ਪਟਨਾ (ਏਜੰਸੀ)। ਜ਼ਮੀਨ ਦੇ ਬਦਲੇ ਨੌਕਰੀ ਦੇਣ ਦੇ ਮਾਮਲੇ ’ਚ ਸੀਬੀਆਈ ਦੀ ਟੀਮ ਸੋਮਵਾਰ ਸਵੇਰ ਤੋਂ ਲਾਲੂ ਯਾਦਵ ਦੀ ਪਤਨੀ ਅਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਤੋਂ ਉਸ ਦੇ ਘਰ ਪੁੱਛਗਿੱਛ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ 12 ਅਫ਼ਸਰਾਂ ਦੀ ਟੀਮ 2 ਤੋਂ 3 ਗੱਡੀਆਂ ’ਚ ਉਨ੍ਹਾਂ ਦੇ ਪਟਨਾ ਸਥਿੱਤ 10 ਸਰਕੂਲਰ ਰੋਡ ਰਿਹਾਇਸ਼ ’ਤੇ ਪਹੁੰਚੀ। ਇੱਧਰ, ਆਰਜੇਡੀ ਨੇਤ ਅਤੇ ਵਰਕਰ ਆਵਾਸ ਤੋਂ ਬਾਹਰ ਧਰਨੇ ’ਤੇ ਬੈਠ ਗਏ ਹਨ। ਇਸ ਨੂੰ ਦੇਖਦੇ ਹੋਏ ਸੁਰੱਖਿਆ ਵਧਾ ਦਿੱਤੀ ਗਈ ਹੈ। (CBI team)
ਲੈਂਡ ਫਾਰ ਜਾਬ ਸਕੈਮ ’ਚ ਸੀਬੀਆਈ ਦੀ ਚਾਰਜਸ਼ੀਟ ’ਤੇ ਕੋਰਟ ਨੇ ਸੰਮਨ ਜਾਰੀ ਕੀਤਾ ਹੈ। ਸੀਬੀਆਈ ਨੇ ਚਾਰਜਸ਼ੀਟ ’ਚ ਲਾਲੂ ਪ੍ਰਸਾਦ ਯਾਦਵ ਤੋਂ ਇਲਾਵਾ ਰਾਬੜੀ ਦੇਵੀ ਅਤੇ 14 ਹੋਰ ਨੂੰ ਮੁਲਜ਼ਮ ਬਣਾਇਆ ਹੈ। 15 ਮਾਰਚ ਨੂੰ ਕੋਰਟ ’ਚ ਰਾਬੜੀ, ਲਾਲੂ ਅਤੇ ਮੀਸਾ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ।
ਪਹਿਲਾਂ ਪੁੱਛਗਿੱਛ ਦਫ਼ਤਰ ’ਚ ਹੋਣੀ ਸੀ | CBI team
ਸਵੇਰੇ ਜਦੋਂ ਟੀਮ ਰਾਬੜੀ ਦੇ ਘਰ ਪਹੁੰਚੀ ਤਾਂ ਉਸ ਸਮੇਂ ਬੇਟੇ ਤੇਜ ਪ੍ਰਤਾਪ ਅਤੇ ਤੇਜਸਵੀ ਯਾਦਵ ਵੀ ਮੌਜ਼ੂਦ ਸਨ ਪਰ ਬਾਅਦ ’ਚ ਉਹ ਵਿਧਾਨ ਸਭਾ ਲਈ ਨਿੱਕਲ ਗਏ। ਮੀਡੀਆ ਰਿਪੋਰਟਾਂ ਮੁਤਾਬਿਕ, ਸੀਬੀਆਈ ਨੇ ਰਾਬੜੀ ਦੇਵੀ ਤੋਂ ਪੁੱਛਗਿੱਛ ਲਈ ਨੋਟਿਸ ਦਿੱਤਾ ਸੀ। ਪਹਿਲਾਂ ਇਹ ਪੁੱਛਗਿੱਛ ਸੀਬੀਆਈ ਦਫ਼ਤਰ ’ਚ ਹੋਣੀ ਸੀ, ਬਾਅਦ ’ਚ ਉਨ੍ਹਾਂ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਦੇ ਘਰ ਹੀ ਪੁੱਛਗਿੱਛ ਕਰਨ ਦੀ ਤਿਆਰੀ ਕੀਤੀ ਗਈ।