ਚੀਨ ਵੱਲੋਂ ਨਾਂਅ ਬਦਲਣ ਦੀ ਖੇਡ

China
ਭਾਰਤ ਚੀਨ ਸਰਹੱਦ ਦੀ ਨਕਸ਼ੇ ਤੋਂ ਲਈ ਗਈ ਤਸਵੀਰ।

ਚੀਨ (China) ਨੇ ਆਪਣੀ ਪੁਰਾਣੀ ਹਰਕਤ ਫ਼ਿਰ ਦੋਹਰਾ ਦਿੱਤੀ ਹੈ। ਉਸ ਨੇ ਅਰੁਣਾਚਲ ਪ੍ਰਦੇਸ਼ ਦੇ 11 ਸਥਾਨਾਂ ਦਾ ਨਾਂਅ ਬਦਲ ਦਿੱਤਾ ਹੈ ਅਤੇ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਚੀਨ ਨੇ 2017 ’ਚ ਵੀ ਅਜਿਹਾ ਕੀਤਾ ਸੀ ਜਦੋਂ ਉਸ ਨੇ ਅਰੁਣਾਚਲ ਪ੍ਰਦੇਸ਼ ਦੇ 6 ਸਥਾਨਾਂ ਦਾ ਨਾਂਅ ਬਦਲਿਆ ਸੀ ਅਤੇ 2021 ’ਚ 15 ਸਥਾਨਾਂ ਦਾ ਨਾਂਅ ਬਦਲਿਆ ਸੀ। ਜ਼ਿਕਰਯੋਗ ਹੈ ਕਿ ਚੀਨ ਨੇ ਜਿਓਗ੍ਰਾਫੀਕਲ ਨੇਮ ਰੈਗੂਲੇਸ਼ਨ 1986 ਬਣਾਇਆ ਜਿਸ ਤਹਿਤ ਉਹ ਵੱਖ-ਵੱਖ ਸਥਾਨਾਂ ਦੇ ਨਾਂਅ ਬਦਲਦਾ ਹੈ। ਸ਼ਾਇਦ ਇਹ ਕੁਝ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਭਾਰਤ ਸਰਕਾਰ ਹਮਲਾਵਰਾਂ ਵੱਲੋਂ ਰੱਖੇ ਗਏ ਕੁਝ ਸਥਾਨਾਂ ਅਤੇ ਸ਼ਹਿਰਾਂ ਦੇ ਨਾਂਅ ਬਦਲ ਰਹੀ ਹੈ।

ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਚੀਨ (China) ਅਜਿਹੇ ਸਥਾਨਾਂ ਦਾ ਨਾਂਅ ਬਦਲ ਰਿਹਾ ਹੈ ਜੋ ਹੋਰ ਦੇਸ਼ਾਂ ਦੇ ਮੁਖਤਿਆਰ ਅਧਿਕਾਰ ’ਚ ਹਨ। ਸਾਲ 2020 ’ਚ ਚੀਨ ਨੇ ਦੱਖਣੀ ਚੀਨ ਸਾਗਰ ’ਚ 80 ਸਥਾਨਾਂ ਦੇ ਨਾਂਅ ਬਦਲੇ ਜਿਨ੍ਹਾਂ ਦੇ ਸਬੰਧ ’ਚ ਉਸ ਦਾ ਹੋਰ ਦੇਸ਼ਾਂ ਨਾਲ ਸੂਬਾਈ ਵਿਵਾਦ ਚੱਲ ਰਿਹਾ ਹੈ। 1950 ਦੇ ਦਹਾਕੇ ਤੋਂ ਉਹ ਸੇਨਕਾਕੂ ਦੀਪ ਸਮੂਹ, ਜੋ ਪੂਰਬੀ ਚੀਨ ਸਾਗਰ ’ਚ ਜਪਾਨ ਦਾ ਹਿੱਸਾ ਹੈ ਉਸ ਲਈ ਦਿਆਓਯਤਾਈ ਨਾਂਅ ਦੀ ਵਰਤੋਂ ਕਰ ਰਿਹਾ ਹੈ। ਚੀਨ ਨੇ ਹਿੰਦ ਮਹਾਂਸਾਗਰ ’ਚ ਵੀ ਕਈ ਸਥਾਨਾਂ ਦੇ ਨਾਂਅ ਬਦਲੇ ਹਨ ਅਤੇ ਚੀਨੀ ਸਾਜ਼ਾਂ ਦੇ ਨਾਂਅ ’ਤੇ ਉਨ੍ਹਾਂ ਦੇ ਨਾਂਅ ਰੱਖੇ ਹਨ।

