ਨਵਜੋਤ ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਅਮਰਿੰਦਰ ਸਿੰਘ ਨੇ ਜਾਰੀ ਕੀਤੇ ਆਦੇਸ਼
- ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਰੋਜ਼ਾਨਾ ਸੁਣੀਆਂ ਜਾਣਗੀਆਂ ਆਮ ਲੋਕਾਂ ਦੀਆਂ ਸ਼ਿਕਾਇਤਾਂ
- ਰੋਜ਼ਾਨਾ 1-1 ਕੈਬਨਿਟ ਮੰਤਰੀਆਂ ਦੀ ਲੱਗੇਗੀ ਡਿਊਟੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਕਾਂਗਰਸ ਭਵਨ ’ਚ ਹੁਣ ਰੋਜ਼ਾਨਾ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਕੈਬਨਿਟ ਮੰਤਰੀ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਨਜਰ ਆਉਣਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਬੰਧੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
ਮੁੱਖ ਮੰਤਰੀ ਨੇ ਇਹ ਫੈਸਲਾ ਨਵਜੋਤ ਸਿੱਧੂ ਦੀ ਉਸ ਮੰਗ ’ਤੇ ਕੀਤਾ ਹੈ ਜੋ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਕਰਦੇ ਆ ਰਹੇ ਸਨ ਕਾਂਗਰਸ ਭਵਨ ’ਚ ਰੋਜ਼ਾਨਾ 3 ਘੰਟੇ ਵਰਕਰਾਂ ਦੀਆਂ ਸਮੱਸਿਆਵਾਂ ਸੁਣਨ ਲਈ 1-1 ਕੈਬਨਿਟ ਮੰਤਰੀਆਂ ਦੀ ਡਿਊਟੀ ਲਾਈ ਜਾਵੇਗੀ ਤਾਂ ਕਿ ਡਿਊਟੀ ਅਨੁਸਾਰ ਹੀ ਉਨ੍ਹਾਂ ਦੇ ਵਿਭਾਗਾਂ ਦੀ ਸਮੱਸਿਆ ਸਬੰਧੀ ਵਰਕਰ ਜਾਂ ਪੰਜਾਬ ਦੀ ਜਨਤਾ ਕਾਂਗਰਸ ਭਵਨ ’ਚ ਆ ਸਕੇ।
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਅੱਜ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਤੇ ਸੈਕਟਰੀ ਜਨਰਲ ਪਰਗਟ ਸਿੰਘ ਦੇ ਨਾਲ ਮੁੱਖ ਮੰਤਰੀ ਨੂੰ ਮਿਲਣ ਉਨ੍ਹਾਂ ਸ਼ਿਸ਼ਵਾਂ ਫਾਰਮ ਹਾਊਸ ’ਤੇ ਪਹੁੰਚੇ ਸਨ ਅੱਜ ਸਵੇਰੇ ਮੁਲਾਕਾਤ ਦੌਰਾਨ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਅੱਗੇ ਕਈ ਮੰਗਾਂ ਰੰਖਦਿਆਂ ਉਨ੍ਹਾਂ ਦਾ ਛੇਤੀ ਹੀ ਨਿਪਟਾਰਾ ਕਰਨ ਦੀ ਗੱਲ ਕਹੀ।
ਇਨ੍ਹਾਂ ’ਚੋਂ ਇੱਕ ਮੰਗ ਕੈਬਨਿਟ ਮੰਤਰੀਆਂ ਦੀ ਡਿਊਟੀ ਕਾਂਗਰਸ ਭਵਨ ’ਚ ਲਾਏ ਜਾਣ ਦੀ ਵੀ ਸੀ ਜਿਸ ਨੂੰ ਮੌਕੇ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਸਵੀਕਾਰ ਕਰਦਿਆਂ ਆਦੇਸ਼ ਜਾਰੀ ਕਰ ਦਿੱਤੇ ਹਨ ਕਿ 3 ਘੰਟੇ ਰੋਜ਼ਾਨਾ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਕੈਬਨਿਟ ਮੰਤਰੀ ਕਾਂਗਰਸ ਭਵਨ ’ਚ ਬੈਠਕ ਕਰਨਗੇ ਸਾਰੇ ਮੰਤਰੀਆਂ ਦੀ ਟਰਨ ਵਾਈਜ਼ ਡਿਊਸ ਲਾਈ ਜਾਵੇਗੀ ਤੇ ਰੋਜ਼ਾਨਾ 1-1 ਕੈਬਨਿਟ ਮੰਤਰੀ ਕਾਂਗਰਸ ਭਵਨ ’ਚ ਬੈਠਣਗੇ।
ਕਾਂਗਰਸ ਤੇ ਸਰਕਾਰ ’ਚ ਸਭ ਕੁਝ ਠੀਕ : ਕੁਲਜੀਤ ਨਾਗਰਾ
ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੇ ਕਿਹਾ ਕਿ ਸੰਗਠਨ ਤੇ ਸਰਕਾਰ ਦਰਮਿਆਨ ਸਭ ਕੁਝ ਠੀਕ ਹੈ ਜਦੋਂਕਿ ਮੀਡੀਆ ਦੇ ਕੁਝ ਵਰਕਰਾਂ ਵੱਲੋਂ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਕੁਝ ਠੀਕ ਨਹੀਂ ਹੈ ਉਨ੍ਹਾਂ ਕਿਹਾ ਕਿ ਅੱਜ ਨਵਜੋਤ ਸਿੱਧੂ ਆਪਣੀ ਟੀਮ ਦੇ ਨਾਲ ਮੁੱਖ ਮੰਤਰੀ ਨੂੰ ਨਾ ਸਿਰਫ਼ ਮਿਲੇ ਸਗੋਂ ਉਨ੍ਹਾਂ ਨਾਲ ਕਾਫ਼ੀ ਮੁੱਦਿਆਂ ’ਤੇ ਗੰਭੀਰ ਚਰਚਾ ਵੀ ਕੀਤੀ ਇਸ ਦੌਰਾਨ ਹੀ ਇਹ ਫੈਸਲਾ ਲਿਆ ਗਿਆ ਕਿ ਕੈਬਨਿਟ ਮੰਤਰੀ ਕਾਂਗਰਸ ਭਵਨ ’ਚ ਬੈਠਦੇ ਨਜ਼ਰ ਆਉਣਗੇ।