ਮੋਬਾਇਲ ਦੀ ਅਤੀ ਖਾ ਗਈ ਬਚਪਨ ਤੇ ਜਵਾਨੀ

ਮੋਬਾਇਲ ਦੀ ਅਤੀ ਖਾ ਗਈ ਬਚਪਨ ਤੇ ਜਵਾਨੀ

ਜੇਕਰ ਕੁਝ ਦਹਾਕੇ ਪਿੱਛੇ ਵੱਲ ਝਾਤ ਮਾਰੀਏ ਤਾਂ ਸੱਚਮੁੱਚ ਹੀ ਲੱਗਦਾ ਹੈ ਕਿ ਕਿੱਥੇ ਗਏ ਉਹ ਬਚਪਨ ਅਤੇ ਜਵਾਨੀ ਜਿਸ ਸਮੇਂ ਛੋਟੇ-ਛੋਟੇ ਬਾਲ ਗੁੱਡੀਆਂ-ਪਟੋਲੇ, ਗੁੱਲੀ-ਡੰਡਾ, ਬੰਟੇ, ਲੁਕਣਮੀਚੀ, ਬਾਂਦਰ ਕਿੱਲਾ ਆਦਿ ਛੋਟੀਆਂ-ਛੋਟੀਆਂ ਖੇਡਾਂ ਖੇਡਦੇ-ਖੇਡਦੇ ਕਦ ਵੱਡੇ ਹੋ ਜਾਂਦੇ ਪਤਾ ਹੀ ਨਾ ਲੱਗਦਾ। ਇਸ ਤਰ੍ਹਾਂ ਜਦ ਜਵਾਨੀ ਵਿੱਚ ਪੈਰ ਧਰਦੇ ਤਾਂ ਬੇਬੇ-ਬਾਪੂ ਹੌਲੀ-ਹੌਲੀ ਕੰਮਾਂ ਵਿੱਚ ਲਾ ਲੈਂਦੇ ਪਰ ਉਸ ਸਮੇਂ ਜੋ ਬਚਪਨ ਅਤੇ ਜਵਾਨੀ ਦਾ ਅਨੰਦ ਸੀ ਉਹ ਵੱਖਰਾ ਹੀ ਹੁੰਦਾ ਸੀ ਇੱਕ-ਦੂਸਰੇ ਪ੍ਰਤੀ ਆਦਰ-ਸਤਿਕਾਰ ਹੁੰਦਾ ਸੀ। ਪਰ ਇਸ ਦੇ ਮੁਕਾਬਲੇ ਅੱਜ ਦੇ ਬਚਪਨ ਅਤੇ ਜਵਾਨੀ ਦੀ ਗੱਲ ਕਰੀਏ ਤਾਂ ਬਹੁਤ ਵੱਖਰਾ ਹੀ ਅਨੁਭਵ ਹੁੰਦਾ ਹੈ। ਅੱਜ ਦੇ ਬੱਚਿਆਂ ਨੇ ਤਾਂ ਬਚਪਨ ਦੀਆਂ ਖੇਡਾਂ ਗੁੱਡੀਆਂ-ਪਟੋਲੇ, ਗੁੱਲੀ-ਡੰਡਾ, ਬੰਟੇ ਆਦਿ ਸ਼ਾਇਦ ਦੇਖੀਆਂ ਹੀ ਨਾ ਹੋਣ ।

