ਸਾਵਧਾਨੀ ਜਾਂ ਲਾਕਡਾਊਨ ’ਚੋਂ ਇੱਕ ਚੁਣੋ
ਦੇਸ਼ ਅੰਦਰ ਕੋਵਿਡ ਦੀ ਸਥਿਤੀ ਭਿਆਨਕ ਰੂਪ ਲੈ ਰਹੀ ਹੈ ਦੂਜੀ ਲਹਿਰ ’ਚ 24 ਘੰਟਿਆਂ ਦੌਰਾਨ ਇੱਕ ਲੱਖ 70 ਹਜ਼ਾਰ ਦੇ ਕਰੀਬ ਨਵੇਂ ਮਰੀਜ਼ ਆਉਣ ਨਾਲ ਸਾਰੇ ਰਿਕਾਰਡ ਟੁੱਟ ਗਏ ਹਨ ਦੂਜੇ ਪਾਸੇ ਏਮਜ਼ ਦੇ ਡਾਇਰੈਕਟਰ ਡਾ. ਗੁਲੇਰੀਆ ਦਾ ਇਹ ਖੁਲਾਸਾ ਵੀ ਚਿੰਤਾ ਵਾਲਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਨਾਲ ਪੀੜਤ ਵਿਅਕਤੀ 80-90 ਹੋਰ ਵਿਅਕਤੀਆਂ ਨੂੰ ਬਿਮਾਰੀ ਫੈਲਾਉਂਦਾ ਹੈ ਜੇਕਰ ਇਹ ਦਾਅਵਾ 100 ਫੀਸਦੀ ਸਹੀ ਹੈ ਤਾਂ ਆਉਣ ਵਾਲੇ ਸਮੇਂ ਬਾਰੇ ਅੰਦਾਜ਼ਾ ਲਾਉਣਾ ਔਖਾ ਨਹੀਂ ਇਸ ਦੌਰ ’ਚ ਸਿਰਫ ਟੀਕਾਕਰਨ ਦੀ ਦਰ ਵਧਾਉਣੀ ਹੀ ਕਾਫੀ ਨਹੀਂ ਸਗੋਂ ਸਾਵਧਾਨੀਆਂ ਨਾ ਵਰਤਣ ਦੇ ਸਾਰੇ ਬਹਾਨੇ ਛੱਡਣੇ ਪੈਣਗੇ
ਆਮ ਜਨਤਾ ਨੂੰ ਇਹ ਸਮਝਣਾ ਪਵੇਗਾ ਕਿ ਲਾਕਡਾਊਨ ਜਾਂ ਸਾਵਧਾਨੀ ’ਚੋਂ ਇੱਕ ਬਦਲ ਚੁਣਨਾ ਹੀ ਪੈਣਾ ਹੈ ਭਾਵੇਂ ਸਰਕਾਰ ਨੇ ਰੂਸ ਦੀ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਫਿਰ ਵੀ ਟੀਕਾਕਰਨ ਦੀ ਦਰ ਇੱਕਦਮ ਏਨੀ ਵਧਾਉਣੀ ਸੰਭਵ ਨਹੀਂ ਕਿ 5-4 ਦਿਨਾਂ ’ਚ 130 ਕਰੋੜ ਅਬਾਦੀ ਨੂੰ ਟੀਕਾ ਲੱਗ ਜਾਏ ਟੀਕੇ ਦਾ ਉਤਪਾਦਨ ਇੱਕਦਮ ਵਧਣਾ ਸੰਭਵ ਨਹੀਂ ਕੇਂਦਰ ਸਰਕਾਰ ਦੀ ਇਹ ਰਣਨੀਤੀ ਵੀ ਠੀਕ ਹੈ ਕਿ 18-45 ਸਾਲ ਦਰਮਿਆਨ ਦੇ ਸਾਰੇ ਵਿਅਕਤੀਆਂ ਨੂੰ ਕਵਰ ਨਹੀਂ ਕੀਤਾ ਜਾ ਸਕਦਾ
