ਆਓ! ਖੇਤੀ ਵੰਨ-ਸੁਵੰਨਤਾ ਲਈ ਪਾਪਲਰ ਉਗਾਈਏ
ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਦੇ ਰਵਾਇਤੀ ਫਸਲੀ ਚੱਕਰ (ਕਣਕ-ਝੋਨਾ) ਦੀ ਮੰਡੀਕਰਨ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਹੇਠਾਂ ਜਾਣ ਕਾਰਨ ਕਿਸਾਨ ਸਹਾਇਕ ਧੰਦੇ ਅਪਣਾਉਣ ਵਿੱਚ ਰੁਚੀ ਦਿਖਾ ਰਹੇ ਹਨ ਕਣਕ-ਝੋਨੇ ਦੇ ਯਕੀਨੀ ਮੰਡੀਕਰਨ ਦੇ ਸਵਾਲੀਆ ਚਿੰਨ੍ਹ ਲੱਗਣ ਕਰਕੇ ਕਿਸਾਨ ਵੀਰਾਂ ਨੂੰ ਫਸਲੀ ਚੱਕਰ ਜਾਂ ਬਦਲਵੇਂ ਹੀਲੇ ਤਲਾਸ਼ਣ ਦੀ ਡਾਢੀ ਲੋੜ ਹੈ ਰਵਾਇਤੀ ਰੁੱਖ ਲਗਭਗ ਸਾਰੀਆਂ ਸਿੰਚਾਈ ਵਾਲੀਆਂ ਜ਼ਮੀਨਾਂ ਤੋਂ ਅਲੋਪ ਹੋ ਚੁੱਕੇ ਹਨ
ਜੰਗਲਾਂ ਹੇਠ ਰਕਬਾ ਨਾ-ਮਾਤਰ ਹੋਣ ਕਰਕੇ ਸਰਕਾਰ ਅਤੇ ਵਾਤਾਵਰਨ ਮਾਹਿਰਾਂ ਵੱਲੋਂ ਕੁਦਰਤੀ ਸੰਤੁਲਨ ਨੂੰ ਕਾਇਮ ਰੱਖਣ ਲਈ ਵਣ ਖੇਤੀ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਇਸ ਵਣ ਖੇਤੀ ਪ੍ਰਣਾਲੀ ਨੂੰ ਪੰਜਾਬ ਦੇ ਕੁਝ ਇਲਾਕਿਆਂ ’ਚ ਭਰਵਾਂ ਹੁੰਗਾਰਾ ਮਿਲਿਆ ਹੈ ਪਾਪਲਰ ਤੇਜ਼ੀ ਨਾਲ ਵਧਣ ਵਾਲਾ ਅਜਿਹਾ ਰੁੱਖ ਹੈ ਜਿਸ ਦੀ ਨਰਮ ਲੱਕੜ ਤੋਂ ਕਈ ਵਸਤੂਅ ਜਿਵੇਂ ਮਾਚਿਸ ਦੀਆਂ ਤੀਲੀਆਂ, ਡੱਬੀਆਂ, ਪਲਾਈ, ਕਾਗਜ਼ ਆਦਿ ਬਣਦੀਆਂ ਹਨ ਇਸ ਦਾ ਤਣਾ ਸਿੱਧਾ ਹੋਣ ਕਰਕੇ ਅਤੇ ਇਸ ਦੀ ਸਰਦੀਆਂ ਵਿੱਚ ਪੱਤੇ ਝਾੜਨ ਦੀ ਸਮਰੱਥਾ ਕਰਕੇ ਇਹ ਹਾੜੀ ਦੀਆਂ ਫਸਲਾਂ ਦਾ ਘੱਟ ਨੁਕਸਾਨ ਕਰਦਾ ਹੈ
ਖੇਤੀ ਦੀਆਂ ਫਸਲਾਂ ਵਾਂਗ ਰੁੱਖਾਂ ਤੋਂ ਹੋਣ ਵਾਲੀ ਪੈਦਾਵਾਰ ਅਤੇ ਆਮਦਨ ਬੂਟਿਆਂ ਦੀ ਕਿਸਮ ’ਤੇ ਕਾਫ਼ੀ ਨਿਰਭਰ ਕਰਦੀ ਹੈ ਕਿਸਾਨ ਵੀਰਾਂ ਨੂੰ ਨਰਸਰੀ ਪੰਜੀਕ੍ਰਿਤ ਅਤੇ ਭਰੋਸੇਯੋਗ ਅਦਾਰਿਆਂ ਤੋਂ ਹੀ ਖਰੀਦਣੀ ਚਾਹੀਦੀ ਹੈ ਪਿਛਲੇ ਕੁਝ ਸਾਲਾਂ ਦੌਰਾਨ ਕਈ ਪ੍ਰਾਈਵੇਟ ਨਰਸਰੀਆਂ ਦੁਆਰਾ ਕਿਸਾਨਾਂ ਨੂੰ ਅਜਿਹੇ ਰੁੱਖਾਂ ਦੀ ਨਰਸਰੀ ਵੀ ਸਪਲਾਈ ਕੀਤੀ ਹੈ ਜਿਹੜੇ ਪੰਜਾਬ ਦੇ ਪੌਣ-ਪਾਣੀ ਚੰਗੀ ਤਰ੍ਹਾਂ ਵਧ-ਫੁੱਲ ਨਹੀਂ ਸਕਦੇ ਕਿਸਾਨ ਸੁਧਰੀ ਨਰਸਰੀ ਆਪ ਵੀ ਤਿਆਰ ਕਰ ਸਕਦੇ ਹਨ ਜਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਣ ਅਤੇ ਕੁਦਰਤੀ ਸੋਮੇ ਵਿਭਾਗ ਤੋਂ ਲੈ ਸਕਦੇ ਹਨ ਇਸ ਲੇਖ ਰਾਹੀਂ ਪਾਪਲਰ ਦੀ ਕਾਸ਼ਤ ਦੇ ਢੰਗ ਦੱਸੇ ਗਏ ਹਨ
ਪੌਣ-ਪਾਣੀ ਅਤੇ ਮਿੱਟੀ: ਪੰਜਾਬੀ ਦਾ ਪੌਣ-ਪਾਣੀ ਪਾਪਲਰ ਲਈ ਢੁੱਕਵਾਂ ਹੈ ਮੈਰਾ ਰੇਤਲੀ ਜ਼ਮੀਨ, ਜਿੱਥੇ ਪਾਣੀ ਦਾ ਨਿਕਾਸ ਸਹੀ ਹੋਵੇ, ਇਸ ਦੇ ਤੇਜ਼ ਵਾਧੇ ਲਈ ਢੁੱਕਵੀਂ ਹੈ ਜ਼ਿਆਦਾ ਚੀਕਣੀਆਂ ਜਾਂ ਖਾਰੀਆਂ ਜ਼ਮੀਨਾਂ ਵਿੱਚ ਪਾਪਲਰ ਦਾ ਸਹੀ ਵਾਧਾ ਨਹੀਂ ਹੁੰਦਾ
ਨਰਸਰੀ ਤਿਆਰ ਕਰਨਾ: ਜਨਵਰੀ-ਫਰਵਰੀ ਮਹੀਨੇ ਦਾ ਸਮਾਂ ਪਾਪਲਰ ਲਾਉਣ ਲਈ ਢੁੱਕਵਾਂ ਹੈ ਨਰਸਰੀ ਵਿੱਚ ਤਿਆਰ ਕੀਤੇ ਇੱਕ ਸਾਲ ਦੇ ਬੂਟੇ ਖੇਤਾਂ ਵਿੱਚ ਲਾਏ ਜਾਂਦੇ ਹਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਸੁਧਰੀਆਂ ਕਿਸਮਾਂ ਐੱਲ 47/88 ਅਤੇ 48/89 ਦੇ ਬੂਟੇ ਮਿਲਦੇ ਹਨ ਜਾਂ ਫਿਰ ਆਪਣੇ ਖੇਤਾਂ ਵਿੱਚ ਹੀ ਕਲਮਾਂ ਤੋਂ ਤਿਆਰ ਕੀਤੇ ਜਾ ਸਕਦੇ ਹਨ ਕਲਮਾਂ ਇੱਕ ਸਾਲ ਪੁਰਾਣੇ ਬੂਟਿਆਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ
ਇਨ੍ਹਾਂ ਦੀ ਲੰਬਾਈ 20-25 ਸੈਂ.ਮੀ. ਤੇ ਮੋਟਾਈ 2-3 ਸੈਂ.ਮੀ. ਹੋਣੀ ਚਾਹੀਦੀ ਹੈ 8-12 ਟਨ ਦੇਸੀ ਰੂੜੀ ਦੀ ਖਾਦ ਕਿਆਰੀਆਂ ਵਿਚ ਪਾਓ ਕਲਮਾਂ ਨੂੰ 50 ਗੁਣਾ 50 ਜਾਂ 60 ਗੁਣਾ 60 ਸੈਂ.ਮੀ. ਫਾਸਲੇ ਦੇ ਪਲਾਟਿੰਗ ਰਾਡ ਜਾਂ ਕਿਸੇ ਸਰੀਏ ਨਾਲ ਛੇਕ ਕਰਨ ਤੋਂ ਬਾਅਦ ਕਲਮਾਂ ਦੀ ਅੱਖ ਜ਼ਮੀਨ ਤੋਂ ਉੱਪਰ ਛੱਡ ਕੇ ਬਾਕੀ ਜ਼ਮੀਨ ਵਿੱਚ ਨੱਪ ਦਿਓ ਕਲਮਾਂ ਪੁੰਗਰਨ ਤੱਕ ਜ਼ਮੀਨ ਨੂੰ ਗਿੱਲੀ ਰੱਖੋ ਨਰਸਰੀ ਵਿੱਚ ਨਦੀਨਾਂ ਦੀ ਰੋਕਥਾਮ ਲਈ ਝੋਨੇ ਦੀ ਪਰਾਲੀ 4 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲੇ ਪਾਣੀ ਤੋਂ ਤੁਰੰਤ ਬਾਅਦ ਵਿਛਾ ਦਿਓ 50 ਕਿੱਲੋ ਨਾਈਟ੍ਰੋਜਨ ਦੋ ਕਿਸ਼ਤਾਂ ਵਿੱਚ ਜੁਲਾਈ ਅਤੇ ਅਗਸਤ ਦੇ ਪਹਿਲੇ ਹਫ਼ਤੇ ਪਾਓ 60 ਕਿੱਲੋ ਫਾਸਫੋਰਸ ਅਤੇ 30 ਕਿੱਲੋ ਪੋਟਾਸ਼ ਤੱਤ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਜੂਨ ਤੋਂ ਅਕਤੂਬਰ ਤੱਕ ਬੂਟਿਆਂ ਦੇ ਹੇਠਲੇ ਇੱਕ ਤਿਹਾਈ ਹਿੱਸੇ ਦੀਆਂ ਅੱਖਾਂ ਗਿੱਲੀ ਬੋਰੀ ਨਾਲ ਰਗੜ ਕੇ ਲਾਹ ਦਿਓ ਲੋੜ ਅਨੁਸਾਰ ਗੋਡੀ ਅਤੇ ਪਾਣੀ ਦਿੰਦੇ ਰਹੋ
ਖੇਤਾਂ ਵਿੱਚ ਬੂਟੇ ਲਾਉਣਾ: ਅੱਧ ਜਨਵਰੀ ਤੋਂ ਅੱਧ ਫਰਵਰੀ ਤੱਕ ਨਰਸਰੀ ਵਿੱਚ ਤਿਆਰ ਬੂਟੇ ਖੇਤਾਂ ਵਿਚ ਲਗਾਏ ਜਾਂਦੇ ਹਨ ਕਤਾਰਾਂ ਵਿਚ ਫਾਸਲਾ 5 ਮੀਟਰ ਅਤੇ ਬੂਟਿਆਂ ਵਿਚਲਾ ਫਾਸਲਾ 4 ਮੀਟਰ ਰੱਖੋ ਕਤਾਰਾਂ ਦੀ ਦਿਸ਼ਾ ਉੱਤਰ-ਦੱਖਣ ਰੱਖੋ ਬੰਨਿਆਂ ’ਤੇ ਬੂਟੇ ਲਾਉਣ ਲਈ ਫਾਸਲਾ 3 ਮੀਟਰ ਹੋਣਾ ਚਾਹੀਦਾ ਹੈ ਵਣ ਖੇਤੀ ਤੋਂ ਜ਼ਿਆਦਾ ਝਾੜ ਲੈਣ ਲਈ ਕਤਾਰਾਂ ਵਿਚਲਾ ਫਾਸਲਾ 8 ਮੀ. ਤੇ ਬੂਟਿਆਂ ਵਿਚਲਾ ਫਾਸਲਾ 2.5 ਮੀ. ਰੱਖੋ
ਟੋਏ ਪੁੱਟਣਾ: ਖੇਤਾਂ ਨੂੰ ਚੰਗੀ ਤਰ੍ਹਾਂ ਵਾਹ ਕੇ ਫਾਸਲੇ ਮੁਤਾਬਿਕ ਨਿਸ਼ਾਨ ਲਾ ਦਿਓ ਬੋਕੀ ਜਾਂ ਔਗਾਰ ਦੀ ਮੱਦਦ ਨਾਲ 15. ਸੈਂ. ਮੀ. ਵਿਆਸ ਵਾਲੇ ਇੱਕ ਮੀਟਰ ਡੂੰਘੇ ਟੋਏ ਪੁੱਟੋ ਕਿਉਂਕਿ ਪਾਪਲਰ ਦੀਆਂ ਜੜ੍ਹਾਂ ਜ਼ਮੀਨ ਵਿੱਚ ਡੂੰਘੀਆਂ ਨਹੀਂ ਜਾਂਦੀਆਂ ਇਸ ਲਈ ਘੱਟ ਡੂੰਘਾਈ ’ਤੇ ਲਗਾਏ ਗਏ ਬੂਟੇ ਤੀਜੇ ਸਾਲ ਤੋਂ ਬਾਅਦ ਹਨੇ੍ਹਰੀ ਨਾਲ ਡਿੱਗ ਜਾਂਦੇ ਹਨ ਇਸ ਲਈ ਟੋਏ ਹਮੇਸ਼ਾ ਇੱਕ ਮੀਟਰ ਡੂੰਘੇ ਹੀ ਪੁੱਟੋ
