ਸ਼ਹੀਦ ਊਧਮ ਸਿੰਘ ਦੇ ਕਾਂਸੀ ਦੇ ਆਦਮ ਕੱਦ ਬੁੱਤ ਤੋਂ ਚੁੱਕਿਆ ਪਰਦਾ
ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ) (ਗੁਰਪ੍ਰੀਤ ਸਿੰਘ/ਖੁਸ਼ਪ੍ਰੀਤ ਜੋਸ਼ਨ/ਕਰਮ ਥਿੰਦ) | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਭਾਰਤੀ ਆਜ਼ਾਦੀ ਸੰਘਰਸ਼ ਦੌਰਾਨ ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿੱਚ ਜਾਨਾਂ ਵਾਰਨ ਵਾਲੇ ਅਣਗਿਣਤ ਗੁੰਮਨਾਮ ਨਾਇਕਾਂ ਪ੍ਰਤੀ ਸ਼ਰਧਾ ਤੇ ਸਤਿਕਾਰ ਵਜੋਂ ਇੱਕ ਯਾਦਗਾਰ ਦਾ ਨਿਰਮਾਣ ਛੇਤੀ ਕੀਤਾ ਜਾਵੇਗਾ। ਇਹ ਯਾਦਗਾਰ ਵਤਨ ਦੇ ਪਰਵਾਨਿਆਂ ਨੂੰ ਸਮਰਪਿਤ ਹੋਵੇਗੀ ਜਿਨ੍ਹਾਂ ਨੂੰ ਕਾਲੇਪਾਣੀ ਵਜੋਂ ਜਾਣੀ ਜਾਂਦੀ ਬੇਰਹਿਮ ਸਜ਼ਾ ਭੁਗਤਣੀ ਪਈ।
ਅੱਜ ਇੱਥੇ ਰਾਜ ਪੱਧਰੀ ਸਮਾਗਮ ਦੌਰਾਨ ਸ਼ਹੀਦ ਊਧਮ ਸਿੰਘ ਯਾਦਗਾਰ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਸੰਬਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੁਲਕ ਦੇ ਆਜ਼ਾਦੀ ਅੰਦੋਲਨ ਵਿੱਚ ਲਾਮਿਸਾਲ ਯੋਗਦਾਨ ਪਾਉਣ ਵਾਲੇ ਅਜਿਹੇ ਦੇਸ਼ ਭਗਤਾਂ ਅਤੇ ਆਜ਼ਾਦੀ ਘੁਲਾਟੀਆਂ ਖਾਸ ਕਰਕੇ ਪੰਜਾਬ ਨਾਲ ਸਬੰਧਤ ਵਤਨਪ੍ਰਸਤਾਂ ਦੀ ਸ਼ਨਾਖਤ ਕਰਨ ਲਈ ਉੱਘੇ ਇਤਿਹਾਸਕਾਰਾਂ ਅਤੇ ਵਿਦਵਾਨ ਪਹਿਲਾਂ ਹੀ ਬਹੁਤ ਖੋਜ ਕਰ ਚੁੱਕੇ ਹਨ।
ਮੁੱਖ ਮੰਤਰੀ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਸੁਨਾਮੀ ਨਾਲ ਤਬਾਹ ਹੋਏ ਇਲਾਕੇ ਦਾ ਦੌਰਾ ਕਰਨ ਮੌਕੇ ਅੰਡੇਮਨ ਟਾਪੂ ਵਿੱਚ ਸੈਲੂਲਰ ਜੇਲ੍ਹ ਦੀ ਫੇਰੀ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਉੱਥੇ ਕੰਧਾਂ ’ਤੇ ਸ਼ਹੀਦਾਂ ਦੇ ਉਕਰੇ ਹੋਏ ਨਾਵਾਂ ਵਿੱਚੋਂ ਉਹ ਕਿਸੇ ਨੂੰ ਵੀ ਨਹੀਂ ਜਾਣਦੇ ਸਨ। ਉਨ੍ਹਾਂ ਕਿਹਾ ਕਿ ਇਹ ਸ਼ਹੀਦ ਕਾਲੇਪਾਣੀ ਦੀ ਸਜ਼ਾ ਭੁਗਤਦਿਆਂ ਗੁੰਮਨਾਮੀ ਵਿੱਚ ਹੀ ਇਸ ਜਹਾਨ ਤੋਂ ਤੁਰ ਗਏ ਅਤੇ ਉਨ੍ਹਾਂ ਦੀਆਂ ਯਾਦਾਂ ਵੀ ਜੇਲ੍ਹ ਤੱਕ ਹੀ ਮਹਿਦੂਦ ਹੋ ਕੇ ਰਹਿ ਗਈਆਂ। ਉਨ੍ਹਾਂ ਕਿਹਾ, ਮਾਤਭੂਮੀ ਲਈ ਕੁਰਬਾਨੀਆਂ ਦੇਣ ਵਾਲਿਆਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਸਾਡਾ ਫਰਜ਼ ਬਣਦਾ ਹੈ।
ਮਹਾਨ ਕ੍ਰਾਂਤੀਕਾਰੀ ਦੇ 82ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸ਼ਹੀਦ ਦੀ ਮਿਸਾਲੀ ਕੁਰਬਾਨੀ ਸਾਡੀ ਨੌਜਵਾਨ ਪੀੜ੍ਹੀ ਵਿੱਚ ਕੌਮੀਅਤ ਅਤੇ ਦੇਸ਼ਭਗਤੀ ਦਾ ਜਜ਼ਬਾ ਪੈਦਾ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਨੇ ਸਥਾਨਕ ਲੀਡਰਸ਼ਿਪ ਨੂੰ ਇਸ ਯਾਦਗਾਰ ਦਾ ਸਹੀ ਢੰਗ ਨਾਲ ਰੱਖ-ਰਖਾਅ ਕਰਨ ਦੀ ਅਪੀਲ ਕੀਤੀ ਕਿਉਂ ਜੋ ਉਨ੍ਹਾਂ ਨੇ ਦੇਖਿਆ ਹੈ ਕਿ ਕੁਝ ਸਮੇਂ ਬਾਅਦ ਸਤਿਕਾਰ ਦੇ ਪਾਤਰ ਅਜਿਹੀਆਂ ਥਾਵਾਂ ਅਣਗੌਲੀਆਂ ਹੋ ਜਾਂਦੀਆਂ ਹਨ ਜਦਕਿ ਅਜਿਹਾ ਨਹੀਂ ਵਾਪਰਨਾ ਚਾਹੀਦਾ।
ਇਸ ਦੌਰਾਨ ਮੁੱਖ ਮੰਤਰੀ ਸ਼ਹੀਦ ਊਧਮ ਸਿੰਘ ਦੇ ਵਾਰਸਾਂ ਨੂੰ ਵੀ ਮਿਲੇ ਅਤੇ ਸਤਿਕਾਰ ਵਜੋਂ ਉਨ੍ਹਾਂ ਨੂੰ ਲੋਈ ਨਾਲ ਸਨਮਾਨਿਤ ਕੀਤਾ ਜਿਨ੍ਹਾਂ ਵਿੱਚ ਜੀਤ ਸਿੰਘ, ਗਿਆਨ ਸਿੰਘ, ਰਣਜੀਤ ਕੌਰ, ਜੀਤ ਸਿੰਘ ਪੁੱਤਰ ਬਚਨ ਸਿੰਘ, ਮੋਹਨ ਸਿੰਘ, ਸ਼ਾਮ ਸਿੰਘ, ਗੁਰਮੀਤ ਸਿੰਘ ਅਤੇ ਮਲਕੀਤ ਸਿੰਘ (ਸਾਰੇ ਸੁਨਾਮ ਵਾਸੀ) ਸ਼ਾਮਲ ਸਨ।ਇਸ ਦੌਰਾਨ ਸਥਾਨਕ ਕਾਂਗਰਸੀ ਨੇਤਾ ਦਮਨ ਥਿੰਦ ਬਾਜਵਾ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਸੈਰ ਸਪਾਟਾ ਸੰਜੇ ਕੁਮਾਰ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕਿ੍ਰਪਾਲ ਸਿੰਘ, ਡਾਇਰੈਕਟਰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਕੰਵਲ ਪ੍ਰੀਤ ਬਰਾੜ, ਡਿਪਟੀ ਕਮਿਸ਼ਨਰ ਰਾਮਵੀਰ, ਡੀ.ਆਈ.ਜੀ. ਵਿਕਰਮਜੀਤ ਦੁੱਗਲ ਅਤੇ ਐਸ.ਐਸ.