ਚੀਨ ਦੀ ਮਿਥੀ ਰਣਨੀਤੀ | China

ਸਾਬਕਾ ਰਾਜਦੂਤ ਅਤੇ ਵਰਤਮਾਨ ’ਚ ਮਨੋਹਰ ਪਾਰੀਕਰ ਇੰਸਟੀਚਿਊਟ ਆਫ਼ ਡਿਫੈਂਸ ਸਟੱਡੀਜ਼ ਐਂਡ ਅਨਾਲੇਸਿਸ ਦੇ ਡਾਇਰੈਕਟਰ ਸੁਜਾਨ ਆਰ ਚਿਨਾਇ ਨੇ ਹਾਲ ਹੀ ’ਚ ਹਿੰਦੀ ’ਚ ਪ੍ਰਕਾਸ਼ਿਤ ਇੱਕ ਲੇਖ ’ਚ ਚੀਨ ਵੱਲੋਂ ਇਸ ਤਰ੍ਹਾਂ ਨਾਂਅ ਬਦਲਣ ਦੀ ਮਿਥੀ ਰਣਨੀਤੀ ’ਤੇ ਚਾਨਣਾ ਪਾਇਆ ਹੈ। ਸਭ ਤੋਂ ਪਹਿਲਾਂ ਚੀਨ ਵਿਦੇਸ਼ੀ ਜ਼ਮੀਨ ’ਤੇ ਸਥਾਨਾਂ ਦਾ ਨਾਂਅ ਬਦਲਣ ਲਈ ਸ਼ੁਰੂਆਤੀ ਕੰਮ ਕਰਦਾ ਹੈ ਅਤੇ ਫ਼ਿਰ ਮਨੋਵਿਗਿਆਨਕ, ਕਾਨੂੰਨੀ ਅਤੇ ਪ੍ਰਚਾਰ ਦੇ ਜਰੀਏ ਉਨ੍ਹਾਂ ’ਤੇ ਆਪਣਾ ਦਾਅਵਾ ਕਰਦਾ ਹੈ। ਚਿਨਾਇ ਨੇ ਇਸ ਗੱਲਬਾਤ ’ਚ ਵਿਸਤਿ੍ਰਤ ਚਾਨਣਾ ਪਾਇਆ ਕਿ ਕਿਸ ਤਰ੍ਹਾਂ ਅਰੁਣਾਚਲ ਭਾਰਤ ਦਾ ਅਨਿੱਖੜਵਾਂ ਅੰਗ ਹੈ। ਇਸ ਸਬੰਧ ’ਚ ਉਨ੍ਹਾਂ ਤਿੰਨ ਪੁਰਾਤਨ, ਇਤਿਹਾਸਕ ਅਤੇ ਸਮਕਾਲੀ ਤੱਥਾਂ ’ਤੇ ਵੀ ਚਾਨਣਾ ਪਾਇਆ।

