ਬੱਚੇ ਹੋਣ ਲੱਗੇ ਐਨਰਜੀ ਡਰਿੰਕ ਦੀ ਆਦਤ ਦਾ ਸ਼ਿਕਾਰ
ਅੱਜ-ਕੱਲ੍ਹ ਦੁਨੀਆ ਭਰ ਵਿਚ ਕੈਫ਼ੀਨ ਦੀ ਹੱਦੋਂ ਵੱਧ ਵਰਤੋਂ ਹੋ ਰਹੀ ਹੈ। ਕੋਈ ਵਿਰਲਾ ਹੀ ਘਰ ਹੋਵੇਗਾ ਜਿਸ ਵਿਚ ਕੋਈ ਵੀ ਕੈਫ਼ੀਨ ਨਾ ਲੈ ਰਿਹਾ ਹੋਵੇ। ਇਹ ਕੌਫ਼ੀ, ਚਾਹ, ਠੰਢਿਆਂ, ਐਨਰਜ਼ੀ ਡਿ੍ਰੰਕਸ, ਚਾਕਲੇਟ ਜਾਂ ਦਵਾਈਆਂ ਰਾਹੀਂ ਸਾਡੇ ਸਰੀਰ ਅੰਦਰ ਲੰਘ ਜਾਂਦੀ ਹੈ। ਕੈਫ਼ੀਨ ਬਹੁਤ ਜ਼ਿਆਦਾ ਮਾਤਰਾ ਵਿਚ ਸੋਡੇ ਤੇ ਠੰਢਿਆਂ (ਕੋਲਡ ਡਰਿੰਕਸ) ਰਾਹੀਂ ਬੱਚੇ ਲੈਂਦੇ ਹਨ ਪਰ ਨੌਜਵਾਨ ਠੰਢਿਆਂ ਦੇ ਨਾਲ-ਨਾਲ ਕੌਫ਼ੀ, ਵਾਧੂ ਗ੍ਰੀਨ ਟੀ ਅਤੇ ਐਨਰਜੀ ਡਰਿੰਕਸ ਵੀ ਲੈਣ ਲੱਗ ਪਏ ਹਨ। ਐਨਰਜੀ ਡਰਿੰਕਸ ਦੀ ਵਰਤੋਂ ਸ਼ੁਰੂ ਹੋਣ ਤੋਂ ਹਰ ਸਾਲ 16 ਫੀਸਦੀ ਵਾਧਾ ਹੋ ਰਿਹਾ ਹੈ। ਪਹਿਲਾਂ ਪੀਤੀ ਜਾ ਰਹੀ ਔਸਤਨ ਕੌਫ਼ੀ ਜਾਂ ਚਾਹ ਇੰਨੀ ਖ਼ਤਰਨਾਕ ਨਹੀਂ ਸੀ, ਜਿੰਨੀਆਂ ਹੁਣ ਦੀਆਂ ਜ਼ਿਆਦਾ ਤੇਜ਼ ਕੌਫ਼ੀਆਂ, ਗ੍ਰੀਨ ਚਾਹ, ਹਰਬਲ ਚਾਹ ਤੇ ਐਨਰਜੀ ਡਰਿੰਕਸ ਸਾਬਤ ਹੋ ਰਹੀਆਂ ਹਨ।
ਇਨ੍ਹਾਂ ਕਾਰਨ ਬੱਚਿਆਂ ਵਿਚ ਗੰਭੀਰ ਲੱਛਣ ਦਿਸਣ ਲੱਗ ਪਏ ਹਨ। 85 ਤੋਂ 250 ਮਿਲੀਗ੍ਰਾਮ ਕੈਫ਼ੀਨ ਅੰਦਾਜ਼ਨ 1-3 ਹਲਕੀ ਕੌਫ਼ੀ ਦੇ ਛੋਟੇ ਕੱਪਾਂ ਰਾਹੀਂ ਸਰੀਰ ਅੰਦਰ ਲੰਘ ਜਾਂਦੀ ਹੈ। ਇਸ ਨਾਲ ਥਕਾਵਟ ਦੂਰ ਹੋਈ ਮਹਿਸੂਸ ਹੁੰਦੀ ਹੈ ਤੇ ਚੁਸਤੀ ਵੀ; ਪਰ 250 ਤੋਂ 500 ਮਿਲੀਗ੍ਰਾਮ ਨਾਲ ਘਬਰਾਹਟ, ਹੱਥ-ਪੈਰ ਕੰਬਣੇ, ਨੀਂਦਰ ਨਾ ਆਉਣੀ, ਧਿਆਨ ਨਾ ਲਾ ਸਕਣਾ, ਆਦਿ ਦਿਸ ਸਕਦੇ ਹਨ। ਕੈਫ਼ੀਨ ਦੇ ਮਾੜੇ ਅਸਰ: ਦਿਮਾਗ਼, ਦਿਲ ਤੇ ਸਰੀਰ ਦੇ ਕੰਮ-ਕਾਰ ’ਤੇ ਵੱਖ-ਵੱਖ ਮਾਤਰਾ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। 500 ਮਿਲੀਗ੍ਰਾਮ ਤੋਂ ਵੱਧ ਹੁੰਦੇ ਸਾਰ ਬਹੁਤ ਪਸੀਨਾ ਆਉਣਾ, ਦੌਰੇ ਪੈਣੇ, ਧੜਕਣ ਵਧਣੀ ਤੇ ਧੜਕਣ ਵਿਚ ਗੜਬੜੀ ਵੀ ਦੇਖੀ ਗਈ ਹੈ। ਬਹੁਤੀ ਵਾਰ ਅਣਜਾਣੇ ਵਿਚ ਹੀ ਕੈਫ਼ੀਨ ਸਰੀਰ ਅੰਦਰ ਧੜਾਧੜ ਪਹੁੰਚ ਜਾਂਦੀ ਹੈ। ਇਸੇ ਲਈ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਐਨਰਜੀ ਡਰਿੰਕਸ ਲੈਣ ਵਾਲੇ ਸਾਵਧਾਨ ਹੋ ਜਾਣ। ਉਹ ਸਿਰਫ਼ ਪਾਣੀ ਵਿਚ ਘੁਲੀ ਹੋਈ ਕੈਫ਼ੀਨ ਪੀ ਰਹੇ ਹਨ, ਹੋਰ ਕੁੱਝ ਨਹੀਂ; ਯਾਨੀ ਇਨ੍ਹਾਂ ਡਰਿੰਕਸ ਵਿਚ ਤਾਕਤ ਵਾਲੀ ਕੋਈ ਵੀ ਚੀਜ਼ ਨਹੀਂ ਹੈ।
ਇਸੇ ਤਰ੍ਹਾਂ ਮਾਹਵਾਰੀ ਵੇਲੇ ਲੈਣ ਵਾਲੀ ਦਰਦ ਦੀ ਗੋਲੀ ਜਾਂ ਸਰੀਰ ਵਿਚ ਪੀੜ ਘਟਾਉਣ ਵਾਲੀਆਂ ਗੋਲੀਆਂ ਵਿਚ ਵੀ ਕੈਫ਼ੀਨ ਪਾ ਕੇ ਦਿਮਾਗ਼ ਨੂੰ ਤਰੋ-ਤਾਜ਼ਾ ਕਰਕੇ ਇਹ ਮਹਿਸੂਸ ਕਰਵਾ ਦਿੱਤਾ ਜਾਂਦਾ ਹੈ ਕਿ ਸਭ ਠੀਕ-ਠਾਕ ਹੈ। ਗ੍ਰੀਨ ਟੀ ਨੂੰ ਹਾਜ਼ਮਾ ਸਹੀ ਕਰਨ ਵਾਲੀ ਕਹਿ ਕੇ ਧੜਾਧੜ ਵਰਤਿਆ ਜਾ ਰਿਹਾ ਹੈ, ਜਦਕਿ ਅਸਰ ਸਿਰਫ਼ ਉਸ ਵਿਚਲੀ ਕੈਫ਼ੀਨ ਸਦਕਾ ਹੈ। ਕਈ ਤਰ੍ਹਾਂ ਦੀਆਂ ਜੜ੍ਹੀ-ਬੂਟੀਆਂ ਤੋਂ ਬਣੀਆਂ ਚਾਹ ਦੀਆਂ ਪੱਤੀਆਂ ਨਾਲ ਵੀ ਕੈਫ਼ੀਨ ਪਾਈ ਹੁੰਦੀ ਹੈ। ਠੰਢੇ ਜਾਂ ਕੋਲਡ ਡਰਿੰਕਸ ਤੇ ਇਹੋ-ਜਿਹੇ ਹੋਰ ਤੁਰੰਤ ਤਾਕਤ ਦੇਣ ਵਾਲੇ ਪੀਣਯੋਗ ਪਦਾਰਥਾਂ ਦੇ ਡੱਬਿਆਂ ਦੇ ਬਾਹਰ ਕੈਫ਼ੀਨ ਦੀ ਮਾਤਰਾ ਲਿਖੀ ਹੀ ਨਹੀਂ ਜਾ ਰਹੀ। ਕੁੱਝ ਐਨਰਜੀ ਡਰਿੰਕਸ ਵਿਚ 75 ਤੋਂ 300 ਮਿਲੀਗ੍ਰਾਮ ਤੱਕ ਕੈਫ਼ੀਨ ਪਾ ਦਿੱਤੀ ਗਈ ਹੈ ਤੇ ਕੁੱਝ ਠੰਢਿਆਂ ਨੂੰ ਵੱਧ ਤਾਕਤ ਵਾਲੇ ਦਰਸ਼ਾ ਕੇ ਕੈਫ਼ੀਨ ਦੀ ਮਾਤਰਾ ਪ੍ਰਤੀ ਔਂਸ ਵਧਾ ਦਿੱਤੀ ਜਾਂਦੀ ਹੈ।
ਕਈਆਂ ਦੇ ਡੱਬਿਆਂ ਬਾਹਰ ਕੈਫ਼ੀਨ ਦੀ ਥਾਂ ‘ਗੁਆਰਾਨਾ’ ਜਾਂ ‘ਕੋਲਾ ਨੱਟ’ ਜਾਂ ‘ਯਰਬਾ ਮੇਟ’ ਲਿਖ ਦਿੱਤਾ ਜਾਂਦਾ ਹੈ। ਇਨ੍ਹਾਂ ਵਿਚ ਕੈਫ਼ੀਨ ਦੀ ਮਾਤਰਾ ਦੁੱਗਣੀ ਜਾਂ ਤਿੱਗਣੀ ਹੁੰਦੀ ਹੈ ਤੇ ਇਹ 16 ਤੋਂ 23.5 ਔਂਸ ਦੇ ਕੈਨ ਵਿਚ ਵੇਚੇ ਜਾਂਦੇ ਹਨ। ਅਜਿਹੇ ਦੋ ਕੈਨ ਵੀ ਸਰੀਰ ਲਈ ਖ਼ਤਰਨਾਕ ਸਾਬਤ ਹੋ ਜਾਂਦੇ ਹਨ।
ਸਰੀਰ ਉੱਤੇ ਅਸਰ ਕਿਵੇਂ ਪੈਂਦਾ ਹੈ: ਕੈਫ਼ੀਨ ਢਿੱਡ ਵਿੱਚੋਂ ਪੂਰੀ ਤਰ੍ਹਾਂ ਜਜ਼ਬ ਹੋ ਜਾਂਦੀ ਹੈ ਤੇ ਸਿਰਫ਼ ਪੰਜ ਮਿੰਟਾਂ ਵਿਚ ਹੀ ਲਹੂ ਵਿਚ ਪਹੁੰਚ ਜਾਂਦੀ ਹੈ। 30 ਤੋਂ 60 ਮਿੰਟਾਂ ’ਚ ਇਹ ਮਾਤਰਾ ਲਹੂ ਵਿਚ ਪੂਰੀ ਸਿਖ਼ਰ ਉੱਤੇ ਪਹੁੰਚ ਜਾਂਦੀ ਹੈ, ਯਾਨੀ 0.5 ਲੀਟਰ ਪ੍ਰਤੀ ਕਿੱਲੋ! ਜਿਗਰ ਇਸ ਦੀ ਪੂਰੀ ਭੰਨ੍ਹ-ਤੋੜ ਕਰਦਾ ਹੈ ਤੇ ਸਰੀਰ ’ਤੇ ਇਸ ਦਾ ਅਸਰ 5 ਤੋਂ 8 ਘੰਟਿਆਂ ਤੱਕ ਰਹਿੰਦਾ ਹੈ।
