ਮੁੱਖ ਮੰਤਰੀ ਦੇ ਸੁਰੱਖਿਆ ਕਰਮਚਾਰੀ ‘ਪੈਗ’ ਲਗਾਉਣ ’ਚ ਸੀ ਮਸਤ, ਮੁੱਖ ਮੰਤਰੀ ਨੂੰ ਹੋ ਸਕਦਾ ਸੀ ਵੱਡਾ ਖ਼ਤਰਾ, ਖੁਫ਼ੀਆ ਵਿਭਾਗ ਨੇ ਖੜੇ ਕੀਤੇ ਸੁਆਲ

ਵੀਆਈਪੀ ਸ਼ਾਦੀ ’ਚ ਗੈਰ ਜਿੰਮੇਵਾਰ ਪੁਲਿਸ.. .. .. .. .. .. .. ..

ਏਡੀਜੀਪੀ ਇੰਟੈਲੀਜੈਂਸ ਨੇ ਲਿਖਿਆ ਡੀਜੀਪੀ ਨੂੰ ਪੱਤਰ, ਪੁਲਿਸ ਕਰਮਚਾਰੀ ਸੁਰੱਖਿਆ ਕਰਨ ਦੀ ਥਾਂ ਲੈ ਰਹੇ ਸਨ ਵਿਆਹ ਦਾ ਮਜ਼ਾ

  • ਤਿੰਨ ਸੁਰੱਖਿਆ ਕਰਮਚਾਰੀ ਹੋ ਗਏ ਸਨ ਨਸ਼ੇ ’ਚ ਟੁੱਲ, ਘਰ ਤੱਕ ਛੱਡਣ ਲਈ ਭੇਜਿਆ ਪਿਆ ਪੁਲਿਸ ਨੂੰ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਦੀ ਸ਼ਾਦੀ ਵਿੱਚ ਪੰਜਾਬ ਪੁਲਿਸ ਦਾ ਗੈਰ ਜਿੰਮੇਵਾਰ ਤਰੀਕੇ ਨਾਲ ਨਜ਼ਰ ਆਈ। ਜ਼ਿਆਦਾਤਰ ਸੁਰੱਖਿਆ ਕਰਮਚਾਰੀ ਪੈਗ ਲਗਾਉਣ ਵਿੱਚ ਮਸਤ ਸਨ ਤਾਂ ਮਹਿਲਾ ਪੁਲਿਸ ਕਰਮਚਾਰੀ ਜਿਆਦਾ ਸਮਾਂ ਖਾਂਦੇ ਪੀਂਦੇ ਹੀ ਨਜ਼ਰ ਆ ਰਹੇ ਸਨ। ਇਥੇ ਤੱਕ ਕਿ ਤਿੰਨ ਪੁਲਿਸ ਕਰਮਚਾਰੀ ਨਸ਼ੇ ’ਚ ਟੁੱਲ ਹੋ ਗਏ ਅਤੇ ਉਹ ਵਿਆਹ ਵਿੱਚ ਕਾਫ਼ੀ ਜਿਆਦਾ ਚਰਚਾ ਦਾ ਕੇਂਦਰ ਵੀ ਬਣੇ ਰਹੇ ਸਨ ਅਤੇ ਉਨਾਂ ਨੂੰ ਘਰ ਵੀ ਛੱਡ ਕੇ ਆਉਣਾ ਪਿਆ। ਜਿਸ ਨਾਲ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਖ਼ਤਰਾ ਨਜ਼ਰ ਆ ਰਿਹਾ ਸੀ, ਕਿਉਂਕਿ ਸੁਰੱਖਿਆ ਘੇਰਾ ਨਹੀਂ ਹੋਣ ਕਰਕੇ ਮੁੱਖ ਮੰਤਰੀ ਦੇ ਨੇੜੇ ਕੋਈ ਵੀ ਆ ਰਿਹਾ ਸੀ।

