ਬੱਚਿਆਂ ਦੀ ਸਰੀਰਕ ਮਾਨਸਿਕ ਮਜ਼ਬੂਤੀ ਖੇਡਾਂ ਨਾਲ ਹੀ ਸੰਭਵ

ਬੱਚਿਆਂ ਦੀ ਸਰੀਰਕ ਮਾਨਸਿਕ ਮਜ਼ਬੂਤੀ ਖੇਡਾਂ ਨਾਲ ਹੀ ਸੰਭਵ

ਅੱਜ ਦੇਸ਼-ਦੁਨੀਆ ਬਹੁਤ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ। ਤਕਨਾਲੋਜੀ ਦੇ ਯੁੱਗ ਵਿੱਚ ਸਮੇਂ ਦੇ ਹਾਣੀ ਬਣਨ ਲਈ ਬੱਚਿਆਂ ਦਾ ਹਰ ਪੱਖ ਤੋਂ ਸਰਬਪੱਖੀ ਵਿਕਾਸ ਹੋਣਾ ਅਤਿਅੰਤ ਜ਼ਰੂਰੀ ਹੈ। ਸਰਬਪੱਖੀ ਵਿਕਾਸ ਵਿੱਚ ਤੰਦਰੁਸਤੀ ਤੋਂ ਲੈ ਕੇ ਇਨਸਾਨ ਦਾ ਹਰ ਇੱਕ ਪਹਿਲੂ ਆ ਜਾਂਦਾ ਹੈ ਜੋ ਉਸ ਨੂੰ ਤੇਜ਼-ਤਰਾਰ ਸਮੇਂ ਦੇ ਨਾਲ ਭੱਜਣ ਦੇ ਕਾਬਲ ਬਣਾਉਂਦਾ ਹੈ।

ਮਹਾਨ ਕਿ੍ਰਕਟ ਖਿਡਾਰੀ ਸਚਿਨ ਤੇਂਦੁਲਕਰ ਲਿਖਦੇ ਹਨ ਕਿ ਖੇਡਾਂ ਸਭ ਤੋਂ ਚੁਣੌਤੀਪੂਰਨ ਹਾਲਾਤਾਂ ਵਿੱਚ ਵੀ ਉਮੀਦ ਅਤੇ ਅਨੰਦ ਲਿਆਉਂਦੀਆਂ ਹਨ। ਇਸ ਲਈ ਖੇਡਣ ਦੀ ਆਦਤ ਬਣਾਓ, ਆਪਣੇ-ਆਪ ਨੂੰ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਖੁਸ਼ ਰੱਖੋ। ਪਰੰਤੂ ਅੱਜ ਦੇ ਸਮੇਂ ਵਿੱਚ ਇਹ ਆਮ ਦੇਖਿਆ ਜਾਂਦਾ ਹੈ ਕਿ ਛੋਟੇ ਬੱਚੇ ਤੋਂ ਲੈ ਕੇ ਵੱਡੇ ਵੀ ਮਾਨਸਿਕ ਤਣਾਅ ਮਹਿਸੂਸ ਕਰਦੇ ਹਨ। ਇਸ ਦਾ ਇੱਕੋ-ਇੱਕ ਕਾਰਨ ਹੈ ਸਰੀਰਕ ਤੌਰ ’ਤੇ ਪੂਰੀ ਤਰ੍ਹਾਂ ਤੰਦਰੁਸਤ ਨਾ ਹੋਣਾ।

