ਨਿਰੰਜਣ ਬੋਹਾ
ਲੋਕ ਸਭਾ ਚੋਣਾਂ 2014 ਤੋਂ ਬਾਦ 2019 ਵਿਚ ਵੀ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਅਣਕਿਆਸੀ ਸਫ਼ਲਤਾ ਕਾਰਨ ਦੇਸ਼ ਦੇ ਬਦਲੇ ਰਾਜਨੀਤਕ ਸਮੀਕਰਨਾਂ ਦਾ ਅਸਰ ਪੰਜਾਬ ਦੀ ਸਿਆਸਤ ‘ਤੇ ਪੈਣਾ ਵੀ ਸੁਭਾਵਿਕ ਹੈ ਕੌਮੀ ਪੱਧਰ ‘ਤੇ ਭਾਜਪਾ ਨੂੰ ਮਿਲੀ ਏਡੀ ਵੱਡੀ ਜਿੱਤ ਨੇ ਸੂਬਾਈ ਪੱਧਰ ‘ਤੇ ਵੀ ਇਸ ਪਾਰਟੀ ਦੇ ਵਰਕਰਾਂ ਦਾ ਮਨੋਬਲ ਏਨਾ ਵਧਾ ਦਿੱਤਾ ਹੈ ਕਿ ਉਹ ਆਪਣੇ-ਆਪ ਨੂੰ ਨਾ ਕੇਵਲ ਪਹਿਲਾਂ ਨਾਲੋਂ ਵੱਧ ਮਹੱਤਵਪੂਰਨ ਸਮਝਣ ਲੱਗ ਪਏ ਹਨ ਬਲਕਿ ਇਹ ਸੁਫ਼ਨੇ ਵੀ ਵੇਖਣ ਲੱਗ ਪਏ ਹਨ ਕਿ ਭਵਿੱਖ ਵਿਚ ਭਾਜਪਾ ਆਪਣੇ ਬਲਬੂਤੇ ‘ਤੇ ਵੀ ਪੰਜਾਬ ਵਿਚ ਸਰਕਾਰ ਬਣਾ ਸਕਦੀ ਹੈ ਭਾਵੇਂ ਪੰਜਾਬ ਵਿਚ ਇਸ ਪਾਰਟੀ ਕੋਲ ਦੋ ਹੀ ਲੋਕ ਸਭਾ ਸੀਟਾਂ ਹਨ ਪਰ ਉਸਦੀ ਜਿੱਤ ਦਾ ਸਟਰਾਈਕ ਰੇਟ ਕਾਂਗਰਸ ਤੇ ਅਕਾਲੀ ਦਲ ਨਾਲੋਂ ਉੱਚਾ ਹੈ ਅਕਾਲੀ ਦਲ ਨੇ 10 ਸੀਟਾਂ ‘ਤੇ ਚੋਣ ਲੜ ਕੇ ਕੇਵਲ ਦੋ ਹੀ ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ, ਤਾਂ ਕਾਂਗਰਸ ਦੇ ਹਿੱਸੇ 13 ‘ਚੋਂ ਅੱਠ ਲੋਕ ਸਭਾ ਸੀਟਾਂ ਆਈਆਂ ਪਰ ਭਾਜਪਾ ਨੇ ਸਮਝੌਤੇ ਤਹਿਤ ਮਿਲੀਆਂ ਕੇਵਲ ਤਿੰਨ ਹੀ ਸੀਟਾਂ ‘ਤੇ ਚੋਣ ਲੜੀ ਤੇ ਉਨ੍ਹਾਂ ‘ਚੋਂ ਦੋ ‘ਤੇ ਜਿੱਤ ਪ੍ਰਾਪਤ ਕਰਕੇ 67 ਫੀਸਦੀ ਸਟਰਾਈਟ ਰੇਟ ਹਾਸਲ ਕਰ ਲਿਆ ਭਾਵੇਂ ਪੰਜਾਬ ਵਿਚ ਭਾਜਪਾ ਦਾ ਦਰਜ਼ਾ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਛੋਟੇ ਭਰਾ ਵਾਲਾ ਹੈ ਪਰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਦ ਇਸ ਦਾ ਹਰ ਨੇਤਾ ਜਾਂ ਵਰਕਰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਵਿਚ ਹੈ ਕਿ ਹੁਣ ਵੱਡੇ ਭਰਾ ਵੱਲੋਂ ਵਿਖਾਈ ਜਾਂਦੀ ਰਹੀ ਦਾਦਾਗਿਰੀ ਦੇ ਦਿਨ ਪੁੱਗ ਚੁੱਕੇ ਹਨ ਤੇ ਭਾਜਪਾ ਪੰਜਾਬ ਦੀ ਸਿਆਸਤ ਵਿਚ ਆਪਣੀ ਭੂਮਿਕਾ ਵਧਾਉਣ ਦਾ ਪੱਕਾ ਇਰਾਦਾ ਰੱਖਦੀ ਹੈ
ਕਿਸੇ ਵੀ ਗਠਜੋੜ ਵਿਚ ਸ਼ਾਮਿਲ ਸਿਆਸੀ ਪਾਰਟੀਆਂ ਦਾਅਵਾ ਤਾਂ ਇਹ ਕਰਦੀਆਂ ਹਨ ਕਿ ਉਹ ਵਿਚਾਰਧਾਰਕ ਸਮਾਨਤਾ ਕਾਰਨ ਹੀ ਇਕੱਠੀਆਂ ਹੋਈਆਂ ਹਨ ਪਰ ਹਕੀਕਤ ਵਿਚ ਸੱਤਾ ‘ਤੇ ਕਾਬਜ਼ ਹੋਣ ਦੀ ਲਾਲਸਾ ਹੀ ਉਨ੍ਹਾਂ ਨੂੰ ਗਠਜੋੜ ਵਿਚ ਬੱਝਣ ਲਈ ਮਜਬੂਰ ਕਰਦੀ ਹੈ ਕਿਸੇ ਸਮੇਂ ਅਕਾਲੀ ਦਲ ਕੋਲ ਆਪਣਾ ਬੱਝਵਾਂ ਪੇਂਡੂ ਵੋਟ ਬੈਂਕ ਸੀ ਤਾਂ ਭਾਜਪਾ ਸ਼ਹਿਰੀ ਵੋਟਰਾਂ ‘ਤੇ ਚੰਗੀ ਪਕੜ ਰੱਖਦੀ ਸੀ ਇਸ ਤਰ੍ਹਾਂ ‘ਸਾਰਾ ਜਾਂਦਾ ਵੇਖੀਏ ਤਾਂ ਅੱਧਾ ਦੇਈਏ ਵੰਡ’ ਦੀ ਕਹਾਵਤ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ ਸੱਤਾ ਤੋਂ ਦੂਰ ਰੱਖਣ ਲਈ ਹੀ ਭਾਜਪਾ ਨੂੰ ਆਪਣਾ ਸਿਆਸੀ ਭਾਈਵਾਲ ਬਣਾਇਆ ਸੀ ਦੂਸਰੇ ਪਾਸੇ ਭਾਜਪਾ ਦਾ ਦਿਹਾਤੀ ਖੇਤਰ ਵਿਚ ਨਾ-ਮਾਤਰ ਅਧਾਰ ਹੋਣ ਕਾਰਨ ਉਹ ਵੀ ਆਪਣੇ ਬਲਬੂਤੇ ‘ਤੇ ਵੱਡੀ ਰਾਜਨੀਤਕ ਸਫਲਤਾ ਪ੍ਰਾਪਤ ਕਰਨ ਦੀ ਸਥਿਤੀ ਵਿਚ ਨਹੀਂ ਸੀ ਉਦੋਂ ਭਾਜਪਾ ਨੂੰ ਕੇਂਦਰ ਵਿਚ ਬਹੁਮਤ ਸਾਬਤ ਕਰਨ ਲਈ ਅਕਾਲੀ ਦਲ ਵੱਲੋਂ ਜਿੱਤੀਆਂ ਲੋਕ ਸਭਾ ਸੀਟਾਂ ਦੀ ਬਹੁਤ ਲੋੜ ਵੀ ਸੀ ਇਸ ਤਰ੍ਹਾਂ ਇਨ੍ਹਾਂ ਦੋਹੇਂ ਧਿਰਾਂ ਦੀ ਨੇੜਤਾ ਵਿਚਾਰਧਾਰਕ ਇੱਕਸੁਰਤਾ ਨਾਲੋਂ ਇਹਨਾਂ ਦੀਆਂ ਆਪਣੀਆਂ-ਆਪਣੀਆਂ ਸਿਆਸੀ ਲੋੜਾਂ ‘ਤੇ ਵਧੇਰੇ ਨਿਰਭਰ ਰਹੀ ਹੈ ਹੁਣ ਬਦਲੇ ਰਾਜਨੀਤਕ ਸਮੀਕਰਨ ਅਨੁਸਾਰ ਬੇ-ਅਦਬੀ ਦੇ ਮੁੱਦੇ ਦੇ ਚਲਦਿਆਂ ਇੱਕ ਪਾਸੇ ਕਾਂਗਰਸ ਪਾਰਟੀ ਅਕਾਲੀ ਦਲ ਦੇ ਪੇਂਡੂ ਵੋਟ ਬੈਂਕ ਵਿਚ ਵੱਡੀ ਸੰਨ੍ਹ ਲਾਉਣ ਵਿਚ ਕਾਮਯਾਬ ਰਹੀ ਹੈ ਤਾਂ ਦੂਸਰੇ ਪਾਸੇ ਸ਼ਹਿਰੀ ਵੋਟਰਾਂ ‘ਤੇ ਮੋਦੀ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਵਿਖਾਈ ਦਿੱਤਾ ਹੈ ਇਸ ਤਰ੍ਹਾਂ ਸਮਝੌਤੇ ਵਿਚ ਬੱਝੀਆਂ ਦੋਹਾਂ ਧਿਰਾਂ ਦੀ ਤਾਕਤ ਦਾ ਸੰਤੁਲਨ ਵਿਗੜ ਜਾਣ ਕਾਰਨ ਇਨ੍ਹਾਂ ਦੇ ਆਪਸੀ ਸਬੰਧਾਂ ਵਿਚ ਵਿਗਾੜ ਆਉਣ ਦੀਆਂ ਸੰਭਾਵਨਾਵਾਂ ਵੀ ਵਧ ਗਈਆਂ ਹਨ
ਸੱਤਾ ਸੰਤੁਲਨ ਵਿਚ ਤਬਦੀਲੀ ਹੋਣ ‘ਤੇ ਜਦੋਂ ਇਨ੍ਹਾਂ ਵਿਚ ਕੋਈ ਧਿਰ ਵਧੇਰੇ ਤਾਕਤਵਰ ਸਾਬਿਤ ਹੁੰਦੀ ਹੈ ਤਾਂ ਉਹ ਵਿਚਾਰਧਾਰਕ ਏਕਤਾ ਦਾ ਰਾਗ ਗਾਉਣ ਦੀ ਬਜ਼ਾਇ ਦੂਜੀ ਧਿਰ ਨੂੰ ਅੱਖਾਂ ਵਿਖਾਉਣ ਲੱਗ ਪੈਂਦੀ ਹੈ 2007 ਤੇ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਿਲੀ ਸਫਲਤਾ ਤੋਂ ਬਾਦ ਭਾਵੇਂ ਇਹਨਾਂ ਪਾਰਟੀਆਂ ਨੇ ਪੰਜਾਬ ਵਿਚ ਮਿਲ ਕੇ ਸਰਕਾਰ ਚਲਾਈ ਪਰ ਭਾਜਪਾ ਵਰਕਰਾਂ ਤੇ ਆਗੂਆਂ ਵੱਲੋਂ ਇਹ ਸ਼ਿਕਾਇਤ ਸਮੇਂ-ਸਮੇਂ ‘ਤੇ ਕੀਤੀ ਜਾਂਦੀ ਰਹੀ ਕਿ ਅਕਾਲੀ ਦਲ ਉਨ੍ਹਾਂ ਨਾਲ ਦੂਜੇ ਦਰਜ਼ੇ ਦੇ ਨਾਗਰਿਕਾਂ ਵਾਲਾ ਸਲੂਕ ਕਰਦਾ ਹੈ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਪੰਚਾਇਤਾਂ, ਨਗਰ ਪਾਲਿਕਾਵਾਂ ਤੇ ਨਗਰ ਨਿਗਮਾਂ ਦੀਆਂ ਚੋਣਾਂ ਵਿਚ ਦੋਵੇਂ ਭਾਈਵਾਲ ਪਾਰਟੀਆਂ ਵਿਚਲੇ ਮੱਤਭੇਦ ਆਮ ਚਰਚਾ ਦਾ ਵਿਸ਼ਾ ਬਣਦੇ ਰਹੇ ਆਪਣੇ ਸੱਤਾ ਕਾਲ ਵਿੱਚ ਵੱਡੇ ਭਰਾ ਨੇ ਰੁੱਸੇ ਹੋਏ ਛੋਟੇ ਭਰਾ ਨੂੰ ਮਨਾਉਣ ਵਿਚ ਵਧਰੇ ਦਿਲਚਸਪੀ ਨਹੀਂ ਵਿਖਾਈ ਪਰ 2017 ਵਿਚ ਕਾਂਗਰਸ ਆਉਣ ‘ਤੇ ਮਿਲ ਕੇ ਚੱਲਣਾ ਦੋਹਾਂ ਪਾਰਟੀਆਂ ਦੀ ਜਰੂਰਤ ਬਣ ਗਿਆ ਹੁਣ ਲੋਕ ਸਭਾ ਵਿਚ ਭਾਜਪਾ ਕੋਲ 300 ਤੋਂ ਵੱਧ ਆਪਣੇ ਹੀ ਮੈਂਬਰ ਹਨ ਤਾਂ ਹੈਂਕੜ ਵਿਖਾਉਣ ਦੀ ਵਾਰੀ ਉਸ ਦੀ ਹੈ ਇਸ ਲਈ ਹੁਣ ਪੰਜਾਬ ਦੇ ਭਾਜਪਾ ਨੇਤਾਵਾਂ ਦੇ ਸੁਰ ਵੀ ਬਦਲੇ-ਬਦਲੇ ਦਿਖਾਈ ਦੇਣ ਲੱਗ ਪਏ ਹਨ
ਤਣਾਵਾਂ-ਟਕਰਾਵਾਂ ਤੇ ਮੰਨ-ਮਨੌਤੀਆਂ ਦੇ ਕਈ ਪੜਾਵਾਂ ਵਿਚੋਂ ਲੰਘ ਕੇ ਹੀ ਪੰਜਾਬ ਵਿਚ ਅਕਾਲੀ ਦਲ- ਭਾਜਪਾ ਦੇ ਸਬੰਧ ਮੌਜੂਦਾ ਮੁਕਾਮ ‘ਤੇ ਪਹੁੰਚੇ ਹਨ ਭਾਵੇਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਤੇ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਮੰਤਰੀ ਮੰਡਲ ਵਿਚ ਦੂਜੀ ਵਾਰ ਕੈਬਨਿਟ ਮੰਤਰੀ ਵਜੋਂ ਸ਼ਾਮਲ ਕਰਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਆਪਣੇ ਪੁਰਾਣੇ ਸਹਿਯੋਗੀਆਂ ਦੀ ਪੂਰੀ ਕਦਰ ਕਰਦੇ ਹਨ, ਪਰ ਅਜੇ ਵਿਧਾਨ ਸਭਾ ਚੋਣਾਂ ਵਿਚ ਢਾਈ ਸਾਲ ਦਾ ਸਮਾਂ ਪਿਆ ਹੈ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਆਪਣੀ ਮਜ਼ਬੂਤ ਹੋਈ ਸਥਿਤੀ ਅਨੁਸਾਰ ਭਾਜਪਾ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਤੋਂ ਆਪਣੇ ਲਈ ਵੱਧ ਸੀਟਾਂ ਛੱਡੇ ਜਾਣ ਦੀ ਮੰਗ ਕਰੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਤਾਂ ਹੁਣੇ ਹੀ ਇਹ ਮੰਗ ਕਰ ਦਿੱਤੀ ਹੈ ਪਰ ਮੌਜੂਦਾ ਪ੍ਰਧਾਨ ਸ਼ਵੇਤ ਮਲਿਕ ਨੇ ਥੋੜ੍ਹਾ ਸੰਜਮ ਵਰਤਦਿਆਂ ਇਹ ਕਹਿਣ ਦੀ ਸਿਆਣਪ ਵਰਤੀ ਹੈ ਕਿ ਅਜੇ 2022 ਦੂਰ ਹੈ ਪਰ ਉਨਾਂ ਸ੍ਰੀ ਕਮਲ ਸ਼ਰਮਾ ਦੇ ਬਿਆਨ ਦਾ ਖੰਡਨ ਨਹੀਂ ਕੀਤਾ ਇਹ ਗੱਲ ਹੁਣ ਯਕੀਨੀ ਜਾਪਦੀ ਹੈ ਕਿ ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਜਾਣਗੀਆਂ ਤਿਉਂ-ਤਿਉਂ ਭਾਜਪਾ ਆਗੂਆਂ ਵੱਲੋਂ ਵੱਧ ਸੀਟਾਂ ‘ਤੇ ਚੋਣ ਲੜਨ ਦੀ ਮੰਗ ਵੀ ਉਠਾਈ ਜਾਂਦੀ ਰਹੇਗੀ ਬਹੁਤ ਸੰਭਵ ਹੈ ਕਿ ਜੇ ਅਕਾਲੀ ਦਲ ਆਪਣੀ ਪੁਰਾਣੀ ਹੈਸੀਅਤ ਛੱਡਣ ਲਈ ਤਿਆਰ ਨਾ ਹੋਇਆ ਤਾਂ ਬਹਾਨਾ ਬਣਾ ਕੇ ਭਾਜਪਾ ‘ਅਕੇਲਾ ਚਲੋ’ ਦੀ ਨੀਤੀ ਅਪਣਾ ਲਵੇ ਪਰ ਅਜਿਹਾ ਤਾਂ ਹੋਵੇਗਾ ਜੇ ਭਾਜਪਾ ਦੀ ਕੌਮੀ ਕਾਰਜਕਾਰਨੀ ਆਪਣੀ ਪੰਜਾਬ ਇਕਾਈ ਨੂੰ ਇਸ ਤਰ੍ਹਾਂ ਕਰਨ ਦਾ ਇਸ਼ਾਰਾ ਦੇਵੇਗੀ ਅਨੁਸ਼ਾਸਿਤ ਪਾਰਟੀ ਹੋਣ ਕਾਰਨ ਭਾਜਪਾ ਦੀ ਪੰਜਾਬ ਇਕਾਈ ਆਪਣੇ ਪੱਧਰ ‘ਤੇ ਤਾਂ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਕਰਨ ਦਾ ਫੈਸਲਾ ਨਹੀਂ ਲੈ ਸਕਦੀ ਜੱਗ ਜ਼ਾਹਿਰ ਹੈ ਕਿ ਭਾਰਤੀ ਜਨਤਾ ਪਾਰਟੀ ਰਾਸ਼ਟਰੀ ਸਵੈ ਸੇਵਕ ਸੰਘ ਤੋਂ ਹੀ ਵਿਚਾਰਧਾਰਕ ਊਰਜਾ ਹਾਸਲ ਕਰਦੀ ਹੈ ਤੇ ਪਾਰਟੀ ਨੂੰ ਕੇਂਦਰ ਵਿਚ ਬਹੁਮਤ ਦਿਵਾਉਣ ਵਿਚ ਸੰਘ ਦੀ ਵੀ ਵੱਡੀ ਭੂਮਿਕਾ ਰਹੀ ਹੈ
ਸੰਘ ਵੱਲੋਂ ਪੰਜਾਬ ਦੇ ਹਿੰਦੂਆਂ ਨੂੰ ਆਪਣੇ ਨਾਲ ਪੱਕੇ ਤੌਰ ‘ਤੇ ਜੋੜਨ ਲਈ ਪੰਜਾਬ ਵਿਚ ਆਪਣੀਆਂ ਗਤੀਵਿਧੀਆਂ ਵਧਾਏ ਜਾਣ ਦੀ ਪੂਰੀ ਸੰਭਾਵਨਾ ਹੈ ਜਿਹੜੇ ਲੋਕ ਭਾਵੁਕਤਾਵੱਸ ਅਕਾਲੀ-ਭਾਜਪਾ ਦੋਸਤੀ ਨੂੰ ਸਦੀਵੀ ਤੇ ਅਟੁੱਟ ਕਰਾਰ ਦੇਂਦੇ ਹਨ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਰਾਜਨੀਤੀ ਵਿਚ ਭਾਵੁਕਤਾ ਲਈ ਕੋਈ ਥਾਂ ਨਹੀਂ ਹੁੰਦੀ ਤੇ ਕੇਵਲ ਆਪਣੇ ਹਿੱਤ ਵੇਖੇ ਜਾਂਦੇ ਹਨ ਹਰਿਆਣਾ ਵਿਚ ਇੰਡੀਅਨ ਨੈਸ਼ਨਲ ਲੋਕ ਦਲ ਤੇ ਭਾਜਪਾ ਵਿਚ ਵੀ ਕਿਸੇ ਸਮੇਂ ਅਜਿਹੀ ਦੋਸਤੀ ਸੀ ਪਰ ਉਸ ਸਮੇਂ ਹਰਿਆਣਾ ਵਿਚ ਵੱਡੀ ਪਾਰਟੀ ਹੋਣ ਦੇ ਅਹੰਮ ਨੇ ਇਨੈਲੋ ਨੇਤਾਵਾਂ ਨੂੰ ਕੁਝ ਵਧੇਰੇ ਹੈਂਕੜਬਾਜ਼ ਬਣਾ ਦਿੱਤਾ ਤਾਂ ਭਾਜਪਾ ਨੇ ਇਹ ਹੈਂਕੜਬਾਜ਼ੀ ਸਹਿਣ ਦੀ ਬਜਾਇ ਉਨ੍ਹਾਂ ਨਾਲ ਤੋੜ-ਵਿਛੋੜਾ ਕਰ ਲਿਆ ਸੀ ਹੁਣ ਭਾਜਪਾ ਕੋਲ ਹਰਿਆਣਾ ਦੀ ਉਦਾਹਰਨ ਵੀ ਮੌਜੂਦ ਹੈ ਕਿ ਕਿਸ ਤਰ੍ਹਾਂ ਇਨੈਲੋ ਲਗਾਤਾਰ ਸੱਤਾ ਦੇ ਹਾਸ਼ੀਏ ਵੱਲ ਜਾ ਰਹੀ ਹੈ ਤੇ ਉਹ ਛੋਟੀ ਪਾਰਟੀ ਤੋਂ ਵੱਡੀ ਪਾਰਟੀ ਬਣ ਕੇ ਸੂਬੇ ‘ਤੇ ਰਾਜ ਕਰ ਰਹੀ ਹੈ ਭਾਵੇਂ ਅਜੇ ਪੰਜਾਬ ਵਿਚ ਅਕਾਲੀ-ਭਾਜਪਾ ਸਬੰਧ ਇਨੈਲੋ–ਭਾਜਪਾ ਸਬੰਧਾਂ ਵਾਂਗ ਤੜੱਕ ਕਰਕੇ ਟੁੱਟਣ ਦੀ ਸੰਭਾਵਨਾ ਨਹੀਂ ਹੈ ਪਰ ਇਹ ਸਿਆਸੀ ਭਵਿੱਖਬਾਣੀ ਹੁਣ ਕੰਧਾਂ ‘ਤੇ ਉੱਕਰੀ ਗਈ ਹੈ ਕਿ ਪੰਜਾਬ ਵਿਚ ਭਾਜਪਾ ਨੂੰ ਆਪਣੇ ਨਾਲ ਰੱਖਣ ਲਈ ਅਕਾਲੀ ਦਲ ਨੂੰ ਆਪਣੇ ਤੌਰ-ਤਰੀਕੇ ਬਦਲਣੇ ਪੈਣਗੇ ਅਕਾਲੀ ਦਲ ਨੂੰ ਇਹ ਗੱਲ ਹਰ ਹਾਲ ਧਿਆਨ ਵਿਚ ਰੱਖਣੀ ਪਵੇਗੀ ਕਿ ਕੇਂਦਰ ਵਿਚ ਭਾਜਪਾ ਬਹੁਮਤ ਵਾਲੀ ਸਰਕਾਰ ਦੇ ਹੁੰਦਿਆਂ ਹੁਣ ਪੰਜਾਬ ਵਿਚ ਭਾਜਪਾ ਨੂੰ ‘ਅਕੇਲਾ ਚਲੋ’ ਦੀ ਨੀਤੀ ਅਪਨਾਉਣ ਵਿਚ ਵਧੇਰੇ ਮੁਸ਼ਕਲ ਨਹੀਂ ਆਵੇਗੀ
ਕੱਕੜ ਕਾਟੇਜ਼, ਮਾਡਲ ਟਾਊਨ, ਬੋਹਾ (ਮਾਨਸਾ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।