  • ਮਹਿਲਾ ਪੁਲਿਸ ਕਰਮਚਾਰੀ ਜਿਆਦਾ ਸਮਾਂ ਖਾਂਦੇ ਪੀਂਦੇ ਹੀ ਆਏ ਨਜ਼ਰ, ਨਹੀਂ ਕਰ ਰਹੇ ਸਨ ਸੁਰੱਖਿਆ

ਇਸ ਨੂੰ ਲੈ ਕੇ ਇੰਟੇਲੀਜੈਂਸ ਵਿਭਾਗ ਨੇ ਸਖ਼ਤ ਇਤਰਾਜ਼ ਜ਼ਾਹਰ ਕਰਦੇ ਹੋਏ ਪੰਜਾਬ ਪੁਲਿਸ ਮੁੱਖੀ ਅਤੇ ਆਈ.ਜੀ. ਮੁੱਖ ਮੰਤਰੀ ਸੁਰੱਖਿਆ ਨੂੰ ਪੱਤਰ ਲਿਖਿਆ ਹੈ ਤਾਂ ਸੁਰੱਖਿਆ ਨੂੰ ਆਉਣ ਵਾਲੇ ਦਿਨਾਂ ਵਿੱਚ ਸਖ਼ਤ ਕਰਨ ਲਈ ਵੀ ਕਿਹਾ ਗਿਆ ਹੈ।
ਵਧੀਕ ਡੀਜੀਪੀ ਇੰਟੈਲੀਜੈਂਸ ਵਲੋਂ ਆਪਣੇ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਦੀ ਸ਼ਾਦੀ ਦਾ ਪ੍ਰੋਗਰਾਮ 8 ਅਕਤੂਬਰ ਤੋਂ 11 ਅਕਤੂਬਰ ਤੱਕ ਸਨ ਅਤੇ 8 ਅਕਤੂਬਰ ਨੂੰ ਖਰੜ ਦੇ ਅਰੀਸਟਾ ਹੋਟਲ ਵਿੱਚ ਲੇਡੀਜ਼ ਸੰਗੀਤ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ। ਜਿਥੇ ਕਿ ਪੁਲਿਸ ਨੂੰ ਸਖ਼ਤ ਇੰਤਜ਼ਾਮ ਕਰਨ ਦੇ ਆਦੇਸ਼ ਸਨ ਪਰ ਪੁਲਿਸ ਅਤੇ ਕਮਾਂਡੋਜ਼ ਵਲੋਂ ਗੈਰ ਜਿੰਮੇਵਾਰ ਤਰੀਕੇ ਨਾਲ ਸੁਰੱਖਿਆ ਨੂੰ ਢਿੱਲਾ ਛੱਡ ਦਿੱਤਾ ਗਿਆ।

ਇਸ ਪ੍ਰੋਗਰਾਮ ਵਿੱਚ ਆਉਣ ਵਾਲੇ ਮਹਿਮਾਨਾਂ ਦੀ ਪਹਿਚਾਣ ਕਰਨ ਦੀ ਥਾਂ ’ਤੇ ਰੁਟੀਨ ਚੈਕਿੰਗ ਕਰਦੇ ਹੋਏ ਅੰਦਰ ਭੇਜਿਆ ਜਾ ਰਿਹਾ ਸੀ ਤਾਂ ਚੈਕਿੰਗ ਦੌਰਾਨ ਵੀ ਕੁਤਾਹੀ ਕੀਤੀ ਗਈ, ਜਿਸ ਕਾਰਨ ਅਸਲੇ ਨਾਲ ਹੀ ਕਈ ਲੋਕ ਸਮਾਗਮ ਵਿੱਚ ਸ਼ਾਮਲ ਹੋ ਗਏ। ਇਸ ਨਾਲ ਪੁਲਿਸ ਕਰਮਚਾਰੀ ਸ਼ਰਾਬ ਪੀਣ ਵਿੱਚ ਮਸਤ ਸਨ, ਜਿਨਾਂ ਵਿੱਚੋਂ 3 ਪੁਲਿਸ ਕਰਮਚਾਰੀ ਕਾਫ਼ੀ ਜਿਆਦਾ ਨਸ਼ਾ ਕਰ ਚੁੱਕੇ ਸਨ, ਜਿਨਾਂ ਨੂੰ ਘਰ ਤੱਕ ਛੱਡਣਾ ਪਿਆ। ਇਥੇ ਹੀ ਪ੍ਰੋਗਰਾਮ ਦੀ ਕੋਈ ਵੀ ਵੀਡੀਓਗ੍ਰਾਫ਼ੀ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਸੀਸੀਟੀਵੀ ਕੈਮਰਾ ਲਗਾਇਆ ਗਿਆ ਸੀ। ਜਿਸ ਕਾਰਨ ਕੋਈ ਵੀ ਅਣਜਾਣ ਵਿਅਕਤੀ ਸਮਾਗਮ ਵਿੱਚ ਆਉਣ ਦੀ ਸਥਿਤੀ ਵਿੱਚ ਉਸ ਦੀ ਪਹਿਚਾਣ ਨਹੀਂ ਕੀਤੀ ਜਾ ਸਕਦੀ ਹੈ।

