ਕਿਸਾਨ ਪਰਨੀਤ ਕੌਰ ਨੂੰ ਪੁੱਛਣਾ ਚਾਹੁੰਦੇ ਸਨ ਸਵਾਲ, ਧੱਕਾ-ਮੁੱਕੀ ’ਚ ਕਿਸਾਨਾਂ ਦੀਆਂ ਪੱਗਾਂ ਲੱਥੀਆਂ | Punjab News
Punjab News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਆਗੂ ਪਰਨੀਤ ਕੌਰ ਵੱਲੋਂ ਪਟਿਆਲਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਇੱਥੇ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ। ਇੱਧਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਾਰਕੁੰਨ ਅਨਾਜ ਮੰਡੀ ਵਿੱਚ ਹੀ ਪੁੱਜ ਗਏ ਅਤੇ ਉਨ੍ਹਾਂ ਵੱਲੋਂ ਪਰਨੀਤ ਕੌਰ ਦਾ ਵਿਰੋਧ ਕੀਤਾ ਗਿਆ ਤੇ ਪੁਲਿਸ ਨੇ ਉਨ੍ਹਾਂ ਨੂੰ ਨੇੜੇ ਨਾ ਢੁੱਕਣ ਨਾ ਦਿੱਤਾ ਗਿਆ। ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਕਾਰ ਧੱਕਾ ਮੁੱਕੀ ਹੋਈ ਅਤੇ ਕਿਸਾਨਾਂ ਦੀਆਂ ਪੱਗਾਂ ਲੱਥ ਗਈਆਂ।
ਇਹ ਵੀ ਪੜ੍ਹੋ : New Traffic Rules: ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੇ ਚਲਾਨ ਕੀਤੇ
ਜਾਣਕਾਰੀ ਅਨੁਸਾਰ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੇ ਖੰਨਾ ਮੰਡੀ ਦੇ ਦੌਰੇ ਤੋਂ ਬਾਅਦ ਭਾਜਪਾ ਆਗੂ ਪਰਨੀਤ ਕੌਰ ਵੀ ਅੱਜ ਮੋਤੀ ਮਹਿਲ ’ਚੋਂ ਪਟਿਆਲਾ ਦੀ ਅਨਾਜ ਮੰਡੀ ਵਿੱਚ ਪੁੱਜੇ ਅਤੇ ਇੱਥੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਸਰਕਾਰ ਦੇ ਪ੍ਰਬੰਧਾਂ ਨੂੰ ਆੜੇ ਹੱਥੀ ਲਿਆ ਗਿਆ। ਪਰਨੀਤ ਕੌਰ ਦਾ ਇੱਥੇ ਉਗਰਾਹਾਂ ਜਥੇਬੰਦੀ ਵੱਲੋਂ ਵਿਰੋਧ ਵੀ ਕੀਤਾ ਗਿਆ ਅਤੇ ਪੁਲਿਸ ਨਾਲ ਕਹਾਸੁਣੀ ਵੀ ਹੋਈ। ਇਸ ਦੌਰਾਨ ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਣਗਿਹਲੀ ਕਾਰਨ ਹੀ ਕਿਸਾਨ ਅੱਜ ਮੰਡੀਆਂ ਵਿੱਚ ਰੁਲਣ ਨੂੰ ਮਜ਼ਬੂਰ ਹਨ।
ਕਿਸਾਨਾਂ ਨੇ ਕੀਤਾ ਥਾਣੇ ਦਾ ਘਿਰਾਓ