ਫਿਰ ਵੀ ਇਹ ਚੀਨ (China) ਨਾਲ ਚਰਚਾ ਦਾ ਵਿਸ਼ਾ ਨਹੀਂ ਹੈ। ਚੀਨ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਅੰਗ ਮੰਨਦਾ ਹੈ ਜੋ ਛੇਵੇਂ ਦਲਾਈਲਾਮਾ ਦਾ ਜਨਮ ਅਸਥਾਨ ਹੈ। ਇਸ ਲਈ ਚੀਨ ਵੱਲੋਂ ਤਿੱਬਤ ’ਤੇ ਕਬਜ਼ੇ ’ਤੇ ਵੀ ਵਿਸ਼ਵ ਦੀਆਂ ਸ਼ਕਤੀਆਂ ਸਵਾਲ ਉਠਾਉਦੀਆਂ ਹਨ, ਉਸ ’ਤੇ ਫ਼ਿਰ ਕਦੇ ਚਰਚਾ ਕਰਾਂਗੇ। ਅਸੀਂ ਲੋਕ ਲਗਾਤਾਰ ਇਹ ਗੱਲ ਕਰ ਰਹੇ ਹਾਂ ਕਿ ਚੀਨ ਸਾਮਰਾਜ ਦੀ ਮੁੜ ਸਥਾਪਨਾ ਦਾ ਸੁਫਨਾ ਦੇਖਦਾ ਹੈ ਅਤੇ ਚੀਨ ਅਨੁਸਾਰ ਚੀਨੀ ਸਾਮਰਾਜ ’ਚ ਕਈ ਹੋਰ ਦੇਸ਼ਾਂ ਦੇ ਹਿੱਸੇ ਵੀ ਸ਼ਾਮਲ ਹਨ। ਚੀਨੀ ਸਾਮਰਾਜ ਅਤੇ ਬਿ੍ਰਟਿਸ਼ ਅਤੇ ਫਰੈਂਚ ਸਾਮਰਾਜ ਅਤੇ ਭਾਰਤ ਵਰਸ਼ ਭਾਰਤੀ ਸਾਮਰਾਜ ਹੁਣ ਅਤੀਤ ਦੀਆਂ ਗੱਲਾਂ ਹੋ ਗਈਆਂ ਹਨ।

ਭਾਰਤਵਰਸ਼ ’ਚ ਭਾਰਤ ਤੋਂ ਬਾਹਰ ਦੇ ਦੇਸ਼ ਵੀ ਸ਼ਾਮਲ ਸਨ। 1947 ’ਚ ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਇੱਕ ਦੇਸ਼ ਸੀ ਤਾਂ ਫ਼ਿਰ ਕੀ ਅਸੀਂ ਹੋਰ ਦੇਸ਼ਾਂ ਦੇ ਕਿਸੇ ਹਿੱਸੇ ’ਤੇ ਜਬਰੀ ਦਾਅਵਾ ਕਰ ਸਕਦੇ ਹਾਂ? ਇਸੇ ਤਰ੍ਹਾਂ ਵਲਾਦੀਮੀਰ ਪੁਤਿਨ ਚਾਹੁੰਦੇ ਹਨ ਕਿ ਸੋਵੀਅਤ ਸੰਘ ਨੂੰ ਮੁੜ ਇਕੱਠਾ ਕੀਤਾ ਜਾਵੇ ਜੋ 1990 ਦੇ ਦਹਾਕੇ ’ਚ ਟੁੱਟ ਗਿਆ ਸੀ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਖੁੱਲ੍ਹੇ ਚੀਨ ਜਾਂ ਚੀਨੀ ਸਾਮਰਾਜ ਦਾ ਸੁਫਨਾ, ਇਹ ਕਿੰਨਾ ਵਾਸਤਵਿਕ ਅਤੇ ਤਰਕਪੂਰਨ ਹੈ ਇਸ ਲਈ ਚੀਨ ਬਾਰੇ ਉਸ ਦੀ ਰਣਨੀਤੀ ਨੂੰ ਸਮਝਣਾ ਜ਼ਰੂਰੀ ਹੈ ਤੇ ਉਸ ਖਿਲਾਫ਼ ਇੱਕ ਰਣਨੀਤੀ ਵਿਕਸਿਤ ਕਰਨੀ ਹੋਵੇਗੀ।

