ਸੰਗਮਰਮਰ ਨਾਲੋਂ ਮਿੱਟੀ ਦੀ ਪਕੜ ਮਜ਼ਬੂਤ ਹੁੰਦੀ ਹੈ
ਪੁਰਾਣੇ ਸਮਿਆਂ ਵਿੱਚ ਘਰ ਚਾਹੇ ਕੱਚੇ ਹੁੰਦੇ ਸਨ ਪਰ ਰਿਸ਼ਤਿਆਂ ਵਿੱਚ ਮਿਠਾਸ ਮਜ਼ਬੂਤ ਹੁੰਦੀ ਸੀ। ਰਿਸ਼ਤੇਦਾਰਾਂ ਦੇ ਨਾਲ-ਨਾਲ ਆਂਢ-ਗੁਆਂਢ ਵੀ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦਾ ਸੀ। ਹੁਣ ਵਾਂਗ ਪਿੰਡਾਂ ਵਿੱਚ ਮੁੱਖ ਧੰਦਾ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਹੀ ਹੁੰਦਾ ਸੀ। ਖੇਤੀ ਵਿੱਚ ਉਤਪਾਦਨ ਚਾਹੇ ਘੱਟ ਹੁੰਦਾ ਸੀ ਪਰ ਜੋ ਵੀ ਉਪਜ ਹੁੰਦੀ ਸੀ ਉਹ ਰੇਹਾਂ-ਸਪਰੇਹਾਂ ਤੋਂ ਦੂਰ ਕੁਦਰਤੀ ਅਤੇ ਗੁਣਵੱਤਾ ਭਰਪੂਰ ਹੁੰਦੀ ਸੀ। ਬਿਮਾਰੀ ਤੇ ਰੋਗ ਨਾਂਹ ਦੇ ਬਰਾਬਰ ਸਨ ਕਿਉਂਕਿ ਜੋ ਵੀ ਖਾਂਦੇ ਸਨ ਹੱਥੀਂ ਕਿਰਤ ਅਤੇ ਖੇਡਾਂ ਖੇਡਦੇ ਸਰੀਰ ਦੀ ਵਰਜਿਸ਼ ਹੋਣ ਕਰਕੇ ਅਸਾਨੀ ਨਾਲ ਪਚ ਜਾਂਦਾ ਸੀ। ਕਬੱਡੀ ਅਤੇ ਕੁਸ਼ਤੀ ਜ਼ੋਰ ਅਜਮਾਇਸ਼ ਵਾਲੀਆਂ ਖੇਡਾਂ ਵਿੱਚ ਸ਼ਾਮਲ ਸੀ। ਪੰਜਾਬੀ ਖੇਡ ਕਬੱਡੀ ਪ੍ਰਤੀ ਤਾਂ ਪੰਜਾਬੀਆਂ ਦੀ ਦਿਲਚਸਪੀ ਇਸ ਤਰ੍ਹਾਂ ਬਣੀ ਕਿ ਕਬੱਡੀ ਨੂੰ ਮਾਂ ਖੇਡ ਦਾ ਦਰਜਾ ਦਿੱਤਾ ਗਿਆ ਤੇ ਹੌਲੀ-ਹੌਲੀ ਇਹ ਪੰਜਾਬ ਦੇ ਨਾਲ-ਨਾਲ ਪੂਰੇ ਵਿਸ਼ਵ ਵਿੱਚ ਖੇਡੀ ਜਾਣ ਲੱਗੀ। ਇਸ ਦਾ ਸਿਹਰਾ ਪੰਜਾਬੀਆਂ ਦੇ ਸਿਰ ਹੀ ਜਾਂਦਾ ਹੈ
ਉਸ ਸਮੇਂ ਰੀਤੀ-ਰਿਵਾਜਾਂ, ਸੰਸਕਿ੍ਰਤੀ, ਸੱਭਿਆਚਾਰ, ਲੋਕ ਗੀਤਾਂ, ਸਮਾਜਿਕ ਬੰਧਨਾਂ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਸੀ। ਪਿਆਰ-ਮੁਹੱਬਤ ਦੇ ਬੰਧਨਾਂ ਵਿੱਚ ਬੱਝੇ ਲੋਕ ਧਾਰਮਿਕ ਗੱਲਾਂ ਸੁਣਨ ਦੇ ਨਾਲ-ਨਾਲ ਉਸ ਉੱਪਰ ਅਮਲ ਕਰਨ ਨੂੰ ਵੀ ਤਰਜੀਹ ਦਿੰਦੇ ਸਨ। ਪੰਜਾਬੀਆਂ ਨੇ ਸਮੇਂ-ਸਮੇਂ ’ਤੇ ਪੰਜਾਬ ’ਤੇ ਕੀਤੇ ਜਾਂਦੇ ਹਮਲਿਆਂ ਦਾ ਵੀ ਬਹਾਦਰੀ ਨਾਲ ਮੂੰਹ ਤੋੜਵਾਂ ਜਵਾਬ ਦੇ ਕੇ ਵਿਰੋਧੀਆਂ ਦੇ ਦੰਦ ਖੱਟੇ ਕੀਤੇ ਸਨ। ਘਰ ਦੇ ਬਜੁਰਗ ਘਰ ਦੇ ਮੋਢੀ ਸਮਝੇ ਜਾਂਦੇ ਸਨ। ਤਜ਼ਰਬੇ ਦੀ ਦੇਣ ਅਤੇ ਉਮਰ ਦੇ ਬਿਤਾਏ ਪੈਂਡੇ ਕਰਕੇ ਉਨ੍ਹਾਂ ਦੁਆਰਾ ਕੀਤੇ ਫੈਸਲੇ ਨੂੰ ਘਰ ਦੇ ਸਾਰੇ ਮੈਂਬਰ ਸਹਿਮਤੀ ਅਤੇ ਖੁਸ਼ੀ ਨਾਲ ਮੰਨ ਲੈਂਦੇ ਸਨ, ਤੇ ਉਨ੍ਹਾਂ ਦੁਆਰਾ ਕੀਤੇ ਫੈਸਲਿਆਂ ’ਤੇ ਉਂਗਲੀ ਉਠਾਉਣ ਨੂੰ ਘਰ ਦੇ ਬਾਕੀ ਮੈਂਬਰ ਬਜੁਰਗਾਂ ਦੀ ਤੌਹੀਨ ਸਮਝਦੇ ਸਨ।
ਸੀਮਤ ਲੋੜਾਂ ਹੋਣ ਕਰਕੇ ਪਿੰਡਾਂ ਦੇ ਲੋਕਾਂ ਦਾ ਕਦੇ ਛਿਮਾਹੀ ਅਤੇ ਸਾਲ ਤੋਂ ਆੜ੍ਹਤੀਆਂ ਅਤੇ ਸ਼ਾਹੂਕਾਰਾਂ ਕੋਲ ਬਜਾਰ ਜਾਂ ਮੰਡੀ ਗੇੜਾ ਲੱਗਦਾ ਸੀ। ਹਾੜੀ ਅਤੇ ਸਾਉਣੀ ਦੀਆਂ ਫਸਲਾਂ ਦੀ ਵਾਢੀ ਮਗਰੋਂ ਉਸ ਨੂੰ ਸ਼ਾਹੂਕਾਰ ਕੋਲ ਵੇਚਣ ਲਈ ਜਾਂਦੇ ਅਤੇ ਘਰ ਮੁੜਦੇ ਸਮੇਂ ਘਰ ਦੀ ਜ਼ਰੂਰਤ ਦਾ ਸਮਾਨ ਖਰੀਦ ਲਿਆਉਂਦੇ। ਉਸ ਸਮੇਂ ਲੋਕਾਂ ਦੀਆਂ ਲੋੜਾਂ ਸੀਮਤ ਸਨ ਪਰ ਫਿਰ ਵੀ ਪਰਮਾਤਮਾ ਦੇ ਭਾਣੇ ਵਿੱਚ ਰਹਿੰਦੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਸਨ। ਦੁੱਖ-ਸੁੱਖ ਦੀ ਘੜੀ ਹੱਸ ਕੇ ਹੰਢਾਂਉਂਦੇ ਸਨ। ਸਾਂਝੇ ਪਰਿਵਾਰ ਘਰ ਵਿੱਚ ਤੇ ਪਰਿਵਾਰ ’ਤੇ ਆ ਰਹੀਆਂ ਮੁਸ਼ਕਲਾਂ ਦਾ ਡਟ ਕੇ ਸਾਹਮਣਾ ਕਰਦੇ ਸਨ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ’ਤੇ ਡਟ ਕੇ ਪਹਿਰਾ ਦਿੰਦੇ ਹੋਏ ਹੱਥੀਂ ਕਿਰਤ ਕਰਨੀ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਪਹਿਚਾਣ ਸੀ। ਹੱਥੀਂ ਕੀਤੀ ਕਿਰਤ ਵਿੱਚੋਂ ਹੀ ਦਸਵੰਧ ਕੱਢਿਆ ਜਾਂਦਾ ਸੀ, ਇਸੇ ਦਸਵੰਧ ਦੀ ਵਰਤੋਂ ਨਾਲ ਹੀ ਪਿੰਡ ਵਿਚ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਸਨ। ਪਿੰਡ ਵਿੱਚ ਬੋਹੜ ਅਤੇ ਸੱਥ ਵਿੱਚ ਬੈਠ ਕੇ ਤਾਸ਼ ਖੇਡਣ ਦੇ ਨਾਲ-ਨਾਲ ਸਮਾਜਿਕ ਮਸਲਿਆਂ ’ਤੇ ਚਰਚਾ ਕਰਦੇ ਬਜੁਰਗ ਇੱਕ ਚੱਲਦੇ-ਫਿਰਦੇ ਖਬਰਾਂ ਦੇ ਚੈਨਲ ਦਾ ਕੰਮ ਕਰਦੇ ਸਨ।
ਪਿੰਡ ਵਿੱਚ ਅਖਬਾਰ ਦਾ ਆਉਣਾ ਬਹੁਤ ਵੱਡੀ ਗੱਲ ਸੀ। ਕੋਈ ਵਿਰਲਾ ਹੀ ਸੀ ਜੋ ਪੜਿ੍ਹਆ-ਲਿਖਿਆ ਹੋਵੇ ਤੇ ਅਖਬਾਰ ਪੜ੍ਹ ਸਕਦਾ ਸੀ। ਜਿਸ ਘਰ ਅਖਬਾਰ ਆਉਂਦਾ ਉਸ ਵਿਅਕਤੀ ਨੇ ਹੀ ਬਾਕੀ ਸਾਰਿਆਂ ਨੂੰ ਅਖਬਾਰ ਦੀਆਂ ਖਬਰਾਂ ਬਾਰੇ ਜਾਣਕਾਰੀ ਦੇਣੀ ਹੁੰਦੀ ਸੀ। ਪਿੰਡ ਵਿੱਚ ਥੋੜ੍ਹਾ-ਬਹੁਤਾ ਲੜਾਈ-ਝਗੜਾ ਹੁੰਦਾ ਤਾਂ ਪਿੰਡ ਦੀਆਂ ਪੰਚਾਇਤਾਂ ਝਗੜੇ ਦਾ ਸਰਬਸੰਮਤੀ ਨਾਲ ਨਿਪਟਾਰਾ ਕਰ ਦਿੰਦੀਆਂ ਸਨ। ਪੰਚਾਇਤ ਜ਼ਿਆਦਾਕਰ ਸਰਬਸੰਮਤੀ ਨਾਲ ਹੀ ਚੁੁਣ ਲਈ ਜਾਾਂਦੀ ਸੀ। ਪਿੰਡ ਦੇ ਨੰਬਰਦਾਰ ਅਤੇ ਪੰਚਾਇਤਾਂ ਦੁਆਰਾ ਕੀਤੇ ਫੈਸਲੇ ਸਾਰੇ ਪਿੰਡ ਨੂੰ ਪ੍ਰਵਾਨ ਹੁੁੰਦੇ ਸਨ।
ਸਮੇਂ ਦੇ ਬਦਲਾਅ, ਸਿੱਖਿਆ ਵਿੱਚ ਵਾਧੇ ਤੇ ਤਕਨਾਲੋਜੀ ਦੇ ਕੀਤੇ ਵਿਕਾਸ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਦੂਰੀ ਵਧਾ ਕੇ ਜਿੱਥੇ ਆਪਣਿਆਂ ਤੋਂ ਆਪਣਿਆਂ ਨੂੰ ਦੂਰ ਕਰ ਦਿੱਤਾ ਹੈ, ਉੱਥੇ ਆਪਸੀ ਰਿਸ਼ਤਿਆਂ ਵਿਚਲੀ ਮਿਠਾਸ ਨੂੰ ਹੌਲੀ-ਹੌਲੀ ਘਟਾ ਕੇ ਕੁੜੱਤਣ ਵਿੱਚ ਵਾਧਾ ਕਰ ਦਿੱਤਾ ਹੈ। ਸਮੇਂ ਦੀ ਤਬਦੀਲੀ ਨਾਲ ਆਪਸੀ ਦੂਰੀਆਂ ਘਟਣ ਦੀ ਬਜਾਏ ਵਧੀਆ ਹਨ। ਤਕਨਾਲੋਜੀ ਦੁਆਰਾ ਖੋਜੇ ਤੇ ਹੌਲੀ-ਹੌਲੀ ਅਜੋਕੇ ਰੂਪ ਵਿੱਚ ਸੰਚਾਰ ਦੇ ਸਾਧਨਾਂ ਨੇ ਰਿਸ਼ਤਿਆਂ ਨੂੰ ਨੇੜੇ ਲਿਆਉਣ ਦੀ ਬਜਾਏ ਹੋਰ ਦੂਰ ਕਰ ਦਿੱਤਾ ਹੈ।
ਪਹਿਲਾਂ ਦੂਰ ਹੋਣ ਦੇ ਬਾਵਜੂਦ ਵੀ ਰਿਸ਼ਤੇ-ਨਾਤਿਆਂ ਦੀ ਖੈਰ-ਸੁੱਖ ਜਾਨਣ ਲਈ ਜਾਂ ਸੱਦਾ ਪੱਤਰ ਭੇਜਣ ਲਈ ਚਿੱਠੀਆਂ ਦੀ ਵਰਤੋਂ ਕੀਤੀ ਜਾਂਦੀ ਸੀ, ਪਰ ਅੱਜ ਮੋਬਾਇਲ ਫੋਨ ਵਿੱਚ ਈ ਮੇਲ ਤੇ ਵਟਸਐਪ ਵਰਗੀਆਂ ਸਹੂਲਤਾਂ ਹੋਣ ਦੇ ਬਾਵਜੂਦ ਵੀ ਅਸੀਂ ਨੇੜੇ ਹੋ ਕੇ ਵੀ ਬਹੁਤ ਦੂਰ ਹੋ ਗਏ ਹਾਂ। ਘਰ ਵਿੱਚ ਹਰ ਇੱਕ ਕੋਲ ਆਪਣਾ-ਆਪਣਾ ਮੋਬਾਇਲ ਫੋਨ ਹੈ ਪਰ ਉਨ੍ਹਾਂ ਕੋਲ ਆਪਣਿਆਂ ਲਈ ਸਮਾਂ ਹੀ ਨਹੀਂ। ਘਰ ਵਿੱਚ ਬੈਠੇ ਬਜੁਰਗ ਪੋਤੇ-ਪੋਤੀਆਂ ਨਾਲ ਗੱਲ ਕਰਨ ਨੂੰ ਤਰਸ ਜਾਂਦੇ ਹਨ ਪਰ ਬੱਚਿਆਂ ਕੋਲ ਦਾਦਾ-ਦਾਦੀ ਤੇ ਮਾਤਾ-ਪਿਤਾ ਲਈ ਕੋਈ ਸਮਾਂ ਨਹੀਂ ਹੁੰਦਾ। ਪੈੈੈੈਸੇੇ ਤੇ ਬੈੈਂਕ ਦੇ ਖਾਤਿਆਂ ਵਿੱਚ ਸਿਫਰਾਂ ਨੂੰ ਵਧਾਉਣ ਲਈ ਦਿਨ-ਰਾਤ ਇੱਕ ਕਰ ਦਿੰਦੇ ਹਨ ਪਰ ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਧਨ-ਦੌਲਤ ਤਾਂ ਉਨ੍ਹਾਂ ਦਾ ਪਰਿਵਾਰ ਹੈ
ਲੋਕ ਅਜੋਕੇ ਸਮੇਂ ਵਿੱਚ ਇਨ੍ਹਾਂ ਰਿਸ਼ਤਿਆਂ ਵਿੱਚ ਪਿਆਰ ਦੀ ਖਾਦ ਪਾਉਣ ਦੀ ਬਜਾਏ ਦੌਲਤ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਰਿਸ਼ਤਿਆਂ ਲਈ ਸਮਾਂ ਨਾ ਹੋਣ ਕਰਕੇ ਤਲਾਕ ਵਰਗੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਰਿਸ਼ਤਿਆਂ ਨੂੰ ਨਿਭਾਉਣ ਲਈ ਕੋਈ ਜ਼ਿਆਦਾ ਪੜ੍ਹਾਈ ਕਰਨ ਜਾਂ ਵਿਦਵਾਨ ਬਣਨ ਦੀ ਲੋੜ ਨਹੀਂ ਬੱਸ ਰਿਸ਼ਤਿਆਂ ਨੂੰ ਨਿਭਾਉਣ ਅਤੇ ਬਚਾਉਣ ਲਈ ਸਮਾਂ ਦੇਣ ਤੇ ਸਮਝਣ ਦੀ ਲੋੜ ਹੁੰਦੀ ਹੈ। ਜ਼ਿੰਦਗੀ ਜਿਉਣ ਲਈ ਰੋਟੀ, ਕੱਪੜਾ ਅਤੇ ਮਕਾਨ ਜਰੂਰੀ ਲੋੜਾਂ ਹਨ ਪਰ ਸਮੇਂ ਦੇ ਅਨੁਸਾਰ ਹੁਣ ਇਸ ਵਿੱਚ ਮਿਆਰੀ ਸਿੱਖਿਆ ਅਤੇ ਵਧੀਆ ਸਿਹਤ ਸਹੂਲਤਾਂ ਨੂੰ ਵੀ ਸ਼ਾਮਲ ਕਰਨਾ ਜਰੂਰੀ ਹੈ। ਪੈਸੇ ਤੇ ਦੌਲਤ ਦੇ ਚੱਕਰ ਵਿੱਚ ਸਾਂਝੇ ਪਰਿਵਾਰ ਖਤਮ ਹੋ ਰਹੇ ਹਨ ਜੇਕਰ ਕਿਤੇ ਮੌਜੂਦ ਵੀ ਹਨ ਤਾਂ ਉਨ੍ਹਾਂ ਦੀ ਰੋਟੀ ਵੀ ਅਲੱਗ-ਅਲੱਗ ਹੀ ਪੱਕਦੀ ਹੈ। ਇਕੱਠੇ ਰਹਿਣ ਤੇ ਇਕੱਠੇ ਬੈਠ ਕੇ ਖਾਣਾ ਖਾਣ ਦਾ ਰਿਵਾਜ ਅਤੇ ਆਦਤ ਹੁਣ ਵਿੱਸਰ ਰਹੀ ਹੈ।
ਲੋਕ ਖੇਡਾਂ ਨੂੰ ਪਿਆਰ ਕਰਨ ਵਾਲੇ ਨੌਜਵਾਨ ਅੱਜ-ਕੱਲ੍ਹ ਪਬਜੀ ਦੇ ਦੀਵਾਨੇ ਹਨ। ਕਬੱਡੀ, ਕੁਸ਼ਤੀ, ਖੋ ਖੋ ਅਤੇ ਹੋਰ ਲੋਕ ਖੇਡਾਂ ਨੂੰ ਨਾ ਖੇਡਦੇ ਹੋਏ ਇੰਡੋਰ ਭਾਵ ਉਹ ਥੋੜ੍ਹੀ ਵਰਜਿਸ ਤੇ ਘੱਟ ਜ਼ੋਰ ਅਜਮਾਇਸ ਵਾਲੀਆਂ ਖੇਡਾਂ ਖੇਡਦੇੇ ਅਤੇੇ ਜ਼ਿਆਦਾਤਰ ਆਨਲਾਈਨ ਗੇਮਾਂ ਨੂੰ ਤਵੱਜੋ ਦਿੰਦੇ ਹਨ ਜਿਸ ਕਰਕੇ ਉਹ ਕਈ ਤਰ੍ਹਾਂ ਦੇ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ। ਹੁਣ ਪੈੈੈੈਸੇ ਦੀ ਬਹੁਤਾਤ ਤੇ ਦਿਖਾਵੇ ਲਈ ਵੱਡੀਆਂ-ਵੱਡੀਆਂ ਕੋਠੀਆਂ ਤੇ ਬੰਗਲੇ ਵੀ ਉਸਾਰ ਦਿੱਤੇ ਗਏ ਹਨ ਜੋ ਖਾਣ ਨੂੰ ਆਉਂਦੇ ਹਨ ਕਿਉਂਕਿ ਘਰ ਤਾਂ ਆਪਣਿਆਂ ਨਾਲ ਤੇ ਪਰਿਵਾਰ ਨਾਲ ਹੀ ਬਣਦਾ ਹੈ, ਇੱਟਾਂ-ਪੱਥਰਾਂ ਨਾਲ ਤਾਂ ਕੇਵਲ ਮਕਾਨ ਹੀ ਬਣਦੇ ਹਨ। ਵੱਡੀਆਂ ਕਾਰਾਂ ਵੀ ਊਠ ਗੱਡੀਆਂ ਤੇ ਬਲਦ ਗੱਡਿਆਂ ’ਤੇ ਲਏ ਝੂਟਿਆਂ ਦੀ ਘਾਟ ਨੂੰ ਕਦੇ ਪੂਰਾ ਨਹੀਂ ਕਰ ਪਾਉਂਦੀਆਂ।
