ਵਪਾਰ ਤੇ ਉਦਯੋਗ ਜਗਤ ਦੇ ਸਮੁੱਚੇ ਲੋਕ ਅਕਾਲੀ ਦਲ ਦੇ ਨਾਲ : ਹਰਪਾਲ ਜੁਨੇਜਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕੈਪਟਨ ਅਮਰਿੰਦਰ ਸਰਕਾਰ ਨੇ ਸਾਢੇ ਚਾਰ ਸਾਲਾਂ ਦੇ ਰਾਜਕਾਲ ਦੌਰਾਨ ਪੰਜਾਬ ਵਿੱਚ ਵਪਾਰ ਤੇ ਉਦਯੋਗ ਖੇਤਰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਤੇ ਉਦਯੋਗ ਸੈੱਲ ਦੇ ਪ੍ਰਧਾਨ ਐਨ ਕੇ ਸ਼ਰਮਾ ਨੇ ਕੀਤਾ ਹੈ। ਉਹ ਅੱਜ ਇੱਥੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਵੱਲੋਂ ਵਪਾਰੀਆਂ ਤੇ ਉਦਯੋਗਪਤੀਆਂ ਸਬੰਧੀ ਕਰਵਾਏ ਸਮਾਗਮ ਮੌਕੇ ਪੁੱਜੇ ਹੋਏ ਸਨ। ਉਹਨਾਂ ਕਿਹਾ ਕਿ ਝੂਠੇ ਵਾਅਦਿਆਂ ਦੇ ਸਿਰ ’ਤੇ ਸੱਤਾ ਵਿੱਚ ਆਈ ਕਾਂਗਰਸ ਨੇ ਸਮੁੱਚੇ ਵਪਾਰ ਤੇ ਉਦਯੋਗ ਸੈਕਟਰ ਨੂੰ ਤਬਾਹ ਕਰ ਦਿੱਤਾ ਹੈ।
ਉਹਨਾਂ ਕਿਹਾ ਕਿ ਸਸਤੀ ਬਿਜਲੀ ਦਾ ਵਾਅਦਾ ਕਰਕੇ ਉਦਯੋਗਪਤੀਆਂ ਨੂੰ 12 ਤੋਂ 18 ਰੁਪਏ ਪ੍ਰਤੀ ਯੂਨਿਟ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਇੱਥੇ ਹੀ ਬੱਸ ਨਹੀਂ ਇੰਡਸਟਰੀ ਲਈ ਐਲਾਨੇ ਪਾਵਰ ਲਾਕਡਾਊਨ ਨੇ ਉਦਯੋਗਪਤੀਆਂ ਵਿੱਚ ਭਗਦੜ ਮਚਾ ਦਿੱਤੀ ਤੇ ਉਦਯੋਗਪਤੀ ਯੂ ਪੀ ਵਿੱਚ ਨਿਵੇਸ਼ ਕਰਨ ਬਾਰੇ ਸੋਚਣ ਲੱਗੇ ਜਿਸਦਾ ਪੁਖ਼ਤਾ ਸਬੂਤ ਪੰਜਾਬ ਦੇ ਉਦਯੋਗਪਤੀਆਂ ਦੀ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਆਨਾਥ ਨਾਲ ਹੋਈ ਮੀਟਿੰਗ ਹੈ।
ਕਾਂਗਰਸ ਸਿਰਫ ਹਿੰਦੂ ਵਪਾਰੀਆਂ ਨੂੰ ਡਰਾਉਣ ਲਈ ਅਜਿਹੀਆਂ ਸਾਜ਼ਿਸ਼ਾਂ ਰਚਦੀ ਹੈ : ਸ਼ਰਮਾ
ਸ਼ਰਮਾ ਨੇ ਕਿਹਾ ਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਨਾ ਸਿਰਫ ਪੰਜਾਬ ਬਿਜਲੀ ਸਰਪਲੱਸ ਸੂਬਾ ਬਣਿਆ ਬਲਕਿ ਚੰਗੀਆਂ ਉਦਯੋਗ ਤੇ ਵਪਾਰ ਪੱਖੀ ਨੀਤੀਆਂ ਦੀ ਬਦੌਲਤ ਹਜ਼ਾਰਾਂ ਕਰੋੜਾਂ ਰੁਪਏ ਦਾ ਨਿਵੇਸ਼ ਪੰਜਾਬ ਵਿੱਚ ਆਇਆ। ਉਹਨਾਂ ਨੇ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਕਾਂਗਰਸ ਦੀਆਂ ਖਾਲਿਸਤਾਨੀ ਪੱਖੀ ਨੀਤੀਆਂ ਤੋਂ ਵੀ ਸੁਚੇਤ ਰਹਿਣ ਵਾਸਤੇ ਕਿਹਾ ਤੇ ਦੱਸਿਆ ਕਿ ਕਾਂਗਰਸ ਸਿਰਫ ਹਿੰਦੂ ਵਪਾਰੀਆਂ ਨੂੰ ਡਰਾਉਣ ਲਈ ਅਜਿਹੀਆਂ ਸਾਜ਼ਿਸ਼ਾਂ ਰਚਦੀ ਹੈ ਤਾਂ ਜੋ ਹਿੰਦੂ ਵਰਗ ਦੀਆਂ ਵੋਟਾਂ ਉਸਨੂੰ ਪੈ ਸਕਣ।