ਪੀ. ਵਿਵੇਕ ਸ਼ੀਲ ਸੋਨੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਸ਼ਹੀਦ ਊਧਮ ਸਿੰਘ ਦੇ ਕਾਂਸੇ ਦੇ ਆਦਮ ਕੱਦ ਬੁੱਤ ਸਮੇਤ ਆਲ੍ਹਾ ਦਰਜੇ ਦੀ ਯਾਦਗਾਰ ਬਣਾਈ ਗਈ ਹੈ ਜਿਸ ਦੇ ਨਾਲ ਦੋਵੇਂ ਪਾਸੇ ਸਥਾਪਤ ਚਾਰ-ਚਾਰ ਪੱਥਰਾਂ ’ਤੇ ਸ਼ਹੀਦ ਊਧਮ ਸਿੰਘ ਦੇ ਜੀਵਨ, ਇਤਿਹਾਸ ਅਤੇ ਮਿਸਾਲੀ ਯੋਗਦਾਨ ਨੂੰ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਉਕਰਿਆ ਹੋਇਆ ਹੈ। ਇਸ ਤੋਂ ਇਲਾਵਾ ਇੱਕ ਅਜਾਇਬ ਘਰ ਵੀ ਬਣਾਇਆ ਗਿਆ ਹੈ ਜਿੱਥੇ ਨਿਸ਼ਾਨੀਆਂ, ਵਿਲੱਖਣ ਤਸਵੀਰਾਂ, ਦਸਤਾਵੇਜ਼ ਤੇ ਮਹਾਨ ਸ਼ਹੀਦ ਦੀਆਂ ਅਸਥੀਆਂ ਕਲਸ਼ ਵਿਚ ਰੱਖੀਆਂ ਗਈਆਂ ਹਨ। ਇਸ ਯਾਦਗਾਰ ’ਤੇ 6.40 ਕਰੋੜ ਰੁਪਏ ਦੀ ਲਾਗਤ ਆਈ ਹੈ ਜਿਸ ਵਿੱਚੋਂ ਜ਼ਮੀਨ ਦੀ ਕੀਮਤ 3.40 ਕਰੋੜ ਜਦਕਿ ਬਾਕੀ 3 ਕਰੋੜ ਰੁਪਏ ਇਸ ਦੀ ਉਸਾਰੀ ਉਤੇ ਖਰਚ ਕੀਤੇ ਗਏ ਹਨ।
ਕੋਰੋਨਾ ਕਾਰਨ ਘੱਟ ਗਿਣਤੀ ਵਿੱਚ ਲੋਕਾਂ ਨੂੰ ਦਿੱਤਾ ਸੱਦਾ
ਪੰਜਾਬ ਸਰਕਾਰ ਵੱਲੋਂ ਬੇਸ਼ੱਕ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਸਮਾਗਮ ਮਨਾਉਣ ਲਈ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸਨ ਪਰ ਇਸ ਸਮਾਗਮ ਵਿੱਚ ਬਹੁਤ ਘੱਟ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਕਰਕੇ ਸਮਾਗਮ ਵਿੱਚ ਜ਼ਿਆਦਾ ਭੀੜ ਇਕੱਤਰ ਕਰਨ ਤੋਂ ਗੁਰੇਜ਼ ਕੀਤਾ ਗਿਆ ਸੀ ਪੰਡਾਲ ਵਿੱਚ ਆਉਣ ਵਾਲਿਆਂ ਲਈ ਮਾਸਕ ਅਤੇ ਸੈਨੇਟਾਈਜ਼ਰ ਦੇ ਪ੍ਰਬੰਧ ਵੀ ਕੀਤੇ ਗਏ ਸਨ ਇਹ ਵੀ ਪਤਾ ਲੱਗਿਆ ਕਿ ਹਲਕਾ ਸੁਨਾਮ ਦੇ ਇੱਕ ਦੂਜੀ ਕਤਾਰ ਦੇ ਆਗੂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇਸ ਕਰਕੇ ਬੋਲ-ਬੁਲਾਈ ਹੋ ਗਈ ਕਿ ਉਹ ਆਗੂ ਆਪਣੇ ਕਾਫ਼ੀ ਸਮਰਥਕਾਂ ਨੂੰ ਲਿਆਉਣ ਲਈ ਪ੍ਰਸਾਸ਼ਨ ਤੋਂ ਸੱਦਾ ਪੱਤਰ ਮੰਗ ਰਿਹਾ ਸੀ ਪਰ ਅਧਿਕਾਰੀਆਂ ਵੱਲੋਂ ਉਸ ਨੂੰ ਅਜਿਹਾ ਕਰਨ ਤੋਂ ਵਰਜਿਆ ਜਿਸ ਕਾਰਨ ਉਹ ਆਗੂ ਖੁਦ ਵੀ ਸਮਾਗਮ ਵਿੱਚ ਨਹੀਂ ਪੁੱਜਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