ਯੋਗੇਸ਼ ਕੁਮਾਰ ਸੋਨੀ
ਹੈਕਰਸ ਤੋਂ ਪੂਰਾ ਸੰਸਾਰ ਦੁਖੀ ਹੈ। ਅਸੀਂ ਇਨ੍ਹਾਂ ਦੇ ਵਿਸ਼ੇ ‘ਚ ਲਗਾਤਾਰ ਸੁਣਦੇ ਵੀ ਰਹਿੰਦੇ ਹਾਂ। ਇਨ੍ਹਾਂ ਦੇ ਜਾਲ ਵੱਡੇ ਪੱਧਰ ‘ਤੇ ਫੈਲਣ ਨਾਲ ਹੁਣ ਸਰਕਾਰਾਂ ਦੇ ਕੰਮ ‘ਤੇ ਵੀ ਅਸਰ ਪੈਣ ਲੱਗਾ ਹੈ। ਜੇਕਰ ਹਿੰਦੁਸਤਾਨ ਦੇ ਮਾਹੌਲ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਲਗਭਗ ਇੱਕ ਸਾਲ ਵਿੱਚ ਭਾਰਤ ਵਿੱਚ 110 ਵੈਬਸਾਈਟ ਹੈਕ ਹੋਈਆਂ ਹਨ ਜਿਨ੍ਹਾਂ ‘ਚੋਂ ਲਗਭਗ ਪੰਜਾਹ ਮਹੱਤਵਪੂਰਨ ਸਾਈਟਸ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਹਨ। ਇਹ ਹੈਕਰਸ ਸਾਡੇ ਦੇਸ਼ ਦੇ ਨਹੀਂ ਹਨ ਸਗੋਂ ਚੀਨ, ਪਾਕਿਸਤਾਨ, ਨੀਦਰਲੈਂਡ, ਫਰਾਂਸ, ਤਾਇਵਾਨ, ਰੂਸ, ਸਰਬੀਆ ਵਰਗੇ ਦੇਸ਼ਾਂ ਤੋਂ ਹਨ ਜੋ ਸਾਡੀ ਸੁਰੱਖਿਆ ਵਿੱਚ ਸੰਨ੍ਹ ਲਾ ਰਹੇ ਹਨ। ਇਹ ਮਾਮਲਾ ਰਾਜ ਸਭਾ ਵਿੱਚ ਵੀ ਚੁੱਕਿਆ ਗਿਆ ਅਤੇ ਕੇਂਦਰ ਸਰਕਾਰ ਨੇ ਕਿਹਾ ਕਿ ਸਾਈਬਰ ਟੀਮ ਵੀ ਇਹ ਮੰਨ ਰਹੀ ਹੈ ਕਿ ਸਾਈਬਰ ਸੁਰੱਖਿਆ ਤੰਤਰ ਨੂੰ ਹੋਰ ਜਿਆਦਾ ਸੁਰੱਖਿਅਤ ਕਰਨ ਦੀ ਲੋੜ ਹੈ। ਹੈਕ ਹੋਣ ਦੀ ਜਾਣਕਾਰੀ ਸੂਚਨਾ ਅਤੇ ਤਕਨੀਕੀ ਮੰਤਰਾਲੇ ਨੇ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਦੇ ਹਵਾਲੇ ਨਾਲ ਦਿੱਤੀ ਅਤੇ ਇਹ ਵੀ ਦੱਸਿਆ ਕਿ ਜੋ ਬੈਵਸਾਈਟਸ ਹੈਕ ਹੋਈਆਂ ਹਨ ਉਨ੍ਹਾਂ ਦੇ ਆਈਪੀ ਐਡਰੈੱਸ ਤੋਂ ਪਤਾ ਲੱਗਾ ਹੈ ਕਿ ਸਭ ਤੋਂ ਜ਼ਿਆਦਾ ਪਾਕਿਸਤਾਨ ਅਤੇ ਚੀਨ ਤੋਂ ਹੈਕ ਕੀਤਾ ਜਾ ਰਿਹਾ ਹੈ। ਨਾਲ ਹੀ ਸਰਕਾਰ ਨੇ ਇਹ ਵੀ ਦੱਸਿਆ ਕਿ ਸਾਡੀ ਸਰਕਾਰ, ਸਾਈਬਰ ਸੁਰੱਖਿਆ ਸੀਈਆਰਟੀ-ਇਨ ਹੋਰ ਦੇਸ਼ਾਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦੀਆਂ ਹਨ ਜਿਸ ਨਾਲ ਹੈਕਿੰਗ ਨਾ ਹੋਵੇ। ਪਰ ਦੇਸ਼ ਦੀਆਂ ਇੰਨੀਆਂ ਮਹੱਤਵਪੂਰਨ ਵੈਬਸਾਈਟਾਂ ਹੈਕ ਹੋਣ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਇੰਨੇ ਦਾਅਵਿਆਂ ਦੇ ਬਾਅਦ ਵੀ ਸਾਂਹਬਰ ਸਪੇਸ ਸੁਰੱਖਿਆ ਹਾਲੇ ਬੇਹੱਦ ਕਮਜੋਰ ਹੈ। ਇਹ ਮਾਮਲਾ ਪਹਿਲੀ ਵਾਰ ਨਹੀਂ ਹੋਇਆ ਹੈ ਪਰ ਅਜੋਕੇ ਡਿਜ਼ੀਟਲ ਯੁੱਗ ਵਿੱਚ ਅਜਿਹੀਆਂ ਘਟਨਾਵਾਂ ਸਾਡੇ ਲਈ ਸ਼ਰਮਨਾਕ ਹਨ ਕਿਉਂਕਿ ਅਸੀਂ ਡਿਜ਼ੀਟਲ ਯੁੱਗੇ ਵੱਲ ਬਹੁਤ ਤੇਜੀ ਨਾਲ ਅੱਗੇ ਵਧ ਰਹੇ ਹਾਂ।
ਇਸ ਸਾਲ ਪਾਕਿਸਤਾਨੀ ਹੈਕਰਸ ਨੇ ਕਰੀਬ ਸੌ ਹੋਰ ਵੈਬਸਾਈਟਸ ਹੈਕ ਕੀਤੀਆਂ ਸਨ ਜਿਸ ਵਿੱਚ ਬੀਜੇਪੀ ਦੇ ਨਾਗਪੁਰ ਦਫਤਰ ਅਤੇ ਗੁਜਰਾਤ ਦੀ ਵੈਬਸਾਈਟ ਤੋਂ ਇਲਾਵਾ ਭਾਜਪਾ ਨੇਤਾ ਆਈਕੇ ਜਡੇਜਾ ਦਾ ਬਲਾਗ ਵੀ ਸੀ। ਇਸ ਤੋਂ ਇਲਾਵਾ ਅਗਸਤ 2019 ਵਿੱਚ ਹੀ ਅਮਰੀਕਾ ਦੀ ਸਾਈਬਰ ਸੁਰੱਖਿਆ ਫਰਮ ਫਾਇਰਆਈ ਨੇ ਦੱਸਿਆ ਸੀ ਕਿ ਹੈਕਰਸ ਨੇ ਭਾਰਤ ਦੀ ਇੱਕ ਪ੍ਰਮੁੱਖ ਸਿਹਤ ਸੇਵਾ ਵੈਬਸਾਈਟ ਨੂੰ ਹੈਕ ਕਰ ਲਿਆ ਸੀ। ਹੈਕਰਸ ਨੇ ਮਰੀਜ ਅਤੇ ਡਾਕਟਰ ਦੀ ਜਾਣਕਾਰੀ ਵਾਲੇ 68 ਲੱਖ ਰਿਕਾਰਡ ਨੂੰ ਚੋਰੀ ਕਰ ਲਿਆ। ਹਾਲਾਂਕਿ ਫਾਇਰ ਆਈ ਵੈਬਸਾਈਟ ਦਾ ਨਾਂਅ ਨਹੀਂ ਦੱਸਿਆ ਸੀ ਪਰ ਇਹ ਜਾਣਕਾਰੀ ਦਿੱਤੀ ਸੀ ਕਿ ਇਸ ਵਿੱਚ ਜਿਆਦਾਤਰ ਹੈਕਰਸ ਚੀਨ ਦੇ ਸਨ ਜੋ ਸਿਹਤ ਸੰਗਠਨਾਂ ਅਤੇ ਵੈਬ ਪੋਰਟਲਾਂ ਤੋਂ ਚੋਰੀ ਕੀਤੇ ਗਏ ਡੇਟਾ ਨੂੰ ਵੇਚ ਰਹੇ ਸਨ।
ਜੱਗ-ਜਾਹਿਰ ਹੈ ਕਿ ਮੌਜੂਦਾ ਸਮੇਂ ਵਿੱਚ ਸਾਡੇ ਦੇਸ਼ ਵਿੱਚ ਇੰਟਰਨੈਟ ਦਾ ਬਿਜ਼ਨਸ ਬਹੁਤ ਤੇਜੀ ਨਾਲ ਵਧ ਰਿਹਾ ਹੈ। ਇਸ ਲਈ ਇੰਟਰਨੈਟ ਪ੍ਰਕਿਰਿਆ ਨੂੰ ਸੁਰੱਖਿਅਤ ਕਰਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਪਿਛਲੇ ਦਹਾਕੇ ਭਰ ਦੀ ਗੱਲ ਕਰੀਏ ਤਾਂ ਪੂਰੇ ਸੰਸਾਰ ਵਿੱਚ ਸਭ ਤੋਂ ਜ਼ਿਆਦਾ ਡਿਜ਼ੀਟਲ ਹੋਣ ਦਾ ਦਾਅਵਾ ਅਸੀਂ ਕਰਦੇ ਆ ਰਹੇ ਹਾਂ। ਤਰੱਕੀ ਦੀ ਤਸਵੀਰ ਚੰਗੇ ਪਰਿਦ੍ਰਿਸ਼ ਦੇ ਨਾਲ ਦਿਸ ਵੀ ਰਹੀ ਹੈ। ਤਬਦੀਲੀ ਯੁੱਗ ਦੇ ਸਭ ਤੋਂ ਵੱਡੇ ਗਵਾਹ ਅਸੀਂ ਹੀ ਬਣ ਰਹੇ ਹਾਂ ਪਰ ਹੈਕਰਸ ਸਾਡੀ ਇਸ ਤਰੱਕੀ ਵਿੱਚ ਅੜਿੱਕਾ ਬਣ ਰਹੇ ਹਨ। ਹੁਣ ਆਮ ਤੋਂ ਲੈ ਕੇ ਖਾਸ ਡਿਜ਼ੀਟਲ ਇੰਡੀਆ ਦਾ ਹਿੱਸਾ ਬਣ ਰਿਹਾ ਹੈ। ਅੱਜ ਹਰ ਵਿਅਕਤੀ ਇੱਕ ਮੋਬਾਇਲ ਤੋਂ ਆਪਣੀ ਜਿੰਦਗੀ ਨਾਲ ਜੁੜੇ ਹਰ ਕੰਮ ਨੂੰ ਕਰਨ ਲੱਗਾ ਹੈ। ਹਰ ਚੀਜ ਦਾ ਐਪ ਬਣ ਰਿਹਾ ਹੈ। ਜੇਕਰ ਲੋਕਾਂ ਨੂੰ ਇਹ ਮਹਿਸੂਸ ਹੋ ਜਾਵੇ ਕਿ ਸਾਡੇ ਦੇਸ਼ ਵਿੱਚ ਇੰਨੀਆਂ ਮਹਤਪੂਰਨ ਸਾਈਟ ਹੈਕ ਹੋ ਰਹੀਆਂ ਹਨ ਤਾਂ ਉਨ੍ਹਾਂ ਦੇ ਛੋਟੇ ਜਿਹੇ ਸਿਸਟਮ ਨੂੰ ਹੈਕ ਕਰਨਾ ਕੋਈ ਵੱਡੀ ਗੱਲ ਨਹੀਂ ਰਹਿ ਜਾਵੇਗੀ ਜਿਸਦੇ ਨਾਲ ਸਾਡੀ ਰਫ਼ਤਾਰ ਰੁਕ ਸਕਦੀ ਹੈ।
ਜੇਕਰ ਦੇਸ਼ ਦੀ ਸੁਰੱਖਿਆ ਦੇ ਹੋਰ ਪਹਿਲੂਆਂ ਦੀ ਗੱਲ ਕਰੀਏ ਤਾਂ ਪਿਛਲੇ ਦਿਨੀਂ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ‘ਤੇ ਅਨਿਕਾ ਚੋਪੜਾ ਨਾਂਅ ਦੀ ਇੱਕ ਔ+ਤ ਭਾਰਤੀ ਫੌਜ ਦੇ ਜਵਾਨਾਂ ਨੂੰ ਆਪਣੀਆਂ ਅਦਾਵਾਂ ਦਾ ਦੀਵਾਨਾ ਬਣਾ ਕੇ ਖੁਫ਼ੀਆ ਜਾਣਕਾਰੀ ਲੈਂਦੀ ਸੀ। ਸੂਤਰਾਂ ਅਨੁਸਾਰ ਅਨਿਕਾ ਚੋਪੜਾ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦੀ ਏਜੰਟ ਸੀ ਜੋ ਜਵਾਨਾਂ ਨੂੰ ਹਨੀਟਰੈਪ ਦਾ ਸ਼ਿਕਾਰ ਬਣਾਉਂਦੀ ਹੈ। ਇਹ ਔਰਤ ਇਸ ਤੋਂ ਪਹਿਲਾਂ ਵੀ ਕਈ ਹੋਰ ਭਾਰਤੀ ਫੌਜ ਨਾਲ ਜੁੜੇ ਜਵਾਨਾਂ ਨੂੰ ਵੀ ਆਪਣੇ ਜਾਲ ਵਿੱਚ ਫਸਾ ਚੁੱਕੀ ਸੀ। ਹਾਲਾਂਕਿ ਇਹ ਤੈਅ ਨਹੀਂ ਹੋ ਸਕਿਆ ਸੀ ਕਿ ਇਸਦਾ ਨਾਂਅ ਠੀਕ ਹੈ ਜਾਂ ਨਹੀਂ ਪਰ ਇਹ ਪਾਕਿਸਤਾਨ ਲਈ ਕੰਮ ਕਰਦੀ ਸੀ, ਇਸ ਗੱਲ ਦੀ ਪੁਸ਼ਟੀ ਹੋ ਗਈ ਸੀ। ਸਾਡੇ ਨੇੜੇ-ਤੇੜੇ ਦੇ ਕਈ ਦੇਸ਼ ਕਿਸੇ ਵੀ ਹਾਲ ਵਿੱਚ ਸਾਡੇ ਦੇਸ਼ ਦੀ ਖੁਫ਼ੀਆ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਹ ਤਾਂ ਇੱਕ-ਦੋ ਉਦਾਹਰਨ ਜੋ ਸਾਡੇ ਸਾਹਮਣੇ ਆ ਰਹੇ ਹਨ, ਨਾ ਜਾਣੇ ਇਸ ਤੋਂ ਇਲਾਵਾ ਵੀ ਕਿਸ-ਕਿਸ ਜ਼ਰੀਏ ਨਾਲ ਸਾਡੇ ‘ਤੇ ਨਜ਼ਰ ਬਣਾਈ ਜਾ ਰਹੀ ਹੈ।
