ਅੱਜ ਪੰਜ ਨਵੰਬਰ ਨੂੰ ਹੋਣੀ ਸੀ ਮੀਟਿੰਗ, ਪਟਿਆਲਾ ਤੇ ਅੰਮ੍ਰਿਤਸਰ ਵਿਖੇ ‘ਕਾਲੀ ਦੀਵਾਲੀ’ ਮਨਾਉਣ ਦਾ ਐਲਾਨ
ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਹੋਇਆ: ਆਗੂ
ਮੰਗਾਂ ਦੀ ਪ੍ਰਾਪਤੀ ਤੱਕ ਪਟਿਆਲੇ ਦਾ ਪੱਕਾ ਮੋਰਚਾ ਚੱਲਦਾ ਰੱਖਣ ਦਾ ਪ੍ਰਣ ਦੁਹਰਾਇਆ
ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ, ਪਟਿਆਲਾ
ਤਨਖਾਹ ਕਟੌਤੀ ਮਾਮਲੇ ਵਿੱਚ ਲਗਭਗ ਇੱਕ ਮਹੀਨੇ ਤੋਂ ਮੁੱਖ ਮੰਤਰੀ ਦੇ ਸ਼ਹਿਰ ਅੰਦਰ ਡਟੇ ਅਧਿਆਪਕਾਂ ਨੂੰ ਮੁੱਖ ਮੰਤਰੀ ਵੱਲੋਂ ਅਧਿਆਪਕਾਂ ਨਾਲ 5 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਰੱਦ ਕਰਕੇ ਝਟਕਾ ਦੇ ਦਿੱਤਾ ਗਿਆ ਹੈ। ਮੀਟਿੰਗ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਅਧਿਆਪਕਾਂ ਵਿੱਚ ਮੀਟਿੰਗ ਰੱਦ ਹੋਣ ਸਬੰਧੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਇੱਧਰ ਅਧਿਆਪਕਾਂ ਵੱਲੋਂ ਮੀਟਿੰਗ ਰੱਦ ਹੋਣ ਤੋਂ ਬਾਅਦ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੇ ਵਿਦੇਸੀ ਦੌਰੇ ਦੌਰਾਨ ਅਧਿਆਪਕ ਆਗੂਆਂ ਦੀ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਨਾਲ ਆਪਣੀ ਮੰਗਾਂ ਸਬੰਧੀ ਮੀਟਿੰਗ ਹੋਈ ਸੀ। ਕੁਝ ਮੰਗਾਂ ਸਬੰਧੀ ਪ੍ਰਿੰਸੀਪਲ ਸੈਕਟਰੀ ਵੱਲੋਂ ਵਾਅਦਾ ਵੀ ਕੀਤਾ ਗਿਆ ਸੀ ਅਤੇ ਤਨਖਾਹ ਕਟੌਤੀ ਦੇ ਮਾਮਲੇ ‘ਤੇ ਫੈਸਲੇ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ 5 ਨਵੰਬਰ ਨੂੰ ਰੱਖ ਦਿੱਤੀ ਗਈ ਸੀ। ਇਸ ਮੀਟਿੰਗ ਦੀਸਾਂਝਾ ਅਧਿਆਪਕ ਮੋਰਚੇ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ,
ਪਰ ਅੱਜ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਪਟਿਆਲਾ ਪ੍ਰਸ਼ਾਸਨ ਵੱਲੋਂ ਅਧਿਆਪਕ ਆਗੂਆਂ ਨੂੰ ਸੁਨੇਹਾ ਲਗਾ ਦਿੱਤਾ ਗਿਆ ਕਿ ਕੱਲ੍ਹ ਨੂੰ ਹੋਣ ਵਾਲੀ ਮੁੱਖ ਮੰਤਰੀ ਨਾਲ ਮੀਟਿੰਗ ਅਜੇ ਮੁਲਤਵੀ ਕੀਤੀ ਜਾਂਦੀ ਹੈ ਅਤੇ ਮੀਟਿੰਗ ਲਈ ਅਗਲੀ ਤਾਰੀਖ ਆਉਂਦੇ ਦਿਨਾਂ ਵਿੱਚ ਦੱਸ ਦਿੱਤੀ ਜਾਵੇਗੀ। Àੁਂਜ ਪ੍ਰਿੰਸੀਪਲ ਸੈਕਟਰੀ ਨਾਲ ਹੋਈ ਮੀਟਿੰਗ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਰੱਦ ਕਰਨ ਸਮੇਤ ਹੋਰ ਮੰਗਾਂ ਸਬੰਧੀ ਅਧਿਆਪਕਾਂ ਨੂੰ ਵਿਸ਼ਵਾਸ ਦਿਵਾਇਆ ਸੀ ਪਰ ਇਸ ਮੀਟਿੰਗ ਤੋਂ ਬਾਅਦ ਵੀ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਬਦਸਤੂਰ ਜਾਰੀ ਹਨ।
ਇੱਧਰ ਅਧਿਆਪਕ ਆਗੂਆਂ ਸੁਖਵਿੰਦਰ ਸਿੰਘ ਚਾਹਲ, ਦਵਿੰਦਰ ਸਿੰਘ ਪੂਨੀਆ, ਗੁਰਜਿੰਦਰ ਪਾਲ, ਹਰਦੀਪ ਟੋਡਰਪੁਰ, ਸੁਖਜਿੰਦਰ ਸਿੰਘ, ਵਿਕਰਮਜੀਤ ਮਾਲੇਰਕੋਟਲਾ, ਅੰਮ੍ਰਿਤਪਾਲ ਸਿੱਧੂ, ਮਲਕੀਤ ਸਿੰਘ ਨੇ ਮੁੱਖ ਮੰਤਰੀ ਵੱਲੋਂ 5 ਨਵੰਬਰ ਨੂੰ ਹੋਣ ਵਾਲੀ ਸਾਂਝੇ ਅਧਿਆਪਕ ਮੋਰਚੇ ਦੀ ਮੀਟਿੰਗ ਦੇ ਮੁਤਲਵੀ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਕਿਹਾ ਕਿ ਇਸ ਨਾਲ ਕਾਂਗਰਸ ਸਰਕਾਰ ਦਾ ਸਿੱਖਿਆ ਅਤੇ ਮੁਲਾਜਮ ਵਿਰੋਧੀ ਚਿਹਰਾ ਨੰਗਾ ਹੋਇਆ ਹੈ ਅਤੇ ਇਹ ਸਰਕਾਰ ਦੀ ਸਿੱਖਿਆ ਪ੍ਰਤੀ ਸੰਜੀਦਗੀ ‘ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ ਉਹਨਾਂ ਨੇੜਲੇ ਭਵਿੱਖ ਵਿੱਚ ਅਧਿਆਪਕਾਂ ਦੇ ਮਸਲਿਆਂ ਦਾ ਸਾਰਥਕ ਹੱਲ ਨਾ ਹੋਣ ‘ਤੇ ਸੰਘਰਸ਼ ਨੂੰ ਅਗਲੇ ਪੜਾਅ ਵਿੱਚ ਲੈ ਕੇ ਜਾਣ ਤੋਂ ਇਲਾਵਾ ਪਟਿਆਲਾ ਤੇ ਅੰਮ੍ਰਿਤਸਰ ਵਿਖੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਵੀ ਕੀਤਾ
ਉਨਾਂ ਦੱਸਿਆ ਕਿ ਸਾਂਝੇ ਅਧਿਆਪਕ ਮੋਰਚੇ ਦਾ ਪੱਕਾ ਧਰਨਾ 29ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ ਤੇ ਅੱਜ 15 ਅਧਿਆਪਕਾਂ ਨੇ ਭੁੱਖ ਹੜਤਾਲ ਦੀ ਲੜੀ ਨੂੰ ਅੱਗੇ ਤੋਰਿਆ ਅਤੇ ਪਟਿਆਲਾ, ਸੰਗਰੂਰ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਅਧਿਆਪਕਾਂ ਨੇ ਧਰਨੇ ਵਿੱਚ ਪਰਿਵਾਰਾਂ ਸਮੇਤ ਭਰਵੀਂ ਹਾਜ਼ਰੀ ਲਵਾਈ ਇਸ ਮੌਕੇ ਵਿਕਰਮ ਦੇਵ ਸਿੰਘ, ਰਣਜੀਤ ਮਾਨ, ਬਲਵੀਰ ਚੰਦ ਲੌਗੋਵਾਲ, ਫਕੀਰ ਸਿੰਘ ਟਿੱਬਾ, ਗੁਰਪਰੀਤ ਅੰਮੀਵਾਲ, ਹਰਜੀਤ ਜੁਨੇਜਾ, ਇਸਤਰੀ ਜਾਗਰਤੀ ਮੰਚ ਤੋਂ ਅਮਨ ਦਿਉਲ, ਡੀ.ਐਮ.ਐਫ ਤੋਂ ਬਲਵਿੰਦਰ ਚਾਹਲ, ਨਵਨੀਤ ਅਨਾਇਤਪੁਰੀ, ਜੋਸ਼ੀਲ ਤਿਵਾੜੀ, ਰਜਿੰਦਰ ਸਿੰਘ ਰਾਜੇ,ਸੁਖਪਾਲ ਸਿੰਘ ਮਾਣਕ,ਪਰਵਿੰਦਰ ਉੱਭਾਵਾਲ,ਅੰਮਿਰਤਪਾਲ ਸਿੰਘ ਆਦਿ ਮੌਜੂਦ ਰਹੇ