ਸਮਾਗਮ ਦੌਰਾਨ ਇੱਕ ਗਜਟਡ ਰੈਂਕ ਦਾ ਅਧਿਕਾਰੀ ਇੱਕ ਮੰਤਰੀ ਦੇ ਪੈਰ ਹੱਥ ਲਗਾਉਂਦਾ ਵੀ ਨਜ਼ਰ ਆਇਆ, ਜਿਹੜਾ ਕਿ ਮੌਕੇ ‘ਤੇ ਕਾਫ਼ੀ ਜਿਆਦਾ ਚਰਚਾ ਦਾ ਵਿਸ਼ਾ ਰਿਹਾ। ਇਥੇ ਹੀ ਖਰੜਾ ਦਾ ਇੱਕ ਪੁਲਿਸ ਅਧਿਕਾਰੀ ਬਿਨਾਂ ਵਰਦੀ ਦੇ ਸ਼ਰਾਬ ਪੀ ਕੇ ਮੁੱਖ ਮੰਤਰੀ ਦੇ ਨੇੜੇ ਹੀ ਘੁੰਮਦਾ ਰਿਹਾ ਅਤੇ ਇਹ ਦਰਸਾਉਣ ਦੀ ਕੋਸ਼ਸ਼ ਕਰਦਾ ਰਿਹਾ ਕਿ ਉਹ ਮੁੱਖ ਮੰਤਰੀ ਦਾ ਖ਼ਾਸ ਹੈ। ਇਸ ਨੂੰ ਕਿਸੇ ਵੀ ਸੁਰੱਖਿਆ ਅਧਿਕਾਰੀ ਨੇ ਰੋਕਣ ਦੀ ਕੋਸ਼ਸ਼ ਤੱਕ ਨਹੀ ਕੀਤੀ। ਇਸ ਤੋਂ ਇਲਾਵਾ ਵੀ ਕਈ ਕਈ ਆਮ ਵਿਅਕਤੀ ਮੁੱਖ ਮੰਤਰੀ ਦੇ ਨੇੜੇ ਹੀ ਘੁੰਮਦੇ ਨਜ਼ਰ ਆਏ। ਮੌਕੇ ’ਤੇ ਹਾਜ਼ਰ ਮਹਿਲਾ ਪੁਲਿਸ ਕਰਮਚਾਰੀ ਵੀ ਪ੍ਰੋਗਰਾਮ ਦੌਰਾਨ ਖਾਣ ਪੀਣ ਵਿੱਚ ਹੀ ਲਗੇ ਹੋਏ ਨਜ਼ਰ ਆਏ ਤਾਂ ਮੁੱਖ ਮੰਤਰੀ ਦੇ ਸੁਰੱਖਿਆ ਕਮਾਂਡੋ ਮੋਬਾਇਲ ’ਤੇ ਵੀਡੀਓ ਦੇਖਦੇ ਹੋਏ ਜਾਂ ਫਿਰ ਸ਼ਰਾਬ ਪੀਂਦੇ ਹੋਏ ਨਜ਼ਰ ਆਏ। ਇਸ ਪੱਤਰ ਰਾਹੀਂ ਡੀਜੀਪੀ ਨੂੰ ਲਿਖਿਆ ਗਿਆ ਹੈ ਕਿ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਦੇਖਦੇ ਹੋਏ ਭਵਿੱਖ ਵਿੱਚ ਸਖ਼ਤ ਇੰਤਜ਼ਾਮ ਕੀਤੇ ਜਾਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