ਉਈਗਰਾਂ ਦੀ ਧਾਰਮਿਕ ਪਛਾਣ ਖ਼ਤਮ ਕਰਨ ‘ਤੇ ਉਤਾਰੂ ਚੀਨ

ਉਈਗਰਾਂ ਦੀ ਧਾਰਮਿਕ ਪਛਾਣ ਖ਼ਤਮ ਕਰਨ ‘ਤੇ ਉਤਾਰੂ ਚੀਨ

ਅਸਟਰੇਲੀਅਨ ਸਟ੍ਰੈਟੇਜਿਕ ਪਾਲਿਸੀ ਇੰਸਟੀਚਿਊਟ (ਏਐਸਪੀਆਈ) ਦਾ ਇਹ ਖੁਲਾਸਾ ਚੀਨ ਦੇ ਖੂਨੀ ਚਿਹਰੇ ਨੂੰ ਬੇਨਕਾਬ ਕਰਨ ਵਾਲਾ ਹੈ ਕਿ ਉਹ ਪੱਛਮੀ ਚੀਨ ਦੇ ਸ਼ਿਨਜਿਆਂਗ ਪ੍ਰਾਂਤ ਵਿੱਚ 2017 ਤੋਂ ਬਾਅਦ 8500 ਤੋਂ ਜਿਆਦਾ ਮਸਜ਼ਿਦਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਚੁੱਕਾ ਹੈ। ਇਸ ਤੋਂ ਇਲਾਵਾ ਉਸਨੇ ਅਕਸੂ ਵਿੱਚ ਘੱਟੋ-ਘੱਟ 400 ਕਬਰਸਤਾਨਾਂ ਨੂੰ ਅਪਵਿੱਤਰ ਕਰ ਉਨ੍ਹਾਂ ਦੀ ਥਾਂ ‘ਤੇ ਦੂਜੇ ਢਾਂਚੇ ਖੜ੍ਹੇ ਕੀਤੇ ਹਨ। ਅਸਟਰੇਲੀਅਨ ਸਟ੍ਰੈਟੇਜਿਕ ਪਾਲਿਸੀ ਇੰਸਟੀਚਿਊਟ (ਏਐਸਪੀਆਈ) ਦੀ ਮੰਨੀਏ ਤਾਂ ਉਸਦੀ ਇਹ ਰਿਪੋਰਟ ਉਪਗ੍ਰਹਿ ਤਸਵੀਰਾਂ ਦੇ ਨਮੂਨਿਆਂ ‘ਤੇ ਆਧਾਰਿਤ ਹੈ ਲਿਹਾਜ਼ਾ ਇਸਨੂੰ ਖਾਰਿਜ਼ ਨਹੀਂ ਕੀਤਾ ਜਾ ਸਕਦਾ। ਵਿਚਾਰ ਕਰੀਏ ਤਾਂ ਇਹ ਕੋਈ ਪਹਿਲੀ ਰਿਪੋਰਟ ਨਹੀਂ ਹੈ ਜੋ ਉਈਗਰ ਮੁਸਲਮਾਨਾਂ ‘ਤੇ ਚੀਨ ਦੇ ਅੱਤਿਆਚਾਰਾਂ ਨੂੰ ਉਜਾਗਰ ਕਰਦੀ ਹੈ।

ਹੁਣੇ ਪਿਛਲੇ ਸਾਲ ਹੀ ਸੰਯੁਕਤ ਰਾਸ਼ਟਰ ਦੀ ਨਸਲੀ ਭੇਦਭਾਵ ਖ਼ਾਤਮਾ ਕਮੇਟੀ ਨੇ ਵੀ ਖੁਲਾਸਾ ਕੀਤਾ ਸੀ ਕਿ ਉਸਨੇ 10 ਲੱਖ ਤੋਂ ਜ਼ਿਆਦਾ ਉਈਗਰ ਮੁਸਲਮਾਨਾਂ ਨੂੰ ਕਥਿਤ ਤੌਰ ‘ਤੇ ਕੱਟੜਵਾਦ ਵਿਰੋਧੀ ਗੁਪਤ ਕੈਂਪਾਂ ਵਿੱਚ ਕੈਦ ਕਰ ਰੱਖਿਆ ਹੈ ਅਤੇ 20 ਲੱਖ ਤੋਂ ਜਿਆਦਾ ਮੁਸਲਮਾਨਾਂ ‘ਤੇ ਵਿਚਾਰਧਾਰਾ ਬਦਲਣ ਦਾ ਦਬਾਅ ਬਣਾ ਰਿਹਾ ਹੈ। ਇਸ ਰਿਪੋਰਟ ਵਿੱਚ ਕਿਹਾ ਜਾ ਚੁੱਕਾ ਹੈ ਕਿ ਸਮਾਜਿਕ ਸਥਿਰਤਾ ਅਤੇ ਧਾਰਮਿਕ ਕੱਟੜਤਾ ਨਾਲ ਨਜਿੱਠਣ ਦੇ ਨਾਂਅ ‘ਤੇ ਚੀਨ ਨੇ ਉਈਗਰ ਖੁਦਮੁਖਤਿਆਰ ਖੇਤਰ ਨੂੰ ਕੁੱਝ ਅਜਿਹਾ ਬਣਾ ਦਿੱਤਾ ਹੈ ਜੋ ਗੋਪਨੀਅਤਾ ਦੇ ਪਰਦੇ ਵਿੱਚ ਢੱਕਿਆ ਵਿਸ਼ਾਲ ਨਜ਼ਰਬੰਦੀ ਕੈਂਪ ਵਰਗਾ ਹੈ।

ਰਿਪੋਰਟ ਨਾਲ ਇਹ ਵੀ ਉਜਾਗਰ ਹੋਇਆ ਹੈ ਕਿ ਇਨ੍ਹਾਂ ਕੈਂਪਾਂ ਵਿੱਚ ਜਬਰਨ ਰਾਸ਼ਟਰਪਤੀ ਸ਼ੀ ਚਿਨਪਿੰਗ ਦੀ ਵਫਾਦਾਰੀ ਦੀਆਂ ਸਹੁੰਆਂ ਚੁਕਾਈਆਂ ਜਾਂਦੀਆਂ ਹਨ ਅਤੇ ਕੰਮਿਊਨਿਸਟ ਪਾਰਟੀ ਦੇ ਨਾਅਰੇ ਲਵਾਏ ਜਾਂਦੇ ਹਨ। ਇਹ ਸਹੀ ਹੈ ਕਿ ਯੂਰਪੀ ਸੰਘ ਨੇ ਸ਼ਿਨਜਿਆਂਗ ਵਿੱਚ ਅਜ਼ਾਦ ਨਿਗਰਾਨਾਂ ਨੂੰ ਪਹੁੰਚ ਦੀ ਮਨਜ਼ੂਰੀ ਦੇਣ ਦਾ ਸੱਦਾ ਦਿੱਤਾ ਹੈ। ਯਾਦ ਹੋਵੇਗਾ ਪਿਛਲੇ ਸਾਲ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਵੀ ਧਾਰਮਿਕ ਆਜ਼ਾਦੀ ਦੇ ਮੁੱਦੇ ‘ਤੇ ਚੀਨ ਦੀ ਇਹ ਕਹਿ ਕੇ ਅਲੋਚਨਾ ਕੀਤੀ ਸੀ ਕਿ ਉੱਥੇ ਧਾਰਮਿਕ ਅਜ਼ਾਦੀ ਸੰਕਟ ਵਿੱਚ ਹੈ।

ਉਨ੍ਹਾਂ ਕਿਹਾ ਸੀ ਕਿ ਚੀਨ ਦੁਆਰਾ ਉਈਗਰ ਮੁਸਲਮਾਨਾਂ ਅਤੇ ਤਿੱਬਤੀ ਬੋਧੀਆਂ ਦੀ ਧਾਰਮਿਕ ਅਜ਼ਾਦੀ ਦਾ ਦਮਨ ਕੀਤਾ ਜਾ ਰਿਹਾ ਹੈ। ਐਮਨੇਸਟੀ ਅਤੇ ਮਨੁੱਖੀ ਅਧਿਕਾਰ ਵਾਚ ਸਮੇਤ ਕਈ ਮਨੁੱਖੀ ਅਧਿਕਾਰ ਸੰਗਠਨ ਵੀ ਕਹਿ ਚੁੱਕੇ ਹਨ ਕਿ ਛੋਟਾ ਮੱਕਾ ਕਹੇ ਜਾਣ ਵਾਲੇ ਪੱਛਮੀ ਚੀਨ ਦੇ ਮੁਸਲਮਾਨ ਬਹੁਤਾਤ ਵਾਲੇ ਰਾਜ ਲਿਕਸ਼ੀਆ ਵਿੱਚ ਖੌਫ ਦਾ ਮਾਹੌਲ ਹੈ। ਹੁਣ ਇੱਥੋਂ ਦੇ ਬੱਚੇ ਪਹਿਲਾਂ ਵਾਂਗ ਨਾ ਤਾਂ ਮਦਰੱਸੇ ਜਾਂਦੇ ਹਨ ਅਤੇ ਨਾ ਹੀ ਮਸਜਿਦਾਂ ਵਿੱਚ ਨਮਾਜ਼ ਦੇ ਵਕਤ ਲੋਕਾਂ ਦੀ ਭੀੜ ਦਿਸਦੀ ਹੈ।

