ਸੀਐੱਨਜੀ ਪੰਪ ਮਾਲਕ ਵੱਲੋਂ ਗਾਹਕ ’ਤੇ ਫਾਇਰਿੰਗ, ਦੋ ਗੋਲੀਆਂ ਲੱਗਣ ਕਾਰਨ ਗਾਹਕ ਗੰਭੀਰ ਜਖ਼ਮੀ

goli

ਤਕਰਾਰਬਾਜ਼ੀ ’ਚ ਪੁਲਿਸ ਵੱਲੋਂ ਕਰਵਾਏ ਗਏ ਸਮਝੌਤੇ ਤੋਂ ਬਾਅਦ ਮੁੜ ਹੋਈ ਕਹਾ-ਸੁਣੀ ਨੇ ਧਾਰਿਆ ਖੂਨੀ ਰੂਪ

(ਜਸਵੀਰ ਸਿੰਘ ਗਹਿਲ) ਬਰਨਾਲਾ। ਬਰਨਾਲਾ ਵਿਖੇ ਮਾਮੂਲੀ ਤਕਰਾਰ ’ਚ ਪੁਲਿਸ ਵੱਲੋਂ ਕਰਵਾਏ ਗਏ ਸਮਝੌਤੇ ਤੋਂ ਬਾਅਦ ਮੁੜ ਹੋਈ ਕਹਾ- ਸੁਣੀ ਨੇ ਖੂਨੀ ਰੂਪ ਧਾਰ ਲਿਆ। ਜਿਸ ਕਾਰਨ ਪੰਪ ਮਾਲਕ ਨੇ ਆਪਣੇ ਗਾਹਕ ’ਤੇ ਗੋਲੀਆਂ ਦੀ ਬੁਛਾਰ ਕਰ ਦਿੱਤੀ। ਜਿੰਨਾਂ ਵਿੱਚੋਂ ਦੋ ਗੋਲੀਆਂ ਲੱਗਣ ਕਾਰਨ ਗਾਹਕ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਜਿਸ ਨੂੰ ਸਥਾਨਕ ਸਿਵਲ ਹਸਪਤਾਲ ਤੋਂ ਦਇਆ ਨੰਦ ਮੈਡੀਕਲ ਕਾਲਜ ਲੁਧਿਆਣਾ ਨੂੰ ਰੈਫ਼ਰ ਕਰ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਅੰਮ੍ਰਿਤ ਮਿਸਠਾਨ ਭੰਡਾਰ ਦੇ ਮਾਲਕ ਤਰਲੋਕ ਸਿੰਘ ਪੁੱਤਰ ਜਾਲਮ ਸਿੰਘ ਵਾਸੀ ਬਰਨਾਲਾ ਸ਼ੁੱਕਰਵਾਰ ਸਵੇਰੇ ਸਾਢੇ ਕੁ 9 ਵਜੇ ਦੇ ਕਰੀਬ ਆਪਣੀ ਗੱਡੀ ’ਚ ਸੀਐੱਨਜੀ ਗੈਸ ਭਰਵਾਉਣ ਲਈ ਸਥਾਨਕ ਜੌੜੇ ਪੰਪਾਂ ’ਤੇ ਗਿਆ ਸੀ। ਜਿੱਥੇ ਕਿਸੇ ਗੱਲ ਨੂੰ ਲੈ ਕੇ ਉਸਦੀ ਪੰਪ ਦੇ ਕਰਿੰਦੇ ਨਾਲ ਤਕਰਾਰ ਹੋ ਗਈ ਤੇ ਚਾਬੀ ਕੱਢ ਲੈਣ ਕਾਰਨ ਤਰਲੋਕ ਸਿੰਘ ਨੇ ਗੱਡੀ ਪੰਪ ’ਤੇ ਹੀ ਛੱਡ ਥਾਣਾ ਸਿਟੀ -1 ਵਿਖੇ ਲਿਖਤੀ ਸ਼ਿਕਾਇਤ ਦੇ ਦਿੱਤੀ ਕਿ ਪੰਪ ਮਾਲਕ ਦੁਆਰਾ ਉਸਨੂੰ ਨਾ ਸਿਰਫ਼ ਰਿਵਾਲਵਰ ਦਿਖਾਇਆ ਗਿਆ ਹੈ ਸਗੋਂ ਉਸ ਨਾਲ ਬਦਸਲੂਕੀ ਵੀ ਕੀਤੀ ਗਈ।

amulacne

ਦੂਜੇ ਪਾਸੇ ਪੰਪ ਮਾਲਕ ਸੰਜੂ ਦੁਆਰਾ ਵੀ ਥਾਣਾ ਸਿਟੀ ਵਿਖੇ ਲਿਖ਼ਤੀ ਦਰਖ਼ਾਸਤ ਦੇ ਕੇ ਪੰਪ ਦੇ ਕਰਿੰਦੇ ਨਾਲ ਧੱਕਾ ਮੁੱਕੀ ਕਰਨ ਦੇ ਮਾਮਲੇ ’ਚ ਗੱਡੀ ਮਾਲਕ ’ਤੇ ਕਾਰਵਾਈ ਦੀ ਮੰਗ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਵਿਚਕਾਰ ਸਮਝੌਤਾ ਕਰਵਾ ਦਿੱਤਾ। ਪਰ ਸਮਝੌਤੇ ਤੋਂ ਬਾਅਦ ਜਦ ਤਰਲੋਕ ਸਿੰਘ ਇੱਕ ਪੁਲਿਸ ਮੁਲਾਜ਼ਮ ਦੀ ਮੌਜੂਦਗੀ ’ਚ ਪੰਪ ’ਤੇ ਹੀ ਖੜੀ ਆਪਣੀ ਗੱਡੀ ਲੈਣ ਗਿਆ ਤਾਂ ਉੱਥੇ ਮੁੜ ਤੋਂ ਪੰਪ ਮਾਲਕ ਨੇ ਤਰਲੋਕ ਸਿੰਘ ਨੂੰ ਗੱਡੀ ਲਿਜਾਣ ਤੋਂ ਰੋਕ ਦਿੱਤਾ। ਜਿਸ ਕਾਰਨ ਪੰਪ ਮਾਲਕ ਅਤੇ ਤਰਲੋਕ ਸਿੰਘ ਅਤੇ ਉਸਦੇ ਨਾਲ ਗਏ ਸਾਥੀਆਂ ’ਚ ਹੋਈ ਝੜਪ ਖੂਨੀ ਰੂਪ ਧਾਰ ਗਈ।

ਪ੍ਰਤੱਖ਼ਦਰਸੀਆਂ ਮੁਤਾਬਕ ਇਸ ਦੌਰਾਨ ਹੀ ਪੰਪ ਮਾਲਕ ਸੰਜੂ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਤਰਲੋਕ ਸਿੰਘ ’ਤੇ ਫਾਇਰਿੰਗ ਕਰ ਦਿੱਤੀ। ਜਿੰਨਾਂ ’ਚੋਂ ਦੋ ਗੋਲੀਆਂ ਮੋਢਿਆਂ ਤੋਂ ਹੇਠਾਂ ਲੱਗ ਜਾਣ ਕਾਰਨ ਤਰਲੋਕ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਪਰ ਪਰਿਵਾਰਕ ਮੈਂਬਰ ਜਖ਼ਮੀ ਦੀ ਹਾਲਤ ਨੂੰ ਦੇਖਦੇ ਹੋਏ ਡੀਐਮਸੀ ਲੁਧਿਆਣਾ ਲੈ ਗਏ। ਘਟਨਾਂ ਦਾ ਪਤਾ ਚਲਦਿਆਂ ਹੀ ਡੀਐਸਪੀ ਸਤਵੀਰ ਸਿੰਘ ਅਤੇ ਥਾਣਾ ਸਿਟੀ -1 ਦੇ ਐਸਐਚਓ ਬਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਗਏ। ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਜੇਕਰ ਪੁਲਿਸ ਮੌਕੇ ’ਤੇ ਨਾ ਪਹੁੰਚਦੀ ਤਾਂ ਹੋਰ ਵੀ ਵੱਡਾ ਦੁਖਾਂਤ ਵਾਪਰ ਸਕਦਾ ਸੀ।

ਸੰਪਰਕ ਕੀਤੇ ਜਾਣ ’ਤੇ ਡੀਐਸਪੀ ਸਤਵੀਰ ਸਿੰਘ ਅਤੇ ਐਸਐਚਓ ਬਲਜੀਤ ਸਿੰਘ ਨੇ ਦੱਸਿਆ ਕਿ ਘਟਨਾਂ ’ਚ ਫ਼ਿਲਹਾਲ ਪੰਪ ਅਤੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਮਾਮਲੇ ’ਚ ਦੋਵਾਂ ਧਿਰਾਂ ਦੇ ਬਿਆਨਾਂ ਲਏ ਜਾਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