ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀ ਰੰਧਾਵਾ ਵੱਲੋਂ ਨਰਮਾ ਪੱਟੀ ਦਾ ਦੌਰਾ

ਪੈਸੇ ਦੀ ਨਹੀਂ ਕੋਈ ਪ੍ਰਵਾਹ ਪਰ ਕਿਸਾਨਾਂ ਦੀ ਫਸਲ ਖਰਾਬ ਨਹੀਂ ਹੋਣੀ ਚਾਹੀਦੀ : ਮੁੱਖ ਮੰਤਰੀ
ਬਿਮਾਰੀ ਦੇ ਖਾਤਮੇ ਲਈ ਮੁਫ਼ਤ ’ਚ ਹੋਵੇਗਾ ਨਰਮੇ ’ਤੇ ਕੀਟਨਾਸ਼ਕਾਂ ਦਾ ਛਿੜਕਾਅ

ਬਠਿੰਡਾ (ਸੁਖਜੀਤ ਮਾਨ)। ਗੁਲਾਬੀ ਸੁੰਡੀ ਕਾਰਨ ਬੁਰੀ ਤਰਾਂ ਤਬਾਹ ਹੋਈ ਨਰਮੇ ਦੀ ਫਸਲ ਦਾ ਜਾਇਜ਼ਾ ਲੈਣ ਲਈ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਨਰਮਾ ਪੱਟੀ ਦੇ ਬਠਿੰਡਾ ਜ਼ਿਲੇ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਖੁਦ ਖੇਤਾਂ ’ਚ ਜਾ ਕੇ ਖਰਾਬ ਹੋਏ ਨਰਮੇ ਦਾ ਜਾਇਜ਼ਾ ਲਿਆ।

ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ। ਉਨਾਂ ਕਿਹਾ ਮੁਆਵਜ਼ਾ ਵੀ ਦੇ ਕੇ ਹਰ ਤਰਾਂ ਦੀ ਭਰਪਾਈ ਕੀਤੀ ਜਾਵੇਗੀ। ਕੀਟਨਾਸ਼ਕ ਦਵਾਈ ਛੇਤੀ ਭੇਜੀ ਜਾ ਰਹੀ ਹੈ ਤਾਂ ਜੋ ਬਿਮਾਰੀ ਦਾ ਇਲਾਜ ਕੀਤਾ ਜਾ ਕੇ ਉਸ ਤੋਂ ਬਾਅਦ ਅਗਲੀ ਗੱਲ ਕੀਤੀ ਜਾਵੇਗੀ। ਮੁੱਖ ਮੰਤਰੀ ਦੀ ਮੌਜੂਦਗੀ ’ਚ ਹੀ ਪਿੰਡ ਕਟਾਰ ਸਿੰਘ ਵਾਲਾ ਦੇ ਇੱਕ ਕਿਸਾਨ ਨੇ ਆਖਿਆ ਕਿ ਜਦੋਂ ਉਨਾਂ ਦੇ ਨਰਮੇ ’ਚ ਚਿੱਟੀ ਮੱਖੀ ਦਾ ਹਮਲਾ ਹੋਇਆ ਸੀ ਤਾਂ ਉਨਾਂ ਨੂੰ 8 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਗਿਆ ਸੀ ਪਰ ਨਰਮੇ ਦੀ ਥਾਂ ਝੋਨੇ ਦੀ ਕਾਸਤ ਵਾਲੇ ਕਿਸਾਨ ਹੀ ਮੁਆਵਜ਼ਾ ਲੈ ਗਏ।