ਦਰਅਸਲ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਇੱਥੋਂ ਦੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਧਾਰਮਿਕ ਗਤੀਵਿਧੀਆਂ ਵਿੱਚ ਸ਼ਿਰਕਤ ਕਰਨ ‘ਤੇ ਰੋਕ ਲਾ ਦਿੱਤੀ ਹੈ। ਇਸ ਰੋਕ ਨਾਲ ਉੱਥੋਂ ਦੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਆਪਣੀਆਂ ਧਾਰਮਿਕ ਮਾਨਤਾਵਾਂ ਦੇ ਅਨੁਕੂਲ ਵਿਹਾਰ ਕਰਨਾ ਔਖਾ ਹੋ ਗਿਆ ਹੈ ਅਤੇ ਉਹ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੀ ਧਾਰਮਿਕ ਪਛਾਣ ਸੰਕਟ ਵਿੱਚ ਪੈ ਗਈ ਹੈ। ਗੌਰ ਕਰੀਏ ਤਾਂ ਇਹ ਸਥਿਤੀ ਸਿਰਫ ਲਿਕਸ਼ੀਆ ਪ੍ਰਾਂਤ ਤੱਕ ਹੀ ਸੀਮਤ ਨਹੀਂ ਹੈ। ਚੀਨ ਦੇ ਹੋਰ ਮੁਸਲਮਾਨ ਬਹੁਤਾਤ ਪ੍ਰਾਂਤਾਂ ਵਿੱਚ ਵੀ ਲਗਭਗ ਅਜਿਹੀ ਹੀ ਸਥਿਤੀ ਹੈ।

ਚੀਨ ਦੀ ਸਰਕਾਰ ਨੇ ਇਨ੍ਹਾਂ ਪ੍ਰਾਂਤਾਂ ਵਿੱਚ ਧਾਰਮਿਕ ਸਿੱਖਿਆ ‘ਤੇ ਰੋਕ ਲਾ ਦਿੱਤੀ ਹੈ। ਜਿਨ੍ਹਾਂ ਮਸਜਿਦਾਂ ਵਿੱਚ ਕਦੇ ਹਜ਼ਾਰਾਂ ਬੱਚੇ ਕੁਰਾਨ ਪੜ੍ਹਨ ਲਈ ਆਉਂਦੇ ਸਨ, ਹੁਣ ਉੱਥੇ ਉਨ੍ਹਾਂ ਦਾ ਦਾਖ਼ਲਾ ਪੂਰੀ ਤਰ੍ਹਾਂ ਵਰਜਿਤ ਹੈ। ਬੱਚਿਆਂ ਦੇ ਮਾਪਿਆਂ ਨੂੰ ਵੀ ਹਿਦਾਇਤ ਦਿੱਤੀ ਗਈ ਹੈ ਕਿ ਉਹ ਬੱਚਿਆਂ ਨੂੰ ਮਸਜਿਦਾਂ ਵਿੱਚ ਕੁਰਾਨ ਪੜ੍ਹਨ ਲਈ ਨਾ ਭੇਜਣ ਕਿਉਂਕਿ ਇਸ ਨਾਲ ਉਹ ਧਰਮ-ਨਿਰਪੱਖ ਪਾਠਕ੍ਰਮਾਂ ‘ਤੇ ਧਿਆਨ ਨਹੀਂ ਦੇ ਸਕਦੇ ਹਨ। ਇੱਥੋਂ ਦੇ ਸਥਾਨਿਕ ਪ੍ਰਸ਼ਾਸਨ ਨੇ ਉਨ੍ਹਾਂ ਵਿਦਿਆਰਥੀਆਂ ਦੀ ਗਿਣਤੀ ਘਟਾ ਦਿੱਤੀ ਹੈ ਜਿਨ੍ਹਾਂ ਨੂੰ 16 ਸਾਲ ਤੋਂ ਜਿਆਦਾ ਉਮਰ ਦੇ ਚੱਲਦੇ ਮਸਜਿਦਾਂ ਵਿੱਚ ਪੜ੍ਹਨ ਦੀ ਆਗਿਆ ਮਿਲੀ ਹੋਈ ਹੈ। ਮਸਜਿਦਾਂ ਵਿੱਚ ਨਿਯੁਕਤ ਕੀਤੇ ਜਾਣ ਵਾਲੇ ਨਵੇਂ ਇਮਾਮਾਂ ਲਈ ਸਰਟੀਫਿਕੇਟ ਹਾਸਲ ਕਰਨ ਦੀ ਪ੍ਰਕਿਰਿਆ ਨੂੰ ਵੀ ਸੀਮਤ ਕਰ ਦਿੱਤਾ ਗਿਆ ਹੈ।