ਪਰ ਹੁਣ ਇਨ੍ਹਾਂ ਖੇਡਾਂ ਦੀ ਜਗ੍ਹਾ ਇਲੈਕਟ੍ਰੌਨਿਕ ਗੇਮਾਂ ਅਤੇ ਮੋਬਾਇਲਾਂ ਨੇ ਲੈ ਲਈ ਹੈ। ਇਸ ਦੇ ਨਾਲ-ਨਾਲ ਮਾਪੇ ਵੀ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਣ ਦੀ ਬਜਾਏ ਉਨ੍ਹਾਂ ਨੂੰ ਆਧੁਨਿਕ ਯੁੱਗ ਕਹਿ ਕੇ ਖੇਡਣ ਲਈ ਇਲੈਕਟ੍ਰੌਨਿਕ ਗੇਮਾਂ ਅਤੇ ਮੋਬਾਇਲ ਲੈ ਕੇ ਦੇਣ ਵਿੱਚ ਮਾਣ ਮਹਿਸੂਸ ਕਰਦੇ ਹੋਏ ਇੱਕ-ਦੂਸਰੇ ਨੂੰ ਦੱਸਦੇ ਹਨ ਕਿ ਸਾਡਾ ਛੋਟਾ ਜਿਹਾ ਬੱਚਾ ਹੀ ਸਮਾਰਟ ਫੋਨ ਮਿੰਟੋਂ-ਮਿੰਟੀ ਚਲਾ ਲੈਂਦਾ ਹੈ । ਇਸ ਤਰ੍ਹਾਂ ਦੇ ਬਚਪਨ ਵਿੱਚ ਪਲਿਆ ਹੋਇਆ ਬੱਚਾ ਹਮੇਸ਼ਾ ਹੀ ਸਾਡੇ ਪੰਜਾਬੀ ਸੱਭਿਆਚਾਰ ਨੂੰ ਗ੍ਰਹਿਣ ਨਹੀਂ ਕਰ ਸਕੇਗਾ ਅਤੇ ਉਹ ਆਧੁਨਿਕ ਯੁੱਗ ਦੇ ਸਮੇਂ ਅਨੁਸਾਰ ਹੀ ਚੀਜਾਂ ਦੀ ਮੰਗ ਰੱਖੇਗਾ।

ਇਸੇ ਤਰ੍ਹਾਂ ਨਵੀਂ ਜਨਰੇਸ਼ਨ ਦੇ ਬੱਚੇ ਜਦੋਂ ਬਚਪਨ ਤੋਂ ਬਾਅਦ ਜਵਾਨੀ ਦੀ ਦਹਿਲੀਜ ’ਤੇ ਪੈਰ ਰੱਖਦੇ ਹਨ ਤਾਂ ਮਹਿੰਗੇ-ਮਹਿੰਗੇ ਸਮਾਰਟ ਫੋਨਾਂ ਦੀ ਮੰਗ ਕਰਦੇ ਆਮ ਦੇਖੇ ਜਾ ਸਕਦੇ ਹਨ ਪਰ ਸਧਾਰਨ ਘਰਾਂ ਦੇ ਮਾਤਾ-ਪਿਤਾ ਬੱਚੇ ਦੀ ਅਜਿਹੀ ਮੰਗ ਨੂੂੰ ਪੂਰਾ ਕਰਨ ਦੇ ਸਮਰੱਥ ਨਾ ਹੋਣ ਦੇ ਬਾਵਜੂਦ ਕਰਜਾ ਚੁੱਕ ਕੇ ਬੱਚੇ ਦੀ ਜਿੱਦ ’ਤੇ ਫੁੱਲ ਚੜ੍ਹਾਉਣ ਨੂੰ ਵੀ ਵਡਿਆਈ ਸਮਝਦੇ ਹਨ।

ਗੱਲ ਇੱਥੇ ਹੀ ਖਤਮ ਨਹੀਂ ਹੋ ਜਾਂਦੀ ਫਿਰ ਸਮਾਰਟ ਬੱਚੇ ਆਪਣੇ ਸਮਾਰਟ ਫੋਨਾਂ ’ਤੇ ਸੋਸ਼ਲ ਨੈਟਵਰਕ ਜਿਵੇਂ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਜਾਂ ਪਬਜੀ ਗੇਮ ਆਦਿ ਵਿੱਚ ਇੰਨੇ ਲੀਨ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਸਮੇਂ ਸਿਰ ਖਾਣਾ-ਪੀਣਾ, ਰਿਸ਼ਤੇ-ਨਾਤੇ ਅਤੇ ਪਰਿਵਾਰ ਦੇ ਮੈਂਬਰ ਆਦਿ ਤੱਕ ਭੁੱਲ ਜਾਂਦੇ ਹਨ । ਕਈ ਵਾਰ ਤਾਂ ਇੱਥੋਂ ਤੱਕ ਨੌਬਤ ਆ ਜਾਂਦੀ ਹੈ ਕਿ ਹੈੱਡਫੋਨ ਜਿਆਦਾ ਸਮਾਂ ਲੱਗੇ ਰਹਿਣ ਨਾਲ ਕੰਨਾਂ ਦੇ ਪਰਦੇ ਖਰਾਬ ਹੋ ਜਾਂਦੇ ਹਨ। ਇਸ ਤਰ੍ਹਾਂ ਫੋਨਾਂ ਵਿੱਚ ਰੁੱਝੇ ਹੋਏ ਬੱਚੇ ਪੜ੍ਹਾਈ ਨੂੰ ਅੱਧ-ਵਿਚਕਾਰ ਹੀ ਛੱਡਦੇ ਹੋਏ ਸਕੂਲਾਂ ਜਾਂ ਕਾਲਜਾਂ ਵਿਚੋਂ ਹਟਣ ਨੂੰ ਹੀ ਤਰਜੀਹ ਦਿੰਦੇ ਵੀ ਦੇਖੇ ਜਾ ਸਕਦੇ ਹਨ ਜਿਨ੍ਹਾਂ ਦਾ ਭਵਿੱਖ ਬਹੁਤ ਧੁੰਦਲਾ ਹੁੰਦਾ ਹੈ ।

