‘ਦਰਬਾਰਾ ਸਿੰਘ ਕਾਹਲੋਂ’
ਪਾਕਿਸਤਾਨ ਇੱਕ ਧਾਰਮਿਕ ਕੱਟੜਵਾਦੀ, ਹਿੰਸਕ, ਫਸਾਦੀ ਅਤੇ ਦੋਹਰੇ ਚਰਿੱਤਰ ਵਾਲਾ ਰਾਸ਼ਟਰ ਹੈ, ਇਸ ਸੱਚਾਈ ਦਾ ਇਲਮ ਪੂਰੇ ਗਲੋਬ ਦੇ ਵੱਖ-ਵੱਖ ਰਾਸ਼ਟਰਾਂ, ਕੌਮਾਂਤਰੀ ਡਿਪਲੋਮੈਟਿਕ, ਆਰਥਿਕ, ਵਿੱਤੀ ਸੰਸਥਾਵਾਂ ਅਤੇ ਸਯੁੰਕਤ ਰਾਸ਼ਟਰ ਸੰਘ ਨੂੰ ਹੋ ਗਿਆ ਹੈ। ਯੂਐਨ ਸੰਮੇਲਨ ਵਿਚ ਭਾਰਤ ਦੀ ਕੌਮਾਂਤਰੀ ਪੱਧਰ ‘ਤੇ ਮਜ਼ਬੂਤ ਅਤੇ ਸਨਮਾਨਿਤ ਸਥਿਤੀ ਤੋਂ ਤਿਲਮਿਲਾਏ ਪਾਕਿਸਤਾਨੀ ਪ੍ਰਧਾਨ ਮੰਤਰੀ ਵੱਲੋਂ ਕਸ਼ਮੀਰ ਮਸਲੇ ਨੂੰ ਲੈ ਕੇ ਜੰਗਬਾਜ਼ੀ ਗੱਲਾਂ ਕਰਨ ਨਾਲ ਪੂਰਾ ਪੋਲ ਖੁੱਲ੍ਹ ਗਿਆ ਹੈ। ਇਸੇ ਸੰਮੇਲਨ ਵਿਚ ਭਾਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪੂਰੇ ਵਿਸ਼ਵ ਨੂੰ ਸਪੱਸ਼ਟ ਕਰ ਦਿੱਤਾ ਕਿ ਭਾਰਤ ਜੋ ਇੱਕ ਵਿਸ਼ਾਲ ਅਤੇ ਜਿੰਮੇਵਾਰ ਰਾਸ਼ਟਰ ਹੈ, ਕੌਮਾਂਤਰੀ ਪੱਧਰ ‘ਤੇ ਸ਼ਾਂਤੀ, ਵਿਕਾਸ, ਆਪਸੀ ਮਿਲਵਰਤਣ ਦਾ ਹਾਮੀ ਹੈ।
ਹਰ ਮੰਚ ‘ਤੇ ਕਸ਼ਮੀਰ ਸਮੱਸਿਆ ਦਾ ਵਾਵੇਲਾ ਖੜ੍ਹਾ ਕਰਨ ਦੇ ਬਾਵਜ਼ੂਦ ਪਾਕਿਸਤਾਨ ਨੂੰ ਕਿਧਰੇ ਕੋਈ ਹਮਾਇਤ ਪ੍ਰਾਪਤ ਨਹੀਂ ਹੋਈ। ਬਲਕਿ ਇਸਦੇ ਇਸ ਅਧਾਰਹੀਣ ਵਤੀਰੇ ਭਰੇ ਰੌਲੇ-ਰੱਪੇ ਦਾ ਸਹੀ ਜਵਾਬ ਦੇਣ ਲਈ ਅਮਰੀਕਾ ਦੇ ਦੱਖਣੀ ਅਤੇ ਮੱਧ ਏਸ਼ੀਆ ਬਾਰੇ ਸਹਾਇਕ ਮੰਤਰੀ ਏਲਿਸਵੇਲਸ ਨੂੰ ਅੱਗੇ ਆਉਣਾ ਪਿਆ। ਉਸ ਨੇ ਪਾਕਿਸਤਾਨ ਦੇ ਦੋਗ਼ਲੇ ਚਰਿੱਤਰ ਨੂੰ ਕੌਮਾਂਤਰੀ ਬਿਰਾਦਰੀ ਸਾਹਮਣੇ ਬੇਨਕਾਬ ਕਰਦੇ ਹੋਏ ਕਿਹਾ, ਜਿਹੋ-ਜਿਹੀ ਪਾਕਿਸਤਾਨ ਕਸ਼ਮੀਰੀ ਲੋਕਾਂ ਲਈ ਚਿੰਤਾ ਦਾ ਇਜ਼ਹਾਰ ਕਰ ਰਿਹਾ ਹੈ, ਮੈਂ ਚਾਹਾਂਗੀ ਕਿ ਇਸੇ ਤਰ੍ਹਾਂ ਦੀ ਚਿੰਤਾ ਪੱਛਮੀ ਚੀਨ ਵਿਚ ਰਹਿ ਰਹੇ ਉਈਗਰ ਮੁਸਲਮਾਨਾਂ ਲਈ ਵੀ ਵਿਖਾਈ ਜਾਣੀ ਚਾਹੀਦੀ ਹੈ ਜਿਨ੍ਹਾਂ ਨੂੰ ਹਿਰਾਸਤ ਕੇਂਦਰਾਂ ਵਿਚ ਜਬਰੀ ਕੈਦ ਕਰਕੇ ਰੱਖਿਆ ਗਿਆ ਹੈ।
ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ, ਜੋ ਆਪਣੇ-ਆਪ ਨੂੰ ਕਸ਼ਮੀਰੀਆਂ ਦਾ ਵਿਸ਼ਵ ਭਰ ਵਿਚ ਦੂਤ ਐਲਾਨ ਰਿਹਾ ਹੈ, ਇਸ ਉਈਗਰ ਸਮੱਸਿਆ ਬਾਰੇ ਮੂੰਹ ਖੋਲ੍ਹਣ ਦੀ ਜੁਰਅਤ ਨਹੀਂ ਰੱਖਦਾ। ਭਾਰਤੀ ਸੰਵਿਧਾਨ ਵੱਲੋਂ ਜੰਮੂ-ਕਸ਼ਮੀਰ ਸੂਬੇ ਨੂੰ ਧਾਰਾ-370 ਅਤੇ 35-ਏ ਅਨੁਸਾਰ ਮਿਲਿਆ ਵਿਸ਼ੇਸ਼ ਦਰਜਾ ਖ਼ਤਮ ਕਰਨ ਤੋਂ ਬਾਅਦ ਇਮਰਾਨ ਖਾਨ ਭਾਰਤ ਖਿਲਾਫ਼ ਕੌਮਾਂਤਰੀ ਪੱਧਰ ‘ਤੇ ਲਾਮਬੰਦੀ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਹਿਉਮਨ ਰਾਈਟਸ ਵਾਚ ਦੇ ਮੁਖੀ ਕੇਨਿਥਰਾਥ ਨਾਲ ਮੁਲਾਕਾਤ ਦੌਰਾਨ ਜੰਮੂ-ਕਸ਼ਮੀਰ ਵਿਚ ਕਰਫਿਊ ਹਟਾਉਣ ‘ਤੇ ਕਤਲ-ਏ-ਆਮ ਹੋਣ ਦਾ ਖਦਸ਼ਾ ਪ੍ਰਗਟਾਇਆ।
ਦੂਸਰੇ ਪਾਸੇ ਇੱਕ ਇੰਟਰਵਿਊ ਵਿਚ ਜਦੋਂ ਉਨ੍ਹਾਂ ਨੂੰ ਚੀਨ ਅੰਦਰ ਉਈਗਰ ਮੁਸਲਮਾਨਾਂ ‘ਤੇ ਜਿਨਜਿਆਂਗ ਸੂਬੇ ਅਤੇ ਆਸ-ਪਾਸ ਢਾਹੇ ਜਾ ਰਹੇ ਅਣਮਨੁੱਖੀ ਜ਼ੁਲਮ ਅਤੇ ਜਬਰ ਬਾਰੇ ਸਵਾਲ ਪੁੱਛਿਆ ਗਿਆ ਤਾਂ ਇਨ੍ਹਾਂ ਦਾ ਜਵਾਬ ਸੀ ਕਿ ਉਹ ਇਸ ਸਮੱਸਿਆ ਬਾਰੇ ਚੰਗੀ ਤਰ੍ਹਾਂ ਜਾਣੂ ਨਹੀਂ ਹਾਂ। ਬਲਕਿ ਚੀਨ ਨੂੰ ਉਸ ਨੇ ਪਾਕਿਸਤਾਨ ਦਾ ਸੱਚਾ ਦੋਸਤ ਦਰਸਾਇਆ। ਇਸ ਤੋਂ ਵੱਡਾ ਝੂਠ ਅਤੇ ਦੋਹਰਾ ਮਖੌਟਾ ਹੋ ਕੀ ਹੋ ਸਕਦਾ ਹੈ?
