ਪਾਕਿ ਨੂੰ ਸਪੱਸ਼ਟ ਜਵਾਬ

ਭਾਰਤ ਸਰਕਾਰ ਨੇ ਲੰਮੇ ਸਮੇਂ ਬਾਅਦ ਪਾਕਿਸਤਾਨ ਨੂੰ ਉਸੇ ਦੀ ਭਾਸ਼ਾ ‘ਚ ਜਵਾਬ ਦੇਂਦਿਆਂ ਸੰਸਦ ‘ਚ ਸਰਵ ਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਹੈ ਕਿ ਪਾਕਿ ਮਕਬੂਜਾ ਕਸ਼ਮੀਰ ਵੀ ਖਾਲੀ ਕਰੇ ਭਾਰਤ ਨੇ ਪਾਕਿਸਤਾਨ ਦੇ ਅੰਦਰੂਨੀ ਮਸਲਿਆਂ ‘ਚ ਵੀ ਉਸੇ ਤਰ੍ਹਾਂ ਦਖ਼ਲ ਦੇਣ ਦਾ ਐਲਾਨ ਕੀਤਾ ਹੈ ਜਿਵੇਂ ਪਾਕਿ ਕਸ਼ਮੀਰ ਮਾਮਲੇ ‘ਚ ਕਰ ਰਿਹਾ ਹੈ ਦਰਅਸਲ ਪਾਕਿਸਤਾਨ ਨੇ ਸ਼ਿਮਲਾ ਸਮਝੌਤੇ ਸਮੇਤ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਵੱਲੋਂ ਦਿੱਤੇ ਗਏ ਉਹਨਾਂ ਸਿਧਾਂਤਾਂ ਦੀ ਵੀ ਉਲੰਘਣਾ ਕੀਤੀ ਹੈ ਜਿਸ ਵਿੱਚ ਗੁਆਂਢੀ ਮੁਲਕਾਂ ਦੇ ਮਾਮਲਿਆਂ ‘ਚ ਦਖ਼ਲ ਨਾ ਦੇਣ ਦੀ ਸਹਿਮਤੀ ਹੋਈ ਸੀ ਜਿੱਥੋਂ ਤੱਕ ਕਸ਼ਮੀਰ ਦਾ ਸਬੰਧ ਹੈ।

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਤੇ ਵੀ ਭਾਰਤ ਦਾ ਹੱਕ ਹੈ ਅੰਗਰੇਜ਼ ਸਰਕਾਰ ਵੱਲੋਂ ਕੀਤੀ ਗਈ ਦੇਸ਼ ਦੀ ਵੰਡ ਅਨੁਸਾਰ ਕਸ਼ਮੀਰ ਰਿਆਸਤ ਦੇ ਰਾਜੇ ਹਰੀ ਸਿੰਘ ਨੇ ਹੋਰਨਾਂ ਰਿਆਸਤਾਂ ਵਾਂਗ ਹੀ ਭਾਰਤ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ ਜਿਸ ਦਾ ਲਿਖਤੀ ਦਸਤਾਵੇਜ਼ ਭਾਰਤ ਕੋਲ ਮੌਜ਼ੂਦ ਹੈ ਪਾਕਿਸਤਾਨ ਨੇ ਮਾੜੀ ਨੀਤੀ ਦੇ ਤਹਿਤ 1948 ‘ਚ ਭਾਰਤੀ ਕਸ਼ਮੀਰ ‘ਤੇ ਹਮਲਾ ਕਰਕੇ ਇੱਕ ਤਿਹਾਈ ਕਸ਼ਮੀਰ ਹਥਿਆ ਲਿਆ ਉਸ ਤੋਂ ਮਗਰੋਂ ਵੀ ਪਾਕਿ ਕਸ਼ਮੀਰੀਆਂ ਦੀ ਆਜ਼ਾਦੀ ਦੇ ਨਾਂਅ ‘ਤੇ ਭਾਰਤ ਨੂੰ ਕਮਜ਼ੋਰ ਕਰਨ ਲਈ ਅੱਤਵਾਦੀ ਖੇਡ ਕਰਕੇ ਜੰਮੂ-ਕਸ਼ਮੀਰ ਭੇਜਦਾ ਰਿਹਾ ਪਾਕਿ ਦੀ ਅੱਖ ਸਿਰਫ ਕਸ਼ਮੀਰ ਹੜੱਪਣ ‘ਤੇ ਨਹੀਂ ਸਗੋਂ ਸਾਰੇ ਭਾਰਤ ਨੂੰ ਟੋਟੇ-ਟੋਟੇ ਕਰਨ ਦੀ ਹੈ ਪਾਕਿ ਦੀ ਸ਼ਹਿ ‘ਤੇ ਭਾਰਤੀ ਪੰਜਾਬ ਇੱਕ ਦਹਾਕਾ ਅੱਤਵਾਦ ਦੀ ਭੱਠੀ ‘ਚ ਬਲਦਾ ਰਿਹਾ ਹੈ।

ਇਹ ਵੀ ਪੜ੍ਹੋ : ਇਤਿਹਾਸ ਨੂੰ ਮਿਹਨਤੀ ਹੱਥਾਂ ਨਾਲ ਲਿਖਣ ਵਾਲੀ ਪੀ.ਸੀ.ਐਸ. ਟਾਪਰ, ਉਪਿੰਦਰਜੀਤ ਕੌਰ ਬਰਾੜ

ਪੰਜਾਬ ਤੋਂ ਇਲਾਵਾ ਮੁੰਬਈ ਸਮੇਤ ਦੇਸ਼ ਦੇ ਹੋਰ ਹਿੱਸਿਆਂ ‘ਚ ਪਾਕਿਸਤਾਨੀ ਅੱਤਵਾਦੀ ਹਮਲੇ ਕਰਦੇ ਰਹੇ ਜੇਕਰ ਸਿਧਾਂਤਕ ਤੇ ਇਤਿਹਾਸਕ ਪੱਖੋਂ ਵੇਖੀਏ ਤਾਂ ਕਸ਼ਮੀਰ ‘ਚ ਦਖਲਅੰਦਾਜ਼ੀ ਤਾਂ ਪਾਕਿਸਤਾਨ ਦੀ ਸ਼ੁਰੂਆਤ ਹੈ ਦੂਜੇ ਪਾਸੇ ਪਾਕਿਸਤਾਨ ‘ਚ ਹਕੂਮਤ ਨਾਂਅ ਦੀ ਕੋਈ ਚੀਜ਼ ਨਹੀਂ, ਉੱਥੇ ਕੱਟੜਪੰਥੀ, ਫੌਜ ਸਰਕਾਰ ‘ਤੇ ਇੰਨੀ ਹਾਵੀ ਹੈ ਕਿ ਸਰਕਾਰ ਚਾਹ ਕੇ ਵੀ ਕੁਝ ਨਹੀਂ ਕਰ ਸਕਦੀ ਪਾਕਿਸਤਾਨ ਦੀ ਇੱਕ ਹੋਰ ਬਦਕਿਸਮਤੀ ਇਹ ਹੈ ਕਿ ਜਦੋਂ ਵੀ ਹਕੂਮਤ ਕਮਜ਼ੋਰ ਹੁੰਦੀ ਹੈ ਤਾਂ ਹੁਕਮਰਾਨ ਕਸ਼ਮੀਰ-ਕਸ਼ਮੀਰ ਕੂਕ ਕੇ ਆਪਣੀ ਗੱਦੀ ਬਚਾਉਣ ਲਈ ਅਮਨ-ਅਮਾਨ ਤੇ ਕਲੇਜੇ ਠੰਢ ਪਾਉਣ ਵਾਲੀਆਂ ਸਾਰੀਆਂ ਗੱਲਾਂ ਭੁੱਲ ਜਾਂਦੇ ਹਨ।