ਅੱਜ-ਕੱਲ੍ਹ ਤਕਨਾਲੋਜੀ ਦੇ ਦੌਰ ਵਿੱਚ ਮਾਂ-ਬਾਪ ਬੱਚਿਆਂ ਨੂੰ ਤਕਨੀਕ ਦੇ ਨਾਲ-ਨਾਲ ਜੋੜਦੇ ਹੋਏ ਕਿਤੇ ਨਾ ਕਿਤੇ ਬੱਚਿਆਂ ਦੇ ਸਰੀਰਕ ਵਿਕਾਸ ਨੂੰ ਅੱਖੋਂ-ਪਰੋਖੇ ਕਰ ਰਹੇ ਹਨ। ਆਨਲਾਈਨ ਪੜ੍ਹਾਈ, ਮੁਕਾਬਲੇ, ਕਈ ਤਰ੍ਹਾਂ ਦੀਆਂ ਆਨਲਾਈਨ ਗੇਮਾਂ ਨਾਲ ਜੁੜ ਕੇ ਸਾਡੇ ਬੱਚੇ ਸਰੀਰਕ ਤੌਰ ’ਤੇ ਕਮਜ਼ੋਰ ਹੁੰਦੇ ਜਾ ਰਹੇ ਹਨ। ਪਰੰਤੂ ਇੱਥੇ ਸਭ ਤੋਂ ਪਹਿਲਾਂ ਮਾਂ-ਬਾਪ ਦਾ ਫ਼ਰਜ਼ ਬਣਦਾ ਹੈ ਕਿ ਉਹ ਬਚਪਨ ਦੇ ਵਿੱਚ ਹੀ ਬੱਚਿਆਂ ਦੀ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ।

ਬੱਚਿਆਂ ਨੂੰ ਪਿਆਰ ਦੇ ਨਾਲ ਬਚਪਨ ਦੇ ਵਿੱਚ ਹੀ ਕਿਸੇ ਸਰੀਰਕ ਖੇਡ ਦੇ ਨਾਲ ਜੋੜਿਆ ਜਾ ਸਕਦਾ ਹੈ। ਪਿਤਾ ਦਾ ਫ਼ਰਜ਼ ਬਣਦਾ ਹੈ ਕਿ ਸ਼ਾਮ ਵੇਲੇ ਬੱਚੇ ਨੂੰ ਕਿਸੇ ਪਾਰਕ ਜਾਂ ਖੇਡ ਦੇ ਮੈਦਾਨ ਵਿੱਚ ਜ਼ਰੂਰ ਲੈ ਕੇ ਜਾਵੇ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿ ਅੱਜ-ਕੱਲ੍ਹ ਬੱਚੇ ਗਰਾਊਂਡਾਂ ਤੋਂ ਬਹੁਤ ਹੀ ਦੂਰ ਹੁੰਦੇ ਜਾ ਰਹੇ ਹਨ। ਇੱਥੋਂ ਤੱਕ ਸਕੂਲਾਂ ਦੇ ਵਿੱਚ ਵੀ ਸਰੀਰਕ ਸਿੱਖਿਆ ਦੇ ਪੀਰੀਅਡ ਲਗਭਗ ਖ਼ਤਮ ਹੀ ਹੁੰਦੇ ਜਾ ਰਹੇ ਹਨ। ਇਹ ਆਮ ਦੇਖਿਆ ਜਾ ਸਕਦਾ ਹੈ ਕਿ ਸਕੂਲਾਂ ਦੇ ਵਿੱਚ ਵੀ ਖੇਡਾਂ ਦੇ ਪੀਰੀਅਡ ਦੇ ਦੌਰਾਨ ਦੂਸਰੇ ਵਿਸ਼ਿਆਂ ਦੇ ਅਧਿਆਪਕ ਆਪਣੇ ਪੀਰੀਅਡ ਸੈੱਟ ਕਰਵਾ ਲੈਂਦੇ ਹਨ।

