ਕੈਬਨਿਟ ਰੈਂਕ ਸਹੂਲਤਾਂ ਪਰ ਨਹੀਂ ਚਾਹੀਦੀ ਤਨਖ਼ਾਹ, ਦਰਿਆਦਿਲੀ ਨਹੀਂ, ਪੈਨਸ਼ਨ ਦੇ ਲੱਖਾਂ ਰੁਪਏ ਨਹੀਂ ਚਾਹੁੰਦੈ ਖੋਹਣਾ

ਲਾਲ ਸਿੰਘ ਅਤੇ ਬੀਬੀ ਭੱਠਲ ਦੋਵੇਂ ਤਨਖ਼ਾਹ ਦੀ ਥਾਂ ਲੈ ਰਹੇ ਹਨ 6-6 ਪੈਨਸ਼ਨ ਦੇ 3 ਲੱਖ 75 ਹਜ਼ਾਰ ਰੁਪਏ

  • ਮੰਡੀ ਬੋਰਡ ਦੇ ਚੇਅਰਮੈਨ ਹਨ ਲਾਲ ਸਿੰਘ ਤੇ ਬੀਬੀ ਭੱਠਲ ਪਲੈਨਿੰਗ ਬੋਰਡ ਦੀ ਉਪ ਚੇਅਰਪਰਸਨ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵਿੱਚ ਕੈਬਨਿਟ ਰੈਂਕ ਵਾਲੀਆਂ ਸਾਰੀਆਂ ਸਹੂਲਤਾਂ ਵਿੱਚ ਲਗਜ਼ਰੀ ਗੱਡੀ ਤੇ ਰਹਿਣ ਲਈ ਸ਼ਾਹੀ ਮੰਤਰੀਆਂ ਵਾਲੀ ਕੋਠੀ ਤਾਂ ਚਾਹੀਦੀ ਹੈ ਪਰ ਅਹੁਦੇ ਮੁਤਾਬਕ ਮਿਲਣ ਵਾਲੀ ਲੱਖ ਜਾਂ ਫਿਰ ਸਵਾ ਲੱਖ ਰੁਪਏ ਦੀ ਤਨਖ਼ਾਹ ਨਹੀਂ ਚਾਹੀਦੀ ਹੈ। ਇਹ ਕੋਈ ਦਰਿਆਦਿਲੀ ਨਹੀਂ ਸਗੋਂ ਲਗਭਗ 3 ਲੱਖ 75 ਹਜ਼ਾਰ ਰੁਪਏ ਦੀ ਪੈਨਸ਼ਨ ਖੁੰਝਣ ਦਾ ਡਰ ਹੈ, ਜਿਹੜਾ ਕਿ ਤਨਖ਼ਾਹ ਲੈਣ ਤੋਂ ਇਨਕਾਰੀ ਕਰਵਾ ਚੁੱਕਿਆ ਹੈ। ਪੰਜਾਬ ਸਰਕਾਰ ਤੋਂ ਤਨਖ਼ਾਹ ਨਾ ਲੈਣ ਵਾਲੀ ਇਨਕਾਰੀ ਕਰਨ ਵਿੱਚ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਲਾਲ ਸਿੰਘ ਸ਼ੁਮਾਰ ਹਨ। ਇਨ੍ਹਾਂ ਦੋਵਾਂ ਵੱਲੋਂ ਤਨਖ਼ਾਹ ਲੈਣ ਤੋਂ ਇਨਕਾਰੀ ਕਰਨ ਮੌਕੇ ਅਧਿਕਾਰੀ ਹੈਰਾਨ ਤਾਂ ਹੋਏ ਸਨ ਪਰ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਚੱਲਿਆ ਕਿ ਇਹ ਦੋਵਾਂ ਲੀਡਰ ਤਨਖ਼ਾਹ ਨਹੀਂ , ਸਗੋਂ ਪੰਜਾਬ ਵਿਧਾਨ ਸਭਾ ਤੋਂ ਮਿਲਣ ਵਾਲੀ ਪੈਨਸ਼ਨ ਨੂੰ ਲੈਣਾ ਚਾਹੁੰਦੇ ਹਨ, ਕਿਉਂਕਿ ਤਨਖ਼ਾਹ ਤੋਂ 3 ਗੁਣਾ ਤੱਕ ਜ਼ਿਆਦਾ ਉਨ੍ਹਾਂ ਨੂੰ ਪੈਨਸ਼ਨ ਮਿਲਣੀ ਹੈ।