ਕਿਸਾਨ ਨੇ ਕਿਹਾ ਕਿ ਹੁਣ ਗੁਲਾਬੀ ਸੁੰਡੀ ਨੇ ਮਾਰ ਦਿੱਤੇ। 55 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ’ਤੇ ਲੈ ਕੇ ਸਖਤ ਮਿਹਨਤ ਨਾਲ ਨਰਮਾ ਉਗਾਇਆ ਸੀ ਪਰ ਹੁਣ ਜਦੋਂ ਚੁਗਣ ਦਾ ਵੇਲਾ ਆਇਆ ਤਾਂ ਸੁੰਡੀ ਦਾ ਹਮਲਾ ਹੋ ਗਿਆ। ਮੁੱਖ ਮੰਤਰੀ ਨੇ ਕਿਸਾਨ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਵਾਰ ਅਜਿਹਾ ਨਹੀਂ ਹੋਵੇਗਾ ਅਤੇ ਪੂਰੀ ਪਾਰਦਰਸ਼ਤਾ ਨਾਲ ਮੁਆਵਜ਼ੇ ਦੀ ਵੰਡ ਕੀਤੀ ਜਾਵੇਗੀ। ਉਨਾਂ ਕਿਹਾ ਕਿ ਗਿਰਦਾਵਰੀ ਦੇ ਹੁਕਮ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ ਤੇ ਸਰਕਾਰ ਹਰ ਹਾਲ ’ਚ ਕਿਸਾਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੇਗੀ, ਜੋ ਵੀ ਨੁਕਸਾਨ ਹੋਇਆ ਹੈ ਉਸ ਲਈ ਮਾਪਦੰਡਾਂ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ।

ਉਨਾਂ ਕਿਹਾ ਕਿ ਬਿਮਾਰੀ ਦੇ ਖਾਤਮੇ ਲਈ ਨਰਮੇ ਉੱਪਰ ਮੁਫ਼ਤ ਸਪ੍ਰੇਅ ਕੀਤੀ ਜਾਵੇਗੀ ਜਿਸ ਲਈ 5 ਹਜ਼ਾਰ ਹੈਕਟਰੇਅਰ ਵਾਸਤੇ ਸਪ੍ਰੇਅ ਪੁੱਜ ਚੁੱਕੀ ਹੈ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੇਤੀਬਾੜੀ ਅਧਿਕਾਰੀਆਂ ਤੋਂ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਵੀ ਲਈ ਤੇ ਖੇਤੀਬਾੜੀ ਅਧਿਕਾਰੀਆਂ ਨੂੰ ਸਖਤ ਲਹਿਜੇ ’ਚ ਕਿਹਾ ਕਿ ਬਹੁਤ ਸਾਵਧਾਨੀ ਨਾਲ ਇਹ ਕੰਮ ਕਰਨਾ ਹੈ ਤੇ ਉਹ ਦਵਾਈ ਪਾਉਣੀ ਹੈ ਜੋ ਸਹੀ ਕੰਮ ਕਰੇ ਤੇ ਦਵਾਈ ਦੀ ਪਹਿਲਾਂ ਟੈਸਟਿੰਗ ਕੀਤੀ ਜਾਵੇ। ਉਨਾਂ ਕਿਹਾ ਕਿ ਪੈਸੇ ਦੀ ਕੋਈ ਪ੍ਰਵਾਹ ਨਹੀਂ ਪਰ ਇਹ ਗੱਲ ਨਿਸ਼ਚਿਤ ਹੋਣੀ ਚਾਹੀਦੀ ਹੈ ਕਿ ਕਿਸਾਨ ਦੀ ਫ਼ਸਲ ਨਹੀਂ ਮਰਨੀ ਚਾਹੀਦੀ।

ਇਸ ਤੋਂ ਪਹਿਲਾਂ ਅੱਜ ਸਵੇਰੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਚੰਡੀਗੜ ਤੋਂ ਸਰਕਾਰੀ ਹੈਲੀਕਾਪਟਰ ਰਾਹੀਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਪੁੱਜੇ ਜਿੱਥੋਂ ਸੜਕੀ ਰਸਤੇ ਰਾਹੀਂ ਪਹਿਲਾਂ ਪਿੰਡ ਨਸੀਬਪੁਰਾ ਪੁੱਜੇ ਅਤੇ ਬਾਅਦ ’ਚ ਪਿੰਡ ਕਟਾਰ ਸਿੰਘ ਵਾਲਾ ਵਿਖੇ ਨਰਮੇ ਦੀ ਫਸਲ ਦਾ ਜਾਇਜਾ ਲਿਆ।

