ਕੈਬਨਿਟ ਮੰਤਰੀ ਵੱਲੋਂ ਲੋਕਾਂ ਨੂੰ ਘਰਾਂ ‘ਚ ਰਹਿਣ ਤੇ ਪੂਰੀ ਸਾਵਧਾਨੀ ਵਰਤਣ ਦੀ ਅਪੀਲ

Corona India

ਕੈਬਨਿਟ ਮੰਤਰੀ ਵੱਲੋਂ ਲੋਕਾਂ ਨੂੰ ਘਰਾਂ ‘ਚ ਰਹਿਣ ਤੇ ਪੂਰੀ ਸਾਵਧਾਨੀ ਵਰਤਣ ਦੀ ਅਪੀਲ

ਸੰਗਰੂਰ, (ਨਰੇਸ਼ ਕੁਮਾਰ) ਸੱਖਿਆ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਅੱਜ ਸੂਬਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਣ ਲਈ ਲੋਕਾਂ ਨੂੰ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ ਅਤੇ ਸਰਕਾਰ, ਪ੍ਰਸ਼ਾਸਨ ਤੇ ਆਪਣੇ-ਆਪ ਦੀ ਮਦਦ ਲਈ ਲੋਕਾਂ ਨੂੰ ਬਿਨਾ ਕਿਸੇ ਜ਼ਰੂਰੀ ਲੋੜ ਤੋਂ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ ਪਰ ਇਸ ਦੇ ਫੈਲਾਅ ਨੂੰ ਲੋਕਾਂ ਦੀ ਮੱਦਦ ਤੋਂ ਬਿਨਾਂ ਨਹੀਂ ਰੋਕਿਆ ਜਾ ਸਕਦਾ।

ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਦੇਸ਼ਾਂ ਤੇ ਹੋਰਨਾਂ ਥਾਂਵਾਂ ਦਾ ਦੌਰਾ ਕਰਕੇ ਵਾਪਸ ਆਏ ਲੋਕ ਅਤੇ ਇਸ ਵਾਇਰਸ ਦੇ ਲੱਛਣ ਸਾਹਮਣੇ ਉਣ ‘ਤੇ ਲੋਕ ਸਵੈ-ਇੱਛਾ ਨਾਲ ਸਰਕਾਰੀ ਸਿਹਤ ਸੰਸਥਾਵਾਂ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਂਚ ਨਾਲ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ ਅਤੇ ਜੇਕਰ ਇਸ ਬਿਮਾਰੀ ਦੇ ਲੱਛਣ ਸਾਹਮਣੇ ਆਉਣ ‘ਤੇ ਆਪਣੀ ਜਾਂਚ ਨਾ ਕਰਵਾਈ ਗਈ ਅਤੇ  ਆਪਣੇ ਆਪ ਨੂੰ ਵੱਖਰਾ ਨਾ ਕੀਤਾ ਗਿਆ ਤਾਂ ਸਬੰਧਤ ਮਰੀਜ਼ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਲੋਕ ਅਫ਼ਵਾਹਾਂ ਤੇ ਡਰ ਫੈਲਾਉਣ ਵਾਲੇ ਲੋਕਾਂ ਤੋਂ ਵੀ ਸਾਵਧਾਨ ਰਹਿਣ ਕਿਉਂਕਿ ਪੰਜਾਬ ਸਰਕਾਰ ਵੱਲੋਂ ਸਥਿਤੀ ਕਾਬੂ ਵਿੱਚ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

