ਅਧਿਕਾਰੀਆਂ ਨੂੰ ਵੀ ਟੈਸਟ ਕਰਵਾਉਣ ਦੇ ਆਦੇਸ਼, ਕੁਝ ਮੰਤਰੀਆਂ ਨੇ ਕਰਵਾਇਆ ਟੈਸਟ
ਚੰਡੀਗੜ, (ਅਸ਼ਵਨੀ ਚਾਵਲਾ)। ਆਪਣੇ ਸਹਿਯੋਗੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਕੋਵਿਡ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਇਕ ਦਿਨ ਪਿੱਛੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸਮੂਹ ਮੰਤਰੀਆਂ, ਵਿਧਾਇਕਾਂ ਅਤੇ ਵਿਭਾਗੀ ਸਕੱਤਰਾਂ ਨੂੰ ਕਰੋਨਾ ਵਾਇਰਸ ਸਬੰਧੀ ਆਪਣੀ ਜਾਂਚ ਕਰਵਾਉਣ ਲਈ ਕਿਹਾ ਹੈ।
ਮੁੱਖ ਮੰਤਰੀ ਨੇ ਵੀ ਆਪਣਾ ਕੋਵਿਡ ਟੈਸਟ ਕਰਵਾਇਆ ਅਤੇ ਉਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਦੋ ਹੋਰ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਰੁਣਾ ਚੌਧਰੀ ਨੇ ਵੀ ਅੱਜ ਆਪਣਾ ਕੋਵਿਡ ਟੈਸਟ ਕਰਵਾਇਆ ਜਦੋਂ ਕਿ ਕੁਝ ਨੇ ਬੀਤੇ ਦਿਨ ਇਹ ਟੈਸਟ ਕਰਵਾ ਲਿਆ ਸੀ। ਕਾਂਗਰਸ ਦੇ ਦੋ ਵਿਧਾਇਕਾਂ ਨੇ ਵੀ ਅੱਜ ਇਹ ਟੈਸਟ ਕਰਵਾਇਆ।
ਇਨਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਕੈਬਨਿਟ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੇ ਮੰਤਰੀਆਂ ਅਤੇ ਵੱਖੋ-ਵੱਖਰੇ ਵਿਭਾਗਾਂ ਦੇ ਅਧਿਕਾਰੀਆਂ ਖਾਸ ਕਰਕੇ ਉਹ ਜੋ ਕਿ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਆਈ.ਏ.ਐਸ./ਪੀ.ਸੀ.ਐਸ. ਅਧਿਕਾਰੀਆਂ ਦੇ ਸੰਪਰਕ ਵਿੱਚ ਆਏ ਹੋਣ, ਨੂੰ ਵੀ ਆਪਣੀ ਕੋਵਿਡ ਜਾਂਚ ਕਰਵਾ ਲੈਣੀ ਚਾਹੀਦੀ ਹੈ।
ਉਨਾਂ ਕਿਹਾ ਕਿ ਤ੍ਰਿਪਤ ਰਜਿੰਦਰ ਬਾਜਵਾ ਠੀਕ ਠਾਕ ਹਨ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਨਤਕ ਤੌਰ ‘ਤੇ ਵਿਚਰਨ ਸਮੇਂ ਮੰਤਰੀਆਂ ਅਤੇ ਹੋਰਨਾਂ ਨੂੰ ਬਹੁਤ ਹੀ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