(ਸੁਖਜੀਤ ਮਾਨ) ਮਾਨਸਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਾਨਸਾ ਜ਼ਿਲ੍ਹੇ ਵਿੱਚ ਅਗਨੀਵੀਰ ਅੰਮ੍ਰਿਤਪਾਲ ਸਿੰਘ (Amritpal Singh) ਦੇ ਘਰ ਪਹੁੰਚੇ। ਜਿੱਥੇ ਉਨ੍ਹਾਂ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਸੌਂਪਿਆ ਗਿਆ। ਅਗਨੀਵੀਰ ਦੀ ਮੌਤ ਤੋਂ ਬਾਅਦ ਗਾਰਡ ਆਫ਼ ਆਨਰ ਨਾ ਦਿੱਤੇ ਜਾਣ ‘ਤੇ ਦੋ ਦਿਨ ਪਹਿਲਾਂ ਸੀਐਮ ਮਾਨ ਨੇ ਪਰਿਵਾਰ ਨੂੰ ਇਹ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਸਮਾਂ ਸਾਰਨੀ ਬਣਾਓ ਤੇ ਖੁਦ ਲਈ ਵੀ ਸਮਾਂ ਕੱਢੋ
ਜਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਦਾ ਅਗਨੀਵੀਰ ਅੰਮ੍ਰਿਤਪਾਲ ਸਿੰਘ (Amritpal Singh) (19) ਪੁੱਤਰ ਗੁਰਦੀਪ ਸਿੰਘ ਜੰਮੂ ਕਸ਼ਮੀਰ ਦੇ ਪੁੰਛ ਵਿੱਚ ਸ਼ਹੀਦ ਹੋ ਗਿਆ ਸੀ। ਮ੍ਰਿਤਪਾਲ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਟ੍ਰੇਨਿੰਗ ਤੋਂ ਬਾਅਦ ਮਹਿਜ ਡੇਢ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਜੰਮੂ ਕਸ਼ਮੀਰ ਡਿਊਟੀ ਤੇ ਗਿਆ ਸੀ। ਅੰਮ੍ਰਿਤਪਾਲ ਸਿੰਘ 10 ਦਸੰਬਰ 2022 ਨੂੰ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ। ਡਿਊਟੀ ਦੌਰਾਨ 11 ਅਕਤੂਬਰ ਨੂੰ ਗੋਲੀ ਲੱਗਣ ਨਾਲ ਅੰਮ੍ਰਿਤਪਾਲ ਸਿੰਘ ਸ਼ਹੀਦ ਹੋ ਗਿਆ। ਅੰਮ੍ਰਿਤਪਾਲ ਸਿੰਘ ਇੱਕ ਮੱਧ ਵਰਗੀ ਕਿਸਾਨ ਪਰਿਵਾਰ ਨਾਲ ਸਬੰਧਿਤ ਸੀ। ਦੱਸਣਯੋਗ ਹੈ ਕਿ ਪਿੰਡ ਕੋਟਲੀ ਕਲਾਂ ਦੇ ਕਰੀਬ ਇੱਕ ਦਰਜ਼ਨ ਤੋਂ ਵੱਧ ਜਵਾਨ ਭਾਰਤੀ ਫੌਜ ਵਿੱਚ ਵੱਖ-ਵੱਖ ਥਾਵਾਂ ‘ਤੇ ਡਿਊਟੀ ਕਰਕੇ ਦੇਸ ਸੇਵਾ ਕਰ ਰਹੇ ਹਨ।