32 ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਦਾ ਵਫ਼ਦ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਰਾਜ ਭਵਨ ਜਾਵੇਗਾ
ਕੁਲਵੰਤ ਕੋਟਲੀ, ਮੋਹਾਲੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ‘ਖੇਤੀ ਬਚਾਓ ਲੋਕੰਤਰ ਬਚਾਓ’ ਦੇ ਦਿੱਤੇ ਸੱਦੇ ਉਤੇ ਅੱਜ ਕਿਸਾਨਾਂ ਵੱਲੋਂ ਰਾਜ ਭਵਨ ਪੰਜਾਬ ਵੱਲ ਮਾਰਚ ਕੀਤਾ ਗਿਆ। ਪੰਜਾਬ ਭਰ ਦੇ ਕਿਸਾਨ ਅੱਜ ਸਥਾਨਕ ਫੇਜ਼ 8 ਗੁਰਦੁਆਰਾ ਅੰਬ ਸਾਹਿਬ ਸਾਹਮਣੇ ਇਕੱਠੇ ਹੋਏ ਅਤੇ ਇਥੇ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਮੌਕੇ 32 ਕਿਸਾਨਾਂ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂਨਾਂ ਖਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਬਾਰੇ ਜਾਣਕਾਰੀ ਦਿੱਤੀ ਗਈ।
ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਰਾਜਪਾਲ ਨੂੰ ਰੋਸ ਪੱਤਰ ਸੌਂਪਣ ਸਬੰਧੀ ਪ੍ਰੋਗਰਾਮ ਤੋਂ ਜਾਣੂੰ ਕਰਵਾਉਦਿਆਂ ਕਿਹਾ ਕਿ ਰਾਜਪਾਲ ਨੂੰ ਰੋਸ ਪੱਤਰ ਸੌਂਪਣ ਲਈ ਰੋਸ ਰੈਲੀ ਵਾਲੀ ਥਾਂ ਤੋਂ ਰੋਸ ਮਾਰਚ ਦੁਪਹਿਰ 1 ਵਜੇ ਕਰੀਬ ਸ਼ੁਰੂ ਹੋਵੇਗਾ ਅਤੇ ਜਿੱਥੇ ਪੁਲਿਸ ਪ੍ਰਸ਼ਾਸਨ ਕਿਸਾਨਾਂ ਨੂੰ ਰੋਕੇਗਾ ਕਿਸਾਨ ਉੱਥੇ ਹੀ ਸ਼ਾਂਤਮਈ ਧਰਨਾ ਲਾ ਕੇ ਬੈਠ ਜਾਣਗੇ। 32 ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਦਾ ਵਫ਼ਦ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਰਾਜ ਭਵਨ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਸ਼ਾਂਤ ਰਹਿਣ ਦੀਆਂ ਅਪੀਲ ਕੀਤੀਆਂ।
ਆਗੂਆਂ ਨੇ ਕਿਹਾ ਕਿ ਅੱਜ ਦੇ ਦਿਨ ਹੀ ਦੇਸ਼ ਵਿੱਚ ਐਂਮਰਜੈਂਸੀ ਲਾਈ ਗਈ ਸੀ। ਇਹ ਦੂਜੀ ਵਾਰ ਹੋਇਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ’ਚ ਅਣਐਲਾਨੀ ਐਮਰਜੈਂਸੀ ਲਾਈ ਹੋਈ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸੂਬੇ ਦੇ ਅਧਿਕਾਰਾਂ ਵਿੱਚ ਦਖਲ ਦਿੰਦੇ ਹੋਏ ਖੇਤੀ ਬਾਰੇ ਕਾਨੂੰਨ ਬਣਾਇਆ ਹੈ, ਜਿਸ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਇਹ ਵਹਿਮ ਹੈ ਕਿ ਅੱਤਿਆਚਾਰ ਕਰਕੇ ਅੰਦੋਲਨ ਨੂੰ ਦਬਾਉਣਾ ਚਾਹੁੰਦੀ ਹੈ, ਪਰ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਿੰਨਾਂ ਸਮਾਂ ਕੇਂਦਰ ਮੋਦੀ ਸਰਕਾਰ ਖੇਤੀ ਬਾਰੇ ਤਿੰਨੇ ਕਾਨੂੰਨ ਰੱਦ ਨਹੀਂ ਕਰਦੀ।
ਮੋਹਾਲੀ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਕਿਸੇ ਵੀ ਥਾਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕਣ ਲਈ 2 ਥਾਵਾਂ ’ਤੇ ਜਬਰਦਸਤ ਬੈਰੀਕੇਡਿੰਗ ਕੀਤੀ ਗਈ ਸੀ। ਜਿਉਂ ਹੀ ਹਜ਼ਾਰਾਂ ਕਿਸਾਨਾਂ ਦਾ ਰੋਸ ਮਾਰਚ ਚੰਡੀਗੜ੍ਹ ਮੁਹਾਲੀ ਵਾਈ.ਪੀ.ਐਸ. ਚੌਕ ਵਾਲੇ ਬੈਰੀਅਰ ਦੇ ਪਹੁੰਚਿਆ ਤਾਂ ਕਿਸਾਨਾਂ ਵੱਲੋਂ ਰਸਤਾ ਦੇਣ ਦੀ ਮੰਗ ਕੀਤੀ ਗਈ ਚੰਡੀਗੜ੍ਹ ਪੁਲਿਸ ਵੱਲੋਂ ਜਵਾਬ ਦੇਣ ਤੇ ਨੌਜਵਾਨ ਕਿਸਾਨਾਂ ਵੱਲੋਂ ਬੈਰੀਕੇੜ ਤੋੜ ਦਿੱਤੇ ਗਏ।