ਭਾਰਤ ਵੱਲੋਂ ਵਾਰ-ਵਾਰ ਕੀਤੀਆਂ ਗਈਆਂ ਅਮਨ ਦੀਆਂ ਕੋਸ਼ਿਸ਼ਾਂ ਨੇ ਹਨ੍ਹੇਰੇ ‘ਚ ਪ੍ਰਕਾਸ਼ ਦੀ ਕਿਰਨ ਜ਼ਰੂਰ ਲਿਆਂਦੀ ਪਰ ਜਿੱਥੇ ਸਰਕਾਰ ਦੀ ਸ਼ਾਨ ਕਸ਼ਮੀਰ ਮੁੱਦੇ ਨਾਲ ਜੁੜ ਜਾਏ ਉਸ ਸਰਕਾਰ ਤੋਂ ਗੱਲਬਾਤ ਅੱਗੇ ਵਧਾਉਣ ਦੀ ਆਸ ਰੱਖਣੀ ਮੁਸ਼ਕਲ ਹੈ ਪਾਕਿ ਖੁਦ ਬਲੋਚਿਸਤਾਨ, ਕਰਾਚੀ ਤੇ ਮਕਬੂਜਾ ਕਸ਼ਮੀਰ ‘ਚ ਜ਼ੁਲਮ ਢਾਹ ਰਿਹਾ ਹੈ ਕਸ਼ਮੀਰ ਦਾ ਰਾਗ ਅਲਾਪਣ ਵਾਲੇ ਪਾਕਿ ਦੀ ਹਕੂਮਤ ਨੂੰ ਗੁਰਬਤ ਤੇ ਅਨਪੜ੍ਹਤਾ ਦੀ ਚੱਕੀ ‘ਚ ਪਿਸਦੀ ਅਵਾਮ ਦੀ ਜ਼ਰਾ ਵੀ ਪ੍ਰਵਾਹ ਨਹੀਂ ਜਿਸ ਦੇਸ਼ ਦੀਆਂ ਨੀਤੀਆਂ ਅੱਤਵਾਦ ‘ਤੇ ਖੜ੍ਹੀਆਂ ਹੋਣ ਉੱਥੋਂ ਕਿਸੇ ਚੰਗੇ ਦੀ ਆਸ ਕਰਨੀ ਨਾਮੁਮਕਿਨ ਹੈ ਹੁਣ ਕੂਟਨੀਤੀ ਪੱਖੋਂ ਪਾਕਿ ਨੂੰ ਮਾਤ ਦੇਣ ਲਈ ਕੋਈ ਕਮੀ ਨਹੀਂ ਛੱਡਣੀ ਚਾਹੀਦੀ ਪਾਕਿ ਅਰਬ ਮੁਲਕਾਂ ਦੀ ਸ਼ਰਨ ‘ਚ ਜਾ ਰਿਹਾ ਹੈ, ਸੰਯੁਕਤ ਰਾਸ਼ਟਰ ‘ਚ ਵਾਰ-ਵਾਰ ਜਾ ਚੁੱਕਾ ਹੈ, ਵਿਕਸਿਤ ਮੁਲਕਾਂ ਅੱਗੇ ਦੁਹਾਈ ਪਾ ਰਿਹਾ ਹੈ ਅਜਿਹੇ ਹਾਲਾਤਾਂ ‘ਚ ਭਾਰਤ ਨੂੰ ਆਪਣੀ ਧਰਮ ਨਿਰਪੱਖ਼ਤਾ, ਲੋਕਤੰਤਰਿਕ, ਪ੍ਰਗਟਾਵੇ ਦੀ ਅਜ਼ਾਦੀ ਵਰਗੇ ਸੰਕਲਪਾਂ ਨੂੰ ਅਮਲੀ ਰੂਪ ‘ਚ ਬਰਕਰਾਰ ਰੱਖਣ ਤੇ ਜ਼ੋਰਦਾਰ ਢੰਗ ਨਾਲ ਕੌਮਾਂਤਰੀ ਮੰਚਾਂ ‘ਤੇ ਪੇਸ਼ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ।

LEAVE A REPLY

Please enter your comment!
Please enter your name here