ਦਾਅਵੇ ਦਾ ਖੰਡਨ | China

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਰੁਣਾਚਲ ਪ੍ਰਦੇਸ਼ ’ਤੇ ਚੀਨ ਦੇ ਕਿਸੇ ਵੀ ਤਰ੍ਹਾਂ ਦੇ ਦਾਅਵੇ ਦਾ ਖੰਡਨ ਕੀਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਭਾਰਤ ਦੀ ਸੂਈ ਦੇ ਨੱਕੇ ਜਿੰਨੀ ਜ਼ਮੀਨ ਵੀ ਕਿਸੇ ਹੋਰ ਨੂੰ ਨਹੀਂ ਦਿੱਤੀ ਜਾਵੇਗੀ। ਚੀਨ ਵੱਲੋਂ ਹਾਲ ਹੀ ’ਚ ਚੁੱਕੇ ਗਏ ਕਦਮ ’ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਚੀਨ ਨੇ ਅਜਿਹਾ ਯਤਨ ਕੀਤਾ ਹੋਵੇ। ਅਸੀਂ ਇਸ ਨੂੰ ਪੂਰੀ ਤਰ੍ਹਾਂ ਅਸਵੀਕਾਰ ਕਰਦੇ ਹਾਂ। ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਹੈ। ਕਲਪਨਿਕ ਨਾਂਅ ਦੇ ਕੇ ਅਸਲੀਅਤ ਨੂੰ ਨਹੀਂ ਬਦਲਿਆ ਜਾ ਸਕਦਾ ਹੈ। ਭਾਰਤ ਦੀਆਂ ਫੌਜਾ, ਸਿਆਸੀ ਆਗੂ ਅਤੇ ਇੱਥੋਂ ਦੀ ਜਨਤਾ ਦੇਸ਼ ਦੀ ਜ਼ਮੀਨ ਦੀ ਰੱਖਿਆ ਲਈ ਅਗਵਾਈ ਦਾ ਸਾਥ ਦੇਵੇਗੀ।

ਫਿਰ ਵੀ, ਕੀ ਸਾਨੂੰ ਚੀਨ ਵੱਲੋਂ ਅਚਾਨਕ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਦੀ ਉਡੀਕ ਕਰਨੀ ਚਾਹੀਦੀ ਹੈ। ਕੀ ਭਾਰਤ, ਤਾਈਵਾਨ ਅਤੇ ਹੋਰ ਦੇਸ਼ਾਂ, ਜਿਨ੍ਹਾਂ ਦੇ ਚੀਨ ਨਾਲ ਸੂਬਾਈ ਵਿਵਾਦ ਹਨ, ਉਨ੍ਹਾਂ ਦੇ ਸਬੰਧ ਵਿਚ ਚੀਨ ਦੀਆਂ ਇੱਛਾਵਾਂ ਅਤੇ ਦਿ੍ਰਸ਼ਟੀਕੋਣ ਦਿਖਾਈ ਨਹੀਂ ਦੇ ਰਹੇ ਹਨ? ਚੀਨ ਦੀ ਸਾਜਿਸ਼ ਨੂੰ ਨਜ਼ਰਅੰਦਾਜ਼ ਕਰਨਾ ਬੇਵਕੂਫ਼ੀ ਹੋਵੇਗੀ। ਸਾਡਾ ਸ਼ੱਕ ਹੈ ਕਿ ਭਾਰਤ ਚੀਨ ਵੱਲੋਂ ਹਮਲੇ ਦੀ ਉਡੀਕ ਕਰ ਰਿਹਾ ਹੈ ਇਹ ਉਮੀਦ ਕਰ ਰਿਹਾ ਹੈ ਕਿ ਅਜਿਹਾ ਨਹੀਂ ਹੋਵੇਗਾ। ਜਦੋਂਕਿ ਚੀਨ ਅਜਿਹੀ ਸਥਿਤੀ ਵੱਲ ਵਧ ਰਿਹਾ ਹੈ। ਇਸ ਲਈ ਜਵਾਬੀ ਹਮਲਾ ਕਰਨ ਅਤੇ ਕੂਟਨੀਤਿਕ ਯਤਨ ਜਾਰੀ ਰਹਿਣੇ ਚਾਹੀਦੇ ਹਨ।

