ਟਕਰਾਅ ‘ਚ ਬਦਲਦਾ ਵਿਰੋਧ
CAA | ਕੇਂਦਰੀ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ਼ ਪਿਛਲੇ 70 ਦਿਨਾਂ ਤੋਂ ਚੱਲ ਰਿਹਾ ਵਿਰੋਧ ਪ੍ਰਦਰਸ਼ਨ ਖ਼ਤਰਨਾਕ ਰੂਪ ਲੈ ਰਿਹਾ ਹੈ ਬੀਤੇ ਦੋ ਦਿਨਾਂ ‘ਚ ਦੇਸ਼ ਦੀ ਰਾਜਧਾਨੀ ‘ਚ ਭੰਨ੍ਹ-ਤੋੜ ਤੇ ਸਾੜ-ਫ਼ੂਕ ਹੋਈ ਤੇ ਇੱਕ ਪੁਲਿਸ ਮੁਲਾਜ਼ਮ ਦੀ ਜਾਨ ਵੀ ਚਲੀ ਗਈ ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੀ ਝੜਪ ਤੋਂ ਵੀ ਮਾਮਲਾ ਅੱਗੇ ਨਿੱਕਲ ਗਿਆ ਹੈ
ਹੁਣ ਕਾਨੂੰਨ ਦੇ ਹਮਾਇਤੀ ਤੇ ਵਿਰੋਧੀ ਹੀ ਟਕਰਾ ਰਹੇ ਹਨ ਬਿਨਾਂ ਸ਼ੱਕ ਅਜਿਹੇ ਟਕਰਾਅ ਸਾਡੇ ਦੇਸ਼, ਸੰਵਿਧਾਨ ਤੇ ਸਮਾਜ ਦੇ ਨਾਂਅ ‘ਤੇ ਕਲੰਕ ਹਨ ਵਿਰੋਧ ਦਾ ਤਰੀਕਾ ਸੰਵਿਧਾਨਕ, ਸਦਭਾਵਨਾ ਭਰਿਆ ਤੇ ਤਰਕਸੰਗਤ ਹੋਣਾ ਚਾਹੀਦਾ ਹੈ ਸੜਕਾਂ ਰੋਕਣੀਆਂ ਤੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਨੂੰ ਧਰਨਾ ਨਹੀਂ ਆਖਿਆ ਜਾ ਸਕਦਾ ਮਹਾਤਮਾ ਗਾਂਧੀ ਦੇ ਅੰਦੋਲਨ ਦੀ ਮਿਸਾਲ ਸਾਡੇ ਸਾਹਮਣੇ ਹੈ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ ਕਰਾਉਣ ਲਈ ਮਹਾਤਮਾ ਗਾਂਧੀ ਨੇ ਸ਼ਾਂਤਮਈ ਅੰਦੋਲਨ ਚਲਾਇਆ ਤੇ ਅੱਜ ਦੁਨੀਆ ਦੇ ਵੱਡੇ-ਛੋਟੇ ਮੁਲਕ ਗਾਂਧੀ ਜੀ ਦੀ ਵਿਚਾਰਧਾਰਾ ਨੂੰ ਅਪਣਾ ਰਹੇ ਹਨ ਅਮਰੀਕਾ ਸਮੇਤ ਯੂਰਪੀ ਤੇ ਅਫ਼ਰੀਕੀ ਮੁਲਕਾਂ ਨੇ ਮਹਾਤਮਾ ਗਾਂਧੀ ਦੇ ਨਾਂਅ ‘ਤੇ ਗਲੀਆਂ ਚੌਂਕਾਂ ਦੇ ਨਾਂਅ ਰੱਖੇ ਹਨ ਤੇ ਉਹਨਾਂ ਦੇ ਬੁੱਤ ਸਥਾਪਤ ਕੀਤੇ ਹਨ
ਬਿਨਾਂ ਸ਼ੱਕ ਅਜ਼ਾਦ ਮੁਲਕ ‘ਚ ਕਿਸੇ ਵੀ ਕਾਨੂੰਨ ਨਾਲ ਕਿਸੇ ਵਰਗ ਦੀ ਅਸਹਿਮਤੀ ਹੋ ਸਕਦੀ ਹੈ ਤੇ ਉਸ ਵਰਗ ਨੂੰ ਵਿਰੋਧ ਕਰਨ ਦਾ ਵੀ ਅਧਿਕਾਰ ਹੈ ਪਰ ਵਿਰੋਧ ਦੇ ਨਾਂਅ ‘ਤੇ ਹਿੰਸਾ ਗਲਤ ਹੈ ਅੰਨਾ ਹਜ਼ਾਰੇ ਨੇ ਸੜਕ ਤੋਂ ਪਾਸੇ ਬੈਠ ਕੇ ਧਰਨਾ ਦਿੱਤਾ ਸੀ ਤੇ ਯੁਪੀਏ ਸਰਕਾਰ ਹਿਲਾ ਦਿੱਤੀ ਸੀ ਇੱਥੇ ਗਲਤੀ ਸਿਰਫ਼ ਪ੍ਰਦਰਸ਼ਨਕਾਰੀਆਂ ਦੀ ਹੀ ਨਹੀਂ ਸਗੋਂ ਕਾਨੂੰਨ ਦੇ ਹਮਾਇਤੀਆਂ ਦਾ ਗੈਰ-ਜ਼ਰੂਰੀ ਉਤਸ਼ਾਹ ਤੇ ਭੜਕਾਹਟ ਮਾਮਲੇ ਨੂੰ ਵਿਗਾੜ ਰਹੀ ਹੈ ਸੱਤਾਧਿਰ ਤੇ ਪੁਲਿਸ ‘ਤੇ ਹਮਾਇਤੀਆਂ ਦੇ ਹੁੜਦੰਗ ਨੂੰ ਸ਼ਹਿ ਦੇਣ ਦੇ ਦੋਸ਼ ਲੱਗ ਰਹੇ ਹਨ ਦਰਅਸਲ ਇਸ ਖੇਡ ਨੂੰ ਵਿਗਾੜਨ ਦਾ ਕੰਮ ਕੁਝ ਬੜਬੋਲੇ ਆਗੂ ਵੀ ਕਰ ਰਹੇ ਹਨ
ਜੋ ਆਪਣੇ ਜ਼ਹਿਰੀਲੇ ਭਾਸ਼ਣਾਂ ਰਾਹੀਂ ਆਪਣੇ-ਆਪਣੇ ਵਰਗ ਦੇ ਲੋਕਾਂ ਨੂੰ ਭੜਕਾਉਂਦੇ ਹਨ, ਨਹੀਂ ਤਾਂ ਕੋਈ ਮਸਲਾ ਨਹੀਂ ਕਿ ਕਿਤੇ ਟਰਕਾਅ ਹੋ ਜਾਵੇ ਧਰਨਾਕਾਰੀ ਆਪਣੀ ਗੱਲ ਕਹੀ ਜਾਣ, ਉਨ੍ਹਾਂ ਦਾ ਸਬੰਧ ਸਰਕਾਰ ਨਾਲ ਹੈ ਪਰ ਜਦੋਂ ਕੋਈ ਗਰੁੱਪ ਕਾਨੂੰਨ ਵਿਰੋਧੀਆਂ ਨੂੰ ਜਾ ਲਲਕਾਰਦਾ ਹੈ ਤਾਂ ਹਿੰਸਾ ਹੋ ਜਾਂਦੀ ਹੈ ਚੰਗਾ ਹੋਵੇ ਜੇਕਰ ਸਿਆਸੀ ਪਾਰਟੀਆਂ ਆਪਣੇ ਆਗੂ ਨੂੰ ਸੰਜਮ ‘ਚ ਰਹਿ ਕੇ ਬੋਲਣ ਦੀ ਨਸੀਹਤ ਦੇਣ ਜੇਕਰ ਕੋਈ ਨਹੀਂ ਮੰਨਦਾ ਤਾਂ ਉਸ ਨੂੰ ਸਖ਼ਤੀ ਨਾਲ ਪਾਰਟੀ ਤੋਂ?ਬਾਹਰ ਦਾ ਰਾਹ ਵਿਖਾਉਣ ਕੋਈ ਵੀ ਧਿਰ ਦੇਸ਼ ਦੀ ਮਾਲਕ ਨਹੀਂ ਤੇ ਨਾ ਹੀ ਜੱਜ ਹੈ ਜਨਤਾ ਹੀ ਅਸਲੀ ਜੱਜ ਹੈ ਸਾਰੀਆਂ ਧਿਰਾਂ ਨੂੰ ਜਨਤਾ ਤੱਕ ਆਪਣੇ-ਆਪਣੇ ਵਿਚਾਰ ਪਹੁੰਚਾਉਣੇ ਚਾਹੀਦੇ ਹਨ ਸੱਚਾਈ ਦੀ ਜਿੱਤ ਹੋਵੇਗੀ ਜਨਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦੀ ਹੈ ਕਿਉਂਕਿ ਕਾਨੂੰਨ ਦੀ ਪਰਖ ਜਨਤਾ ਦੀ ਕਚਹਿਰੀ ‘ਚ ਹੋਣੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।