ਹੁਸ਼ਿਆਰਪੁਰ ਦੀ ‘ਸਾਂਝੀ ਰਸੋਈ’ ਬਣੀ ਖਿੱਚ ਦਾ ਕੇਂਦਰ

Center. Attraction, Hoshiarpur, Shared Kitchen,

ਹੁਸ਼ਿਆਰਪੁਰ ਜ਼ਿਲ੍ਹਾ ‘ਸਾਂਝੀ ਰਸੋਈ’ ਨੂੰ ਏ.ਸੀ. ਕਰਕੇ ਪੰਜਾਬ ਭਰ ‘ਚੋਂ ਬਣਿਆ ਮੋਹਰੀ

ਰਾਜੀਵ ਸ਼ਰਮਾ,ਹੁਸ਼ਿਆਰਪੁਰ: ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਗਰੀਬ, ਬੇਸਹਾਰਾ ਅਤੇ ਬੇਘਰੇ ਵਿਅਕਤੀਆਂ ਲਈ ਖੋਲ੍ਹੀ ਗਈ ‘ਸਾਂਝੀ ਰਸੋਈ’ ਪੂਰੇ ਪੰਜਾਬ ਵਿੱਚ ਖਿੱਚ ਦਾ ਕੇਂਦਰ ਬਣ ਗਈ ਹੈ, ਕਿਉਂਕਿ ਪੰਜਾਬ ਦੀ ਇਹ ਇਕਲੌਤੀ ‘ਸਾਂਝੀ ਰਸੋਈ’ ਹੈ, ਜਿਸ ਦੇ ਹਾਲ ਨੂੰ ਏ.ਸੀ. ਦੀ ਸੁਵਿਧਾ ਪ੍ਰਦਾਨ ਕਰ ਦਿੱਤੀ ਗਈ ਹੈ। ਅੱਜ ਇਸ ਹਾਲ ਨੂੰ ਏਅਰ ਕੰਡੀਸ਼ਨ ਕਰਨ ਮੌਕੇ ਵਿਸ਼ੇਸ਼ ਤੌਰ ‘ਤੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਤੋਂ ਇਲਾਵਾ ਹਲਕਾ ਵਿਧਾਇਕ ਉੜਮੁੜ ਟਾਂਡਾ ਸ. ਸੰਗਤ ਸਿੰਘ ਗਿਲਜੀਆਂ, ਹਲਕਾ ਵਿਧਾਇਕ ਸ਼ਾਮਚੁਰਾਸੀ ਸ੍ਰੀ ਪਵਨ ਕੁਮਾਰ ਆਦੀਆ, ਹਲਕਾ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ, ਹਲਕਾ ਵਿਧਾਇਕ ਦਸੂਹਾ ਸ੍ਰੀ ਅਰੁਣ ਕੁਮਾਰ ਡੋਗਰਾ ਅਤੇ ਹਲਕਾ ਵਿਧਾਇਕ ਮੁਕੇਰੀਆਂ ਸ੍ਰੀ ਰਜਨੀਸ਼ ਕੁਮਾਰ ਬੱਬੀ ਹਾਜ਼ਰ ਸਨ।