ਸਰਕਾਰ ਨੂੰ ਹੈਕਰਸ ਦੀ ਖੇਡ ਸਮਝਦੇ ਹੋਏ ਇਸ ਦਿਸ਼ਾ ਵਿੱਚ ਬਹੁਤ ਕੰਮ ਕਰਨਾ ਹੋਵੇਗਾ ਕਿਉਂਕਿ ਜੇਕਰ ਕਿਸੇ ਦਿਨ ਕੋਈ ਵੱਡੀ ਘਟਨਾ ਹੋ ਗਈ ਅਤੇ ਦੇਸ਼ ਦਾ ਭਾਰੀ ਨੁਕਸਾਨ ਹੋ ਗਿਆ ਤਾਂ ਹੱਥ ਮਲਣ ਅਤੇ ਨਿੰਦਿਆ ਕਰਨ ਤੋਂ ਇਲਾਵਾ ਕੁੱਝ ਹੋਰ ਨਹੀਂ ਬਚੇਗਾ। ਜਾਨ-ਮਾਲ ਤੋਂ ਇਲਾਵਾ ਵੀ ਨੁਕਸਾਨ ਦੇ ਕਈ ਰੂਪ ਹੋ ਸਕਦੇ ਹਨ। ਕੇਂਦਰ ਸਰਕਾਰ ਨੂੰ ਇੱਥੇ ਆਪਣੇ ਉਨ੍ਹਾਂ ਮੁਲਕਾਂ ਤੋਂ ਸਹਾਇਤਾ ਲੈਣੀ ਚਾਹੀਦੀ ਹੈ ਜੋ ਇਨ੍ਹਾਂ ਮਾਮਲਿਆਂ ਵਿੱਚ ਚੰਗੇ ਕੰਮ ਕਰ ਰਹੇ ਹਨ ਜਾਂ ਇੰਜ ਕਹੀਏ ਕਿ ਇਸ ਮਾਮਲੇ ਵਿੱਚ ਸਾਡੇ ਤੋਂ ਮਜ਼ਬੂਤ ਹਨ। ਜੇਕਰ ਅਜਿਹੇ ਮਾਮਲਿਆਂ ਦੇ ਇਤਿਹਾਸ ਨੂੰ ਵੇਖਿਆ ਜਾਵੇ ਤਾਂ ਹੈਕਰਸ ਨੇ ਕਈ ਦੇਸ਼ਾਂ ਨੂੰ ਨੁਕਸਾਨ ਪਹੁੰਚਾਇਆ ਹੈ। ਖੁਫ਼ੀਆ ਜਾਣਕਾਰੀ ਤੋਂ ਇਲਾਵਾ ਸਿਹਤ ਸਬੰਧਤ ਸੇਵਾ ਤੋਂ ਇਲਾਵਾ ਦੇਸ਼ ਦੀਆਂ ਵੱਡੀਆਂ ਕੰਪਨੀਆਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ। ਅੱਜ ਲਗਭਗ ਸਾਰੇ ਸਰਕਾਰੀ ਕੰਮ ਵੀ ਵੈਬਸਾਈਟਾਂ ਦੁਆਰਾ ਹੋਣ ਲੱਗੇ ਹਨ। ਹਰ ਛੋਟੇ-ਵੱਡੇ ਕੰਮ ਲਈ ਅਸੀਂ ਇੰਟਰਨੈਟ ਦਾ ਪ੍ਰਯੋਗ ਕਰਦੇ ਹਾਂ। ਇਸ ਵਿੱਚ ਵੀ ਦੋ ਰਾਏ ਨਹੀਂ ਹੈ ਕਿ ਅਸੀਂ ਇਸ ਖੇਤਰ ਵਿੱਚ ਬਹੁਤ ਕੰਮ ਵੀ ਕੀਤਾ ਹੈ ਅਤੇ ਹਾਲੇ ਵੀ ਲਗਾਤਾਰ ਜਾਰੀ ਹੈ ਪਬ ਹੁਣ ਇਸਦੇ ਹੋਰ ਵਿਸਥਾਰ ਤੋਂ ਪਹਿਲਾਂ ਇਸਦੀ ਸੁਰੱਖਿਆ ਕਰਟਾ ਬੇਹੱਦ ਲਾਜ਼ਮੀ ਹੈ। ਇਹ ਮੁੱਦਾ ਬੇਹੱਦ ਸੂਝ-ਬੂਝ ਦਾ ਵੀ ਹੈ ਤਾਂ ਇਸ ਲਈ ਇਸਦੇ ਹਰ ਪਹਿਲੂ ਨੂੰ ਸਮਝ ਕੇ ਸਖ਼ਤ ਕਦਮ ਚੁੱਕਣੇ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।