ਪਰ ਸਮੇਂ ਦੀਆਂ ਪੈੜਾਂ ਬਹੁਤ ਜ਼ਿਆਦਾ ਅੱਗੇ ਲੰਘ ਚੁੱਕੀਆਂ ਜਾਪਦੀਆਂ ਹਨ ਜਿੱਥੋਂ ਹੁਣ ਪਿੱਛੇ ਮੁੜਨਾ ਦੂਰ ਤੇ ਔਖਾ ਲੱਗਦਾ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਪੰਜਾਬ ਦੀ ਮਿੱਟੀ ਦੀ ਖੁਸ਼ਬੋ ਦੂਰ ਜਾ ਕੇ ਕਿਤੇ ਕਿਸੇ ਹੋਰ ਬਾਗ ਵਿੱਚ ਜਾ ਕੇ ਮਿਲ ਗਈ ਹੈ ਤੇ ਜਿੱਥੋਂ ਇਹ ਲੱਭਣਾ ਮੁਸ਼ਕਲ ਹੋ ਰਿਹਾ ਹੈ ਕਿ ਪੰਜਾਬ ਦੀ ਮਿੱਟੀ ਕਿਹੜੀ ਸੀ ਤੇ ਵਿਦੇਸ਼ੀ ਜਾਂ ਪਰਾਈ ਕਿਹੜੀ। ਸੰਗਮਰਮਰ ਦੇ ਚਿੱਟੇ ਰੰਗ ਅਤੇ ਸੋਹਣੀ ਸੂਰਤ ਨੂੰ ਦੇਖ ਕੇ ਅਸੀਂ ਸਦੀਆਂ ਤੋਂ ਆਪਣੀ ਮਿੱਟੀ ਦੀ ਪਕੜ ਤੋਂ ਦੂਰ ਹੁੰਦੇ ਜਾ ਰਹੇ ਹਾਂ ਜਿਸ ਨਾਲ ਸਾਡੀ ਸ਼ਕਲ ਸੂਰਤ ਨੇ ਬਣਾਉਟੀ ਰੂਪ ਅਖਤਿਆਰ ਕਰ ਲਿਆ ਹੈ।
ਅਸੀਂ ਆਪਣੀ ਮਿੱਟੀ ਤੇ ਪਛਾਣ ਗੁਆਉਣ ਦੀ ਕਗਾਰ ’ਤੇ ਪਹੁੰਚ ਚੁੱਕੇ ਹਾਂ, ਇਸ ਤਰ੍ਹਾਂ ਲੱਗਦਾ ਹੈ ਕਿ ਜੇਕਰ ਅਸੀਂ ਅਜੇ ਵੀ ਆਪਣੇ ਪਰਿਵਾਰ, ਆਪਣੇ ਸੱਭਿਆਚਾਰ, ਬੋਲੀ, ਲੋਕ ਗੀਤਾਂ ਤੇ ਇਤਿਹਾਸ ਦੀ ਟੁੱਟਦੀ ਤੰਦ ਨੂੰ ਨਾ ਸੰਭਾਲਿਆ ਤਾਂ ਇਹ ਟੁੱਟਦੀ ਤੰਦ ਕਿੱਥੇ ਜਾ ਕੇ ਡਿੱਗੇਗੀ ਅਤੇ ਮੁੜ ਮਿਲੇਗੀ ਜਾਂ ਨਹੀਂ ਇਸ ਬਾਰੇ ਕੁਝ ਵੀ ਨਿਸ਼ਚਿਤ ਨਹੀਂ, ਸਮਝਦਾਰੀ ਇਸੇ ਵਿੱਚ ਹੀ ਹੈ ਕਿ ਇਸ ਟੁੱਟ ਰਹੀ ਤੰਦ ਨੂੰ ਟੁੱਟਣ ਤੋਂ ਪਹਿਲਾਂ ਹੀ ਬਚਾ ਲਿਆ ਜਾਵੇ ਤਾਂ ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਹੋਂਦ ਕਾਇਮ ਰਹਿ ਸਕੇ।
ਕਾਲਝਰਾਣੀ, ਬਠਿੰਡਾ
ਮੋ. 70873-67969
ਰਜਵਿੰਦਰ ਪਾਲ ਸ਼ਰਮਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