ਸੰਗਰੂਰ ਦੇ ਭਾਭਾ ਕੈਂਸਰ ਹਸਪਤਾਲ ਤੋਂ ਹੋਈ ਸ਼ੁਰੂਆਤ
ਸੰਗਰੂਰ, (ਗੁਰਪ੍ਰੀਤ ਸਿੰਘ) ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸੋਮਵਾਰ ਨੂੰ ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਵੱਲੋਂ ਸ਼ੁਰੂ ਕੀਤੀ ਗਈ ਛਾਤੀ ਦੇ ਕੈਂਸਰ ਵਿਰੁੱਧ ਜਾਗਰੂਕਤਾ ਅਤੇ ਜਾਂਚ ਮੁਹਿੰਮ ਦਾ ਰਸਮੀ ਤੌਰ ‘ਤੇ ਆਗ਼ਾਜ਼ ਕਰਵਾਇਆ। ਇਸ ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਅੱਜ ਤੋਂ ਹੀ ਸ਼ੁਰੂ ਕੀਤਾ ਗਿਆ ਹੈ ਜਦਕਿ ਮਰੀਜਾਂ ਦੀ ਮੁਫਤ ਜਾਂਚ 16 ਅਕਤੂਬਰ ਤੋਂ 30 ਅਕਤੂਬਰ ਤੱਕ ਕੀਤੀ ਜਾਏਗੀ। ਹੁਣ ਤੱਕ ਹੋਮੀ ਭਾਭਾ ਕੈਂਸਰ ਹਸਪਤਾਲ ਵਿਚ 16,000 ਮਰੀਜ਼ ਰਜਿਸਟਰ ਹੋਏ ਹਨ, ਜਿਨ੍ਹਾਂ ਵਿੱਚੋਂ 2,842 ਛਾਤੀ ਦੇ ਕੈਂਸਰ ਨਾਲ ਹੀ ਪੀੜਤ ਸਨ।
ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਸ਼੍ਰੀ ਸਿੰਗਲਾ ਨੇ ਹਸਪਤਾਲ ‘ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨਾਲ ਇੱਥੇ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਦੀ ਸਮੀਖਿਆ ਤੇ ਜਾਂਚ ਲਈ ਗੱਲਬਾਤ ਵੀ ਕੀਤੀ। ਇਸ ਤੋਂ ਪਹਿਲਾਂ ਹਸਪਤਾਲ ਦੇ ਆਡੀਟੋਰੀਅਮ ‘ਚ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਛਾਤੀ ਦਾ ਕੈਂਸਰ ਦੁਨੀਆ ਵਿੱਚ ਕੈਂਸਰ ਦਾ ਦੂਜਾ ਸਭ ਤੋਂ ਆਮ ਰੂਪ ਹੈ ਅਤੇ ਇਸ ਬਿਮਾਰੀ ਦਾ ਜਲਦੀ ਪਤਾ ਲਗਾਉਣਾ ਔਰਤਾਂ ਦੀਆਂ ਕੀਮਤੀ ਜਾਨਾਂ ਬਚਾਉਣ ਵਿੱਚ ਮੱਦਦ ਕਰ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਟਾਟਾ ਮੈਮੋਰੀਅਲ ਸੈਂਟਰ ਦਾ ਇਹ ਯੂਨਿਟ ਇਲਾਕੇ ਦੇ ਮਰੀਜ਼ਾਂ ਨੂੰ ਨਿਰੰਤਰ ਚੰਗੀਆਂ ਅਤੇ ਕਿਫ਼ਾਇਤੀ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਇੱਥੇ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਡਾਇਗਨੋਸਟਿਕ, ਮੈਡੀਕਲ, ਸਰਜੀਕਲ ਅਤੇ ਰੇਡੀਏਸ਼ਨ ਆਦਿ ਵਰਗੀਆਂ ਸਾਰੀਆਂ ਸਹੂਲਤਾਂ ਮੌਜ਼ੂਦ ਹਨ। ਉਨ੍ਹਾਂ ਹਸਪਤਾਲ ਦੇ ਡਾਕਟਰੀ ਅਮਲੇ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦੌਰਾਨ ਔਰਤਾਂ ਨੂੰ ਆਪਣੇ-ਆਪ ਨੂੰ ਛਾਤੀ ਦੇ ਕੈਂਸਰ ਲਈ ਆਪਣੇ ਸਰੀਰ ਦੀ ਜਾਂਚ ਕਰਨ ਬਾਰੇ ਮੁੱਢਲੀ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਜੀਵਨ ਭਰ ਇਸ ਅਲਾਮਤ ਪ੍ਰਤੀ ਸੁਚੇਤ ਰਹਿਣ। ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਕੈਂਸਰ ਹਸਪਤਾਲ ਸੰਗਰੂਰ ਵਿਖੇ 90 ਫ਼ੀਸਦੀ ਤੋਂ ਵੱਧ ਮਰੀਜ਼ਾਂ ਦਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ ਅਤੇ ਇਸੇ ਲੜੀ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਹਸਪਤਾਲ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 5 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਲਈ ਸਕੀਮ ਨਾਲ ਜੋੜਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਘਾਬਦਾਂ ਵਿਖੇ ਪੀਜੀਆਈ ਦਾ ਸੈਟੇਲਾਈਟ ਸੈਂਟਰ ਅਤੇ ਟਾਟਾ ਮੈਮੋਰੀਅਲ ਸੈਂਟਰ ਦੀ ਇਹ ਇਕਾਈ, ਦੋਵੇਂ ਇਸ ਵਚਨਬੱਧਤਾ ਦੀ ਸੰਪੂਰਨ ਉਦਾਹਰਨ ਹਨ। ਇਸ ਸਮਾਗਮ ਦੌਰਾਨ, ਕੈਂਸਰ ਹਸਪਤਾਲ ਦੇ ਮਾਹਿਰਾਂ ਨੇ ਦੱਸਿਆ ਕਿ ਦੁਨੀਆ ਵਿਚ ਛਾਤੀ ਦੇ ਕੈਂਸਰ ਦੀ ਮਾਮਲਾ ਦਰ 46.3 ਪ੍ਰਤੀ ਲੱਖ ਆਬਾਦੀ ਹੈ ਅਤੇ ਭਾਰਤ ਵਿੱਚ ਇਸ ਦੀ ਦਰ 24.7 ਪ੍ਰਤੀ ਲੱਖ ਆਬਾਦੀ ਹੈ, ਜਦਕਿ ਪੰਜਾਬ ਰਾਜ ‘ਚ ਛਾਤੀ ਦੇ ਕੈਂਸਰ ਦੀ ਦਰ 20.6 ਪ੍ਰਤੀ ਲੱਖ ਆਬਾਦੀ ਹੈ ਪਰ ਸੰਗਰੂਰ ਜ਼ਿਲੇ ਵਿਚ ਇਹ 16.7 ਹੈ। ਜ਼ਿਕਰਯੋਗ ਹੈ ਕਿ ਛਾਤੀ ਦੇ ਕੈਂਸਰ ਦਾ ਛੇਤੀ ਪਤਾ ਲਗਾਉਣ, ਰੋਕਥਾਮ ਅਤੇ ਉਪਲਬਧ ਇਲਾਜ ਬਾਰੇ ਜਾਗਰੁਕਤਾ ਵਧਾਉਣ ਲਈ ਅਕਤੂਬਰ ਮਹੀਨੇ ਨੂੰ ਵਿਸ਼ਵ ਭਰ ਵਿਚ ਛਾਤੀ ਦੇ ਕੈਂਸਰ ਪ੍ਰਤੀ ਜਾਗਰੂਕਤਾ ਮਹੀਨਾ ਵਜੋਂ ਮਨਾਇਆ ਜਾਂਦਾ ਹੈ।
ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਨੇ 2019 ਤੋਂ ਇੱਕ ਈ.ਡੀ.ਪੀ. (ਅਰਲੀ ਡਿਟੈਕਸਨ ਪ੍ਰੋਗਰਾਮ) ਵੀ ਚਲਾਇਆ ਹੈ ਅਤੇ ਇਸ ਤਹਿਤ 37 ਪੇਂਡੂ ਇਲਾਕਿਆਂ ਅਤੇ 17 ਸ਼ਹਿਰੀ ਇਲਾਕਿਆਂ ਦੀ ਤਕਰੀਬਨ 86,000 ਆਬਾਦੀ ਨੂੰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਡਾਇਰੈਕਟਰ ਕੈਂਸਰ ਹਸਪਤਾਲ ਸੰਗਰੂਰ ਡਾ. ਰਾਕੇਸ਼ ਕਪੂਰ, ਰੇਡੀਓ-ਡਾਇਗੋਨਿਸ ਵਿਭਾਗ ਦੇ ਹੈੱਡ ਡਾ. ਰਹਿਤਦੀਪ ਬਰਾੜ, ਸਹਾਇਕ ਮੈਡੀਕਲ ਸੁਪਰਡੈਂਟ ਡਾ. ਨਿਤਿਨ ਮਰਾਠੀ ਅਤੇ ਹੋਰ ਪਤਵੰਤੇ ਸੱਜਣ ਤੇ ਹਸਪਤਾਲ ਦਾ ਮੈਡੀਕਲ ਸਟਾਫ਼ ਮੌਜ਼ੂਦ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.