ਪਾਕਿਸਤਾਨ ਦਾ ਮੰਨਣਾ ਹੈ ਕਿ ਕੁਰਾਨ ਮਜੀਦ ਮੁਸਲਮਾਨਾਂ ਦਾ ਪਵਿੱਤਰ ਗ੍ਰੰਥ ਕਿਸੇ ਸਰਹੱਦ ਦਾ ਮੁਹਤਾਜ਼ ਨਹੀਂ। ਮੁਸਲਮਾਨ, ਜੋ ਕੁਰਾਨ ਮਜੀਦ ਮੰਨਦਾ ਹੈ, ਵਿਸ਼ਵ ਦੇ ਕਿਸੇ ਖੇਤਰ ਵਿਚ ਰਹੇ, ਉਸਦੀ ਪੀੜਾ, ਪੂਰੇ ਮੁਸਲਿਮ ਜਗਤ ਦੀ ਪੀੜਾ ਹੈ। 57 ਇਸਲਾਮਿਕ ਦੇਸ਼ਾਂ ਦਾ ਸੰਗਠਨ ਆਈ.ਓ.ਸੀ. ਹੈ, ਜਿਸਦਾ ਮੈਂਬਰ ਪਾਕਿਸਤਾਨ ਵੀ ਹੈ। ਜਦ ਵੀ ਇਨ੍ਹਾਂ ਦੇਸ਼ਾਂ ਵਿਚ ਉਈਗਰ ਸਮੱਸਿਆ ਦਾ ਮਸਲਾ ਚੀਨ ਵਿਰੁੱਧ ਉੱਠਦਾ ਹੈ ਤਾਂ ਇਹੀ ਪਾਕਿਸਤਾਨ ਉਈਗਰ ਸਮੱਸਿਆ ਸਬੰਧੀ ਮਤੇ ਦਾ ਵਿਰੋਧ ਕਰਦਾ ਹੈ, ਉਸ ਵਿਰੁੱਧ ਵੋਟ ਕਰਦਾ ਹੈ। ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਉਈਗਰ ਮੁਸਲਮਾਨਾਂ ‘ਤੇ ਚੀਨ ਵੱਲੋਂ ਇਸਲਾਮ ਅਨੁਸਾਰ ਜੀਵਨ ਚਲਾਉਣ ਤੋਂ ਮਨ੍ਹਾ ਕਰਨ, ਆਪਣੀ ਤੁਰਕੀ ਬੋਲੀ ਦੀ ਥਾਂ ਚੀਨੀ ਭਾਸ਼ਾ ਬੋਲਣ, ਮਸਜਿਦਾਂ ਢਾਹ-ਢੇਰੀ ਕਰਨ, ਹਿਰਾਸਤ ਅਤੇ ਲੇਬਰ ਕੈਂਪਾਂ ਵਿਚ ਰੱਖਣ ਦੇ ਬਾਵਜੂਦ ਕੋਈ ਮੁਸਲਿਮ ਦੇਸ਼, ਸੰਗਠਨ ਜਾਂ ਤਨਜੀਮ ਉਸ ਵਿਰੁੱਧ ਨਹੀਂ ਬੋਲਦਾ। ਕਿੱਥੇ ਗਿਆ ਕੁਰਾਨ ਮਜੀਦ ਅਤੇ ਉਸਦੇ ਕਰੋੜ ਪੈਰੋਕਾਰ ਜਾਂ ਮੁਸਲਿਮ ਦੇਸ਼?
ਉਈਗਰ ਤੁਰਕ ਨਸਲ ਦੇ ਲੋਕ ਹਨ ਜੋ ਲੰਬੇ ਸਮੇਂ ਤੋਂ ਚੀਨ ਦੇ ਜਿਨਜਿਆਂਗ ਅਤੇ ਪੱਛਮ ਖੇਤਰ ਵਿਚ ਵੱਸ ਚੁੱਕੇ ਹਨ। ਇਸ ਖੇਤਰ ਵਿਚ ਕੁੱਝ ਕਾਜ਼ਾਖ ਅਤੇ ਕਿਰਗੀਜ਼ ਲੋਕ ਵੀ ਵੱਸਦੇ ਹਨ। ਸੰਨ 1870 ਵਿਚ ਕੁਇੰਗ ਵੰਸ਼ ਦੇ ਰਾਜ ਤੋਂ ਪਹਿਲਾਂ ਇਨ੍ਹਾਂ ਇਲਾਕਿਆਂ ਵਿਚ ਦਰਜਨ ਦੇ ਕਰੀਬ ਛੋਟੇ-ਛੋਟੇ ਖੁਦਮੁਖਤਿਆਰ ਰਾਜ ਸਨ। ਸੰਨ 1930 ਅਤੇ 1940 ਦੇ ਦਹਾਕਿਆਂ ਵਿਚ ਚੀਨ ਅੰਦਰ ਗ੍ਰਹਿ ਯੁੱਧ ਸਮੇਂ ਇੱਥੇ ਪੂਰਬੀ ਤੁਰਕਸਤਾਨ ਰਿਪਬਲਿਕ, ਸੋਵੀਅਤ ਯੂਨੀਅਨ ਦੀ ਹਮਾਇਤ ਨਾਲ ਸਥਾਪਿਤ ਹੋ ਗਈ ਸੀ। ਮਾਓ ਜ਼ੇ ਤੁੰਗ ਦੇ ਕਮਿਊਨਿਸਟ ਇਨਕਲਾਬ ਕਰਕੇ ਸੰਨ 1950 ਵਿਚ ਚੀਨੀ ਕਮਿਊਨਿਸਟ ਪਾਰਟੀ ਨੇ ਇਸ ਖੇਤਰ ਨੂੰ ਆਪਣੇ ਅਧਿਕਾਰ ਹੇਠ ਲੈ ਆਂਦਾ। ਇਸ ਖੇਤਰ ਦੀ 73 ਪ੍ਰਤੀਸ਼ਤ ਅਬਾਦੀ ਉਈਗਰ ਸੀ ਜਦ ਕਿ 6-7 ਪ੍ਰਤੀਸ਼ਤ ਕਾਜਾਖ਼ ਅਤੇ ਕਿਰਗੀਜ਼ ਸਨ। ਕਰੀਬ ਪੰਜਵਾਂ ਹਿੱਸਾ ‘ਹਨ’ ਚੀਨੀ ਲੋਕ ਵੱਸਦੇ ਸਨ। ਪਰ ਅੱਜ ਅੱਧੇ ਤੋਂ ਵਧ ‘ਹਨ ਚੀਨੀ’ ਹਨ।ਚੀਨ ਅੰਦਰ ਮਾਓ ਜੇ ਤੁੰਗ ਦੇ ‘ਸੱਭਿਆਚਾਰਕ ਇਨਕਲਾਬ’ ਦੇ ਬਾਅਦ ਵੀ ਉਈਗਰ ਅਤੇ ਕਾਜ਼ਾਖ ਲੋਕ ਆਪੋ-ਆਪਣੇ ਮਜ਼ਹਬਾਂ ਅਤੇ ਭਾਸ਼ਾਵਾਂ ਨਾਲ ਜੁੜੇ ਰਹੇ। ਉਹ ਆਪਣੇ ਤਿਉਹਾਰ ਮਨਾਉਂਦੇ। ਪਵਿੱਤਰ ਇਬਾਦਤਗਾਹਾਂ ਦੇ ਦਰਸ਼ਨਾਂ ਨੂੰ ਪੂਰੀ ਸ਼ਰਧਾ ਨਾਲ ਜਾਂਦੇ। ਹੱਜ ਲਈ ਮੱਕੇ ਜਾਂਦੇ। ਆਧੁਨਿਕ ਕਲਾ ਅਨੁਸਾਰ ਮਸਜਿਦਾਂ ਉਸਾਰਦੇ। ਹਰ ਜੁੰਮੇਂ ਨੂੰ ਵੱਡੀ ਗਿਣਤੀ ਵਿਚ ਸਥਾਨਕ ਮਸਜਿਦਾਂ ਵਿਚ ਇਬਾਦਤ ਲਈ ਇਕੱਤਰ ਹੁੰਦੇ। ਇਨ੍ਹਾਂ ਨੇ ਕਰੀਬ 1237 ਸਾਲ ਪਹਿਲਾਂ ਹੋਟਾਨ ਵਿਚ ਕੇਰੀ ਅਸਥਾਨ ‘ਤੇ ਬਣੀ ਮਸਜਿਦ ਨੂੰ ਬਹੁਤ ਖੁੱਲ੍ਹੇ ਦਿਲ ਨਾਲ ਵੱਡਾ ਪਰਚਾ ਕਰਕੇ ਮੁੜ ਨਵਿਆਇਆ।
ਲੇਕਿਨ ਵਿਸ਼ਵ ਦੇ ਵੱਖ-ਵੱਖ ਖੇਤਰਾਂ ਵਿੱਚ ਮੁਸਲਿਮ ਕੱਟੜਵਾਦੀ ਜਿਹਾਦ ਨੇ ਜਦੋਂ ਇਸ ਖੇਤਰ ਵਿਚ ਦਸਤਕ ਦਿੱਤੀ ਤਾਂ ਚੀਨ ਤੁਰੰਤ ਚੁਕੰਨਾ ਹੋ ਗਿਆ। ਚੀਨ ਬਾਰੇ ਅਜੋਕੇ ਚਿੰਤਕਾਂ ਦਾ ਮੰਨਣਾ ਹੈ ਕਿ ਇਸ ਦਾ ਅਜੋਕਾ ਕਮਿਊਨਿਸਟ ਸ਼ਾਸਨ ਆਉਣ ਵਾਲੇ ਹਜ਼ਾਰ ਸਾਲ ਤੱਕ ਸੋਚ ਕੇ ਯੋਜਨਾਬੱਧ ਢੰਗ ਨਾਲ ਕਾਰਵਾਈ ਕਰਦਾ ਹੈ।
ਸੂਬੇ ਜਿੰਨਜਿਆਂਗ ਅਤੇ ਲਾਗਲੇ ਖੇਤਰਾਂ ਵਿਚ ਉਈਗਰ ਮੁਸਲਮਾਨਾਂ ਦਾ ਸੱਭਿਆਚਾਰ, ਭਾਸ਼ਾ, ਧਰਮ ਖ਼ਤਮ ਕਰਨ, ਉਨ੍ਹਾਂ ਨੂੰ ਮੈਂਡਰਿਨ ਚੀਨੀ ਭਾਸ਼ਾ ਬੋਲਣ, ਸਿੱਖਣ, ਲਿਖਣ ਦੇ ਢਾਂਚੇ ਵਿਚ ਢਾਲਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਚੀਨ ਅਨੁਸਾਰ ਇਸਲਾਮ ਇੱਕ ਹਿੰਸਕ ਧਰਮ ਹੈ ਜੋ ਅਜੋਕੇ ਕਮਿਊਨਿਸਟ ਚੀਨ ਲਈ ਵੱਡਾ ਖ਼ਤਰਾ ਹੈ।
ਤਿੱਬਤ ਵਿੱਚ ਬੁੱਧ ਧਰਮ, ਉਸਦੇ ਪੈਰੋਕਾਰਾਂ, ਉਸਦੇ ਸੱਭਿਆਚਾਰ, ਭਾਸ਼ਾ ਦਾ ਖੁਰਾ-ਖੋਜ਼ ਮਿਟਾਉਣ, ਉੱਥੇ ਚੀਨੀ ਲੋਕਾਂ ਦਾ ਬਹੁਮਤ ਸਥਾਪਤ ਕਰਨ, ਤਿੱਬਤ ਰਾਸ਼ਟਰਵਾਦ ਨੇਸਤਾ ਨਾਬੂਦ ਕਰਨ ਲਈ ਚੇਨ ਕੁਆਂਗੋ ਦੀ ਨਿਯੁਕਤੀ ਕੀਤੀ ਗਈ ਸੀ। ਅਸਹਿ ਅਤੇ ਅਕਹਿ ਜ਼ੁਲਮ ਢਾਹੇ ਗਏ ਸਨ। ਜਿੰਨਾ ਚਿਰ ਉਸ ਨੂੰ ਚੀਨੀ ਰੰਗ, ਭਾਸ਼ਾ, ਸੱਭਿਆਚਾਰ, ਵਿਚਾਰਧਾਰਾ ਵਿਚ ਨਹੀਂ ਰੰਗਿਆ ਗਿਆ, ਇੱਥੋਂ ਤੱਕ ਕਿ ਧਾਰਮਿਕ ਆਗੂ ‘ਲਾਮਾ’ ਚੀਨੀਵਾਦੀ ਨਹੀਂ ਸਥਾਪਤ ਕੀਤਾ ਉੱਥੇ ਦਮਨਕਾਰੀ ਨੀਤੀ ਚੱਲਦੀ ਰਹੀ। ਚੀਨ ਵੱਲੋਂ ਸੰਨ 1990ਵੇਂ ਦਹਾਕੇ ਵਿਚ ਜਦੋਂ ਜਿੰਨਜਿਆਂਗ ਖੇਤਰ ਵਿੱਚ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਭਾਰੀ ਵਿਰੋਧ ਵੇਖਣ ਨੂੰ ਮਿਲਿਆ। ਸੂਬਾਈ ਰਾਜਧਾਨੀ ਉਰੂਮਕੀ ਵਿਚ 200 ਦੇ ਕਰੀਬ ‘ਹਨ’ ਚੀਨੀ ਲੋਕ ਸੰਨ 2009 ਵਿਚ ਮਾਰ ਦਿੱਤੇ ਗਏ। ਇਹ ਲੋਕ ਚੀਨੀਆਂ ‘ਤੇ ਚਾਕੂਆਂ, ਬੰਬਾਂ ਅਤੇ ਕਾਰ ਜਾਂ ਹੋਰ ਵਾਹਨ ਬੰਬਾਂ ਨਾਲ ਹਮਲਾ ਕਰਦੇ।
ਚੀਨ ਨੇ ਇਨ੍ਹਾਂ ਵਿਰੁੱਧ ਕਾਰਵਾਈ ਕਰੀਬ 800 ਵਿੱਚੋਂ 700 ਮਸਜਿਦਾਂ ਢਾਹ-ਢੇਰੀ ਕਰ ਸੁੱਟੀਆਂ। ਇਨ੍ਹਾਂ ਦੀ ਸੱਭਿਅਤਾ ਖ਼ਤਮ ਕਰਨ ਲਈ ਪਿੰਡ ਅਤੇ ਸ਼ਹਿਰ ਢਾਹ-ਢੇਰੀ ਕਰਦਿਆਂ ਚੀਨੀ ਕਲਾ-ਸੱਭਿਆਚਾਰ ਦੀ ਤਰਜ਼ ‘ਤੇ ਪਿੰਡਾਂ ਅਤੇ ਸ਼ਹਿਰਾਂ ਦੀ ਉਸਾਰੀ ਸ਼ੁਰੂ ਕੀਤੀ ਗਈ। ਵੱਡੀ ਪੱਧਰ ‘ਤੇ ਲੋਕਾਂ ਦੀ ਮਾਨਸਿਕਤਾ, ਸੱਭਿਆਚਾਰ, ਬੋਲੀ, ਪਹਿਨਣ-ਖਾਣ, ਰਹਿਣ-ਸਹਿਣ ਬਦਲਣ ਲਈ ਹਿਰਾਸਤੀ ਕੈਂਪਾਂ ਵਿਚ ਕੈਦ ਕਰ ਲਿਆ ਗਿਆ। ਇਸ ਖੇਤਰ ਵਿਚ ਤਿੱਬਤੀ ਸੱਭਿਆਚਾਰਕ ਪਰਿਵਰਤਨ ਦੇ ਮਾਹਿਰ ਚੇਨ ਕੁਆਂਗੋ ਨੂੰ ਤਾਇਨਾਤ ਕੀਤਾ ਗਿਆ। ਇਸ ਇਲਾਕੇ ਨੂੰ ਹਨ ਚੀਨੀ ਅਬਾਦੀ ਦੇ ਬਹੁਮਤ ਅਤੇ ਭਾਸ਼ਾ ਵਿਚ ਤਬਦੀਲ ਕਰਨ ਲਈ ਉਨ੍ਹਾਂ ਇਸ ਖੇਤਰ ਵਿੱਚ ਵਸਾਉਣਾ ਸ਼ੁਰੂ ਕਰ ਦਿੱਤਾ।
