ਹੁਣ ਗਲਬਾਤ ਨਹੀਂ ਸਗੋਂ ਸਿੱਧੀ ਕਾਰਵਾਈ ਕਰੇਂ ਕੇਂਦਰ ਸਰਕਾਰ!

Central, Government, Direct, Action, Discussion

ਪੰਜਾਬ ਵਿਧਾਨ ਸਭਾ ਵਿੱਚ ਇੱਕ ਨਰਾਜ਼ ਫੌਜੀ ਦੇ ਰੂਪ ਵਿੱਚ ਨਜ਼ਰ ਆਏ ਮੁੱਖ ਮੰਤਰੀ ਅਮਰਿੰਦਰ ਸਿੰਘ

ਚੰਡੀਗੜ (ਅਸ਼ਵਨੀ ਚਾਵਲਾ)। ਹੁਣ ਪਾਕਿਸਤਾਨ ਨਾਲ ਕੋਈ ਗੱਲਬਾਤ ਕਰਨ ਦੀ ਥਾਂ ‘ਤੇ ਸਿੱਧੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਬੀਤੇ ਦਿਨੀਂ ਪੁਲਵਾਮਾ ਵਿੱਚ ਹੋਇਆ ਹਮਲਾ ਪਾਕਿਸਤਾਨ ਦੀ ਹੀ ਦੇਣ ਹੈ, ਇਸ ਲਈ ਕੇਂਦਰ ਸਰਕਾਰ ਨੂੰ ਹੁਣ ਕੋਈ ਵੀ ਪਿਆਰ ਨਾਲ ਗੱਲਬਾਤ ਕਰਨ ਦੀ ਥਾਂ ‘ਤੇ ਸਿੱਧੀ ਕਾਰਵਾਈ ਕਾਰਵਾਈ ਕਰਦੇ ਹੋਏ ਢੁਕਵਾਂ ਜੁਆਬ ਦੇਣਾ ਚਾਹੀਦਾ ਹੈ ਤਾਂ ਕਿ ਪਾਕਿਸਤਾਨ ਬੈਠੇ ਅੱਤਵਾਦੀਆਂ ਨੂੰ ਇਹ ਪਤਾ ਲਗ ਸਕੇ ਕਿ ਭਾਰਤ ਦੇ ਫੌਜ਼ੀਆਂ ‘ਤੇ ਹਮਲਾ ਕਰਨ ਲਈ ਉਨਾਂ ਨੂੰ ਕਿੰਨਾ ਜਿਆਦਾ ਨੁਕਸਾਨ ਉਠਾਉਣਾ ਪੈ ਸਕਦਾ ਹੈ।