ਉੱਡਣੇ ਸਿੱਖ ਮਿਲਖਾ ਸਿੰਘ ਨੇ ਅਥਲੈਟਿਕਸ ਕਰੀਅਰ ਤੋਂ ਸੇਵਾਮੁਕਤੀ ਤੋਂ ਬਾਅਦ ਲਗਭਗ 30 ਸਾਲਾਂ ਤੋਂ ਵੱਧ ਸਮੇਂ ਤੱਕ ਪੰਜਾਬ ਸਰਕਾਰ ਵਿੱਚ ਡਿਪਟੀ ਡਾਇਰੈਕਟਰ ਸਪੋਰਟਸ ਅਤੇ ਬਾਅਦ ਵਿੱਚ ਡਾਇਰੈਕਟਰ ਖੇਡਾਂ ਅਤੇ ਸਿੱਖਿਆ ਵਜੋਂ ਕੰਮ ਕੀਤਾ। ਆਪਣੇ ਇਸ ਕਾਰਜਕਾਲ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਹਰ ਸਕੂਲ ਵਿੱਚ ਖੇਡਾਂ ਦੇ ਪੀਰੀਅਡ ਨੂੰ ਲਾਜ਼ਮੀ ਕਰਨ ’ਤੇ ਜ਼ੋਰ ਦਿੱਤਾ। ਜੋ ਕਿ ਉਨ੍ਹਾਂ ਦਾ ਬਹੁਤ ਹੀ ਮਹੱਤਵਪੂਰਨ ਉਪਰਾਲਾ ਸੀ। ਪਰੰਤੂ ਅੱਜ ਸਕੂਲ ਪੱਧਰ ’ਤੇ ਹੀ ਬੱਚਿਆਂ ਨੂੰ ਗਰਾਊਂਡ ਤੋਂ ਦੂਰ ਕੀਤਾ ਜਾ ਰਿਹਾ ਹੈ।

ਪਿਛਲੇ ਕਈ ਸਾਲਾਂ ਦੌਰਾਨ ਸਾਡੇ ਪੰਜਾਬ ਦੇ ਵਿੱਚ ਤਕਨਾਲੋਜੀ ਬਹੁਤ ਵੱਡੇ ਪੱਧਰ ’ਤੇ ਫੈਲ ਗਈ ਹੈ ਜਿਸ ਸਦਕਾ ਸਾਡੇ ਬੱਚੇ ਘੋਰ, ਕਾਫ਼ੀ ਹੱਦ ਤੱਕ ਨਾ ਦਿਸਣ ਵਾਲੀ, ਦਲਦਲ ਦੇ ਵਿੱਚ ਫਸਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਉਨ੍ਹਾਂ ਦਾ ਦਿਮਾਗੀ ਵਿਕਾਸ ਤਾਂ ਕੁਝ ਹੱਦ ਤੱਕ ਹੋਇਆ ਹੈ ਪਰੰਤੂ ਉਹ ਮਾਨਸਿਕ ਅਤੇ ਸਰੀਰਕ ਵਿਕਾਸ ਵਿੱਚ ਫਾਡੀ ਰਹਿ ਰਹੇ ਹਨ।

ਕਦੇ ਸਮਾਂ ਹੁੰਦਾ ਸੀ ਕਿ ਪੰਜਾਬ ਦੇ ਸਕੂਲਾਂ ਵਿੱਚ ਹਾਕੀ, ਕਿ੍ਰਕਟ ਜਾਂ ਫੱੁਟਬਾਲ ਜਿਹੇ ਮੁਕਾਬਲਿਆਂ ਦੇ ਵਿਚ ਸਕੂਲ ਪੱਧਰ ਤੋਂ ਲੈ ਕੇ ਬਲਾਕ, ਜ਼ਿਲ੍ਹਾ ਜਾਂ ਸੂਬਾ ਪੱਧਰ ’ਤੇ ਤਗੜੇ ਮੁਕਾਬਲੇ ਹੁੰਦੇ ਸਨ। ਵਿਦਿਆਰਥੀ ਆਪਣੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਹਰ ਸਕੂਲ ਦੇ ਵਿੱਚ ਕਿਸੇ ਨਾ ਕਿਸੇ ਖੇਡ ਵੰਨਗੀ ਦੀਆਂ ਟੀਮਾਂ ਬਣੀਆਂ ਹੁੰਦੀਆਂ ਸਨ। ਪੰਜਾਬ ਦੇ ਸਕੂਲਾਂ ਵਿਚ ਲੰਬਾ ਸਮਾਂ ਸਾਡੀ ਰਾਸ਼ਟਰੀ ਖੇਡ ਹਾਕੀ ਮਨਪਸੰਦ ਖੇਡ ਰਹੀ ਹੈ।