ਅਧਿਆਪਕਾਂ ਦਾ ਵਫਦ ਬ੍ਰਹਮ ਮਹਿੰਦਰਾ ਨੂੰ ਮਿਲਿਆ
ਅੱਜ ਅਧਿਆਪਕਾਂ ਦੇ ਇੱਕ ਵਫਦ ਵੱਲੋਂ ਪਟਿਆਲਾ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਵੀ ਮੁਲਾਕਾਤ ਕੀਤੀ ਗਈ। ਇਸ ਦੌਰਾਨ ਆਗੂਆਂ ਵੱਲੋਂ ਸਿੱਖਿਆ ਸਕੱਤਰ ਤੇ ਸਿੱਖਿਆ ਮੰਤਰੀ ਵੱਲੋਂ ਅਧਿਆਪਕ ਵਰਗ ਦੀਆਂ ਅਣਗੌਲੀਆਂ ਜਾ ਰਹੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਆਗੂਆਂ ਨੇ ਦੱਸਿਆ ਕਿ ਸਿਹਤ ਮੰਤਰੀ ਵੱਲੋਂ ਵਿਅਕਤੀਗਤ ਰੁਚੀ ਲੈ ਕੇ ਮੁੱਖ ਮੰਤਰੀ ਨਾਲ ਮਿਲ ਕੇ ਮੁੱਦਾ ਉਠਾਉਣ ਦਾ ਵਿਸ਼ਵਾਸ਼ ਦਿਵਾਇਆ ਹੈ। ਉਨ੍ਹਾਂ ਸਿੱਖਿਆ ਸਕੱਤਰ ਵੱਲੋਂ 94 ਫੀਸਦੀ ਅਧਿਆਪਕਾਂ ਦੀ ਸਹਿਮਤੀ ਵਾਲਾ ਝੂਠਾ ਅੰਕੜਾ ਪੇਸ਼ ਕਰਨ ‘ਤੇ ਚਿੰਤਾ ਜ਼ਾਹਿਰ ਕੀਤੀ
ਕੋਲਿਆਂ ਦੇ ਡੱਬਿਆਂ ਨਾਲ ਦੀਵਾਲੀ ਦੀ ਵਧਾਈ ਦਿੱਤੀ
ਚੰਡੀਗੜ੍ਹ ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ਼ ਆਪਣਾ ਗੁੱਸਾ ਕੱਢਦਿਆਂ ਅੱਜ ਕੱਚੇ ਮੁਲਾਜ਼ਮਾਂ ਨੇ ਮੰਤਰੀਆਂ, ਵਿਧਾਇਕਾਂ ਅਤੇ ਮੈਂਬਰ ਪਾਰਲੀਮੈਂਟ ਨੂੰ ਕੋਲਿਆਂ ਦੇ ਡੱਬਿਆਂ ਨਾਲ ਦੀਵਾਲੀ ਦੀ ਵਧਾਈ ਦਿੱਤੀ ਮੁਲਾਜਮਾਂ ਨੇ ਕਿਹਾ ਕਿ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਸੀ ਉਲਟਾ ਮੁਲਾਜ਼ਮਾਂ ਨੂੰ ਜੋ ਤਨਖਾਹਾਂ ਮਿਲ ਰਹੀਆਂ ਸਨ, ਉਨ੍ਹਾਂ ‘ਤੇ ਕੈਂਚੀ ਚਲਾ ਕੇ ਮੁਲਾਜ਼ਮਾਂ ਦੇ ਘਰਾਂ ਵਿੱਚ ਦੀਵਾਲੀ ਦੇ ਮੌਕੇ ਦੀਵੇ ਬੁਝਾ ਦਿੱਤੇ ਗਏ ਹਨ। ਇਸ ਮੌਕੇ ਕੱਚੇ ਮੁਲਾਜਮਾਂ ਨੇ ਅੰਮ੍ਰਿਤਸਰ ਸਾਹਿਬ, ਜਲੰਧਰ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਤਰਨਤਾਰਨ, ਪਟਿਆਲਾ , ਗੁਰਦਾਸਪੁਰ, ਫਤਿਹਗੜ੍ਹ ਸਾਹਿਬ , ਬਰਨਾਲਾ ਅਤੇ ਬਠਿੰਡਾ ਵਿਖੇ ਕਾਂਗਰਸ ਮੰਤਰੀਆਂ, ਵਿਧਾਇਕਾਂ ਤੇ ਮੈਂਬਰ ਪਾਰਲੀਮੈਂਟਾਂ ਨੂੰ ਦੀਵਾਲੀ ‘ਤੇ ਕੋਲਿਆਂ ਦੇ ਡੱਬੇ ਦਿੰਦੇ ਕਿਹਾ ਕਿ ਜਿਵੇਂ ਸਰਕਾਰ ਮੁਲਾਜ਼ਮਾਂ ਨਾਲ ਕਰ ਰਹੀ ਹੈ ਅਸੀਂ ਵੀ ਉਸੀ ਤਰੀਕੇ ਵਧਾਈ ਦਿੱਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।