ਪੰਜਾਬ ਸਰਕਾਰ ਵਿੱਚ ਬੀਬੀ ਰਾਜਿੰਦਰ ਕੌਰ ਭੱਠਲ ਪਲੈਨਿੰਗ ਕਮਿਸ਼ਨ ਦੀ ਉਪ ਚੇਅਰਪਰਸਨ ਅਤੇ ਲਾਲ ਸਿੰਘ ਮੰਡੀ ਬੋਰਡ ਦੇ ਚੇਅਰਮੈਨ ਤੈਨਾਤ ਹਨ। ਇਨ੍ਹਾਂ ਦੋਵਾਂ ਲੀਡਰਾਂ ਨੂੰ ਕੈਬਨਿਟ ਰੈਂਕ ਮਿਲਿਆ ਹੋਇਆ ਹੈ, ਜਿਸ ਕਾਰਨ ਇਨ੍ਹਾਂ ਦੋਵਾਂ ਨੂੰ ਸਬੰਧਿਤ ਵਿਭਾਗ ਵੱਲੋਂ ਲਗਜ਼ਰੀ ਗੱਡੀ ਅਤੇ ਰਹਿਣ ਲਈ ਚੰਡੀਗੜ੍ਹ ਵਿਖੇ ਮੰਤਰੀਆਂ ਵਾਲੀ ਕੋਠੀ ਦਿੱਤੀ ਹੋਈ ਹੈ।ਇਸ ਨਾਲ ਹੀ ਵਿਭਾਗ ਅਤੇ ਸਰਕਾਰ ਵੱਲੋਂ ਕਈ ਹੋਰ ਸਹੂਲਤਾਂ ਇਨ੍ਹਾਂ ਦੋਵਾਂ ਲੀਡਰਾਂ ਨੂੰ ਦਿੱਤੀਆਂ ਹੋਈਆਂ ਹਨ।

ਲਾਲ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਭੱਠਲ ਹੁਣ ਤੱਕ ਪੰਜਾਬ ਵਿਧਾਨ ਸਭਾ ਵਿੱਚ 6-6 ਵਾਰ ਜਿੱਤ ਕੇ ਪੁੱਜ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਦੋਵਾਂ ਨੂੰ ਪਹਿਲੀ ਵਾਰ ਜਿੱਤ ਕੇ ਆਉਣ ’ਤੇ ਲਗਭਗ 86 ਹਜ਼ਾਰ 423 ਰੁਪਏ ਅਤੇ ਅਗਲੀ 5 ਵਾਰ ਜਿੱਤ ਕੇ ਆਉਣ ’ਤੇ ਹਰ ਵਾਰ ਦੇ ਲਗਭਗ 57 ਹਜ਼ਾਰ 615 ਰੁਪਏ ਦਿੱਤੇ ਜਾ ਰਹੇ ਹਨ। ਜਿਸ ਹਿਸਾਬ ਨਾਲ ਕੁੱਲ 6 ਪੈਨਸ਼ਨਾਂ ਮਿਲਣ ਦੌਰਾਨ ਇਨ੍ਹਾਂ ਦੋਵਾਂ ਨੂੰ 3 ਲੱਖ 75 ਹਜ਼ਾਰ ਦੇ ਲਗਭਗ ਹਰ ਮਹੀਨੇ ਪੈਨਸ਼ਨ ਹੀ ਦਿੱਤੀ ਜਾ ਰਹੀ ਹੈ।

ਸਰਕਾਰੀ ਵਿਭਾਗ ਅਨੁਸਾਰ ਜੇਕਰ ਕੋਈ ਵੀ ਸਾਬਕਾ ਵਿਧਾਇਕ ਵਿਧਾਇਕ ਬਣ ਕੇ ਵਿਧਾਨ ਸਭਾ ਵਿੱਚ ਪੁੱਜ ਜਾਂਦਾ ਹੈ ਜਾਂ ਫਿਰ ਸਰਕਾਰ ਵਿੱਚ ਕੈਬਨਿਟ ਰੈਂਕ ਪ੍ਰਾਪਤ ਕਰਦੇ ਹੋਏ ਕੋਈ ਅਹੁਦਾ ਸੰਭਾਲ ਲੈਂਦਾ ਹੈ ਤਾਂ ਉਨ੍ਹਾਂ ਨੂੰ ਪੈਨਸ਼ਨ ਨਹੀਂ ਮਿਲਦੀ ਹੈ। ਲਾਲ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਭੱਠਲ ਜੇਕਰ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਤਨਖ਼ਾਹ ਲੈ ਲੈਂਦੇ ਤਾਂ ਇਨ੍ਹਾਂ ਦੋਵਾਂ ਨੂੰ 6-6 ਵਾਰ ਵਿਧਾਇਕ ਬਣਨ ’ਤੇ ਮਿਲਣ ਵਾਲੀ 6-6 ਪੈਨਸ਼ਨ ਤੋਂ ਹੱਥ ਧੋਣਾ ਪੈਣਾ ਸੀ।

ਜਿਸ ਕਾਰਨ ਇਨ੍ਹਾਂ ਦੋਵਾਂ ਸਾਬਕਾ ਵਿਧਾਇਕਾਂ ਵੱਲੋਂ ਕੈਬਨਿਟ ਰੈਂਕ ਵਾਲਾ ਅਹੁਦਾ ਸੰਭਾਲਨ ਤੋਂ ਬਾਅਦ ਵੀ ਵਿਧਾਨ ਸਭਾ ਤੋਂ 6-6 ਪੈਨਸ਼ਨ ਦੇ ਲਗਭਗ 3 ਲੱਖ 75 ਹਜ਼ਾਰ ਰੁਪਏ ਪੈਨਸ਼ਨ ਲਈ ਜਾ ਰਹੀ ਹੈ। ਇਹ ਪੈਨਸ਼ਨ ਵਿਧਾਨ ਸਭਾ ਦਿੱਤੇ ਗਏ ਇੱਕ ਫ਼ਾਰਮੂਲੇ ਅਨੁਸਾਰ ਹੈ, ਇਸ ਵਿੱਚ ਕੁਝ ਹਜ਼ਾਰ ਰੁਪਏ ਜ਼ਰੂਰ ਘੱਟ-ਵੱਧ ਹੋ ਸਕਦੇ ਹਨ।

