ਬਟਾਲੇ ਨੂੰ ਜਿਲਾ ਬਣਾਉਣ ਦੇ ਵਿਰੋਧ ’ਚ ਆਏ ਚੇਅਰਮੈਨ ਰਮਨ ਬਹਿਲ, ਲੜਾਂਗੇ ਸਰਕਾਰ ਖ਼ਿਲਾਫ਼ ਲੜਾਈ

 ਐਸ.ਐਸ.ਐਸ. ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਦਿੱਤੀ ਚਿਤਾਵਨੀ, ਹੁਣ ਹੋਈ ਛੇੜ-ਛਾੜ ਤਾਂ ਨਹੀਂ ਕਰਾਂਗੇ ਬਰਦਾਸ਼ਤ

  •  ਗੁਰਦਾਸਪੁਰ ਰਹਿ ਜਾਏਗੀ ਛੋਟੀ ਜਿਹੀ ਸਬਡਵੀਜ਼ਨ, ਗੁਰਦਾਸਪੁਰ ਨੂੰ ਖਤਮ ਕਰਨ ਦੀ ਸਾਜ਼ਿਸ਼ : ਰਮਨ ਬਹਿਲ

(ਅਸ਼ਵਨੀ ਚਾਵਲਾ) ਚੰਡੀਗੜ। ਬਟਾਲਾ ਨੂੰ ਵੱਖਰਾ ਜਿਲਾ ਬਣਾਉਣ ਦੀ ਮੰਗ ਵਿੱਚ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਆਪਣੀ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ ਅਤੇ ਸਖ਼ਤ ਚਿਤਾਵਨੀ ਦੇ ਦਿੱਤੀ ਹੈ ਕਿ ਜੇਕਰ ਬਟਾਲਾ ਨੂੰ ਗੁਰਦਾਸਪੁਰ ਵੱਖਰਾ ਕੀਤਾ ਗਿਆ ਤਾਂ ਇਸ ਲਈ ਵੱਡੀ ਲੜਾਈ ਲੜੀ ਜਾਏਗੀ ਅਤੇ ਗੁਰਦਾਸਪੁਰ ਦੀ ਸਰ ਜਮੀਨ ਨੂੰ ਬਚਾਉਣ ਲਈ ਹਰ ਤਰਾਂ ਦੀ ਕੁਰਬਾਨੀ ਦੇਣ ਦੇ ਨਾਲ ਹੀ ਜੰਗ ਲੜਨ ਨੂੰ ਤਿਆਰ ਹਨ। ਰਮਨ ਬਹਿਲ ਨੇ ਗੁਰਦਾਸਪੁਰ ਦੀ ਵੰਡ ਨੂੰ ਲੈ ਕੇ ਜ਼ਿਲੇ ਦੇ ਕਾਂਗਰਸੀ ਅਤੇ ਅਕਾਲੀ ਲੀਡਰਾਂ ਨੂੰ ਵੀ ਸਾਥ ਦੇਣ ਲਈ ਅੱਗੇ ਆਉਣ ਲਈ ਕਿਹਾ ਹੈ।

ਰਮਨ ਬਹਿਲ ਨੇ ਇਸ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਸ ਸਮੇਂ ਅੰਗਰੇਜ਼ 1949 ਵਿੱਚ ਪੰਜਾਬ ਆਏ ਸਨ ਤਾਂ ਉਨਾਂ ਨੇ ਦੀਨਾਂ ਨਗਰ ਨੂੰ ਜਿਲਾ ਹੈੱਡਕੁਆਟਰ ਬਣਾਇਆ ਸੀ। ਜਿਸ ਤੋਂ ਬਾਅਦ 1 ਮਈ 1852 ਨੂੰ ਗੁਰਦਾਸਪੁਰ ਨੂੰ ਜਿਲਾ ਅਤੇ ਜਿਲਾ ਹੈੱਡਕੁਆਟਰ ਬਣਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ 1947 ਵਿੱਚ ਪਾਕ-ਭਾਰਤ ਵੰਡ ਦੌਰਾਨ ਗੁਰਦਾਸਪੁਰ ਜ਼ਿਲੇ ਦਾ ਵੱਡਾ ਹਿੱਸਾ ਪਾਕਿਸਤਾਨ ਕੋਲ ਚਲਾ ਗਿਆ ਤਾਂ 1966 ਵਿੱਚ ਸੂਬਿਆ ਦੀ ਵੰਡ ਦੌਰਾਨ ਗੁਰਦਾਸਪੁਰ ਨੂੰ ਵੱਡੀ ਸੱਟ ਮਾਰੀ ਗਈ ਅਤੇ ਵੱਡਾ ਹਿੱਸਾ ਖੋਹ ਲਿਆ ਗਿਆ। ਜਿਸ ਤੋਂ ਬਾਅਦ 1911 ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਪਠਾਨਕੋਟ ਨੂੰ ਗੁਰਦਾਸਪੁਰ ਤੋਂ ਵੱਖਰਾ ਕਰਦੇ ਹੋਏ ਜਿਲਾ ਬਣਾ ਦਿੱਤਾ ਗਿਆ।

ਰਮਨ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਨਾਲ ਸ਼ੁਰੂ ਤੋਂ ਹੀ ਧੱਕਾ ਹੁੰਦਾ ਆਇਆ ਹੈ ਅਤੇ ਇਹ ਪੰਜਾਬ ਦਾ ਸਾਰਿਆਂ ਨਾਲੋਂ ਜਿਆਦਾ ਪੁਰਾਣਾ ਜਿਲਾ ਹੈੱਡਕੁਆਟਰ ਹੈ ਪਰ ਇਹਨੂੰ ਰਕਬੇ ਅਨੁਸਾਰ ਕਾਫ਼ੀ ਜਿਆਦਾ ਛੋਟਾ ਕਰ ਦਿੱਤਾ ਗਿਆ ਹੈ। ਪਹਿਲਾਂ ਗੁਰਦਾਸਪੁਰ ਦੀਆਂ ਹੱਦਾਂ ਜੰਗੀ ਪੁਰ ਤੋਂ ਸ਼ੁਰੂ ਹੁੰਦੇ ਹੋਏ ਡਲਹੌਜ਼ੀ ਤੱਕ ਜਾਂਦੀਆਂ ਸਨ ਪਰ ਸਮੇਂ ਸਮੇਂ ਦੌਰਾਨ ਗੁਰਦਾਸਪੁਰ ਨੂੰ ਵੰਡਦੇ ਹੋਏ ਛੋਟਾ ਕਰ ਦਿੱਤਾ ਗਿਆ। ਹੁਣ ਗੁਰਦਾਸਪੁਰ ਤੋਂ ਬਟਾਲਾ ਖੋਹ ਲਿਆ ਜਾ ਰਿਹਾ ਹੈ। ਜਿਸ ਦੇ ਵਿਰੋਧ ਵਿੱਚ ਗੁਰਦਾਸਪੁਰ ਦੇ ਸਾਰੇ ਵਸਨੀਕ ਖੜੇ ਹੋਣ ਜਾ ਰਹੇ ਹਨ ਅਤੇ ਨਿੱਜੀ ਤੌਰ ’ਤੇ ਉਹ ਕਿਸੇ ਦੀ ਵਿਰੋਧਤਾ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ।

ਉਨਾਂ ਕਿਹਾ ਕਿ ਗੁਰਦਾਸਪੁਰ ਜ਼ਿਲੇ ਨਾਲ ਸਬੰਧਿਤ ਹਰ ਪਾਰਟੀ ਦੇ ਸਿਆਸੀ ਲੀਡਰਾਂ ਨੂੰ ਇਹ ਲੜਾਈ ਲੜਨੀ ਚਾਹੀਦੀ ਹੈ ਅਤੇ ਗੁਰਦਾਸਪੁਰ ਨਾਲ ਹੋਣ ਵਾਲੇ ਇਸ ਧੱਕੇ ਨੂੰ ਰੋਕਣ ਦੀ ਕੋਸ਼ਸ਼ ਕੀਤੀ ਜਾਣੀ ਚਾਹੀਦੀ ਹੈ। ਉਨਾਂ ਕਿਹਾ ਕਿ ਉਹ ਇਸ ਲੜਾਈ ਤੋਂ ਪਿੱਛੇ ਹਟਣ ਨਹੀਂ ਵਾਲੇ ਹਨ ਅਤੇ ਉਨਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਮਿਲਣ ਲਈ ਸਮਾਂ ਮੰਗਿਆ ਹੈ। ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਜਾ ਕੇ ਇਸ ਵੰਡ ਨੂੰ ਰੋਕਣ ਦੀ ਕੋਸ਼ਸ਼ ਕਰਨਗੇ ਪਰ ਇਸ ਵਿੱਚ ਕਾਮਯਾਬ ਨਾ ਹੋਏ ਤਾਂ ਉਹ ਇਹਨੂੰ ਲੈ ਕੇ ਕੋਈ ਵੀ ਕੁਰਬਾਨੀ ਦੇਣ ਨੂੰ ਵੀ ਤਿਆਰ ਹਨ ਅਤੇ ਇਸ ਲੜਾਈ ਤੋਂ ਪਿੱਛੇ ਨਹੀਂ ਹਟਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