Champions Trophy 2025: ਸਪੋਰਟਸ ਡੈਸਕ। ਅੰਤਰਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਨੇ ਸ਼ੁੱਕਰਵਾਰ ਨੂੰ ਚੈਂਪੀਅਨਜ਼ ਟਰਾਫੀ 2025 ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ। ਚੈਂਪੀਅਨਜ਼ ਟਰਾਫੀ 19 ਫਰਵਰੀ ਤੋਂ ਪਾਕਿਸਤਾਨ ’ਚ ਸ਼ੁਰੂ ਹੋਣ ਜਾ ਰਹੀ ਹੈ। ਇਸ ’ਚ 8 ਟੀਮਾਂ ਹਿੱਸਾ ਲੈਣਗੀਆਂ। ਇਸ ਐਡੀਸ਼ਨ ਦੇ ਚੈਂਪੀਅਨ ਨੂੰ ਇਸ ਵਾਰ 19.46 ਕਰੋੜ ਰੁਪਏ ਤੇ ਉਪ ਜੇਤੂ ਨੂੰ 9.72 ਕਰੋੜ ਰੁਪਏ ਮਿਲਣਗੇ। ਇਸ ਦੇ ਨਾਲ ਹੀ, ਸੈਮੀਫਾਈਨਲ ਹਾਰਨ ਵਾਲੀਆਂ ਦੋਵੇਂ ਟੀਮਾਂ ਨੂੰ ਲਗਭਗ 4.86 ਕਰੋੜ ਰੁਪਏ ਦਿੱਤੇ ਜਾਣਗੇ। ਚੈਂਪੀਅਨਜ਼ ਟਰਾਫੀ ਦੀ ਕੁੱਲ ਇਨਾਮੀ ਰਾਸ਼ੀ 59.93 ਕਰੋੜ ਰੁਪਏ ਹੈ, ਜੋ ਕਿ 2017 ’ਚ ਹੋਈ ਪਿਛਲੀ ਚੈਂਪੀਅਨਜ਼ ਟਰਾਫੀ ਨਾਲੋਂ 53 ਫੀਸਦੀ ਜ਼ਿਆਦਾ ਹੈ। 2017 ਲਈ ਕੁੱਲ ਇਨਾਮੀ ਰਾਸ਼ੀ 28.88 ਕਰੋੜ ਰੁਪਏ ਸੀ।
ਇਹ ਖਬਰ ਵੀ ਪੜ੍ਹੋ : Bomb Blast: ਪਾਕਿਸਤਾਨ ’ਚ ਅੱਤਵਾਦੀਆਂ ਨੇ ਕੀਤਾ ਧਮਾਕਾ, 10 ਦੀ ਮੌਤ ਅਤੇ 6 ਜ਼ਖਮੀ
9 ਮਾਰਚ ਨੂੰ ਖੇਡਿਆ ਜਾਵੇਗਾ ਫਾਈਨਲ ਮੁਕਾਬਲਾ | Champions Trophy 2025
ਇਹ ਟੂਰਨਾਮੈਂਟ, ਜੋ ਕਿ ਹਾਈਬ੍ਰਿਡ ਮਾਡਲ ’ਚ ਆਯੋਜਿਤ ਕੀਤਾ ਜਾਵੇਗਾ, 19 ਫਰਵਰੀ ਨੂੰ ਸ਼ੁਰੂ ਹੋਵੇਗਾ ਤੇ 9 ਮਾਰਚ ਤੱਕ ਚੱਲੇਗਾ। 19 ਦਿਨਾਂ ’ਚ 15 ਮੈਚ ਖੇਡੇ ਜਾਣਗੇ। ਦੂਜੇ ਸੈਮੀਫਾਈਨਲ ਤੇ ਫਾਈਨਲ ਲਈ ਇੱਕ ਰਿਜ਼ਰਵ ਦਿਨ ਵੀ ਰੱਖਿਆ ਗਿਆ ਹੈ। ਭਾਰਤ ਤੇ ਪਾਕਿਸਤਾਨ ਵਿਚਕਾਰ ਗਰੁੱਪ ਮੈਚ 23 ਫਰਵਰੀ ਨੂੰ ਦੁਬਈ ’ਚ ਹੋਵੇਗਾ।
ਭਾਰਤ ਆਪਣੇ ਸਾਰੇ ਮੈਚ ਸਿਰਫ਼ ਦੁਬਈ ’ਚ ਹੀ ਖੇਡੇਗਾ, ਬੰਗਲਾਦੇਸ਼ ਤੇ ਨਿਊਜ਼ੀਲੈਂਡ ਵੀ ਟੀਮ ਦੇ ਗਰੁੱਪ ’ਚ ਹਨ। ਇੱਕ ਸੈਮੀਫਾਈਨਲ ਦੁਬਈ ’ਚ ਵੀ ਖੇਡਿਆ ਜਾਵੇਗਾ। ਜੇਕਰ ਭਾਰਤ ਫਾਈਨਲ ’ਚ ਪਹੁੰਚਦਾ ਹੈ ਤਾਂ ਇਹ ਮੈਚ ਵੀ ਦੁਬਈ ’ਚ ਹੀ ਹੋਵੇਗਾ। ਜਦੋਂ ਕਿ ਟੂਰਨਾਮੈਂਟ ਦੇ ਬਾਕੀ 10 ਮੈਚ ਪਾਕਿਸਤਾਨ ’ਚ ਹੋਣਗੇ। ਚੈਂਪੀਅਨਜ਼ ਟਰਾਫੀ 8 ਸਾਲਾਂ ਬਾਅਦ ਹੋਣ ਜਾ ਰਹੀ ਹੈ, ਆਖਰੀ ਵਾਰ 2017 ’ਚ ਪਾਕਿਸਤਾਨ ਨੇ ਫਾਈਨਲ ’ਚ ਭਾਰਤ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ।
ਬੰਗਲਾਦੇਸ਼ ਵਿਰੁੱਧ ਕਰੇਗਾ ਭਾਰਤ ਆਪਣੇ ਅਭਿਆਨ ਦੀ ਸ਼ੁਰੂਆਤ
ਭਾਰਤ ਗਰੁੱਪ-ਏ ’ਚ ਹੈ। ਟੀਮ ਦੇ ਗਰੁੱਪ ’ਚ ਪਾਕਿਸਤਾਨ, ਬੰਗਲਾਦੇਸ਼ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਸ਼ਾਮਲ ਹਨ। ਜਦੋਂ ਕਿ ਦੂਜੇ ਗਰੁੱਪ ’ਚ ਅਸਟਰੇਲੀਆ, ਇੰਗਲੈਂਡ, ਦੱਖਣੀ ਅਫਰੀਕਾ ਤੇ ਅਫਗਾਨਿਸਤਾਨ ਸ਼ਾਮਲ ਹਨ। 4 ਤੇ 5 ਮਾਰਚ ਨੂੰ 2 ਸੈਮੀਫਾਈਨਲ ਹੋਣਗੇ, ਜਦੋਂ ਕਿ ਫਾਈਨਲ 9 ਮਾਰਚ ਨੂੰ ਖੇਡਿਆ ਜਾਵੇਗਾ।