ਰਿਸ਼ਵਤ ਮੰਗਣ ਲਈ ਵਾਇਰਲ ਆਡੀਓ ਪਿੱਛੋਂ ਹੋਮਗਾਰਡ ਜਵਾਨ ’ਤੇ ਮਾਮਲਾ ਦਰਜ
(ਵਿੱਕੀ ਕੁਮਾਰ) ਮੋਗਾ। ਥਾਣਾ ਕੋਟ ਈਸੇ ਖਾਂ ਵਿਖੇ ਸੰਤਰੀ ਵਜੋਂ ਤਾਇਨਾਤ ਪੰਜਾਬ ਹੋਮਗਾਰਡ ਦੇ ਜਵਾਨ ਵੱਲੋਂ ਰਿਸ਼ਵਤ ਮੰਗਣ ਦੀ ਆਡੀਓ ਕਲਿਪ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਹਰਕਤ ਵਿੱਚ ਆਉਂਦਿਆਂ ਪੁਲਿਸ ਵੱਲੋਂ ਥਾਣਾ ਕੋਟ ਈਸੇ ਖਾਂ ਵਿਖੇ ਹੋਮ ਗਾਰਡ ਦੇ ਜਵਾਨ ਅਮਰੀਕ ਸਿੰਘ ’ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਜਦੋਂਕਿ ਨਾਲ ਹੀ ਪੁਲਿਸ ਵੱਲੋਂ ਅਮਰੀਕ ਸਿੰਘ ਨੂੰ ਫਰਾਰ ਦੱਸਿਆ ਜਾ ਰਿਹਾ ਹੈ। ਵਾਇਰਲ ਆਡੀਓ ਅਨੁਸਾਰ ਪ੍ਰਧਾਨ ਮੰਤਰੀ ਪਿੰਡ ਬਾਜੇਕੇ ਦੇ ਨਾਂਅ ਹੇਠ ਸੋਸ਼ਲ ਮੀਡੀਆ ’ਤੇ ਐਕਟਿਵ ਇੱਕ ਵਿਅਕਤੀ ਵੱਲੋਂ ਹੋਮਗਾਰਡ ਜਵਾਨ ਅਮਰੀਕ ਸਿੰਘ ਨਾਲ ਜੋ ਗੱਲਬਾਤ ਕੀਤੀ ਜਾ ਰਹੀ ਹੈ, ਉਸ ਵਿੱਚ ਪਿੰਡ ਜਾਫਰ ਵਾਲਾ ਦੇ ਇੱਕ ਵਿਅਕਤੀ ਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਦਿਵਾਉਣ ਦੇ ਇਵਜ਼ ’ਚ ਹੋਮਗਾਰਡ ਜਵਾਨ ਅਮਰੀਕ ਸਿੰਘ ਥਾਣਾ ਮੁਖੀ ਤੇ ਹੋਰ ਪੁਲਿਸ ਮੁਲਾਜ਼ਮਾਂ ਦਾ ਨਾਂਅ ਲੈ ਕੇ ਚਾਰ ਤੋਂ ਪੰਜ ਹਜ਼ਾਰ ਰਿਸ਼ਵਤ ਦੀ ਮੰਗ ਕਰਦਾ ਸੁਣਾਈ ਦਿੰਦਾ ਹੈ।
ਇਸ ਸੰਬੰਧੀ ਥਾਣਾ ਮੁਖੀ ਜਸਵਿੰਦਰ ਸਿੰਘ ਭੱਟੀ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਐੱਸਐੱਸਪੀ ਮੋਗਾ ਗੁਲਨੀਤ ਸਿੰਘ ਖੁਰਾਣਾ ਵੱਲੋਂ ਹਦਾਇਤਾਂ ਮੁਤਾਬਿਕ ਭਿ੍ਰਸ਼ਟਾਚਾਰ ਤੇ ਰਿਸ਼ਵਤਖੋਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਿਸ ਵੱਲੋਂ ਪਹਿਲਾਂ ਹੀ ਸਖਤੀ ਕੀਤੀ ਜਾ ਰਹੀ ਹੈ ਤੇ ਇਸ ਵਾਇਰਲ ਆਡੀਓ ਨੂੰ ਵਾਚਣ ਤੋਂ ਬਾਅਦ ਭਿ੍ਰਸ਼ਟਾਚਾਰ ਵਿਰੋਧੀ ਐਕਟ ਤਹਿਤ ਹੋਮਗਾਰਡ ਜਵਾਨ ਅਮਰੀਕ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਇਰਲ ਆਡੀਓ ਤੋਂ ਬਾਅਦ ਹੋਮਗਾਰਡ ਅਮਰੀਕ ਸਿੰਘ ਡਿਊਟੀ ਤੋਂ ਗੈਰ-ਹਾਜ਼ਰ ਹੋ ਗਿਆ, ਜਿਸ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਮਨਜੀਤ ਸਿੰਘ ਢੇਸੀ ਡੀਐੱਸਪੀ ਧਰਮਕੋਟ ਵੱਲੋਂ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜੇਕਰ ਹੋਰ ਕੋਈ ਮੁਲਾਜ਼ਮ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਵੀ ਸਖਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