ਚੀਨ ਦੀ ਕਮਿਊਨਿਸਟ ਸਰਕਾਰ ਸ਼ਿਨਜਿਆਂਗ ਪ੍ਰਾਂਤ ਵਿੱਚ ਹੋਰ ਵੀ ਜਿਆਦਾ ਸਖ਼ਤਾਈ ਨਾਲ ਪੇਸ਼ ਆ ਰਹੀ ਹੈ। ਇੱਥੋਂ ਦੇ ਰਹਿਣ ਵਾਲੇ ਉਈਗਰ ਭਾਈਚਾਰੇ ਦੇ ਲੋਕਾਂ ਨੂੰ ਸਿੱਖਿਆ ਕੈਂਪਾਂ ਵਿੱਚ ਪਾ ਦਿੱਤਾ ਗਿਆ ਹੈ ਜਿੱਥੇ ਉਨ੍ਹਾਂ ਨੂੰ ਕੁਰਾਨ ਪੜ੍ਹਨ ਜਾਂ ਦਾੜ੍ਹੀ ਰੱਖਣ ਦੀ ਸਖ਼ਤ ਮਨਾਹੀ ਹੈ। ਯਾਦ ਹੋਵੇਗਾ ਪਿਛਲੇ ਸਾਲ ਚੀਨ ਦੀ ਸਰਕਾਰ ਨੇ ਇੱਥੋਂ ਦੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਨਾਬਾਲਗਾਂ ਨੂੰ ਕੁਰਾਨ ਪੜ੍ਹਨ ਲਈ ਜਾਂ ਧਾਰਮਿਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਮਸਜਿਦਾਂ ਵਿੱਚ ਨਾ ਜਾਣ ਦਣ ਅਤੇ ਨਾ ਹੀ ਇਸਦਾ ਸਮੱਰਥਨ ਕਰਨ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਸਜਾ ਮਿਲੇਗੀ।