ਸਰੀਰਕ ਸਿੱਖਿਆ ਅਧਿਆਪਕ ਵੀ ਰੋਜ਼ਾਨਾ ਬੱਚਿਆਂ ਦੀ ਤਿਆਰੀ ਕਰਵਾਉਂਦੇ ਸਨ। ਪਰੰਤੂ ਅਜੋਕੇ ਸਮੇਂ ਵਿੱਚ ਮੋਬਾਇਲ ਫੋਨਾਂ ਅਤੇ ਵੀਡੀਓ ਗੇਮਾਂ ਨੇ ਖੇਡ ਮੈਦਾਨ ਬੱਚਿਆਂ ਤੋਂ ਸੱਖਣੇ ਹੀ ਕਰ ਦਿੱਤੇ ਹਨ। ਅੱਜ ਹਾਲਾਤ ਇਹੋ-ਜਿਹੇ ਬਣ ਗਏ ਹਨ ਕਿ ਜਿਲ੍ਹਾ ਪੱਧਰ ਦੀ ਤਾਂ ਗੱਲ ਛੱਡ ਹੀ ਦੇਈਏ, ਬਲਾਕ ਪੱਧਰ ’ਤੇ ਵੀ ਟੀਮਾਂ ਦੇ ਕੋਈ ਖਾਸ ਮੁਕਾਬਲੇ ਨਹੀਂ ਹੁੰਦੇ।

ਕਿਉਂਕਿ ਪੰਜਾਬ ਦੇ ਵਿੱਚ ਇਨ੍ਹਾਂ ਮੁਕਾਬਲਿਆਂ ਦੇ ਲਈ ਖਿਡਾਰੀ ਹੀ ਪੈਦਾ ਨਹੀਂ ਹੋ ਰਹੇ। ਅੱਜ ਦੇ ਯੁੱਗ ਵਿਚ ਤਕਨਾਲੋਜੀ ਨੇ ਜਿੱਥੇ ਇੱਕ ਕ੍ਰਾਂਤੀ ਲੈ ਕੇ ਆਉਂਦੀ ਹੈ। ਉੱਥੇ ਹੀ ਕਈ ਤਰ੍ਹਾਂ ਦੇ ਨਕਾਰਾਤਮਕ ਪ੍ਰਭਾਵ ਪੈਦਾ ਕੀਤੇ ਹਨ। ਸਾਡੇ ਬੱਚੇ ਸਰੀਰਕ ਕਸਰਤਾਂ ਤੋਂ ਵਾਂਝੇ ਹੋ ਰਹੇ ਹਨ। ਸਰੀਰਕ ਖੇਡਾਂ ਖੇਡਣ ਦੇ ਨਾਲ ਸਾਡੇ ਸਰੀਰ ਦੀ ਹਰ ਤਰ੍ਹਾਂ ਦੀ ਕਸਰਤ ਵੀ ਹੁੰਦੀ ਹੈ। ਬੱਚਿਆਂ ਦੇ ਵਿੱਚ ਆਤਮ-ਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ। ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਪਾਰ ਕਰਨ ਦੇ ਲਈ ਦਿ੍ਰੜ੍ਹ ਨਿਸ਼ਚੇ ਦਾ ਅਹਿਸਾਸ ਪੈਦਾ ਹੁੰਦਾ ਹੈ।

