ਲਖੀਮਪੁਰ ਖੀਰੀ ਪਹੁੰਚਣ ਤੋਂ ਰੋਕੇ ਜਾਣ ਦੇ ਵਿਰੋਧ ‘ਚ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸ਼ਾਹਜਹਾਂਪੁਰ ਦਿੱਤੀ ਗਿ੍ਰਫਤਾਰੀ

ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸ਼ਾਹਜਹਾਂਪੁਰ ਦਿੱਤੀ ਗਿ੍ਰਫਤਾਰੀ

(ਸ਼ਾਹਜਹਾਂਪੁਰ/ਸੰਗਰੂਰ) ਨਰੇਸ਼ ਕੁਮਾਰ। ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਜੋ ਆਪਣੇ ਕੈਬਨਿਟ ਦੇ ਸਾਥੀਆਂ ਅਤੇ ਪੀਸੀਸੀ ਪ੍ਰਧਾਨ ਨਵਜੋਤ ਸਿੱਧੂ ਨਾਲ ਲਖੀਮਪੁਰ ਖੀਰੀ ਜਾ ਰਹੇ ਸਨ, ਨੂੰ ਯੂ.ਪੀ ਸਰਹੱਦ ‘ਤੇ ਰੋਕ ਲਿਆ ਗਿਆ। ਸਿੰਗਲਾ ਨੂੰ ਜਦੋਂ ਪੁਲਿਸ ਨੇ ਅੱਗੇ ਵਧਣ ਤੋਂ ਰੋਕਿਆ ਤਾਂ ਉਨਾਂ ਨੇ ਪੁਲਿਸ ਨੂੰ ਤਰਕ ਨਾਲ ਆਪਣੀ ਗੱਲ ਸਮਝਾਉਣ ਦਾ ਯਤਨ ਕੀਤਾ ਅਤੇ ਅੱਗੇ ਲੰਘਣ ਦੀ ਅਪੀਲ ਕੀਤੀ।

ਸ੍ਰੀ ਸਿੰਗਲਾ ਨੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋਣ ਦੇ ਨਾਤੇ, ਉਨਾਂ ਦਾ ਅਧਿਕਾਰ ਹੈ ਕਿ ਉਹ ਜਾ ਕੇ ਦੁਖੀ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਅਤੇ ਇਸ ਔਖੀ ਘੜੀ ਵਿੱਚ ਉਨਾਂ ਦੇ ਨਾਲ ਖੜਨ। ਇਸ ਤੋਂ ਬਾਅਦ ਸਿੰਗਲਾ ਨੂੰ ਉਨਾਂ ਦੇ ਹੋਰ ਕੈਬਨਿਟ ਸਾਥੀਆਂ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨਾਲ ਗਿ੍ਰਫਤਾਰ ਕਰ ਲਿਆ ਗਿਆ।

ਸਿੰਗਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਹਮੇਸ਼ਾ ਕਮਜ਼ੋਰ ਵਰਗ ਦੇ ਲੋਕਾਂ ਨਾਲ ਖੜੀ ਹੈ ਅਤੇ ਪਾਰਟੀ ਨੇ ਹਮੇਸ਼ਾ ਉਨਾਂ ਦੀ ਆਵਾਜ਼ ਅਤੇ ਮੁੱਦਿਆਂ ਨੂੰ ਉਭਾਰਿਆ ਹੈ। ਭਾਜਪਾ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਹ ਸਾਰੇ ਭਾਰਤੀਆਂ ਦੀ ਨੁਮਾਇੰਦਗੀ ਕਰਦੇ ਹਨ ਨਾ ਕਿ ਸਿਰਫ ਉਨਾਂ ਲੋਕਾਂ ਦੀ, ਜੋ ਉਨਾਂ ਨਾਲ ਸਹਿਮਤ ਹਨ। ਇਹ ਸਿਰਫ ਇੱਕ ਆਦਮੀ ਦੇ ਗਰੂਰ ਕਾਰਨ ਹੈ, ਕਿ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ ਅਤੇ ਬੜੀ ਦਰਿੰਦਗੀ ਨਾਲ ਕਤਲ ਕੀਤੇ ਸਾਡੇ ਕਿਸਾਨਾਂ ਦੇ ਕਾਤਲਾਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਹਰ ਸਕਿੰਟ ਦੋਸ਼ੀ ਆਜ਼ਾਦ ਹੋ ਰਹੇ ਹਨ , ਜੋ ਲੋਕਤੰਤਰ ਅਤੇ ਸਾਡੇ ਕਿਸਾਨਾਂ ਦਾ ਘੋਰ ਅਪਮਾਨ ਹੈ। ਗਿ੍ਰਫਤਾਰ ਕੀਤੇ ਜਾਣ ਦੌਰਾਨ ਸਿੰਗਲਾ ਨੇ ਕਿਹਾ ਕਿ ਚਾਹੇ ਜੋ ਵੀ ਹਾਲਾਤ ਹੋਣ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਦੇ ਨਾਲ ਖੜੀ ਰਹੇਗੀ ਅਤੇ ਲਖੀਮਪੁਰ ਖੀਰੀ ਜਾ ਕੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