ਸਰਕਾਰ ਦੇ ਇਸ ਰਵੱਈਏ ਨਾਲ ਇੱਥੇ ਰਹਿ ਰਹੇ ਮੁਸਲਮਾਨਾਂ ਦੇ ਮਨ ਵਿੱਚ ਇਨ੍ਹਾਂ ਪਾਬੰਦੀਆਂ ਨਾਲ ਇਹ ਧਾਰਨਾ ਪੈਦਾ ਹੋਣ ਲੱਗੀ ਹੈ ਕਿ ਸਰਕਾਰ ਉਨ੍ਹਾਂ ਦੇ ਰੀਤੀ-ਰਿਵਾਜ ਅਤੇ ਪਰੰਪਰਾਵਾਂਨੂੰ ਖਤਮ ਕਰਨ ‘ਤੇ ਅਮਾਦਾ ਹੈ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਸਰਕਾਰ 1966 ਦਾ ਮਾਹੌਲ ਬਣਾਉਣਾ ਚਾਹੁੰਦੀ ਹੈ, ਜਿਸ ਦੌਰਾਨ ਮਸਜਿਦਾਂ ਨੂੰ ਢਾਹ ਦਿੱਤਾ ਗਿਆ ਫਿਰ ਜਾਨਵਰਾਂ ਨੂੰ ਰੱਖਣ ਦੀ ਜਗ੍ਹਾ ਦੇ ਰੂਪ ਵਿਚ ਤਬਦੀਲ ਕਰ ਦਿੱਤਾ ਗਿਆ। ਉਈਗਰ ਮੁਸਲਮਾਨਾਂ ਦੀ ਇਹ ਚਿੰਤਾ ਬੇਵਜ੍ਹਾ ਨਹੀਂ ਹੈ। ਗੌਰ ਕਰੀਏ ਤਾਂ ਚੀਨ ਦੀ ਸਰਕਾਰ ਨੇ ਇੱਥੋਂ ਦੀਆਂ ਮਸਜਿਦਾਂ ‘ਤੇ ਰਾਸ਼ਟਰੀ ਝੰਡਾ ਲਾਉਣਾ ਲਾਜ਼ਮੀ ਕਰ ਦਿੱਤਾ ਹੈ ਅਤੇ ਅਵਾਜ ਪ੍ਰਦੂਸ਼ਣ ਦੀ ਆੜ ਵਿੱਚ ਇਨ੍ਹਾਂ ਮਸਜਿਦਾਂ ਦੇ ਇਮਾਮਾਂ ਨੂੰ ਚੇਤਾਇਆ ਹੈ ਕਿ ਉਹ ਨਮਾਜ ਲਈ ਮਾਈਕ ਦੇ ਜਰੀਏ ਲੋਕਾਂ ਨੂੰ ਸੱਦਾ ਨਹੀਂ ਦੇਣਗੇ। ਨਾਲ ਹੀ ਮੁਸਲਮਾਨ ਬਹੁਤਾਤ ਵਾਲੇ ਰਾਜਾਂ ਦੀਆਂ ਤਕਰੀਬਨ ਸਾਰੀਆਂ ਮਸਜਿਦਾਂ ਤੋਂ ਲਾਊਡ ਸਪੀਕਰਾਂ ਨੂੰ ਹਟਾ ਦਿੱਤਾ ਗਿਆ ਹੈ।

ਜਦੋਂ ਦੁਨੀਆ ਭਰ ਦੇ ਮੁਸਲਮਾਨ ਰਮਜ਼ਾਨ ਮਹੀਨੇ ਵਿੱਚ ਰੋਜ਼ਾ ਰੱਖਦੇ ਹਨ ਉਦੋਂ ਇੱਥੋਂ ਦੀ ਸਰਕਾਰ ਸ਼ਿਨਜਿਆਂਗ, ਨਿੰਗਸ਼ਿਆਂਗ, ਗੁਆਂਗਸ਼ੀ, ਕਾਨਸੂ, ਛਿੰਗਹਾਈ ਅਤੇ ਯੂਨਨਾਨ ਪ੍ਰਾਂਤ ਵਿੱਚ ਵੱਸੇ ਮੁਸਲਮਾਨਾਂ ਦੇ ਰੋਜ਼ੇ ‘ਤੇ ਰੋਕ ਲਾਉਂਦੀ ਹੈ। ਇਸ ਰਵੱਈਏ ਨਾਲ ਚੀਨ ਦਾ ਮੁਸਲਮਾਨ ਭਾਈਚਾਰਾ ਬੇਹੱਦ ਖਫ਼ਾ ਹੈ ਅਤੇ ਉਸਨੂੰ ਸ਼ੱਕ ਹੈ ਕਿ ਇਹ ਸਖ਼ਤ ਪਾਬੰਦੀਆਂ ਜਾਰੀ ਰਹੀਆਂ ਤਾਂ ਉਨ੍ਹਾਂ ਦਾ ਵਜ਼ੂਦ ਖਤਮ ਹੋ ਜਾਵੇਗਾ। ਗੌਰ ਕਰੀਏ ਤਾਂ ਚੀਨ ਉਈਗਰ ਮੁਸਲਮਾਨਾਂ ‘ਤੇ ਇਸ ਲਈ ਜ਼ਿਆਦਤੀ ਕਰ ਰਿਹਾ ਹੈ ਕਿ ਬੀਤੇ ਸਾਲਾਂ ਵਿੱਚ ਚੀਨ ਵਿੱਚ ਕਈ ਅੱਤਵਾਦੀ ਘਟਨਾਵਾਂ ਹੋਈਆਂ ਜਿਨ੍ਹਾਂ ਵਿੱਚ ਕੱਟੜਪੰਥੀ ਮੁਸਲਮਾਨ ਸੰਗਠਨਾਂ ਦਾ ਹੱਥ ਪਾਇਆ ਗਿਆ।

