ਕਾਂਗਰਸ ਦੇ ਮੌਨ ਵਰਤ ’ਚ ਨਹੀਂ ਭਾਗ ਲੈਣਗੇ ਕੈਬਨਿਟ ਮੰਤਰੀ! ਮੌਨ ਵਰਤ ਸਮੇਂ ਚੱਲ ਰਹੀ ਹੋਵੇਗੀ ਕੈਬਨਿਟ ਮੀਟਿੰਗ

ਚੰਡੀਗੜ੍ਹ ਵਿਖੇ 11:30 ’ਤੇ ਸ਼ੁਰੂ ਹੋਵੇਗੀ ਕੈਬਨਿਟ ਮੀਟਿੰਗ ਤੇ 10 ਤੋਂ 1 ਵਜੇ ਤੱਕ ਰੱਖਿਆ ਜਾਵੇਗਾ ਮੌਨ ਵਰਤ

  • ਆਲ ਇੰਡੀਆ ਕਾਂਗਰਸ ਕਮੇਟੀ ਨੇ 3 ਘੰਟਿਆਂ ਲਈ ਸੱਦਿਆ ਗਿਆ ਐ ਮੌਨ ਵਰਤ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਲਖੀਮਪੁਰ ਖੀਰੀ ਦੇ ਮਾਮਲੇ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਅੱਜ ਸੋਮਵਾਰ ਨੂੰ ਦੇਸ਼ ਭਰ ਵਿੱਚ 3 ਘੰਟਿਆਂ ਲਈ ਮੌਨ ਵਰਤ ਰੱਖਿਆ ਜਾਵੇਗਾ, ਇਸ ਦੌਰਾਨ ਕੋਈ ਵੀ ਇੱਕ ਸ਼ਬਦ ਵੀ ਨਹੀਂ ਬੋਲੇਗਾ ਪਰ ਪੰਜਾਬ ਦੀ ਕਾਂਗਰਸ ਸਰਕਾਰ ’ਚ ਸ਼ਾਮਲ ਕੈਬਨਿਟ ਮੰਤਰੀ ਇਸ ਮੌਨ ਵਰਤ ਵਿੱਚ ਸ਼ਾਮਲ ਹੋਣ ਦੀ ਥਾਂ ’ਤੇ ਕੈਬਨਿਟ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਹਨ। ਜਿਸ ਸਮੇਂ 10 ਤੋਂ 1 ਵਜੇ ਤੱਕ ਦੇਸ਼ ਭਰ ਵਿੱਚ ਕਾਂਗਰਸ ਪਾਰਟੀ ਦੇ ਲੀਡਰ ਮੌਨ ਵਰਤ ਰੱਖ ਕੇ ਬੈਠੇ ਹੋਣਗੇ, ਠੀਕ ਉਸੇ ਸਮੇਂ ਪੰਜਾਬ ਵਿੱਚ 11:30 ਤੋਂ ਕੈਬਨਿਟ ਮੀਟਿੰਗ ਸ਼ੁਰੂ ਹੋਵੇਗੀ। ਇਸ ਦੌਰਾਨ ਅੱਧੀ ਦਰਜਨ ਦੇ ਕਰੀਬ ਏਜੰਡਿਆਂ ’ਤੇ ਚਰਚਾ ਹੋਵੇਗੀ। ਇਸ ਚਰਚਾ ਦੌਰਾਨ ਮੌਨ ਰੱਖਣ ਦੀ ਥਾਂ ’ਤੇ ਮੁੱਖ ਮੰਤਰੀ ਸਣੇ ਸਾਰੇ ਕੈਬਨਿਟ ਮੰਤਰੀ ਚਰਚਾ ਕਰਦੇ ਨਜ਼ਰ ਆਉਣਗੇ।