ਬੂਟੇ ਲਗਾਉਣਾ: ਅੱਧ ਜਨਵਰੀ ਤੋਂ ਅੱਧ ਫਰਵਰੀ ਦਾ ਸਮਾਂ ਪਾਪਲਰ ਲਾਉਣ ਲਈ ਢੁੱਕਵਾਂ ਹੈ ਪਛੇਤ ਕਰਨ ਨਾਲ ਬੂਟੇ ਨਰਸਰੀ ਵਿੱਚ ਹੀ ਪੁੰਗਰ ਜਾਂਦੇ ਹਨ ਤੇ ਖੇਤਾਂ ਵਿੱਚ ਘੱਟ ਚੱਲਦੇ ਹਨ ਬੂਟਿਆਂ ਨੂੰ ਲਾਉਣ ਤੋਂ ਪਹਿਲਾਂ ਇਨ੍ਹਾਂ ਦੀ ਮੋਟੀ ਜੜ੍ਹ 40-50 ਸੈਂਟੀਮੀਟਰ ਅਤੇ ਆਲੇ-ਦੁਆਲੇ ਦੀਆਂ ਜੜ੍ਹਾਂ 15 ਸੈਂਟੀਮੀਟਰ ਰੱਖ ਕੇ ਕੱਟ ਦਿਓ ਹਰ ਟੋਏ ਲਈ 2 ਕਿੱਲੋ ਗਲੀ-ਸੜੀ ਰੂੜੀ, 10 ਗ੍ਰਾਮ ਬੀ. ਐਚ. ਸੀ. 10 ਫੀਸਦੀ ਅਤੇ ਲੋੜ ਅਨੁਸਾਰ ਰਸਾਇਣਿਕ ਖਾਦ ਪਾ ਕੇ ਮਿੱਟੀ ਵਿੱਚ ਰਲਾ ਦਿਓ
ਦਰਮਿਆਨੀਆਂ ਨਾਈਟ੍ਰੋਜਨ ਵਾਲੀਆਂ ਜ਼ਮੀਨਾਂ ਵਿੱਚ 50 ਗ੍ਰਾਮ ਯੂਰੀਆ ਤੇ 85 ਗ੍ਰਾਮ ਡੀ. ਏ. ਪੀ. ਹਰ ਟੋਏ ਵਿੱਚ ਪਾਓ ਜੋ ਫਾਸਫੋਰਸ ਐਸ. ਐਸ. ਪੀ. ਦੁਆਰਾ ਪਾਉਣੀ ਹੋਵੇ, ਤਾਂ 85 ਗ੍ਰਾਮ ਯੂਰੀਆ ਤੇ 250 ਗ੍ਰਾਮ ਐਸ. ਐਸ. ਪੀ. ਪਾਓ ਪੌਦੇ ਲਾਉਣ ਤੋਂ ਬਾਅਦ ਛੇਤੀ ਹੀ ਪਾਣੀ ਲਾ ਦਿਓ ਬੂਟੇ ਨੂੰ ਟੋਏ ਵਿੱਚ ਸਿੱਧਾ ਰੱਖ ਕੇ ਖਾਦ ਮਿਲੀ ਮਿੱਟੀ ਨਾਲ ਟੋਏ ਨੂੰ ਭਰ ਦਿਓ ਤੇ ਨਾਲ-ਨਾਲ ਮਿੱਟੀ ਚੰਗੀ ਤਰ੍ਹਾਂ ਦਬਾ ਦਿਓ ਅਤੇ ਛੇਤੀ ਹੀ ਪਾਣੀ ਲਾ ਦਿਓ ਬੂਟੇ ਪੁੰਗਰਨ ਤੱਕ ਖੇਤ ਨੂੰ ਹਲਕੀ ਪਰ ਘੱਟ ਵਕਫ਼ੇ ਨਾਲ ਸਿੰਚਾਈ ਦਿੰਦੇ ਰਹੋ
ਕਾਂਟ-ਛਾਂਟ: ਚੰਗੇ ਅਤੇ ਸਿੱਧੇ ਬੂਟੇ ਪੈਦਾ ਕਰਨ ਲਈ ਟਾਹਣੀਆਂ ਦੀ ਕਟਾਈ ਸਰਦੀਆਂ ਵਿੱਚ ਪੱਤੇ ਝਾੜਨ ਤੋਂ ਤੁਰੰਤ ਬਾਅਦ ਕਰੋ ਅਤੇ ਕੱਟੇ ਹਿੱਸਿਆਂ ’ਤੇ ਬੋਰਡੋ ਮਿਸ਼ਰਨ (2 ਕਿੱਲੋ ਨੀਲਾ ਥੋਥਾ+2 ਕਿੱਨੋ ਚੂਨਾ+250 ਲੀਟਰ ਪਾਣੀ) ਲਾ ਦੇਵੋ ਲੋੜ ਤੋਂ ਵੱਧ ਕਾਂਟ-ਛਾਂਟ ਕਰਨ ਨਾਲ ਬੂਟਿਆਂ ਦਾ ਵਾਧਾ ਰੁਕਦਾ ਹੈ ਤੇ ਜ਼ਿਆਦਾ ਟਾਹਣੀਆਂ ਨਿੱਕਲਦੀਆਂ ਹਨ