ਰਣਨੀਤੀ ਬਹੁ ਮੁਕਾਮੀ | China

ਚੀਨ ਵੱਲੋਂ ਦੂਜੇ ਦੇਸ਼ਾਂ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਰਣਨੀਤੀ ਬਹੁ-ਮੁਕਾਮੀ ਹੈ। ਭਾਰਤ ਦੇ ਲੋਕ, ਚੀਨ ਦੇ ਮਾਮਲਿਆਂ ਦੇ ਮਾਹਿਰ ਅਤੇ ਰਾਜਨੀਤਿਕ ਟਿੱਪਣੀਕਾਰ ਇਸ ਗੱਲ ਤੋਂ ਜਾਣੂ ਹਨ ਅਤੇ ਉਹ ਇਸ ’ਤੇ ਚਰਚਾ ਵੀ ਕਰ ਚੁੱਕੇ ਹਨ। ਚੀਨ ਦੋਗਲਾਪਣ ਅਪਣਾਉਂਦਾ ਹੈ। ਉਹ ਚੰਗੀਆਂ ਗੱਲਾਂ ਕਰਦਾ ਹੈ ਪਰ ਸ਼ਰਾਰਤਪੂਰਨ ਕਦਮ ਚੁੱਕਦਾ ਹੈ। ਉਦਾਹਰਨ ਲਈ ਚੀਨ ਦੇ ਵਿਦੇਸ਼ ਮੰਤਰੀ ਕਹਿੰਦੇ ਹਨ ਕਿ ਗੁਆਂਢੀ ਦੇਸ਼ ਅਤੇ ਉੱਭਰਦੀ ਅਰਥਵਿਵਸਥਾ ਦੇ ਰੂਪ ’ਚ ਚੀਨ ਅਤੇ ਭਾਰਤ ਵਿਚਕਾਰ ਮੱਤਭੇਦਾਂ ਦੀ ਬਜਾਇ ਉਨ੍ਹਾਂ ਦੇ ਸਾਂਝੇ ਹਿੱਤ ਜ਼ਿਆਦਾ ਹਨ। ਅਤੀਤ ’ਚ ਚੀਨ ਨੇ ਕਿਹਾ ਹੈ ਕਿ ਭਵਿੱਖ ਭਾਰਤ ਅਤੇ ਚੀਨ ਦਾ ਹੈ। ਉਹ ਸ਼ੰਘਾਈ ਸਹਿਯੋਗ ਸੰਗਠਨ ਅਤੇ ਬਿ੍ਰਕਸ ਦੇ ਮੈਂਬਰ ਹਨ। ਚੀਨ ਭਾਰਤ ਦੇ ਬਜ਼ਾਰ ਦਾ ਲਾਹਾ ਲੈਣ ਲਈ ਉਸ ਦੇ ਨਾਲ ਖੂਬ ਵਪਾਰ ਕਰਦਾ ਹੈ ਅਤੇ ਫ਼ਿਰ ਚੀਨ ਭਾਰਤ ਦੇ ਸੂਬਾਈ ਹਿੱਸਿਆਂ ਦਾ ਨਾਂਅ ਬਦਲਦਾ ਹੈ ਅਤੇ ਸੀਮਾ ’ਤੇ ਸਾਡੇ ਫੌਜੀਆਂ ਨਾਲ ਹਿੰਸਕ ਝੜਪਾਂ ਕਰਦਾ ਹੈ।