ਜੇਕਰ ਆਪਾਂ ਪਿਛਲੇ ਦਹਾਕੇ ਬਿਨਾਂ ਮੋਬਾਇਲ ਵਾਲੇ ਯੁੱਗ ਅਤੇ ਅੱਜ ਦੇ ਆਧੁਨਿਕ ਯੁੱਗ ਦਾ ਤੁਲਨਾਤਮਕ ਅਧਿਐਨ ਕਰੀਏ ਤਾਂ ਮੋਬਾਇਲ ਜਿੱਥੇ ਸਾਡੇ ਮਨੁੱਖੀ ਜੀਵਨ ਵਿੱਚ ਬਹੁਤ ਅਹਿਮ ਰੋਲ ਅਦਾ ਕਰ ਰਹੇ ਹਨ, ਉੱਥੇ ਸਾਨੂੰ ਸਾਡੇ ਪੰਜਾਬੀ ਸਭਿੱਆਚਾਰ ਨਾਲੋਂ ਤੋੜ ਕੇ ਸਾਡੇ ਬੱਚਿਆਂ ਦੇ ਬਚਪਨ ਅਤੇ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਹਨ ਜਿਵੇਂ ਬੱਚਿਆਂ ਦੀ ਯਾਦਸ਼ਕਤੀ ਨੂੰ ਕਮਜ਼ੋਰ ਕਰਨਾ, ਅੱਖਾਂ ਦੀ ਰੌਸ਼ਨੀ ਦਾ ਘਟਣਾ, ਅਮੁੱਲੇ ਸਮੇਂ ਅਤੇ ਪੈਸੇ ਦੀ ਬਰਬਾਦੀ ਆਦਿ।

ਅੰਤ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਆਪਣੇ ਬੱਚਿਆਂ ਨੂੰ ਅੱਜ ਦੇ ਆਧੁਨਿਕ ਯੁੱਗ ਦੇ ਨਾਲ-ਨਾਲ ਆਪਣੇ ਪੁਰਾਤਨ ਪੰਜਾਬੀ ਸੱਭਿਆਚਾਰ ਬਾਰੇ ਜਾਣੂ ਕਰਵਾਉਂਦੇ ਹੋਏ ਸੱਭਿਆਚਾਰਕ ਖੇਡਾਂ ਮੁਤਾਬਕ ਖੇਡਣ ਲਈ ਵੀ ਪ੍ਰੇਰਿਤ ਕਰੋ ਤਾਂ ਜੋ ਆਉਣ ਵਾਲੇ ਭਵਿੱਖ ਵਿੱਚ ਵੀ ਅਸੀਂ ਆਪਣੀਆਂ ਸੱਭਿਆਚਰਕ ਖੇਡਾਂ ਗੁੱਡੀਆਂ-ਪਟੋਲੇ, ਗੁੱਲੀ-ਡੰਡਾ, ਬੰਟੇ, ਲੁਕਣਮੀਚੀ ਆਦਿ ਨੂੰ ਜਿਉਂਦਾ ਰੱਖਣ ਦੇ ਨਾਲ-ਨਾਲ ਇਲੈਕਟ੍ਰੌਨਿਕ ਗੇਮਾਂ ਅਤੇ ਮੋਬਾਇਲਾਂ ਨਾਲ ਬੱਚਿਆਂ ਦੇ ਬਚਪਨ ਉੱਪਰ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਬਚਾ ਸਕੀਏ।
ਭਲਾਈਆਣਾ, ਸ੍ਰੀ ਮੁਕਤਸਰ ਸਾਹਿਬ
ਮੋ. 98145-00156

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।