ਸਰੀਰ ਅੰਦਰ ਇਹ ਦਿਮਾਗ਼ ਵਿਚਲੇ ਸਾਹ, ਦਿਲ ਤੇ ਹੋਰ ਕਈ ਸੈਂਟਰਾਂ ਉੱਤੇ ਸਿੱਧਾ ਅਸਰ ਪਾਉਂਦੀ ਹੈ, ਜਿਸ ਨਾਲ ਚਮੜੀ ਵਿਚਲੀਆਂ ਨਾੜੀਆਂ ਖੁੱਲ੍ਹ ਜਾਂਦੀਆਂ ਹਨ ਤੇ ਦਿਮਾਗ਼ ਅੰਦਰ ਕਈ ਸੁਨੇਹਿਆਂ ਸਦਕਾ ਦਿਮਾਗ਼ ਚੁਸਤ-ਦਰੁਸਤ ਹੋ ਕੇ ਝਟਪਟ ਹੋਰ ਸੁਨੇਹੇ ਘੱਲਣ ਲੱਗ ਪੈਂਦਾ ਹੈ। ਕੈਫ਼ੀਨ ਨੌਰ-ਐਪੀਨੈਫ਼ਰੀਨ ਤੇ ਐਪੀਨੈਫ਼ਰੀਨ ਵਧਾ ਦਿੰਦੀ ਹੈ ਜਿਸ ਨਾਲ ਧੜਕਣ ਵਧ ਜਾਂਦੀ ਹੈ। ਇਸ ਤੋਂ ਇਲਾਵਾ ਇਹ ਸਰੀਰ ਅੰਦਰ ਗਲੂਕੋਜ਼ ਵੱਧ ਬਣਾ ਦਿੰਦੀ ਹੈ ਤੇ ਪੋਟਾਸ਼ੀਅਮ ਘਟਾ ਦਿੰਦੀ ਹੈ। ਪੇਟ ਅੰਦਰ ਐਸਿਡ ਬਣਨਾ ਵਧ ਜਾਂਦਾ ਹੈ। ਨਹੀਂ ਅੰਤੜੀਆਂ ਦੀ ਚਾਲ ਵੀ ਤੇਜ਼ ਹੋ ਜਾਂਦੀ ਹੈ। ਇਸੇ ਲਈ ਬਥੇਰੇ ਜਣੇ ਕੈਫ਼ੀਨ ਦੇ ਆਦੀ ਬਣਨ ਬਾਅਦ ਉਦੋਂ ਤੱਕ ਸਵੇਰੇ ਗੁਸਲਖ਼ਾਨੇ ਵੱਲ ਤੁਰਦੇ ਹੀ ਨਹੀਂ ਜਦ ਤੱਕ ਕੜਕ ਚਾਹ ਅੰਦਰ ਨਾ ਲੰਘਾ ਲੈਣ। ਅਜੇ ਤੱਕ ਕੁੱਝ ਮੌਤਾਂ ਹੀ ਕੈਫ਼ੀਨ ਸਦਕਾ ਹੋਈਆਂ ਲੱਭੀਆਂ ਜਾ ਚੁੱਕੀਆਂ ਹਨ। ਹੁਣ ਸਪੱਸ਼ਟ ਹੋ ਗਿਆ ਹੈ ਕਿ 10 ਗ੍ਰਾਮ ਤੋਂ ਵੱਧ ਲਈ ਗਈ ਕੈਫ਼ੀਨ ਨੌਜਵਾਨ ਮੌਤਾਂ ਦਾ ਕਾਰਨ ਬਣ ਰਹੀ ਹੈ। ਲੋਕ ਨੌਜਵਾਨ ਮੌਤਾਂ ਦਾ ਕਾਰਨ ਸਿਰਫ਼ ਹਾਰਟ ਅਟੈਕ ਹੀ ਸਮਝੀ ਬੈਠੇ ਹਨ।
