ਸੰਸਕ੍ਰਿਤੀ ਤੋਂ ਟੁੱਟ ਰਿਹਾ ਬਚਪਨ

ਸੰਸਕ੍ਰਿਤੀ ਤੋਂ ਟੁੱਟ ਰਿਹਾ ਬਚਪਨ

ਕੋਰੋਨਾ ਮਹਾਂਮਾਰੀ ਨੇ ਜਾਨੀ ਨੁਕਸਾਨ ਦੇ ਨਾਲ-ਨਾਲ ਆਰਥਿਕਤਾ ਨੂੰ ਜੋ ਸੱਟ ਮਾਰੀ ਹੈ ਉਸ ਦੀ ਚਰਚਾ ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਸੰਸਦ ’ਚ ਹੋ ਰਹੀ ਹੈ ਪਰ ਇਸ ਮਾੜੇ ਦੌਰ ਨਾਲ ਦੇਸ਼ ਦੇ ਬਚਪਨ ਤੇ ਭਵਿੱਖ ਨੂੰ ਜੋ ਨੁਕਸਾਨ ਹੋ ਰਿਹਾ ਹੈ ਉਸ ਬਾਰੇ ਕਿਧਰੇ ਵੀ ਚਰਚਾ ਨਹੀਂ ਸਕੂਲਾਂ ਦੇ ਬੂਹੇ ਬੰਦ ਹੋਣ ਨਾਲ ਆਨਲਾਈਨ ਪੜ੍ਹਾਈ ਦੀ ਮਜ਼ਬੂਰੀ ਨੇ ਬੱਚਿਆਂ ਦੇ ਹੱਥ ’ਚ ਸਮਾਰਟ ਫੋਨ ਥਮ੍ਹਾ ਦਿੱਤੇ ਪੜ੍ਹਾਈ ਤਾਂ ਜ਼ਰੂਰੀ ਹੈ ਪਰ ਇਸ ਨੇ ਬੱਚਿਆਂ ਨੂੰ ਆਨਲਾਈਨ ਮਨੋਰੰਜਨ ਦਾ ਅਜਿਹਾ ਭੁੱਸ ਪਾ ਦਿੱਤਾ ਹੈ ਕਿ ਬੱਚੇ ‘ਮੋਬਾਇਲ ਫੋਨ’ ਦੀ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ

ਜ਼ਰੂਰਤ ਤੋਂ ਵੱਧ ਕਿਸੇ ਚੀਜ਼ ਦੀ ਵਰਤੋਂ ਆਪਣੇ-ਆਪ ’ਚ ਬਿਮਾਰੀ ਹੀ ਹੁੰਦੀ ਹੈ ਦੂਜਿਆਂ ਦੇ ਸੰਪਰਕ ਤੋਂ ਬਚਣ ਲਈ ਬੱਚਿਆਂ ਨੂੰ ਘਰ ਅੰਦਰ ਰੱਖਣਾ ਮਜ਼ਬੂਰੀ ਹੈ ਜਿਸ ਕਾਰਨ ਬੱਚਿਆਂ ਦਾ ਗਲੀਆਂ, ਪਾਰਕਾਂ ਤੇ ਹੋਰ ਖੁੱਲ੍ਹੀਆਂ ਥਾਵਾਂ ’ਤੇ ਖੇਡਣਾ ਬੰਦ ਹੋ ਗਿਆ ਜਾਂ ਸੀਮਿਤ ਹੋ ਗਿਆ ਇਹ ਸਮੱਸਿਆ ਸਰਕਾਰ ਲਈ ਕੋਈ ਮਸਲਾ ਨਹੀਂ ਅਜਿਹੀ ਸਮੱਸਿਆ ਨੂੰ ਸਮਾਜਿਕ ਜਾਂ ਮਾਪਿਆਂ ਦਾ ਨਿੱਜੀ ਮਸਲਾ ਮੰਨ ਕੇ ਸਰਕਾਰਾਂ ਛੱਡ ਦਿੰਦੀਆਂ ਹਨ ਪਰ ਸਾਡੇ ਗੁਆਂਢੀ ਚੀਨ ਨੇ ਇਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲਿਆ ਹੈ ਚੀਨ ਸਰਕਾਰ ਨੇ ਬੱਚਿਆਂ ਲਈ ਆਨਲਾਈਨ ਗੇਮਾਂ ਖੇਡਣ ਲਈ ਸਮਾਂ ਤੈਅ ਕਰ ਦਿੱਤਾ ਹੈ

ਉੱਥੇ ਬੱਚੇ ਹਫ਼ਤੇ ਦੇ ਅਖ਼ੀਰ ’ਚ ਅਤੇ ਇੱਕ ਘੰਟਾ ਹੀ ਆਨਲਾਈਨ ਗੇਮਾਂ ਖੇਡ ਸਕਣਗੇ ਚਲੋ, ਜੇਕਰ ਅਸੀਂ ਸਖ਼ਤ ਪਾਬੰਦੀ ਨਹੀਂ ਲਾਉਣੀ ਤਾਂ ਪ੍ਰੇਰਨਾ ਦੇਣ ਲਈ ਸਰਕਾਰ ਕੋਈ ਠੋਸ ਪ੍ਰੋਗਰਾਮ ਬਣਾ ਕੇ ਮੁਹਿੰਮ ਚਲਾਈ ਜਾ ਸਕਦੀ ਹੈ ਛੋਟੇ ਪਰਿਵਾਰਾਂ ਕਾਰਨ ਨਾ ਤਾਂ ਮਾਪੇ ਜਾਗਰੂਕ ਹਨ ਤੇ ਨਾ ਹੀ ਉਹਨਾਂ ਕੋਲ ਸਮਾਂ ਹੈ ਕਿ ਬੱਚਿਆਂ ਵੱਲ ਧਿਆਨ ਦੇਣ ਬੱਚਿਆਂ ਦਾ ਸਮਾਜਿਕ ਨਜ਼ਰੀਆ ਸੁੰਗੜਦਾ ਜਾ ਰਿਹਾ ਹੈ ਜ਼ਰੂਰਤ ਇਸ ਗੱਲ ਦੀ ਹੈ ਕਿ ਬੱਚਿਆਂ ਨੂੰ ਮੋਬਾਇਲ ਫੋਨ ਦੀ ਸੀਮਿਤ ਵਰਤੋਂ ਲਈ ਪ੍ਰੇਰਿਆ ਜਾਵੇ ਇਸ ਦੇ ਨਾਲ-ਨਾਲ ਧਰਮ, ਸੰਸਕ੍ਰਿਤੀ, ਇਤਿਹਾਸ, ਨੈਤਿਕ ਕਦਰਾਂ ਤੇ ਸਮਾਜਿਕ ਜੀਵਨ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਵੇ ਜ਼ਿਆਦਾਤਰ ਬੱਚੇ ਸੰਸਕ੍ਰਿਤੀ ਤੇ ਇਤਿਹਾਸ ਤੋਂ ਕੋਰੇ ਹੁੰਦੇ ਜਾ ਰਹੇ ਹਨ

ਬੱਚੇ ਦੇਸ਼ ਦਾ ਭਵਿੱਖ ਹਨ ਆਪਣੇ ਦੇਸ਼ ਦੇ ਧਰਮਾਂ, ਇਤਿਹਾਸ, ਸੰਸਕ੍ਰਿਤੀ ਤੇ ਜੀਵਨਸ਼ੈਲੀ ਦੇ ਗਿਆਨ ਨਾਲ ਭਰਪੂਰ ਨਾਗਰਿਕ ਹੀ ਦੇਸ਼ ਦੇ ਨਵਨਿਰਮਾਣ ’ਚ ਹਿੱਸਾ ਪਾ ਸਕੇਗਾ ਸਰਕਾਰਾਂ ਦੀ ਇਹ ਵੱਡੀ ਜਿੰਮੇਵਾਰੀ ਹੈ ਕਿ ਮਹਾਂਮਾਰੀ ਕਾਰਨ ਆ ਰਹੀਆਂ ਸਮਾਜਿਕ ਤਬਦੀਲੀਆਂ ’ਚੋਂ ਪੈਦਾ ਹੋ ਰਹੇ ਨਾਂਹਪੱਖੀ ਰੁਝਾਨਾਂ ਤੋਂ ਨਵੀਂ ਪੀੜ੍ਹੀ ਦੀ ਰੱਖਿਆ ਲਈ ਠੋਸ ਨੀਤੀਆਂ ਦੀ ਢਾਲ ਬਣਾਈ ਜਾਵੇ ਤਾਂ ਕਿ ਨਵੀਂ ਪੀੜ੍ਹੀ ਦੇਸ਼ ਦੇ ਵਿਕਾਸ ’ਚ ਸਹਾਇਕ ਹੋ ਸਕੇ ਮਾਪਿਆਂ ਤੇ ਸਕੂਲ ਪ੍ਰਬੰਧਕਾਂ ਦੇ ਸਾਂਝੇ ਯਤਨ ਵੀ ਇਸ ਦਿਸ਼ਾ ’ਚ ਚੰਗੇ ਨਤੀਜੇ ਲਿਆ ਸਕਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