ਦੱਸਣਯੋਗ ਹੈ ਕਿ ਸਾਉਣੀ ਦੇ ਇਸ ਸੀਜ਼ਨ ’ਚ ਨਰਮੇ ਦੀ ਫਸਲ ਤੋਂ ਭਰਪੂਰ ਉਮੀਦਾਂ ਸਨ ਪਰ ਜਦੋਂ ਫਸਲ ਜੋਬਨ ’ਤੇ ਆ ਗਈ ਤਾਂ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ। 100 ’ਚੋਂ ਕਰੀਬ 90 ਟੀਂਡਿਆਂ ’ਚ ਗੁਲਾਬੀ ਸੁੰਡੀ ਨੇ ਹਮਲਾ ਕਰਕੇ ਟੀਂਡੇ ਖੋਖਲੇ ਕਰ ਦਿੱਤੇ। ਨਰਮੇ ਦੀ ਕਾਸਤ ਕਰਨ ਵਾਲੇ ਕਿਸਾਨਾਂ ਤੋਂ ਪਿਛਲੇ ਕਈ ਦਿਨਾਂ ਤੋਂ ਖਰਾਬ ਹੋਏ ਨਰਮੇ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਸੀ। ਬੀਤੇ ਦਿਨੀਂ ਤਲਵੰਡੀ ਸਾਬੋ ਵਿਖੇ ਵੱਡੀ ਗਿਣਤੀ ’ਚ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਕੱਲ ਸੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਖੇਤਾਂ ਦਾ ਦੌਰਾ ਕਰਕੇ ਕਾਂਗਰਸ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਛੇਤੀ ਮੁਆਵਜ਼ਾ ਨਾ ਦਿੱਤਾ ਤਾਂ ਉਹ 3 ਅਕਤੂਬਰ ਨੂੰ ਬਠਿੰਡਾ ’ਚ ਧਰਨਾ ਲਾਉਣਗੇ।

ਕਿਸਾਨਾਂ ਦੇ ਰਾਹਾਂ ’ਚੋਂ ‘ਚੋਰ’ ਖਤਮ ਹੋਣ : ਕਿਸਾਨ

ਨਰਮੇ ਦਾ ਜਾਇਜ਼ਾ ਲੈਣ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਲ ਪਿੰਡ ਕਟਾਰ ਸਿੰਘ ਵਾਲਾ ਦੇ ਇੱਕ ਕਿਸਾਨ ਨੇ ਗਿਲਾ ਪ੍ਰਗਟ ਕੀਤਾ ਕਿ ਸਰਕਾਰਾਂ ਵੱਲੋਂ ਜੋ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਂਦੀ ਹੈ ਉਹ ਪੂਰੀ ਕਿਸਾਨਾਂ ਤੱਕ ਨਹੀਂ ਪੁੱਜਦੀ ਇਸ ਲਈ ਰਾਹਾਂ ’ਚ ਪੈਂਦੇ ‘ਚੋਰਾਂ’ ’ਤੇ ਕਾਬੂ ਪਾ ਕੇ ਹੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇ ਤਾਂ ਜੋ ਉਹ ਪੂਰੀ ਦੀ ਪੂਰੀ ਹੱਕਦਾਰ ਕਿਸਾਨਾਂ ਕੋਲ ਪੁੱਜ ਸਕੇ। ਕਿਸਾਨ ਦੀ ਇਸ ਗੱਲ ਦਾ ਮੁੱਖ ਮੰਤਰੀ ਨੇ ਜਵਾਬ ਦਿੰਦਿਆਂ ਆਖਿਆ ਕਿ ਜੋ ਵੀ ਮੁਆਵਜ਼ਾ ਆਵੇਗਾ ਉਹ ਸਿੱਧਾ ਕਿਸਾਨ ਨੂੰ ਮਿਲੇਗਾ ਵਿੱਚ-ਵਿਚਾਲੇ ਕੁੱਝ ਨਹੀਂ ਹੋਣਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕੋਈ ਪੁਰਾਣੀਆਂ ਸਰਕਾਰਾਂ ਨਹੀਂ ਸਗੋਂ ਆਮ ਲੋਕਾਂ ਦੀ ਸਰਕਾਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