ਸਾਬਕਾ ਵਿਧਾਇਕਾਂ ਨੂੰ ਉਮਰ ਦੇ ਤਿੰਨ ਪੜਾਅ ’ਤੇ ਮਿਲਦੈ ਪੈਨਸ਼ਨ ਵਾਧਾ

ਪੰਜਾਬ ਵਿਧਾਨ ਸਭਾ ਦੇ ਸਾਬਕਾ ਵਿਧਾਇਕਾਂ ਨੂੰ ਉਮਰ ਦੇ ਤਿੰਨ ਪੜਾਅ ’ਤੇ ਪੈਨਸ਼ਨ ਵਿੱਚ ਵਾਧਾ ਮਿਲਦਾ ਹੈ, ਜਿਹੜੇ ਵਿਧਾਇਕ ਦੀ ਉਮਰ 65 ਸਾਲ ਹੋ ਜਾਂਦੀ ਹੈ ਤਾਂ ਉਸ ਨੂੰ 5 ਫੀਸਦੀ ਮੁੱਢਲੀ ਪੈਨਸ਼ਨ ਵਿੱਚ ਵਾਧਾ ਮਿਲੇਗਾ। ਇਸੇ ਤਰ੍ਹਾਂ ਉਮਰ 75 ਹੋਣ ’ਤੇ 10 ਫੀਸਦੀ ਅਤੇ ਉਮਰ 80 ਸਾਲ ਹੋਣ ’ਤੇ 15 ਫੀਸਦੀ ਮੁੱਢਲੀ ਪੈਨਸ਼ਨ ਵਿੱਚ ਵਾਧਾ ਮਿਲਦਾ ਹੈ। ਇਨ੍ਹਾਂ 15 ਸਾਲਾਂ ਦੇ ਵਕਫ਼ੇ ਦੌਰਾਨ ਵਿਧਾਇਕ ਦੀ ਮੁੱਢਲੀ ਪੈਨਸ਼ਨ ਵਿੱਚ ਹੀ 30 ਫੀਸਦੀ ਤੱਕ ਵਾਧਾ ਹੋ ਜਾਂਦਾ ਹੈ, ਜਿਨ੍ਹਾਂ ਨੂੰ ਕਈ ਪੈਨਸ਼ਨਾਂ ਮਿਲਦੀਆਂ ਹਨ ਉਨ੍ਹਾਂ ਨੂੰ ਕਾਫ਼ੀ ਜ਼ਿਆਦਾ ਇਸ ਦਾ ਫਾਇਦਾ ਮਿਲਦਾ ਹੈ।

ਸਾਬਕਾ ਵਿਧਾਇਕਾਂ ਨੂੰ ਮਿਲ ਰਿਹਾ ਐ 50 ਫੀਸਦੀ ਅਤੇ 234 ਫੀਸਦੀ ਡੀ.ਏ.

ਪੰਜਾਬ ਦੇ ਸਾਬਕਾ ਵਿਧਾਇਕਾਂ ਨੂੰ ਮੁੱਢਲੀ ਪੈਨਸ਼ਨ ਵਿੱਚ 50 ਫੀਸਦੀ ਡੀ.ਏ. ਮਰਜ਼ਰ ਮਿਲ ਰਿਹਾ ਹੈ। ਇਸ ਤੋਂ ਬਾਅਦ ਬਣੀ ਕੁੱਲ ਪੈਨਸ਼ਨ ’ਤੇ 234 ਫੀਸਦੀ ਡੀ.ਏ. ਮਿਲ ਰਿਹਾ ਹੈ। ਹਾਲਾਂਕਿ ਪਿਛਲੇ ਸਮੇਂ ਦੌਰਾਨ ਇਸ 234 ਫੀਸਦੀ ਡੀ.ਏ. ਸਬੰਧੀ ਕਈ ਸੁਆਲ ਵੀ ਖੜੇ੍ਹ ਹੋਏ ਸਨ ਪਰ ਮਾਮਲਾ ਸਾਬਕਾ ਵਿਧਾਇਕਾਂ ਨਾਲ ਜੁੜਿਆ ਹੋਣ ਕਰਕੇ ਇਸ ਮਾਮਲੇ ਵਿੱਚ ਕੁਝ ਵੀ ਨਹੀਂ ਕੀਤਾ ਗਿਆ ਅਤੇ ਇਸ ਮਾਮਲੇ ਨੂੰ ਲਟਕਾ ਦਿੱਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