ਪੁਲਵਾਮਾ ਵਿੱਚ ਸੀ.ਆਰ.ਪੀ.ਐਫ. ਦੇ ਕਾਫਲੇ ‘ਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਵੱਲੋਂ ਕੀਤੇ ਦਹਿਸ਼ਤੀ ਹਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਵਿੱਚ ਬੋਲ ਰਹੇ ਸਨ। ਪੰਜਾਬ ਵਿਧਾਨ ਸਭਾ ਵਿੱਚ ਸ਼ੁਕਰਵਾਰ ਨੂੰ ਕੋਈ ਵੀ ਕਾਰਵਾਈ ਨਹੀਂ ਹੋਈ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਹਮਲੇ ਪ੍ਰਤੀ ਨਿੰਦਾ ਪ੍ਰਸਤਾਵ ਪੇਸ਼ ਕਰਨ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ ਸੋਮਵਾਰ ਤੱਕ ਲਈ ਮੁਲਤਵੀਂ ਕਰ ਦਿੱਤਾ। ਅਮਰਿੰਦਰ ਸਿੰਘ ਨੇ ਪਾਕਿਸਤਾਨ ਦੀ ਫੌਜ ਅਤੇ ਆਈ.ਐਸ.ਆਈ. ਨੂੰ ਪੰਜਾਬ ਵਿੱਚ ਅਜਿਹੀ ਕਿਸੇ ਵੀ ਤਰਾਂ ਦੀ ਗਤੀਵਿਧੀ ਵਿਰੁੱਧ ਚਿਤਾਵਨੀ ਦਿੱਤੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸਰਹੱਦ ਪਾਰ ਤੋਂ ਦੁਸ਼ਮਣ ਮੁਲਕ ਵੱਲੋਂ ਸਾਡੇ ਭਾਰਤੀ ਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਇਨਾਂ ਹਮਲਿਆਂ ਵਿੱਚ ਸੈਕਿੰਡ ਸਿੱਖ ਦਾ ਇੱਕ ਮੇਜਰ ਅਤੇ ਦੋ ਜਵਾਨ ਵੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਉਨਾਂ ਕਿਹਾ ਕਿ ਸਥਿਤੀ ਹੁਣ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਨੇ 80ਵੇਂ ਅਤੇ 90ਵੇਂ ਦਹਾਕਿਆਂ ਦੇ ਸਮੇਂ ਦੌਰਾਨ ਅੱਤਵਾਦ ਦਾ ਦੌਰ ਹੰਢਾਇਆ ਅਤੇ ਇਸ ਵਿਰੁੱਧ ਸਾਡੀ ਮਜ਼ਬੂਤ ਪੁਲਿਸ ਫੋਰਸ ਡਟ ਕੇ ਲੜੀ।

ਇਸ ਤੋਂ ਬਾਅਦ ਸਾਡੀ ਫੋਰਸ ਦੀ ਨਫਰੀ ਕਈ ਗੁਣਾ ਵਧੀ ਹੈ ਜੋ ਹੁਣ ਕਿਸੇ ਵੀ ਚੁਣੌਤੀ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਪੂਰੀ ਤਰਾਂ ਸਮਰਥ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨੀ ਫੌਜ ਦੇ ਮੁਖੀ ਬਾਜਵਾ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਸ਼ਮੀਰ ਅਤੇ ਪੰਜਾਬ ਦੇ ਵੱਖਵਾਦੀਆਂ ਨੂੰ ਜੋੜਨ ਦੀ ਨੀਤੀ ਜਾਰੀ ਰੱਖਣ ਵਿਰੁੱਧ ਸਖ਼ਤ ਚਿਤਾਵਨੀ ਦਿੱਤੀ। ਮੁੱਖ ਮੰਤਰੀ ਨੇ ਇਮਰਾਨ ਖਾਨ ‘ਤੇ ਦੂਹਰੀ ਨੀਤੀ ਅਪਣਾਉਣ ਦਾ ਦੋਸ਼ ਲਾਉਂਦਿਆਂ ਆਖਿਆ ਕਿ ਇਕ ਪਾਸੇ ਉਹ ਭਾਰਤ ਵਿਰੋਧੀ ਤਾਕਤਾਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ ਜਦਕਿ ਦੂਜੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਯੂਨੀਵਰਸਿਟੀ ਸ਼ੁਰੂ ਕਰਨ ਤੋਂ ਇਲਾਵਾ ਗੁਰੂਦੁਆਰਿਆਂ ਦੀ ਸੇਵਾ ਦੀ ਗੱਲ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿੱਚ ਆਈ.ਐਸ.ਆਈ. ਨੇ ਉਸ ਨੂੰ ਪ੍ਰਧਾਨ ਮੰਤਰੀ ਬਣਾਇਆ ਹੈ ਜਿਸ ਕਰਕੇ ਉਹ ਉਨਾਂ ਦੇ ਇਸ਼ਾਰਿਆਂ ‘ਤੇ ਹੀ ਕੰਮ ਕਰਦਾ ਹੈ।