ਇਹ ਵੀ ਪੜ੍ਹੋ : ਸਿਰਫ਼ ਭਾਸ਼ਾ ਬਦਲੀ, ਨੀਤੀ ਉਹੀ ਰਹੀ

ਚੀਨ ਦੀ ਰਣਨੀਤੀ ਦਾ ਦੂਜਾ ਹਿੱਸਾ ਇਹ ਹੈ ਕਿ ਉਹ ਦੂਜੇ ਦੇਸ਼ ਦੀ ਜ਼ਮੀਨ ’ਚ ਕਬਜ਼ਾ ਕਰਦਾ ਹੈ ਅਤੇ ਫਿਰ ਕੁਝ ਪਿੱਛੇ ਹਟ ਕੇ ਕਹਿੰਦਾ ਹੈ ਕਿ ਅਸੀਂ ਰਿਆਇਤ ਦੇ ਦਿੱਤੀ ਹੈ ਅਤੇ ਇਸ ਤਰ੍ਹਾਂ ਉਹ ਹੋਰ ਦੇਸ਼ਾਂ ਦੀ ਜ਼ਮੀਨ ’ਤੇ ਕਬਜ਼ਾ ਕਰਦਾ ਹੈ ਅਤੇ ਇਸ ਨੂੰ ਉਸ ਦੀ ਸਲਾਮੀ ਰਣਨੀਤੀ ਵੀ ਕਹਿੰਦੇ ਹਨ। ਤੀਜਾ, ਉਹ ਗੱਲਬਾਤ ’ਚ ਵਿਸ਼ਵਾਸ ਕੀਤੇ ਬਿਨਾਂ ਗੱਲਬਾਤ ਜਾਰੀ ਰੱਖਦੇ ਹਨ। ਉਹ ਕਹਿੰਦੇ ਹਨ ਕਿ ਅਸੀਂ ਤੁਹਾਡੀ ਜ਼ਮੀਨ ’ਤੇ ਕਬਜ਼ਾ ਕੀਤਾ ਹੈ ਪਰ ਤੁਸੀਂ ਗੱਲਬਾਤ ਕਰ ਸਕਦੇ ਹੋ।

ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ ਖੇਤਰ ’ਚ ਦਸੰਬਰ 2020 ਤੋਂ 17 ਵਾਰ ਸੀਮਾ ਗੱਲਬਾਤ ਹੋ ਗਈ ਹੈ। ਕੀ ਇਸ ਦੇ ਕੋਈ ਠੋਸ ਨਤੀਜੇ ਨਿੱਕਲੇ ਹਨ? ਸਾਲ 1986 ’ਚ ਅਮਰੀਕੀ ਮੰਤਰੀ ਜਾਰਜ਼ ਸ਼ੁਲਜ਼ ਨੇ ਕਿਹਾ ਸੀ ਕਿ ਜੇਕਰ ਗੱਲਬਾਤ ’ਚ ਕੋਈ ਠੋਸ ਨਤੀਜਾ ਨਹੀਂ ਨਿੱਕਲਦਾ ਹੈ ਤਾਂ ਗੱਲਬਾਤ ਸਿਰਫ਼ ਦਿਖਾਵੇ ਲਈ ਹੁੰਦੀ ਹੈ। ਇੱਕ ਹਰਮਨਪਿਆਰੀ ਕਹਾਵਤ ਹੈ ਕਿ ਜੇਕਰ ਤੁਹਾਡਾ ਸਿਰ ਬਾਘ ਦੇ ਮੂੰਹ ’ਚ ਹੋਵੇ ਤਾਂ ਤੁਸੀਂ ਗੱਲਬਾਤ ਨਹੀਂ ਸਕਦੇ। ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸ਼ਕਤੀ ’ਚ ਸਮਾਨਤਾ ਦੀ ਘਾਟ ’ਚ ਗੱਲਬਾਤ ਸਿਰਫ਼ ਇੱਕ ਭਰਮ ਹੈ।