ਬਹੁਤ ਸਾਰੇ ਕੈਂਪ ਰੇਗਸਥਾਨੀ ਇਲਾਕੇ ਵਿਚ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਵਿਚ ਨਮਾਜ਼ ਪੜ੍ਹਨ, ਉਈਗਰ ਤੁਰਕੀ ਭਾਸ਼ਾ ਬੋਲਣ, ਪਹਿਰਾਵੇ, ਇੱਥੋਂ ਤੱਕ ਕਿ ਉਈਗਰ ਖਾਣ-ਪੀਣ ‘ਤੇ ਪਾਬੰਦੀ ਲਾਈ ਗਈ ਹੈ। ਇਨ੍ਹਾਂ ਕੈਂਪਾਂ ਵਿਚ ਬਾਹਰੀ ਲੋਕਾਂ ਨੂੰ ਨਹੀਂ ਜਾਣ ਦਿੱਤਾ ਜਾਂਦਾ। ਇਨ੍ਹਾਂ ਕੈਂਪਾਂ ਨੂੰ ਪੱਛਮੀ ਜਗਤ ਸੰਨ 1930ਵੇਂ ਦਹਾਕੇ ਦੇ ਸੋਵੀਅਤ ਯੂਨੀਅਨ ਦੇ ਸਟਾਲਿਨਵਾਦੀ ‘ਟੈਰਰ ਕੈਂਪ’ ਕਹਿੰਦਾ ਹੈ। ਇਨ੍ਹਾਂ ਕੈਂਪਾਂ ਵਿਚ ਕਰੀਬ 20 ਲੱਖ ਉਈਗਰ ਰੱਖਣ ਦੀਆਂ ਸੂਚਨਾਵਾਂ ਹਨ। ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿਚ ਰਹਿੰਦੇ ਉਈਗਰ ਆਪਣੇ ਇਸ ਚੀਨੀ ਖੇਤਰ ਵਿਚ ਅਣਮਨੁੱਖੀ ਵਿਵਸਥਾ ਵਿਚ ਜੀਅ ਰਹੇ ਭੈਣ-ਭਰਾ, ਮਾਵਾਂ, ਬਜ਼ੁਰਗਾਂ ਅਤੇ ਭਰਾਵਾਂ ਨੂੰ ਬਚਾਉਣ ਦੀ ਦੁਹਾਈ ਦੇ ਰਹੇ ਹਨ। ਕਰੀਬ 22 ਦੇਸ਼ਾਂਠ ਜਿਨ੍ਹਾਂ ਵਿਚ ਕੈਨੇਡਾ, ਬ੍ਰਿਟੇਨ, ਫਰਾਂਸ, ਜਰਮਨੀ, ਅਸਟਰੇਲੀਆ, ਜਪਾਨ ਆਦਿ ਸ਼ਾਮਿਲ ਸਨ, ਨੇ ਯੂਐਨ ਮਨੁੱਖੀ ਅਧਿਕਾਰ ਸੰਸਥਾ ਦੇ ਅਧਿਕਾਰੀਆਂ ਨੂੰ ਚੀਨ ਦੇ ਉਈਗਰਾਂ ਪ੍ਰਤੀ ਵਤੀਰੇ ਦੇ ਨਿੰਦਾ ਕਰਦਿਆਂ ਇਸ ਘੱਟ ਗਿਣਤੀ ‘ਤੇ ਤਸੀਹੇ ਨਾਲ ਢਾਹੁਣ ਸਬੰਧੀ ਪ੍ਰਸਤਾਵ ਪੇਸ਼ ਕੀਤਾ।