2015 ਵਿੱਚ ਚੀਨ ਦੇ ਦੱਖਣੀ ਹਿੱਸੇ ਗੁਆਂਗਸ਼ੀ ਖੁਦਮੁਖਤਿਆਰ ਖੇਤਰ ਵਿੱਚ ਡੇਢ ਦਰਜਨ ਲੈਟਰ ਬੰਬ ਧਮਾਕੇ ਹੋਏ ਸਨ। ਇਨ੍ਹਾਂ ਧਮਾਕਿਆਂ ਵਿੱਚ ਤਕਰੀਬਨ ਅੱਧਾ ਦਰਜਨ ਲੋਕਾਂ ਦੀ ਮੌਤ ਹੋਈ ਸੀ ਅਤੇ ਪੰਜ ਦਰਜਨ ਤੋਂ ਜਿਆਦਾ ਲੋਕ ਬੁਰੀ ਤਰ੍ਹਾਂ ਜਖ਼ਮੀ ਹੋਏ ਸਨ। ਸਰਕਾਰ ਨੇ ਜਾਂਚ ਵਿੱਚ ਪਾਇਆ ਕਿ ਇਹ ਕਾਰਾ ਅੱਤਵਾਦੀ ਇਸਲਾਮਿਕ ਕੱਟੜਪੰਥੀਆਂ ਦਾ ਹੈ ਜਿਨ੍ਹਾਂ ਵਿੱਚ ਸ਼ਿਨਜਿਆਂਗ ਪ੍ਰਾਂਤ ਦੇ ਉਈਗਰ ਮੁਸਲਮਾਨ ਨੌਜਵਾਨ ਵੀ ਸ਼ਾਮਿਲ ਹਨੈ। ਚੀਨ ਉਈਗਰ ਮੁਸਲਮਾਨਾਂ ਦੀ ਨਿਹਚਾ ਨੂੰ ਲੈ ਕੇ ਉਦੋਂ ਤੋਂ ਸ਼ੰਕੇ ‘ਚ ਹੈ ਜਦੋਂ ਚੀਨ ਵਿੱਚ ਓਲੰਪਿਕ ਹੋਇਆ ਸੀ ਅਤੇ ਉਸ ਸਮੇਂ ਉਈਗਰ ਭਾਈਚਾਰੇ ਦੇ 122 ਵਿਦਰੋਹੀਆਂ ਨੇ ਖੁਲ੍ਹੇਆਮ ਵਿਰੋਧ ਕੀਤਾ ਸੀ।

ਨਤੀਜਾ ਓਲੰਪਿਕ ਖ਼ਤਮ ਹੋਣ ਤੋਂ ਬਾਅਦ ਚੀਨ ਦੀ ਸਰਕਾਰ ਨੇ ਸਾਰੇ ਵਿਦਰੋਹੀਆਂ ਨੂੰ ਗੋਲੀਆਂ ਨਾਲ ਭੁੰਨ੍ਹ ਦਿੱਤਾ। ਚੀਨ ਦੀ ਸਰਕਾਰ ਇਸ ਨਤੀਜੇ ‘ਤੇ ਹੈ ਕਿ ਬੇਸ਼ੱਕ ਹੀ ਉਸਨੇ ਤੱਤਕਾਲੀ ਗੁੱਸੇ ਨੂੰ ਦਬਾ ਦਿੱਤਾ ਪਰ ਉਸਦੀ ਅੱਗ ਹਾਲੇ ਬੁਝੀ ਨਹੀਂ ਹੈ। ਹਾਲਾਂਕਿ ਇਸਲਾਮਿਕ ਅੱਤਵਾਦੀ ਸੰਗਠਨ ਪਹਿਲਾਂ ਹੀ ਸ਼ਿਨਜਿਆਂਗ ਪ੍ਰਾਂਤ ਨੂੰ ਇਸਲਾਮਿਕ ਰਾਸ਼ਟਰ ਬਣਾਉਣ ਦਾ ਸੱਦਾ ਦੇ ਚੁੱਕੇ ਹਨ ਅਜਿਹੇ ਵਿੱਚ ਚੀਨ ਇੱਕ ਰਣਨੀਤੀ ਦੇ ਤਹਿਤ ਉਈਗਰ ਮੁਸਲਮਾਨਾਂ ਦੇ ਖਿਲਾਫ ਕੰਮ ਕਰ ਰਿਹਾ ਹੈ।