ਦੁਸ਼ਮਣਾਂ ਨੂੰ ਨਿਰਾਸ਼ ਤੇ ਹਤਾਸ਼ ਕਰਨਾ | China

ਇਸ ਗੱਲ ’ਚ ਸਿਰਫ਼ ਕੁਝ ਅਪਵਾਦ ਹਨ। ਚੀਨ ਦੀ ਕੂਟਨੀਤੀ ਦੇ ਦੋ ਹੋਰ ਹਰਮਨਪਿਆਰੀਆਂ ਰਣਨੀਤੀਆਂ, ਸੁਨ ਜੂ ਦੀ ਆਰਟ ਆਫ਼ ਵਾਰ ਅਤੇ ਮਾਓ ਦੇ ਨਿਰਦੇਸ਼ਨ ਹੈ। ਸੁਨ ਜੂ ’ਚ ਜੰਗ ਕੀਤੇ ਬਿਨਾਂ ਜਿੱਤ ਦੀ ਕਲਾ ’ਤੇ ਚਾਨਣਾ ਪਾਇਆ ਗਿਆ ਹੈ। ਜਿਸ ਦਾ ਮਤਲਬ ਹੈ ਕਿ ਦੁਸ਼ਮਣਾਂ ਨੂੰ ਉਦੋਂ ਤੱਕ ਹਤਾਸ਼ ਅਤੇ ਨਿਰਾਸ਼ ਕੀਤਾ ਜਾਂਦਾ ਰਹੇ ਜਦੋਂ ਤੱਕ ਉਹ ਹਾਰ ਨਾ ਮੰਨਣ ਅਤੇ ਅਜਿਹੀਆਂ ਰਣਨੀਤੀ ਦੇ ਕਈ ਉਦਾਹਰਨ ਵੀ ਹਨ। ਪਰ ਕੀ ਅਸੀਂ ਇਸ ਲਈ ਤਿਆਰ ਹਾਂ? ਕੀ ਅਸੀਂ ਸਮੁੱਚੇ ਮੁਕਾਬਲੇ ਅਤੇ ਫੌਜੀ ਟਕਰਾਅ ਲਈ ਤਿਆਰ ਹਾਂ? ਕੁਝ ਟਿੱਪਣੀਕਾਰ ਇਸ ਗੱਲ ਨੂੰ ਮੰਨਣਗੇ ਕਿ ਸ਼ੀ ਜਿਨਪਿੰਗ ਮਾਓ ਦੀ ਰਣਨੀਤੀ ਅਪਣਾ ਰਿਹਾ ਹੈ ਕਿ ਸ਼ਕਤੀ ਬੰਦੂਕ ਦੀ ਨਾਲੀ ਨਾਲ ਮਿਲਦੀ ਹੈ।

ਫੌਜੀ ਸ਼ਕਤੀ ਦਾ ਇਹ ਪ੍ਰਦਰਸ਼ਨ ਸਪੱਸ਼ਟ ਦਿਖਾਈ ਦੇ ਰਿਹਾ ਹੈ ਅਤੇ ਇਸ ਲਈ ਚੀਨੀ ਫੌਜੀਆਂ ਨਾਲ ਸੀਮਾ ’ਤੇ ਕਈ ਝੜਪਾਂ ਹੁੰਦੀਆਂ ਹਨ। ਚੀਨ ਦੀ ਰਣਨੀਤੀ ਨੂੰ ਦੇਖਦਿਆਂ ਭਾਰਤ ਦੇ ਸਾਹਮਣੇ ਕੀ ਬਦਲ ਹਨ ਅਤੇ ਉਹ ਕੀ ਪ੍ਰਤੀਕਿਰਿਆ ਪ੍ਰਗਟ ਕਰ ਸਕਦਾ ਹੈ? ਭਾਰਤ ਨੂੰ ਬਹੁਕੋਣੀ ਰਣਨੀਤੀ ਅਪਣਾਉਣੀ ਹੋਵੇਗੀ। ਚਿਨਾਇ ਨੇ ਸੁਝਾਅ ਦਿੱਤਾ ਹੈ ਕਿ ਭਾਰਤ ਚੀਨ ਵੱਲੋਂ ਨਜਾਇਜ਼ ਕਬਜ਼ਾਏ ਗਏ ਭਾਰਤ ਦੇ ਹਿੱਸਿਆਂ ਦੇ ਨਾਂਅ ਬਦਲਣੇ ਸ਼ੁਰੂ ਕਰ ਦੇਵੇ। ਉਦਾਹਰਨ ਲਈ ਅਕਸਾਈ ਚਿਨ ਦਾ ਨਾਂਅ ਬਦਲ ਕੇ ਅਕਸਾਈ ਚਿਹਨ ਕੀਤਾ ਜਾ ਸਕਦਾ ਹੈ।