ਬੀਜਿੰਗ ਨੇ ਇਸ ਸਬੰਧੀ ਨਾਂਹ-ਨੁਕਰ ਕਰਦਿਆਂ ਹਿਰਾਸਤੀ ਕੈਂਪ ਨੂੰ ਕਿੱਤਾਕਾਰੀ ਟ੍ਰੇਨਿੰਗ ਕੈਂਪ ਦਰਸਾਇਆ ਜਿੱਥੇ ਲੋਕਾਂ ਨੂੰ ਵਧੀਆ ਰੁਜ਼ਗਾਰ ਹਾਸਲ ਕਰਨ ਲਈ ਵੱਖ-ਵੱਖ ਆਧੁਨਿਕ ਕਿੱਤਿਆਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਲਟ ਚੀਨ ਨੇ ਆਪਣੇ ਕੌਮਾਂਤਰੀ ਪ੍ਰਭਾਵ ਦੀ ਵਰਤੋਂ ਕਰਦੇ ਹੋਏ ਇਸੇ ਯੂਐਨ ਮਨੁੱਖੀ ਅਧਿਕਾਰ ਸੰਸਥਾ ਨੂੰ 37 ਦੇਸ਼ਾਂ ਤੋਂ ਚਿੱਠੀ ਲਿਖਾ ਕੇ ਸਾਬਤ ਕਰਨ ਦਾ ਯਤਨ ਕੀਤਾ ਕਿ ਉਸਦੇ ਦੇਸ਼ ਵਿਚ ਸਭ ਕੁਝ ਠੀਕ-ਠਾਕ ਹੈ। ਘੱਟ ਗਿਣਤੀ ਮਹਿਫੂਜ਼ ਹਨ ਅਤੇ ਧਰਮ ਦੀ ਪਾਲਣਾ ਦਾ ਅਧਿਕਾਰ ਹੈ। ਲੇਕਿਨ ਹਕੀਕਤ ਦੇ ਮੱਦੇਨਜ਼ਰ ਯੂਐਨ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਚੀਨੀ ਪ੍ਰਧਾਨ ਸ਼ੀ ਜਿੰਨਪਿੰਗ ਨਾਲ ਇਸ ਵਿਸ਼ੇ ‘ਤੇ ਗੱਲਬਾਤ ਕੀਤੀ। ਪਰ ਨਤੀਜੇ ਚੰਗੇ ਨਿੱਕਲਣ ਵਾਲੇ ਨਹੀਂ। ਕੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਈਗਰ ਮੁਸਲਿਮ ਭਾਈਚਾਰੇ ਦੀ ਬੰਦ-ਖਲਾਸੀ ਲਈ ਆਪਣੇ ਸੱਚੇ ਮਿੱਤਰ ਚੀਨ ਦੇ ਪ੍ਰਧਾਨ ਸ਼ੀ ਨਾਲ ਗੱਲ ਕਰਨ ਦਾ ਹੀਆ ਵਿਸ਼ਵ ਬਿਰਾਦਰੀ ਨੂੰ ਦਰਸਾ ਸਕਣਗੇ?
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।