ਕਟਾਈ ਅਤੇ ਮੰਡੀਕਰਨ: ਜਦੋਂ ਬੂਟਿਆਂ ਦੀ ਲਪੇਟ 90 ਸੈਂਟੀਮੀਟਰ ਹੋ ਜਾਵੇ ਤਾਂ ਇਹ ਕੱਟਣ ਯੋਗ ਹੋ ਜਾਂਦੇ ਹਨ ਪਾਣੀ ਦੇ ਨਿਕਾਸ ਵਾਲੀਆਂ ਉਪਜਾਊ ਜ਼ਮੀਨਾਂ ਅਤੇ ਵਧੀਆ ਖੇਤੀ ਪ੍ਰਬੰਧ ਨਾਲ ਪਾਪਲਰ 5-6 ਸਾਲਾਂ ’ਚ ਕੱਟਿਆ ਜਾ ਸਕਦਾ ਹੈ ਪਾਪਲਰ ਵੇਚਣ ਲਈ ਨੇੜਲੀ ਪਲਾਈ, ਖੇਡਾਂ ਦਾ ਸਾਮਾਨ ਜਾਂ ਪੈਕਿੰਗ ਡੱਬੇ ਬਣਾਉਣ ਲਈ ਫੈਕਟਰੀ ਨਾਲ ਸੰਪਰਕ ਕਰੋ ਪਾਪਲਰ ਭਾਵੇਂ ਲੱਕੜ ਦੇ ਭਾਰ ਨਾਲ ਵੇਚਿਆ ਜਾਂਦਾ ਹੈ
ਪ੍ਰੰਤੂ ਇਸ ਨੂੰ ਕੱਟ ਕੇ ਵੇਚਣ ਦੀ ਬਜਾਇ ਖੜ੍ਹੇ ਰੁੱਖਾਂ ਨੂੰ ਵੇਚਣ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ ਤਾਂ ਜੋ ਚੰਗਾ ਭਾਅ ਨਾ ਮਿਲਣ ਦੀ ਸੂਰਤ ਵਿੱਚ ਮੰਡੀਕਰਨ ਨੂੰ ਅੱਗੇ ਪਾਇਆ ਜਾ ਸਕੇ ਨਾਲ ਹੀ ਕੋਸ਼ਿਸ਼ ਕਰੋ ਕਿ ਗਰੁੱਪ ਬਣਾ ਕੇ ਮੰਡੀਕਰਨ ਕੀਤਾ ਜਾਵੇ ਬੂਟਿਆਂ ਦੀ ਮੋਟਾਈ ਦੇ ਅਧਾਰ ’ਤੇ ਲੱਕੜ ਦਾ ਘਣਫਲ ਅਤੇ ਭਾਰ ਦਾ ਪਤਾ ਲਗਾਉਣ ਅਤੇ ਹੋਰ ਵਧੇਰੇ ਤਕਨੀਕੀ ਜਾਣਕਾਰੀ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦੇ ਜੰਗਲਾਤ ਤੇ ਕੁਦਰਤੀ ਸੋਮੇ ਵਿਭਾਗ ਨਾਲ ਸੰਪਰਕ ਕਰੋ
ਧੰਨਵਾਦ ਸਹਿਤ, ਚੰਗੀ ਖੇਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.