿਵਾਰ , ਕੰਮਕਾਰ ਤੇ ਵਪਾਰ ‘ਚ ਸਹਾਈ ਹੋਣ ਵਾਲੇ ਲੋਕਾਂ ਦੇ ਹਮੇਸ਼ਾਂ ਸੰਪਰਕ ਵਿੱਚ ਰਹਿਣ ਵਾਲੇ ਹੀ ਹੀਰਿਆਂ ਦੀ ਪਰਖ ਕਰਨ ਵਾਲੇ ਅਸਲ ਜੌਹਰੀ ਹੁੰਦੇ ਹਨ।ਸਾਹ ਸਾਰੇ ਲੈਂਦੇ ਹਨ ਪਰ ਕੁਝ ਜ਼ਿੰਦਗੀ ਜੀਉ ਰਹੇ ਹਨ, ਕੁਝ ਢੋਅ ਰਹੇ ਹਨ ਤੇ ਕੁਝ ਮਾਣ ਰਹੇ ਹਨ। ਇਹ ਫੈਸਲਾ ਤੁਹਾਡਾ ਹੈ ਕਿ ਤੁਸੀਂ ਕਿਸ ਕਤਾਰ ਵਿੱਚ ਰਹਿਣਾ ਚਾਹੁੰਦੇ ਹੋ। ਜੇਕਰ ਇੱਕ ਅਸੀਂ ਸਭ ਕੁਝ ਹੁੰਦੇ-ਸੁੰਦੇ ਵੀ ਇਕੱਲਤਾ ਤੇ ਉਦਾਸੀ ਵਿੱਚ ਘਿਰੇ ਹੋਏ ਹਾਂ ਤਾਂ ਜ਼ਰੂਰ ਆਤਮ ਮੰਥਨ ਕਰਕੇ ਸਾਡੀ ਹਸਤੀ ਦੇ ਬੂਟੇ ਨੂੰ ਜਿੱਥੇ ਵੀ ਸਿਉਂਕ ਤੇ ਸੋਕ ਹੈ ਉਸ ਦਾ ਇਲਾਜ ਕਰਨ ਦੀ ਲੋੜ ਹੈ।
ਧੁੱਪ-ਛਾਂ, ਦੁੱਖ- ਸੁੱਖ ਜ਼ਿੰਦਗੀ ਦਾ ਹਿੱਸਾ ਹਨ। ਆਪਣੇ-ਆਪ ਨੂੰ ਸਾਰੀਆਂ ਸਥਿਤੀਆਂ ਵਿੱਚ ਸਮਾਯੋਜਿਤ ਰੱਖਣ ਵਾਲੀ ਲਚਕਦਾਰ ਪਹੁੰਚ ਰੱਖਣਾ ਹੀ ਅਸਲ ਜੀਵਨ ਕਲਾ ਹੈ ਤੇ ਜੀਵਨ ਦਾ ਆਨੰਦ ਲੈਣ ਲਈ ਜੀਓ ਤੇ ਜੀਣ ਦਿਓ ਸਿਧਾਂਤ ‘ਤੇ ਪਹਿਰਾ ਦਿੰਦੇ ਹੋਏ ਜੀਵਨ ਦਾ ਆਨੰਦ ਲੈਣਾ ਚਾਹੀਦਾ ਹੈ।
ਤਲਵੰਡੀ ਸਾਬੋ, ਬਠਿੰਡਾ
ਮੋ. 94630-24575
ਬਲਜਿੰਦਰ ਜੌੜਕੀਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।