ਰੋਜ਼ ਦੀ 400 ਮਿਲੀਗ੍ਰਾਮ ਕੈਫ਼ੀਨ, ਯਾਨੀ 4 ਤੋਂ ਪੰਜ ਕੱਪ ਕੌਫ਼ੀ ਜਾਂ ਚਾਹ ਬਿਨਾਂ ਠੰਢਿਆਂ ਤੇ ਐਨਰਜੀ ਡਰਿੰਕਸ ਦੇ ਹੀ ਸਰੀਰ ਝੱਲ ਸਕਦਾ ਹੈ। ਗਰਭਵਤੀ ਔਰਤਾਂ ਲਈ ਵੱਧ ਤੋਂ ਵੱਧ 200 ਮਿਲੀਗ੍ਰਾਮ। ਇਸ ਤੋਂ ਵੱਧ ਕਿਸੇ ਹਾਲ ਵਿਚ ਨਹੀਂ। ਜੇ ਕਿਸੇ ਤਰ੍ਹਾਂ ਦੀ ਸ਼ਰਾਬ ਵਿਚ ਕੈਫ਼ੀਨ ਪਾ ਦਿੱਤੀ ਗਈ ਹੋਵੇ ਤਾਂ ਉਹ ਹੋਰ ਵੀ ਖ਼ਤਰਨਾਕ ਬਣ ਜਾਂਦੀ ਹੈ। ਅਜਿਹੀ ਸ਼ਰਾਬ 2010 ਵਿਚ ਅਮਰੀਕਾ ਵਿਚ ਬੈਨ ਕਰ ਦਿੱਤੀ ਗਈ ਪਰ ਭਾਰਤ ਵਿਚ ਮਿਲ ਰਹੀ ਹੈ। ਦਿਮਾਗ਼ ਉੱਤੇ ਪੈਂਦੇ ਅਸਰ: ਸਿਰ ਪੀੜ, ਸਿਰ ਹਲਕਾ ਮਹਿਸੂਸ ਹੋਣਾ, ਘਬਰਾਹਟ, ਇੱਕਦਮ ਭੜਕ ਜਾਣਾ, ਮੂੰਹ ਦੇ ਆਸ-ਪਾਸ ਦੀ ਥਾਂ ਤੇ ਹੱਥਾਂ-ਪੈਰਾਂ ਦਾ ਸੁੰਨ ਹੋਣਾ, ਸਾਹ ਤੇਜ਼ ਹੋਣਾ, ਧਿਆਨ ਨਾ ਲਾ ਸਕਣਾ, ਦਿਮਾਗ਼ੀ ਉਲਝਣ ਪੈਦਾ ਹੋਣਾ, ਪਾਗਲਾਂ ਵਾਂਗ ਵਤੀਰਾ ਕਰਨਾ, ਦੌਰੇ ਪੈਣੇ ਆਦਿ। ਦਿਲ ਉੱਤੇ ਪੈਂਦੇ ਅਸਰ: ਧੜਕਨ ਵਧਣੀ, ਛਾਤੀ ਵਿਚ ਪੀੜ, ਘਬਰਾਹਟ। ਪੇਟ ਉੱਤੇ ਪੈਂਦੇ ਅਸਰ: ਉਲਟੀਆਂ, ਦਿਲ ਕੱਚਾ ਹੋਣਾ, ਦਸਤ ਲੱਗਣੇ, ਭੁੱਖ ਮਰਨੀ।
ਧਿਆਨ ਦੇਣ ਯੋਗ ਗ਼ੱਲਾਂ: ਐਨਰਜੀ ਡਰਿੰਕਸ ਕਿਸੇ ਵੀ ਹਾਲ ਵਿਚ ਨਹੀਂ ਲੈਣੇ ਚਾਹੀਦੇ। ਸ਼ਰਾਬ ਤੇ ਐਨਰਜੀ ਡਰਿੰਕਸ ਦੀ ਰਲਵੀਂ ਵਰਤੋਂ ਜ਼ੋਰਾਂ ਉੱਤੇ ਹੈ, ਜੋ ਨੌਜਵਾਨਾਂ ਵਿਚ ਖ਼ਤਰਨਾਕ ਸਾਬਤ ਹੋ ਸਕਦੀ ਹੈ। ਜਿਗਰ ਦੇ ਰੋਗਾਂ ਵਾਲੇ, ਗਰਭਵਤੀ ਔਰਤਾਂ ਅਤੇ ਗਰਭ ਰੋਕੂ ਗੋਲੀਆਂ ਖਾਣ ਵਾਲਿਆਂ ਵਿਚ ਕੈਫ਼ੀਨ ਜ਼ਿਆਦਾ ਖ਼ਰਾਬੀ ਕਰਦੀ ਹੈ। ਬੱਚਿਆਂ ਨੂੰ ਚਾਹ, ਕੌਫ਼ੀ ਤੇ ਠੰਢੇ ਨਹੀਂ ਦੇਣੇ ਚਾਹੀਦੇ। ਚਾਰ ਕੱਪ ਚਾਹ ਜਾਂ ਕੌਫ਼ੀ ਤੋਂ ਵੱਧ ਰੋਜ਼ ਨਹੀਂ ਪੀਣੇ ਚਾਹੀਦੇ ਤੇ ਉਹ ਵੀ ਬਹੁਤੀ ਸਟਰੌਂਗ ਨਹੀਂ। ਡਾਕਟਰਾਂ ਤੇ ਖੋਜੀਆਂ ਦਾ ਕੰਮ ਹੁੰਦਾ ਹੈ ਵੇਲੇ ਸਿਰ ਸਾਵਧਾਨ ਕਰਨਾ ਤਾਂ ਜੋ ਸਾਰੇ ਸਿਹਤਮੰਦ ਰਹਿ ਸਕਣ। ਅੱਜ-ਕੱਲ੍ਹ ਨੌਜਵਾਨ ਮੌਤਾਂ ਵਿੱਚੋਂ ਬਥੇਰੀਆਂ ਇਨ੍ਹਾਂ ਐਨਰਜੀ ਡਰਿੰਕਸ ਤੇ ਸ਼ਰਾਬ ਦੇ ਮਿਸ਼ਰਨ ਪੀਣ ਸਦਕਾ ਹੋਣ ਲੱਗ ਪਈਆਂ ਹਨ ਤੇ ਬਥੇਰੇ ਐਕਸੀਡੈਂਟ ਵੀ।
ਵਧਦਾ ਗੁੱਸਾ ਤੇ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਵੀ ਸਾਹਮਣੇ ਆ ਰਹੀਆਂ ਹਨ। ਭੱਜ-ਦੌੜ ਤੇ ਤਣਾਅ ਭਰਪੂਰ ਇਸ ਜੀਵਨ ਵਿਚ ਜੇ ਸਰੀਰ ਨੂੰ ਹੋਰ ਉਕਸਾਇਆ ਜਾਵੇ ਤਾਂ ਜ਼ਿੰਦਗੀ ਛੋਟੀ ਹੋ ਸਕਦੀ ਹੈ। ਸੋ ਧਿਆਨ ਕਰੋ ਤੇ ਸਿਹਤਮੰਦ ਰਹੋ; ਸ਼ਿਕੰਜਵੀ, ਲੱਸੀ, ਸੱਤੂ ਤੇ ਦੁੱਧ ਲਓ। ਜੇ ਕੁੱਝ ਗਰਮ ਪੀਣਾ ਹੈ ਤਾਂ ਮੋਟੀ ਲਾਚੀ, ਦਾਲਚੀਨੀ, ਤੁਲਸੀ, ਛੋਟੀ ਲਾਚੀ, ਸੌਂਫ ਤੇ ਤਾਜ਼ਾ ਅਦਰਕ ਪਾਣੀ ਵਿਚ ਉਬਾਲ ਕੇ, ਉਸ ਵਿਚ ਦੁੱਧ ਮਿਲਾਇਆ ਜਾ ਸਕਦਾ ਹੈ। ਜ਼ਿੰਦਗੀ ਬਹੁਤ ਅਨਮੋਲ ਹੈ ਇਸ ਨੂੰ ਖਾਣ-ਪੀਣ ਦੀਆਂ ਗਲਤ ਆਦਤਾਂ ਦੇ ਜਿੰਮੇ ਨਾ ਲਾਇਆ ਜਾਵੇ।
ਬੁਢਲਾਡਾ, ਮਾਨਸਾ
ਡਾ. ਵਨੀਤ ਸਿੰਗਲਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