Cabinet Minister | ਉਨ੍ਹਾਂ ਦੱਸਿਆ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹੀ ਸਰਕਾਰ ਵੱਲੋਂ ਸਿੱਖਿਆ ਸੰਸਥਾਵਾਂ, ਸ਼ਾਪਿੰਗ ਮਾਲ, ਬੱਸ ਸੇਵਾ ਆਦਿ ਨੂੰ ਕੁਝ ਸਮੇਂ ਲਈ ਬੰਦ ਕੀਤਾ ਗਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਸਿਰਫ਼ ਐਮਰਜੈਂਸੀ ਮੌਕੇ ਹੀ ਘਰਾਂ ਤੋਂ ਬਾਹਰ ਨਿਕਲਣ ਅਤੇ ਬਾਹਰ ਜਾਣ ਤੇ ਪਰਤਣ ਤੋਂ ਬਾਅਦ ਪੂਰੀ ਸਾਵਧਾਨੀ ਵਰਤਣ। ਉਨ੍ਹਾਂ ਕਿਹਾ ਕਿ ਮੁੱਖ ਤੌਰ ‘ਤੇ ਇਹ ਵਾਇਰਸ ਆਦਮੀ ਤੋਂ ਆਦਮੀ ਦੇ ਸੰਪਰਕ ਵਿਚ ਆਉਣ ‘ਤੇ ਫੈਲ ਰਿਹਾ ਹੈ ਅਤੇ ਜੇਕਰ ਅਸੀਂ ਦੂਜੇ ਲੋਕਾਂ ਨਾਲ ਆਪਣਾ ਸੰਪਰਕ ਘਟਾ ਦਿੱਤਾ ਜਾਵੇ ਤਾਂ ਇਸ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ।

ਉਨ੍ਹਾਂ ਕਿ ਕਿਹਾ ਲੋੜ ਪੈਣ ‘ਤੇ ਘਰੋਂ ਨਿਕਲਣ ਤੋਂ ਬਾਅਦ ਮੁੱਖ ਟੀਚਾ ਆਪਣੇ ਕੰਮ ਨੂੰ ਹੀ ਰੱਖਣਾ ਚਾਹੀਦਾ ਹੈ ਅਤੇ ਦੂਜੇ ਲੋਕਾਂ ਨਾਲ ਮੇਲ-ਜੋਲ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਘਰ ਨੂੰ ਵਾਇਰਸ ਮੁਕਤ ਰੱਖਣ ਲਈ ਆਪਣੇ-ਆਪ ਨੂੰ ਵਾਇਰਸ ਮੁਕਤ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਘਰਾਂ ਵਿਚ ਧੁੱਪ ਤੇ ਹਵਾਦਾਰ ਕਮਰਿਆਂ ਵਿੱਚ ਰਹਿਣ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਕਿਸੇ ਵੀ ਚੀਜ਼ ਨੂੰ ਹੱਥ ਲਾਉਣ ਤੋਂ ਬਾਅਦ, ਭਾਵੇਂ ਉਹ ਮੋਬਾਇਲ ਜਾਂ ਕੰਪਿਊਟਰ ਹੀ ਕਿਉਂ ਨਾ ਹੋਵੇ, ਆਪਣੇ ਹੱਥਾਂ ਨੂੰ ਸਾਬਣ ਜਾਂ ਸੈਨੇਟਾਈਜ਼ਰ ਨਾਲ ਜ਼ਰੂਰ ਧੋਣਾ ਚਾਹੀਦਾ ਹੈ ਤਾਂ ਜੋ ਵਾਇਰਸ ਫੈਲਾਉਣ ਵਾਲੇ ਜੀਵਾਣੂਆਂ ਨੂੰ ਨਸ਼ਟ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਇਸ ਵਾਇਰਸ ਅੱਖਾਂ, ਨੱਕ ਜਾਂ ਮੂੰਹ ਰਾਹੀਂ ਮਨੁੱਖੀ ਸਰੀਰ ਵਿਚ ਦਾਖਲ ਹੁੰਦਾ ਹੈ, ਇਸ ਲਈ ਇਨ੍ਹਾਂ ਅੰਗਾਂ ਨੂੰ ਛੂਹਣ ਤੋਂ ਪ੍ਰੇਹਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬੁਖ਼ਾਰ, ਖੰਘ ਜਾਂ ਸਾਹ ਲੈਣ ਵਿਚ ਤਕਲੀਫ਼ ਹੋਵੇ ਤਾਂ ਤੁਰੰਤ ਨਜ਼ਦੀਕੀ ਸਿਹਤ ਸੰਸਥਾ ਜਾਂ ਸਿਹਤ ਵਿਭਾਗ ਦੇ ਹੈਲਪਲਾਇਨ ਨੰਬਰ 104 ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।