ਇਸ ਮਤੇ ਨੂੰ ਸਦਨ ਨੇ ਸਰਬਸੰਮਤੀ ਨਾਲ ਪਾਸ ਕੀਤਾ ਅਤੇ ਸਦਨ ਨੂੰ ਪੂਰੇ ਦਿਨ ਲਈ ਉਠਾ ਦਿੱਤਾ ਗਿਆ। ਸਦਨ ਵਿੱਚ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਮੁੱਖ ਮੰਤਰੀ ਨੇ ਇਕ ਫੌਜੀ ਅਤੇ ਸੱਚੇ ਭਾਰਤੀ ਵਜੋਂ ਆਪਣੇ ਵਿਚਾਰ ਪੇਸ਼ ਕੀਤੇ ਹਨ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਅਜਿਹਾ ਭਿਆਨਕ ਕਾਰਾ ਕਦੇ ਵੀ ਨਹੀਂ ਵਾਪਰਿਆ। ਉਨਾਂ ਕਿਹਾ ਕਿ ਪਾਕਿਸਤਾਨ ਅਤੇ ਉੱਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਨਿੰਦਾ ਬਾਰੇ ਸਦਨ ਦੀ ਅਪੀਲ ਨੂੰ ਰਿਕਾਰਡ ‘ਤੇ ਰੱਖਣਾ ਚਾਹੀਦਾ ਹੈ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਸ ਹਮਲੇ ਵਿੱਚ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਲਈ ਇਕ-ਇਕ ਕਰੋੜ ਰੁਪਏ ਅਤੇ ਅਗਲੇ ਵਾਰਸਾਂ ਨੂੰ ਨੌਕਰੀਆਂ ਦੇਣ ਦੀ ਮੰਗ ਕੀਤੀ ਜਿਸ ਬਾਰੇ ਮੁੱਖ ਮੰਤਰੀ ਨੇ ਬਾਅਦ ਵਿੱਚ ਸਦਨ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਬਹੁਤ ਛੋਟਾ ਮਾਮਲਾ ਹੈ ਜਿਸ ਨੂੰ ਪੂਰਾ ਕੀਤਾ ਜਾਵੇਗਾ। ਪਾਕਿਸਤਾਨ ਵੱਲੋਂ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਅੱਤਵਾਦੀਆਂ ਨੂੰ ਜੋੜਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਗੁਆਂਢੀ ਮੁਲਕ ਪੰਜਾਬ ‘ਚ ਗੜਬੜ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹੈ ਜਿੱਥੇ ਹਾਲ ਹੀ ਮਹੀਨਿਆਂ ਵਿੱਚ 28 ਅੱਤਵਾਦੀ ਗਰੁੱਪਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ।

ਉਨਾਂ ਕਿਹਾ ਕਿ ਆਈ.ਐਸ.ਆਈ. ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੀ ਸਿੱਖਜ਼ ਫਾਰ ਜਸਟਿਸ ਦੀ 2020 ਦੀ ਰਾਇਸ਼ੁਮਾਰੀ ਪੰਜਾਬ ਵਿੱਚ ਅਮਨ- ਸ਼ਾਂਤੀ ਵਿੱਚ ਵਿਘਨ ਪਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਦਾ ਸੰਕੇਤ ਹੈ ਪਰ ਉਹ ਇਸ ਵਿੱਚ ਸਫ਼ਲ ਨਹੀਂ ਹੋਣਗੇ। ਇਹ ਪੁੱਛੇ ਜਾਣ ‘ਤੇ ਕਿ ਪੁਲਵਾਮਾ ਦਾ ਹਮਲਾ ਖੁਫ਼ੀਆ ਅਸਫ਼ਲਤਾ ਕਰਕੇ ਹੋਇਆ ਤਾਂ ਇਸ ਦੇ ਜਵਾਬ ‘ਚ ਮੁੱਖ ਮੰਤਰੀ ਨੇ ਕਿਹਾ ਇਸ ਬਾਰੇ ਘਟਨਾ ਦੀ ਜਾਂਚ ਤੋਂ ਬਾਅਦ ਵੇਰਵਿਆਂ ਤੋਂ ਸਾਹਮਣੇ ਆਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here