Bathinda News: ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਨੇੜੇ ਅੱਜ ਸਵੇਰ ਵੇਲੇ ਇੱਕ ਕਾਰ ਸਰਹੰਦ ਨਹਿਰ ਵਿੱਚ ਡਿੱਗ ਗਈ। ਦੱਸਿਆ ਜਾ ਰਿਹਾ ਕਿ ਕਾਰ ਵਿੱਚ ਛੋਟੇ ਬੱਚਿਆਂ ਸਮੇਤ ਕਰੀਬ 11 ਜਣੇ ਸਵਾਰ ਸੀ। ਜਿਉਂ ਹੀ ਕਾਰ ਡਿੱਗਣ ਦਾ ਪਤਾ ਪੁਲਿਸ ਨੂੰ ਲੱਗਾ ਤਾਂ ਪੁਲਿਸ ਟੀਮ ਮੌਕੇ ’ਤੇ ਪੁੱਜੀ ਤੇ ਕਾਰ ਸਵਾਰਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ ਦਾ ਪਤਾ ਜਿਵੇਂ ਹੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਮੈਂਬਰਾਂ ਨੂੰ ਲੱਗਿਆ ਤਾਂ ਉਹ ਵੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਘਟਨਾ ਸਥਾਨ ‘ਤੇ ਪਹੁੰਚ ਕੇ ਕਾਰ ਨਹਿਰ ‘ਚੋਂ ਕੱਢਣ ਲਈ ਮੱਦਦ ਕੀਤੀ।
ਬਚਾਅ ਕਾਰਜ ‘ਚ ਮੱਦਦ ਕਰਨ ਵਾਲੇ ਇਨ੍ਹਾਂ ਸੇਵਾਦਾਰਾਂ ‘ਚ ਪ੍ਰੇਮੀ ਸੇਵਕ ਕਰਤਾਰ ਚੰਦ ਇਸਾਂ, ਅਮਰਜੀਤ ਸਿੰਘ ਇਸਾਂ, ਅਮਨ ਇਸਾਂ, ਬਿੱਟੂ ਇਸਾਂ, ਕ੍ਰਿਸ਼ਨ ਗਾਂਧੀ ਇਸਾਂ ਸ਼ਾਮਲ ਸਨ।
ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਦੱਸਿਆ ਕਿ ਸਰਹੰਦ ਨਹਿਰ ਦੇ ਨਾਲ ਦੀ ਜਾਂਦੀ ਬਹਿਮਨ ਰੋਡ ਤੇ ਇਕ ਕਾਰ ਨਹਿਰ ਵਿੱਚ ਡਿੱਗਣ ਦੀ ਸੂਚਨਾ ਸੁਸਾਇਟੀ ਨੂੰ ਮਿਲੀ ਤਾਂ ਉਹਨਾਂ ਦੇ ਵਲੰਟੀਅਰ ਐਬੂਲੈਂਸ ਸਮੇਤ ਮੌਕੇ ’ਤੇ ਪੁੱਜੇ । ਪੁਲਿਸ ਅਤੇ ਸੁਸਾਇਟੀ ਦੇ ਵਲੰਟੀਅਰਾਂ ਸਮੇਤ ਹੋਰਨਾਂ ਲੋਕਾਂ ਦੇ ਸਹਿਯੋਗ ਨਾਲ ਨਹਿਰ ਵਿੱਚ ਡਿੱਗੇ ਕਾਰ ਸਵਾਰਾਂ ਨੂੰ ਸੁਰੱਖਿਤ ਬਾਹਰ ਕੱਢਕੇ ਹਸਪਤਾਲ ਪਹੁੰਚਾਇਆ ਗਿਆ। ਮੌਕੇ ਤੇ ਪੁੱਜੇ ਸੁਸਾਇਟੀ ਦੇ ਮੈਂਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੌਂਡਾ ਇਮੇਜ ਕਾਰ ਦੇ ਵਿੱਚ 11 ਜਣੇ ਸਵਾਰ ਸੀ, ਜਿਨਾਂ ਚ ਪੰਜ ਛੋਟੇ ਬੱਚੇ ਵੀ ਸ਼ਾਮਿਲ ਸਨ ਸਾਰਿਆਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ । Bathinda News
Read Also : SBI Bank Fraud: ਐਸਬੀਆਈ ਬੈਂਕ ਕਲਰਕ ਵੱਲੋਂ ਕਰੋੜਾਂ ਰੁਪਏ ਦੀ ਠੱਗੀ, ਕੇਸ ਦਰਜ
ਪੰਜਾਬ ਪੁਲਿਸ ਦਾ ਇੱਕ ਜਵਾਨ ਮੁਸਤੈਦੀ ਦਿਖਾਉਂਦਾ ਹੋਇਆ ਸਮੇਤ ਵਰਦੀ ਨਹਿਰ ਵਿੱਚ ਕੁੱਦ ਗਿਆ ਜਿਸ ਨੇ ਕਾਰ ਸਵਾਰਾਂ ਨੂੰ ਬਾਹਰ ਕੱਢਣ ਲਈ ਸ਼ਾਨਦਾਰ ਯੋਗਦਾਨ ਦਿੱਤਾ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਪੁਲਿਸ ਮੁਲਾਜ਼ਮ ਦੀ ਇਸ ਬਹਾਦਰੀ ਦੀ ਸ਼ਲਾਘਾ ਕੀਤੀ ਗਈ। ਕਾਰ ਨੂੰ ਬਾਅਦ ਦੇ ਵਿੱਚ ਹੈਡਰਾ ਦੀ ਮੱਦਦ ਨਾਲ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਕਾਰ ਸਵਾਰ ਕੌਣ ਸਨ ਅਤੇ ਕਿੱਥੋਂ ਆਏ ਤੇ ਕਿੱਧਰ ਜਾ ਰਹੇ ਸੀ। ਕਾਰ ਨਹਿਰ ਵਿੱਚ ਕਿਸ ਕਾਰਨ ਡਿੱਗੀ ਇਸ ਬਾਰੇ ਵੀ ਹਲੇ ਪੂਰਾ ਪਤਾ ਨਹੀਂ ਲੱਗ ਸਕਿਆ।