ਇਸ ਮੌਕੇ ਪਟਿਆਲਾ ਜ਼ਿਲੇ੍ਹ ਦੇ ਇੰਚਾਰਜ ਪ੍ਰਕਾਸ਼ ਚੰਦ ਗਰਗ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਬਠਿੰਡਾ ਵੱਲੋਂ ਵੀ ਹਿੰਦੂ ਭਾਈਚਾਰੇ ਨੂੰ ਅਗਾਹ ਕਰਦਿਆਂ ਅਕਾਲੀ ਦਲ ਦੇ ਸਾਥ ਦੇਣ ਦੀ ਗੱਲ ਆਖੀ। ਇਸ ਮੌਕੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਿੰਦੂ ਭਾਈਚਾਰੇ ਤੇ ਦਲਿਤ ਭਾਈਚਾਰੇ ਵਿਚੋਂ ਇੱਕ-ਇੱਕ ਡਿਪਟੀ ਸੀ ਐਮ ਬਣਾਉਣ ਦਾ ਐਲਾਨ ਕਰਕੇ ਦਰਸਾ ਦਿੱਤਾ ਹੈ ਕਿ ਉਹ ਹਰ ਫਿਰਕੇ ਦਾ ਧਿਆਨ ਰੱਖਦਾ ਹੈ।
ਇਸ ਮੌਕੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ, ਇੰਦਰਮੋਹਨ ਸਿੰਘ ਬਜਾਜ, ਜੌਨੀ ਕੋਹਲੀ, ਡਾ. ਮਨਪ੍ਰੀਤ ਸਿੰਘ ਚੱਢਾ, ਨਵਨੀਤ ਵਾਲੀਆ, ਰੋਕੀ, ਐਸ ਸੀ ਵਿੰਗ ਦੇ ਪ੍ਰਧਾਨ ਹੈਪੀ ਲੋਹਟ, ਸੁਖਵਿੰਦਰ ਸਿੰਘ ਵਿੱਜ, ਯੋਗੇਸ਼ਵਰ ਸਿੰਘ ਮੋਨੂੰ ਤੇ ਹੋਰ ਪਤਵੰਤੇ ਹਾਜ਼ਰ ਸਨ।
ਕਾਂਗਰਸ ਦਾ ਨਾਂ ਹੀ ਪੰਜਾਬ ਲਈ ਮਾੜਾ : ਰੱਖੜਾ
ਇਸ ਮੌਕੇ ਜ਼ਿਲ੍ਹਾ ਪਟਿਆਲਾ ਦੇ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਜੋ ਸਮਾਜਿਕ ਸਾਂਝ ਦੀਆਂ ਨੀਤੀਆਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਅਪਣਾਈਆਂ ਗਈਆਂ, ਇਸ ਤੋਂ ਬਿਲਕੁਲ ਉਲਟ ਨੀਤੀਆਂ ਕਾਂਗਰਸ ਰਾਜ ਵਿਚ ਅਪਣਾਈਆਂ ਗਈਆਂ। ਉਹਨਾਂ ਕਿਹਾ ਕਿ ਬੇਅਦਬੀ ਦੇ ਨਾਂ ’ਤੇ ਸਿੱਖਾਂ ਨੂੰ ਭੜਕਾਇਆ ਗਿਆ ਤੇ ਖਾਲਿਸਤਾਨ ਦੇ ਨਾਂ ’ਤੇ ਹਿੰਦੂ ਭਾਈਚਾਰੇ ਨੂੰ ਡਰਾਇਆ ਗਿਆ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਜਾਂ ਹੋਰ ਕੋਈ ਕਾਂਗਰਸ ਦੀ ਬੇੜੀ ਪਾਰ ਨਹੀਂ ਲਘਾ ਸਕਦੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