ਸ਼ਿਨਜਿਆਂਗ ਪ੍ਰਾਂਤ ਦੀ ਗੱਲ ਕਰੀਏ ਤਾਂ ਇਹ ਪ੍ਰਾਂਤ ਸ਼ੁਰੂ ਤੋਂ ਹੀ ਸੰਵੇਦਨਸ਼ੀਲ ਰਿਹਾ ਹੈ। ਇੱਥੇ 40 ਤੋਂ 50 ਫੀਸਦੀ ਆਬਾਦੀ ਉਈਗਰ ਮੁਸਲਮਾਨਾਂ ਦੀ ਹੈ ਜਿਸਨੂੰ ਕਾਬੂ ਵਿੱਚ ਕਰਨ ਲਈ ਉਸਨੇ ਇੱਕ ਵਿਸ਼ੇਸ਼ ਰਣਨੀਤੀ ਦੇ ਤਹਿਤ ਇੱਥੇ ਹਾਨ ਵੰਸ਼ੀ ਚੀਨੀਆਂ ਨੂੰ ਵੱਡੀ ਗਿਣਤੀ ਵਿੱਚ ਵਸਾਉਣਾ ਸ਼ੁਰੂ ਕਰ ਦਿੱਤਾ ਹੈ। ਨਤੀਜਾ ਉਈਗਰ ਮੁਸਲਮਾਨਾਂ ਦੀ ਗਿਣਤੀ ਸੁੰਗੜਨ ਲੱਗੀ ਹੈ।

ਉਹ ਚੀਨੀ ਹਾਨ ਵੰਸ਼ੀਆਂ ਦੀ ਆਬਾਦੀ ਦੇ ਅੱਗੇ ਘੱਟ-ਗਿਣਤੀ ਬਣ ਕੇ ਰਹਿ ਗਏ ਹਨ। ਅਜਿਹੇ ਵਿੱਚ ਉਈਗਰ ਮੁਸਲਮਾਨਾਂ ਨੂੰ ਆਪਣੀ ਸੰਸਕ੍ਰਿਤੀ ਨੂੰ ਲੈ ਕੇ ਚਿੰਤਾ ਹੋਣੀ ਲਾਜ਼ਮੀ ਹੈ। ਇਹੀ ਵਜ੍ਹਾ ਹੈ ਕਿ ਉਹ ਚੀਨੀ ਸਰਕਾਰ ਤੋਂ ਖੁਦਮੁਖਤਿਆਰੀ ਦੀ ਮੰਗ ਕਰ ਰਹੇ ਹਨ। ਸੱਚ ਤਾਂ ਇਹ ਹੈ ਕਿ ਉਸ ਦੀਆਂ ਨੀਤੀਆਂ ਵੀ ਜ਼ਿੰਮੇਦਾਰ ਹਨ। ਦੁਨੀਆ ਵੇਖ ਚੁੱਕੀ ਹੈ ਕਿ ਉਹ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਪ੍ਰਮੁੱਖ ਅਤੇ ਪਠਾਨਕੋਟ ਅੱਤਵਾਦੀ ਹਮਲੇ ਦੇ ਮਾਸਟਰਮਈਂਡ ਮਸੂਦ ਅਜਹਰ ਦਾ ਕਿਸ ਤਰ੍ਹਾਂ ਬਚਾਅ ਕਰਦਾ ਰਿਹਾ ਹੈ। ਉਚਿਤ ਹੋਵੇਗਾ ਕਿ ਉਹ ਆਪਣੇ ਨਾਗਰਿਕਾਂ ਦੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰ ਦਾ ਘਾਣ ਕਰਨ ਦੀ ਬਜਾਏ ਆਪ ਅੱਤਵਾਦੀ ਸੰਗਠਨਾਂ ਨੂੰ ਪਨਾਹ ਦੇਣਾ ਬੰਦ ਕਰੇ।
ਅਰਵਿੰਦ ਜੈਤਿਲਕ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.