ਉਂਜ ਇਸ ਸੁਝਾਅ ’ਤੇ ਜ਼ਰੂਰ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਕਿ ਜਿੱਥੇ ਕੋੋਰੋਨਾ ਦੇ ਮਰੀਜ਼ ਜ਼ਿਆਦਾ ਹਨ ਉਸ ਇਲਾਕੇ ’ਚ ਸਾਰਿਆਂ ਲਈ ਟੀਕਾ ਲਾਜ਼ਮੀ ਕਰ ਦਿੱਤਾ ਜਾਵੇ, ਖਾਸਕਰ ਕੋਵਿਡ ਪ੍ਰਭਾਵਿਤ ਸ਼ਹਿਰੀ ਖੇਤਰਾਂ ਲਈ ਬਿਨਾ ਸ਼ੱਕ ਭਾਰਤ ਪਰਉਪਕਾਰ ਦੀ ਭਾਵਨਾ ਨਾਲ ਹੋਰਨਾਂ ਮੁਲਕਾਂ ਨੂੰ ਵੈਕਸੀਨ ਦੇ ਕੇ ਮੱਦਦ ਕਰ ਰਿਹਾ ਹੈ ਪਰ ਜਦੋਂ ਦੇਸ਼ ਲਈ ਸਮੱਸਿਆ ਜ਼ਿਆਦਾ ਗੰਭੀਰ ਬਣੇ ਤਾਂ ਇਸ ਫੈਸਲੇ ’ਤੇ ਮੁੜ ਵਿਚਾਰ ਹੋਣਾ ਚਾਹੀਦਾ ਹੈ ਭੰਡਾਰੀ ਦੀ ਸੁਰੱਖਿਆ ਬੇਹੱਦ ਜ਼ਰੂਰੀ ਹੈ ਜੇਕਰ ਭੰਡਾਰੀ ਰਹੇਗਾ ਤਾਂ ਹੀ ਉਹ ਦੂਜਿਆਂ ਲਈ ਕੰਮ ਕਰੇਗਾ ਜਿੱਥੋਂ ਤੱਕ ਵਾਇਰਸ ਦੇ ਵੱਡੇ ਪੱਧਰ ’ਤੇ ਫੈਲਣ ਦਾ ਸਬੰਧ ਹੈ ਇਹ ਸਿਰਫ ਨਵੇਂ ਸਟਰੇਨ ਦੀ ਜ਼ਿਆਦਾ ਮਾਰ ਕਰਕੇ ਹੀ ਨਹੀਂ ਸਗੋਂ ਲਾਪ੍ਰਵਾਹੀ ਵੀ ਵੱਡਾ ਕਾਰਨ ਹੈ
ਪਿਛਲੇ ਸਾਲ ਦੇ ਮੁਕਾਬਲੇ ਆਮ ਜਨਤਾ, ਸਿਆਸੀ ਆਗੂ ਤੇ ਅਧਿਕਾਰੀ ਵੀ ਲਾਪ੍ਰਵਾਹ ਹੋ ਗਏ ਹਨ ਬਜ਼ਾਰਾਂ ’ਚ ਮਾਸਕ ਨਜ਼ਰ ਨਹੀਂ ਆ ਰਿਹਾ ਰੇਲ ਗੱਡੀਆਂ, ਬੱਸਾਂ ਭਰੀਆਂ ਜਾ ਰਹੀਆਂ ਹਨ ਜੇਕਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਦਿਨ ’ਚ ਹਾਲਾਤ ਹੋਰ ਮਾੜੇ ਹੋ ਸਕਦੇ ਹਨ ਛੱਤੀਸਗੜ੍ਹ ’ਚ ਲਾਸ਼ਾਂ ਦੇ ਸਸਕਾਰ ਲਈ ਸ਼ਮਸ਼ਾਨਘਾਟ ਥੋੜ੍ਹੇ ਪੈਣ ਤੇ ਕਿਸੇ ਸੂਬੇ ’ਚ ਆਕਸੀਜਨ ਦੀ ਘਾਟ ਦੀਆਂ ਰਿਪੋਰਟਾਂ ਦੀ ਸੱਚਾਈ ਕੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਸਭ ਨੂੰ ਸਾਵਧਾਨੀ ਵਰਤਣ ’ਚ ਕੋਈ ਨੁਕਸਾਨ ਨਹੀਂ ਹੈ ਆਪਣਾ ਭਲਾ ਸਭ ਦਾ ਭਲਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.