ਭਾਰਤ ਦੀ ਰੱਖਿਆ ਦਾ ਵੱਡਾ ਮੁੱਦਾ

ਫੌਜੀ ਮਾਹਿਰਾਂ ਦਾ ਕਹਿਣਾ ਹੈ ਕਿ ਰੱਖਿਆ ਤਿਆਰੀ ਮੁਕਾਬਲੇ ਜਾਂ ਅਸਲ ਜੰਗ ਲਈ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁੱਲ ਘਰੇਲੂ ਉਤਪਾਦ ਦਾ 3 ਫੀਸਦੀ ਭਾਰਤ ਦੀ ਰੱਖਿਆ ਲਈ ਵੰਡਿਆ ਜਾਣਾ ਚਾਹੀਦਾ ਹੈ। ਇਹ ਸਾਡਾ ਰਾਸ਼ਟਰੀ ਦਿ੍ਰਸ਼ਟੀਕੋਣ ਹੋਣਾ ਚਾਹੀਦਾ ਹੈ ਪਰ ਕੁਝ ਲੋਕ ਅੰਤਰਰਾਸ਼ਟਰੀ ਦਿ੍ਰਸ਼ਟੀਕੋਣ ਅਪਣਾਉਣ ਦੀ ਗੱਲ ਵੀ ਕਰਦੇ ਹਨ ਕਿਉਂਕਿ ਭਾਰਤ ਅਤੇ ਚੀਨ ਦੀ ਸ਼ਕਤੀ ’ਚ ਬਹੁਤ ਫਰਕ ਹੈ।

ਇਸ ਦਿ੍ਰਸ਼ਟੀਕੋਣ ਤਹਿਤ ਮਾਹਿਰਾਂ ਦਾ ਮੰਨਣਾ ਹੈ ਕਿ ਠੋਸ ਸਾਂਝੇਦਾਰੀ ਕਰਕੇ ਚੀਨ ਨੂੰ ਘੇਰਨ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਲਈ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ ਨਾਲ ਗਠਜੋੜ ਕੀਤਾ ਜਾਣਾ ਚਾਹੀਦਾ ਹੈ। ਚੀਨ ਇੱਕ ਤਾਨਾਸ਼ਾਹ ਅਤੇ ਵਿਸਥਾਰਵਾਦੀ ਸ਼ਕਤੀ ਹੈ ਅਤੇ ਉਹ ਵਿਸ਼ਵ ਲਈ ਇੱਕ ਯਕੀਨੀ ਖ਼ਤਰਾ ਹੈ। ਭਾਰਤ ਇਸ ਰਣਨੀਤੀ ਨੂੰ ਅਪਣਾਉਣ ਲਈ ਝਿਜਕਦਾ ਹੈ ਅਤੇ ਇਸ ਦੇ ਸ਼ਾਇਦ ਕਈ ਜਾਇਜ਼ ਕਾਰਨ ਹਨ ਜਿਨ੍ਹਾਂ ’ਤੇ ਪਹਿਲਾਂ ਵੀ ਚਰਚਾ ਕੀਤੀ ਜਾ ਚੁੱਕੀ ਹੈ ਪਰ ਅੰਤਰਰਾਸ਼ਟਰੀ ਇੱਕਜੁਟਤਾ ਦਾ ਦਿ੍ਰਸ਼ਟੀਕੋਣ ਸਭ ਤੋਂ ਪ੍ਰਭਾਵਸ਼ਾਲੀ ਹੈ। ਇਸ ਦਿ੍ਰਸ਼ਟੀਕੋਣ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਤੁਰੰਤ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

ਡਾ. ਡੀ. ਕੇ. ਗਿਰੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਇਹ ਵੀ ਪੜ੍ਹੋ: ਵੱਡੀ ਖ਼ਬਰ: ਫਾਜਿ਼ਲਕਾ ਦੇ ਪਿੰਡ ‘ਚ ਇੱਕ ਲੱਖ ਰੁਪਏ ਨੂੰ ਏਕੜ ਜ਼ਮੀਨ ਚੜ੍ਹੀ ਠੇਕੇ