ਕਾਰਵਾਈ ਸਬੰਧੀ ਪੁੱਛੇ ਸਵਾਲ ਨੂੰ ਦੱਸਿਆ ਫਜੂਲ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ‘ਮੀ ਟੂ’ ਦੇ ਦੋਸ਼ ਲੱਗਣ ’ਤੇ ਕਾਰਵਾਈ ਦੀ ਮੰਗ ਕਰਨ ਵਾਲੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸਾ ਗੁਲਾਟੀ ਨੇ ਮੋੜਾ ਕੱਟ ਲਿਆ ਹੈ। ਪੰਜਾਬੀ ਯੂਨੀਵਰਸਿਟੀ ਵਿਖੇ ਪੁੱਜੀ ਚੇਅਰਪਰਸਨ ਮਨੀਸਾ ਗੁਲਾਟੀ ਤੋਂ ਜਦੋਂ ਇਸ ਮਾਮਲੇ ਵਿੱਚ ਕਾਰਵਾਈ ਸਬੰਧੀ ਪੁੱਛਿਆ ਤਾਂ ਉਹ ਭੜਕ ਗਏ। ਉਹ ਇਸ ਸਵਾਲ ਨੂੰ ਫਜੂਲ ਦੱਸਦੇ ਹੋਏ ਪਾਸਾ ਵੱਟ ਗਏ। ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਨਣ ਤੋਂ ਬਾਅਦ ਕੌਮੀ ਮਹਿਲਾ ਕਮਿਸ਼ਨ ਵੱਲੋਂ ਵੀ ਇਤਰਾਜ ਜਤਾਉਂਦਿਆਂ ਅਸਤੀਫੇ ਦੀ ਮੰਗ ਕੀਤੀ ਗਈ ਹੈ ਪਰ ਮੰਗਲਵਾਰ ਨੂੰ ਪਟਿਆਲਾ ਪੁੱਜੀ ਪੰਜਾਬ ਮਹਿਲਾ ਕਮਿਸ਼ਨ ਨੂੰ ਜਦੋਂ ਇਸ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੂੰ ਇਹ ਸਵਾਲ ਹੁਣ ਫਜੂਲ ਜਾਪਿਆ।
ਜਿਕਰਯੋਗ ਹੈ ਕਿ ਸਾਲ 2018 ਦੌਰਾਨ ਸੀਨੀਅਰ ਆਈਏਐਸ ਅਧਿਕਾਰੀ ਵੱਲੋਂ ਚਰਨਜੀਤ ਸਿੰਘ ਚੰਨੀ ’ਤੇ ਕਥਿਤ ਦੋਸ਼ ਲਗਾਏ ਗਏ ਸਨ। ਮਹਿਲਾ ਕਮਿਸ਼ਨ ਵੱਲੋਂ ਇਸ ਮੁੱਦੇ ’ਤੇ ਜਵਾਬ ਵੀ ਮੰਗਿਆ ਗਿਆ ਸੀ ਪਰ ਤਿੰਨ ਸਾਲ ਤੱਕ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਜਿਸ ’ਤੇ ਮਈ 2021 ਵਿੱਚ ਪੰਜਾਬ ਮਹਿਲਾ ਕਮਿਸ਼ਨ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸਰਕਾਰ ਦੀ ਕਾਰਗੁਜਾਰੀ ’ਤੇ ਸਵਾਲ ਚੁੱਕਦਿਆਂ ਚਰਨਜੀਤ ਸਿੰਘ ਚੰਨੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਸੀ। ਉਸ ਸਮੇਂ ਮਨੀਸ਼ਾ ਗੁਲਾਟੀ ਨੇ ਕਿਹਾ ਸੀ ਕਿ ‘ਮੈਂ ਆਪਣਾ ਜਮੀਰ ਨਹੀਂ ਮਾਰ ਸਕਦੀ ਇਸ ਲਈ ਸਰਕਾਰ ਤੋਂ ਜਵਾਬ ਮੰਗਿਆ ਗਿਆ ਸੀ। ਮਨੀਸਾ ਗੁਲਾਟੀ ਵੱਲੋਂ ਤਾਂ ਇੱਥੋਂ ਤੱਕ ਕਿਹਾ ਗਿਆ ਸੀ ਕਿ ਉਹ ਇਸ ਮਸਲੇ ’ਤੇ ਧਰਨਾ ਦੇਣਗੇ। ਉਨ੍ਹਾਂ ਕਿਹਾ ਸੀ ਕਿ ਔਰਤਾਂ ਦੀ ਇੱਜਤ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਪਰ ਅੱਜ ਮੈਡਮ ਮਨੀਸਾ ਗੁਲਾਟੀ ਨੇ ਮਾਮਲੇ ਨੂੰ ਫਜੂਲ ਕਹਿ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