ਜਾਣਕਾਰੀ ਅਨੁਸਾਰ ਬੀਤੇ ਦਿਨੀਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਕੇ.ਸੀ. ਵੈਣੂ ਗੋਪਾਲ ਵੱਲੋਂ ਦੇਸ਼ ਦੀਆਂ ਸਾਰੀਆਂ ਪ੍ਰਦੇਸ਼ ਕਾਂਗਰਸ ਕਮੇਟੀਆਂ ਨੂੰ ਪੱਤਰ ਲਿਖਦੇ ਹੋਏ ਸੂਚਿਤ ਕੀਤਾ ਸੀ ਕਿ ਲਖੀਮਪੁਰ ਖੀਰੀ ਮਾਮਲੇ ਵਿੱਚ ਕੇਂਦਰੀ ਰਾਜ ਗ੍ਰਹਿ ਮੰਤਰੀ ਦੇ ਅਸਤੀਫ਼ੇ ਸਬੰਧੀ ਕਾਂਗਰਸ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਜਾਣਾ ਹੈ। ਇਸ ਪ੍ਰਦਰਸ਼ਨ ਵਿੱਚ ਕੋਈ ਹੰਗਾਮਾ ਕਰਨ ਦੀ ਥਾਂ ’ਤੇ ਸਿਰਫ਼ ਮੌਨ ਵਰਤ ਹੀ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਸਣੇ ਵਿਧਾਇਕ ਰਾਜ ਭਵਨ ਦੇ ਬਾਹਰ ਮੌਨ ਵਰਤ ਧਾਰਨ ਕਰਦੇ ਹੋਏ ਆਪਣਾ ਰੋਸ ਜ਼ਾਹਰ ਕਰਨਗੇ।

ਇਸ ਪੱਤਰ ਦੇ ਜਾਰੀ ਹੋਣ ਤੋਂ ਸੂਬਾ ਕਾਂਗਰਸ ਕਮੇਟੀ ਪੰਜਾਬ ਵੱਲੋਂ ਤਿਆਰੀ ਵੀ ਕੀਤੀ ਜਾ ਰਹੀ ਹੈ ਅਤੇ ਸੰਗਠਨ ਸਣੇ ਵਿਧਾਇਕਾਂ ਨੂੰ ਸੂਚਿਤ ਵੀ ਕੀਤਾ ਜਾ ਰਿਹਾ ਹੈ ਪਰ ਇਸ ਮੌਨ ਵਰਤ ਪ੍ਰਦਰਸ਼ਨ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੈਬਨਿਟ ਮੰਤਰੀ ਸ਼ਾਮਲ ਨਹੀਂ ਹੋਣਗੇ ਕਿਉਂਕਿ ਜਿਸ ਸਮੇਂ ਇਹ ਮੌਨ ਵਰਤ ਪ੍ਰਦਰਸ਼ਨ ਦੇਸ਼ ਭਰ ਵਿੱਚ ਚੱਲ ਰਿਹਾ ਹੋਵੇਗਾ, ਉਸੇ ਸਮੇਂ ਪੰਜਾਬ ਕੈਬਨਿਟ ਦੀ ਮੀਟਿੰਗ ਵੀ ਰੱਖੀ ਗਈ ਹੈ।

ਕੈਬਨਿਟ ਮੀਟਿੰਗ ਦੇ ਸਮੇਂ ’ਚ ਨਹੀਂ ਕੋਈ ਫੇਰਬਦਲ : ਸੰਗਤ ਗਿਲਜ਼ੀਆਂ

ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਨੇ ਦੱਸਿਆ ਕਿ ਫਿਲਹਾਲ ਕੈਬਨਿਟ ਮੀਟਿੰਗ ਦੇ ਸਮੇਂ ਵਿੱਚ ਕੋਈ ਫੇਰਬਦਲ ਨਹੀਂ ਕੀਤਾ ਗਿਆ ਹੈ ਅਤੇ ਤੈਅ ਸਮੇਂ ਅਨੁਸਾਰ ਹੀ 11:30 ’ਤੇ ਕੈਬਨਿਟ ਮੀਟਿੰਗ ਹੋਵੇਗੀ। ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਹੋਰ ਅਹੁਦੇਦਾਰ ਮੌਨ ਵਰਤ ਪ੍ਰਦਰਸ਼ਨ ਵਿੱਚ ਭਾਗ ਲੈਣਗੇ, ਬਾਕੀ ਕੈਬਨਿਟ ਮੰਤਰੀਆਂ ਦੇ ਸ਼ਾਮਲ ਹੋਣ ਬਾਰੇ ਸਵੇਰੇ ਹੀ ਕੁਝ ਕਿਹਾ ਜਾ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