ਡਾ. ਗੁਰਚਰਨ ਰਾਮ ਵੱਲੋਂ ਵਿਧਾਇਕ ਸਮੇਤ ਪੁੱਤਰਾਂ ਤੇ ਹੋਰਨਾਂ ’ਤੇ ਅਗਵਾ ਕਰਕੇ ਕੁੱਟਮਾਰ ਦੇ ਲਗਾਏ ਦੋਸ਼
- ਵਿਧਾਇਕ ਨਾਲ ਸਰਪੰਚੀ ਮੌਕੇ ਦੀ ਚੱਲ ਰਹੀ ਐ ਆਪਸੀ ਖਹਿਬਾਜ਼ੀ
Punjab MLA FIR: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਆਮ ਆਦਮੀ ਪਾਰਟੀ ਦੇ ਹਲਕਾ ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਸਮੇਤ ਉਨ੍ਹਾਂ ਦੇ ਪੁੱਤਰਾਂ ਦੇ ਹਰਿਆਣਾ ਵਿੱਚ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ਼ ਹੋਇਆ ਹੈ। ਇਹ ਪਰਚਾ ਵਿਧਾਇਕ ਦੇ ਹੀ ਪਿੰਡ ਦੇ ਡਾ. ਗੁਰਚਰਨ ਰਾਮ ਨੂੰ ਅਗਵਾ ਕਰਨ, ਕੁੱਟਮਾਰ ਕਰਨ ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਥਾਣਾ ਗੁਹਲਾ ਚੀਕਾ ਵਿਖੇ ਦਰਜ਼ ਕੀਤਾ ਗਿਆ ਹੈ। ਇੱਧਰ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵੱਲੋਂ ਇਸ ਮਾਮਲੇ ਨੂੰ ਝੂਠਾ ਦੱਸਿਆ ਗਿਆ ਹੈ ਅਤੇ ਆਖਿਆ ਹੈ ਕਿ ਉਹ ਹਰ ਜਾਂਚ ਲਈ ਤਿਆਰ ਹਨ।
ਪੀੜਤ ਵਿਅਕਤੀ ਗੁਰਚਰਨ ਸਿੰਘ ਨੇ ਦੋਸ਼ ਲਗਾਏ ਹਨ ਕਿ ਉਸ ਦੀ ਹਰਿਆਣਾ ਦੇ ਗੁਹਲਾ ਥਾਣੇ ਅਧੀਨ ਉਸ ਦੀ ਕਾਰ ਰੋਕ ਕੇ ਹਥਿਆਰਾਂ ਦੀ ਨੋਕ ’ਤੇ ਅਗਵਾ ਕਰਕੇ ਕੁੱਟਮਾਰ ਕੀਤੀ ਗਈ ਅਤੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ। ਹਰਿਆਣਾ ਪੁਲਿਸ ਵੱਲੋਂ ਗੁਰਚਰਨ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਸਮੇਤ ਉਨ੍ਹਾਂ ਪੁੱਤਰਾਂ ਅਤੇ ਹੋਰਨਾਂ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Operation Sindoor Pilot: ਰਾਸ਼ਟਰਪਤੀ ਨਾਲ ਨਜ਼ਰ ਆਈ ਆਪ੍ਰੇਸ਼ਨ ਸੰਧੂਰ ਦੀ ਪਾਇਲਟ
ਦੱਸਣਯੋਗ ਹੈ ਕਿ ਡਾ. ਗੁਰਚਰਨ ਰਾਮ ਵਾਸੀ ਕਰੀਮਨਗਰ ਉਰਫ਼ ਚਿੱਚੜਆਲ ਜੋ ਕਿ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਹੀ ਪਿੰਡ ਦਾ ਵਸਨੀਕ ਹੈ। ਉਕਤ ਵਿਅਕਤੀ ਦੀ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨਾਲ ਪਿਛਲੇ ਸਾਲ ਹੋਈਆਂ ਸਰਪੰਚੀ ਦੀਆਂ ਚੋਣ ਦੌਰਾਨ ਹੀ ਆਪਸੀ ਖਹਿਬਾਜੀ ਚੱਲ ਰਹੀ ਸੀ। ਇਸ ਚੋਣ ਵਿੱਚ ਇੱਕ ਪਾਸੇ ਵਿਧਾਇਕ ਦਾ ਭਰਾ ਸੀ ਜਦੋਂਕਿ ਦੂਜੇ ਪਾਸੇ ਖੁਦ ਗੁਰਚਰਨ ਸਿੰਘ ਉਮੀਦਵਾਰ ਸੀ। ਇਸ ਪਿੰਡ ਵਿੱਚ ਇੱਟਾਂ ਰੋੜੇ ਚੱਲੇ ਸਨ ਅਤੇ ਹਿੰਸਾਂ ਹੋਣ ਕਾਰਨ ਇੱਥੇ ਚੋਣ ਰੱਦ ਹੋ ਗਈ ਸੀ। ਗੁਰਚਰਨ ਸਿੰਘ ਵੱਲੋਂ ਹਾਈਕੋਰਟ ਤੱਕ ਪਹੁੰਚ ਕੀਤੀ ਗਈ ਸੀ। ਇਸ ਤੋਂ ਬਾਅਦ ਹੋਈ ਚੋਣ ਵਿੱਚ ਵਿਧਾਇਕ ਕੁਲਵੰਤ ਸਿੰਘ ਦਾ ਭਰਾ ਪਿੰਡ ਦਾ ਸਰਪੰਚ ਬਣ ਗਿਆ ਸੀ।
ਗੁਰਚਰਨ ਸਿੰਘ ਵੱਲੋਂ ਇੱਥੇ ਚੋਣਾਂ ਵਿੱਚ ਧਾਂਦਲੀ ਦੇ ਕਥਿਤ ਦੋਸ਼ ਲਗਾਏ ਗਏ ਸਨ ਅਤੇ ਉਸ ਸਮੇਂ ਤੋਂ ਦੋਹਾਂ ਧਿਰਾਂ ਵਿਚਕਾਰ ਆਪਸੀ ਰੰਜਿਸ਼ ਦਾ ਮਹੌਲ ਬਣਿਆ ਹੋਇਆ ਸੀ। ਸ਼ੋਸਲ ਮੀਡੀਆ ਤੇ ਗੁਰਚਰਨ ਸਿੰਘ ਵੱਲੋਂ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਖਿਲਾਫ਼ ਲਗਾਤਾਰ ਤਰ੍ਹਾਂ ਤਰ੍ਹਾਂ ਕਥਿਤ ਦੋਸ਼ ਲਗਾਏ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਕਤ ਪੀੜ੍ਹਤ ਵਿਅਕਤੀ ’ਤੇ ਵੀ ਮਾਮਲੇ ਦਰਜ਼ ਹਨ।
ਝੂਠਾ ਮਾਮਲਾ ਦਰਜ਼ ਹੋਇਆ : ਵਿਧਾਇਕ ਕੁਲਵੰਤ ਬਾਜਗੀਰ
ਇਸ ਮਾਮਲੇ ਸਬੰਧੀ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦਾ ਕਹਿਣਾ ਹੈ ਕਿ ਇਹ ਮਾਮਲਾ ਝੂਠਾ ਦਰਜ਼ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਅਪਰਾਧੀ ਪ੍ਰਵਿਰਤੀ ਦਾ ਹੈ ਅਤੇ ਇਸ ਉੱਪਰ ਦਰਜਨ ਤੋਂ ਵੱਧ ਮਾਮਲੇ ਦਰਜ਼ ਹਨ। ਵਿਧਾਇਕ ਵੱਲੋਂ ਉਸਦੇ ਵੱਖ-ਵੱਖ ਥਾਣਿਆ ਅਤੇ ਜ਼ਿਲ੍ਹਿਆਂ ਵਿੱਚ ਹੋਏ ਪਰਚਿਆਂ ਦਾ ਵੇਰਵਾ ਵੀ ਨਸਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗੁਰਚਰਨ ਰਾਮ ਮੇਰੇ ਪਿੰਡ ਦਾ ਹੀ ਹੈ ਅਤੇ ਪਿਛਲੇ ਸਮੇਂ ਤੋਂ ਸ਼ੋਸਲ ਮੀਡੀਆ ਤੇ ਮੇਰੀ ਛਵੀ ਖਰਾਬ ਕਰਨ ਦੀ ਕੋਸ਼ਿਸ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਇਸ ਵੱਲੋਂ ਮੈਨੂੰ ਬਦਨਾਮ ਕਰਨ ਲਈ ਹੀ ਇਹ ਸਾਜਿਸ਼ ਰਚੀ ਗਈ ਹੈ। Punjab MLA FIR