ਉਨ੍ਹਾਂ ਕਿਹਾ ਕਿ ਜਦੋਂ ਕਣਕ ਜਾ ਝੋਨੇ ਦਾ ਸੀਜ਼ਨ ਹੁੰਦਾ ਹੈ ਤਾ ਸਰਕਾਰਾਂ ਵੱਲੋਂ ਚਾਰ ਮਹੀਨੇ ਪਹਿਲਾ ਹੀ ਪ੍ਰਬੰਧ ਕਰਨੇ ਹੁੰਦੇ ਹਨ ਅਤੇ ਕੇਂਦਰ ਸਰਕਾਰ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਹੈ, ਪਰ ਇਹ ਪਹਿਲੀ ਵਾਰ ਹੈ ਜਦੋਂ ਆਪ ਸਕਰਾਰ ਸੀਜਨ ਤੋਂ 20 ਦਿਨ ਪਹਿਲਾ ਹੀ ਜਾਗੀ, ਇਨ੍ਹਾਂ ਦੇ ਢਿੱਲੇਪਣ ਦਾ ਨਤੀਜ਼ਾ ਇਹ ਰਿਹਾ ਕਿ ਪੰਜਾਬ ’ਚ ਖਰੀਦ ਲਈ ਕਿਸਾਨਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਦੀ ਅਨਾਜ ਮੰਡੀ ਵਿੱਚ ਕਿਸਾਨਾਂ ਲਈ ਪੀਣ ਦਾ ਪਾਣੀ ਸਮੇਤ ਹੋਰ ਘਾਟਾਂ ਹਨ ਅਤੇ ਇੱਥੇ ਆਪਣੀ ਜਿਨਸ ਲੈ ਕੇ ਆਏ ਕਿਸਾਨ ਸਹੂਲਤਾਂ ਨਾ ਮਿਲਣ ਕਾਰ ਵੀ ਖੱਜਲ-ਖੁਆਰ ਹੋ ਰਹੇ ਹਨ।
‘10 ਦਿਨਾਂ ਤੋਂ ਪਰਨੀਤ ਕੌਰ ਨੇ ਆਪਣੇ ਘਰ ਅੱਗੇ ਕਿਸਾਨਾਂ ਨਾਲ ਗੱਲ ਨਹੀਂ ਕੀਤੀ’
ਇੱਧਰ ਅਨਾਜ ਮੰਡੀ ਵਿੱਚ ਉਸ ਸਮੇਂ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਜਦੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਾਰਕੁੰਨ ਮੰਡੀ ਵਿੱਚ ਪੁੱਜ ਗਏ। ਉਹ ਪਰਨੀਤ ਕੌਰ ਨੂੰ ਸੁਆਲ ਕਰਨਾ ਚਾਹੁੰਦੇ ਸਨ, ਪਰ ਪੁਲਿਸ ਵੱਲੋਂ ਉਨ੍ਹਾਂ ਨੂੰ ਅੱਗੇ ਨਾ ਵੱਧਣ ਦਿੱਤਾ ਗਿਆ। ਇਸ ਦੌਰਾਨ ਪੁਲਿਸ ਨਾਲ ਉਨ੍ਹਾਂ ਦੀ ਭਾਰੀ ਧੱਕਾ ਮੁੱਕੀ ਹੋਈ ਅਤੇ ਇਸ ਧੱਕਾ ਮੁੱਕੀ ਵਿੱਚ ਕਿਸਾਨਾਂ ਦੀਆਂ ਪੱਗਾਂ ਲੱਥ ਗਈਆਂ।
ਇਸ ਮੌਕੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਛੰਨਾ ਨੇ ਆਖਿਆ ਕਿ ਉਹ ਪਰਨੀਤ ਕੌਰ ਦੇ ਘਰ ਅੱਗੇ 10 ਦਿਨਾਂ ਤੋਂ ਬੈਠੇ ਹਨ ਅਤੇ ਪਰਨੀਤ ਕੌਰ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣ ਤੱਕ ਨਹੀਂ ਆਈ। ਅੱਜ ਵੀ ਉਹ ਮੰਡੀ ਵਿੱਚ ਪਰਨੀਤ ਕੌਰ ਨੂੰ ਸੁਆਲ ਕਰਨਾ ਚਾਹੁੰਦੇ ਸਨ ਅਤੇ ਪੁਲਿਸ ਵੱਲੋਂ ਕਿਸਾਨਾਂ ਨਾਲ ਧੱਕਾ-ਮੁੱਕੀ ਕੀਤੀ ਗਈ। ਇਸ ਤੋਂ ਬਾਅਦ ਕਿਸਾਨਾਂ ਵੱਲੋਂ ਅਨਾਜ ਮੰਡੀ ਥਾਣੇ ਦਾ ਘਿਰਾਓ ਕੀਤਾ ਗਿਆ। ਕਿਸਾਨਾਂ ਦਾ ਦਾਅਵਾ ਹੈ ਕਿ ਡੀਐਸਪੀ ਨੇ ਧਰਨੇ ਵਿੱਚ ਆ ਕੇ ਗਲਤੀ ਦਾ ਅਹਿਸਾਸ ਕੀਤਾ, ਜਿਸ ਤੋਂ ਬਾਅਦ ਧਰਨਾ ਚੁੱਕਿਆ ਗਿਆ। Punjab News