ਸਰਕਾਰ ਗਰੀਬਾਂ ਤੇ ਲੋੜਵੰਦਾਂ ਨੂੰ ਸਸਤਾ ਭੋਜਨ ਦੇਣ ਲਈ ਵਚਨਬੱਧ

‘ਸਾਂਝੀ ਰਸੋਈ’ ਨੂੰ ਏਅਰ ਕੰਡੀਸ਼ਨ ਕਰਨ ਦੌਰਾਨ ਹਲਕਾ ਵਿਧਾਇਕਾਂ ਸ. ਗਿਲਜੀਆਂ, ਸ੍ਰੀ ਆਦੀਆ, ਡਾ. ਰਾਜ ਕੁਮਾਰ, ਸ੍ਰੀ ਡੋਗਰਾ ਅਤੇ ਸ੍ਰੀ ਬੱਬੀ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬ, ਬੇਘਰੇ ਅਤੇ ਬੇਸਹਾਰਾ ਵਿਅਕਤੀਆਂ ਨੂੰ ਸਸਤਾ ਅਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਸੂਬੇ ਦੇ ਸਾਰੇ ਜ਼ਿਲ੍ਹਿਆਂ ‘ਚ ਸਸਤਾ ਖਾਣਾ ਉਪਲਬੱਧ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਥੇ ਹੁਸ਼ਿਆਰਪੁਰ ਦੀ ‘ਸਾਂਝੀ ਰਸੋਈ’ ਨੂੰ ਹਰ ਪਾਸਿਓਂ ਸ਼ਲਾਘਾ ਪ੍ਰਾਪਤ ਹੋ ਰਹੀ ਹੈ, ਉਥੇ ਇਸ ਦੇ ਹਾਲ ਨੂੰ ਏਅਰ ਕੰਡੀਸ਼ਨ ਕਰਨ ਨਾਲ ਹੁਣ ਇਥੇ ਖਾਣਾ ਖਾਣ ਆਉਣ ਵਾਲੇ ਵਿਅਕਤੀਆਂ ਨੂੰ ਗਰਮੀ ਤੋਂ ਰਾਹਤ ਮਿਲ ਸਕੇਗੀ।

ਹਲਕਾ ਵਿਧਾਇਕਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਕਿਸੇ ਵੀ ਗਰੀਬ ਵਿਅਕਤੀ ਨੂੰ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਤਹੱਈਆ ਹੈ ਕਿ ਹਰ ਗਰੀਬ, ਬੇਘਰੇ ਅਤੇ ਬੇਸਹਾਰਾ ਵਿਅਕਤੀ ਨੂੰ ਪੌਸ਼ਟਿਕ ਪੇਟ ਭਰ ਖਾਣਾ ਘੱਟ ਤੋਂ ਘੱਟ ਪੈਸਿਆਂ ਵਿੱਚ ਮੁਹੱਈਆ ਕਰਵਾਇਆ ਜਾਵੇ।

  ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ‘ਸਾਂਝੀ ਰਸੋਈ’ ਦੀ ਸ਼ੁਰੂਆਤ ਕਰਨ ਦਾ ਮੁੱਢਲਾ ਉਦੇਸ਼ ਇਹ ਸੀ ਕਿ ਗਰੀਬ ਵਿਅਕਤੀ ਸਸਤਾ ਤੇ ਪੌਸ਼ਟਿਕ ਭੋਜਨ ਲੈ ਸਕਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਉਦੇਸ਼ ਨੂੰ ਪੂਰਾ ਕਰਨ ਵਿੱਚ ਕਾਮਯਾਬ ਵੀ ਹੋ ਚੁੱਕਾ ਹੈ।  ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ‘ਸਾਂਝੀ ਰਸੋਈ’ ਵਿੱਚ ਕਰੀਬ 400 ਲੋੜਵੰਦ ਵਿਅਕਤੀ ਕੇਵਲ 10 ਰੁਪਏ ਵਿੱਚ ਘਰ ਵਰਗਾ ਖਾਣਾ ਖਾ ਰਹੇ ਹਨ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਨੁਪਮ ਕਲੇਰ, ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ, ਦਾਨੀ ਸੱਜਣ ਸ੍ਰੀ ਪਿਆਰੇ ਲਾਲ ਸੈਣੀ, ਸ੍ਰੀ ਰਾਜੀਵ ਬਾਜਾਜ, ਸ੍ਰੀ ਅਵਿਨਾਸ਼ ਭੰਡਾਰੀ, ਸ੍ਰੀ ਵਿਨੋਦ ਓਹਰੀ, ਸ੍ਰੀਮਤੀ ਸੁਰਜੀਤ ਸਹੋਤਾ, ਸ੍ਰੀਮਤੀ ਕੁਮਕੁਮ ਸੂਦ, ਸ੍ਰੀਮਤੀ ਮਨੋਹਰਮਾ ਮਹਿੰਦਰਾ, ਸ੍ਰੀਮਤੀ ਨੀਸ਼ੀ ਮੋਦੀ, ਸ੍ਰੀਮਤੀ ਭੁਪਿੰਦਰ ਗੁਪਤਾ, ਸ੍ਰੀਮਤੀ ਡੋਲੀ ਚੀਮਾ, ਸ੍ਰੀਮਤੀ ਜੋਗਿੰਦਰ ਕੌਰ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।