ਪਰੰਤੂ ਜਿਸ ਹਿਸਾਬ ਨਾਲ ਸਕੂਲਾਂ ਦੇ ਮੈਦਾਨ ਖਾਲੀ ਹੋ ਰਹੇ ਹਨ ਇਸ ਹਿਸਾਬ ਨਾਲ ਤਾਂ ਸਾਡੇ ਬੱਚੇ ਖੇਡਾਂ ਦੀਆਂ ਵੰਨਗੀਆਂ ਹੀ ਭੁੱਲ ਜਾਣਗੇ। ਆਪ ਖੇਡਣਾ ਤਾਂ ਦੂਰ ਦੂਜਿਆਂ ਨੂੰ ਖੇਡਦੇ ਦੇਖਣ ਦੀ ਦਿਲਚਸਪੀ ਵੀ ਖ਼ਤਮ ਹੁੰਦੀ ਜਾ ਰਹੀ ਹੈ। ਹਾਕੀ ਅਤੇ ਫੁੱਟਬਾਲ ਜਿਹੀਆਂ ਸਰੀਰਕ ਜ਼ੋਰ ਵਾਲੀਆਂ ਖੇਡਾਂ ਤਾਂ ਪੰਜਾਬ ਦੇ ਸਕੂਲਾਂ ਵਿੱਚ ਅਲੋਪ ਹੋਣ ਦੇ ਕਿਨਾਰੇ ਹਨ। ਸਰਕਾਰਾਂ ਦੀ ਨੀਅਤ ਵੀ ਖੇਡਾਂ ਦੇ ਪ੍ਰਤੀ ਨਿਰਾਸ਼ਾਜਨਕ ਹੀ ਰਹੀ ਹੈ।

ਖੇਡ ਵਿਭਾਗ ਪੰਜਾਬ ਦਾ ਇੱਥੇ ਅਹਿਮ ਫ਼ਰਜ਼ ਬਣਦਾ ਹੈ ਕਿ ਉਹ ਪੰਜਾਬ ਦੀਆਂ ਵੱਖ-ਵੱਖ ਖੇਡਾਂ ਲਈ ਨਵੀਂ ਪਨੀਰੀ ਪੈਦਾ ਕਰਨ ਦੇ ਲਈ ਸਕੂਲ ਪੱਧਰ ਤੋਂ ਲੈ ਕੇ ਕਾਲਜ ਪੱਧਰ ਤੱਕ ਆਪਣੀ ਬਾਜ ਅੱਖ ਰੱਖੇ। ਖੇਡਾਂ ਨਾਲ ਸਬੰਧਤ ਅਧਿਆਪਕਾਂ ਦੇ ਉਚੇਚੇ ਤੌਰ ’ਤੇ ਸੈਮੀਨਾਰ ਲਾਏ ਜਾਣ। ਸਕੂਲਾਂ ਦੇ ਮੈਦਾਨਾਂ ਨੂੰ ਨਵੇਂ ਸਿਰੇ ਤੋਂ ਤਿਆਰ ਕਰਕੇ ਖੇਡਾਂ ਦੇ ਸੈਂਟਰ ਬਣਾਏ ਜਾਣ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਇਨ੍ਹਾਂ ਸੈਂਟਰਾਂ ਦਾ ਦੌਰਾ ਕਰਨਾ ਜ਼ਰੂਰੀ ਬਣਾਉਣ। ਸਕੂਲਾਂ ਦੇ ਬੱਚੇ ਖੇਡਾਂ ਅਤੇ ਸਰੀਰਕ ਸਿੱਖਿਆ ਦੇ ਪੀਰੀਅਡ ਲਾਉਣੇ ਅਤਿ ਜ਼ਰੂਰੀ ਬਣਾਏ ਜਾਣ। ਮਾਂ-ਬਾਪ ਵੀ ਮਾਪੇ-ਅਧਿਆਪਕ ਮਿਲਣੀ ਦੌਰਾਨ ਸਕੂਲ ਮੁਖੀ ਤੋਂ ਆਪਣੇ ਬੱਚੇ ਦੀ ਖੇਡਾਂ ਪ੍ਰਤੀ ਰੁਚੀ, ਸ਼ਮੂਲੀਅਤ ਆਦਿ ਬਾਰੇ ਜਾਣਕਾਰੀ ਲੈਂਦੇ ਰਹਿਣ। ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਮਾਪੇ ਹੀ ਅਸਲ ਵਿੱਚ ਖੇਡਾਂ ਦੇ ਮਾਮਲੇ ਵਿਚ ਬੱਚਿਆਂ ਦੇ ਪਹਿਲੇ ਅਧਿਆਪਕ ਬਣ ਸਕਦੇ ਹਨ।
ਹਮੀਦੀ
ਮੋ. 94633-17199

ਅਮਨਿੰਦਰ ਸਿੰਘ ਕੁਠਾਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