ਉੱਤਰ ਪ੍ਰਦੇਸ਼ ’ਚ ਬਸ ਹਾਦਸਾ, 8 ਲੋਕਾਂ ਦੀ ਮੌਤ, 20 ਜਖਮੀ

ਉੱਤਰ ਪ੍ਰਦੇਸ਼ ’ਚ ਬਸ ਹਾਦਸਾ, 8 ਲੋਕਾਂ ਦੀ ਮੌਤ, 20 ਜਖਮੀ

ਬਾਰਾਬੰਕੀ। ਉੱਤਰ ਪ੍ਰਦੇਸ਼ ਵਿੱਚ, ਬਾਰਾਬੰਕੀ ਵਿੱਚ ਪੂਰਵਾਂਚਲ ਐਕਸਪ੍ਰੈਸਵੇਅ ਉੱਤੇ ਸੋਮਵਾਰ ਸਵੇਰੇ ਸੜਕ ਕਿਨਾਰੇ ਖੜ੍ਹੀ ਇੱਕ ਡਬਲ ਡੈਕਰ ਬੱਸ ਇੱਕ ਹੋਰ ਤੇਜ਼ ਰਫ਼ਤਾਰ ਬੱਸ ਨਾਲ ਟਕਰਾ ਗਈ। ਇਸ ਹਾਦਸੇ ‘ਚ ਘੱਟੋ-ਘੱਟ 8 ਯਾਤਰੀਆਂ ਦੀ ਮੌਤ ਹੋ ਗਈ ਜਦਕਿ 20 ਦੇ ਕਰੀਬ ਯਾਤਰੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਲਖਨਊ ਦੇ ਟਰਾਮਾ ਸੈਂਟਰ ’ਚ ਦਾਖਲ ਕਰਵਾਇਆ ਗਿਆ ਹੈ। ਕੁਝ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਸੀਐਮ ਯੋਗੀ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਜ਼ਖਮੀਆਂ ਦੇ ਇਲਾਜ ਦੇ ਯੋਗ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਟਵੀਟ ਕੀਤਾ, ‘ਪੂਰਵਾਂਚਲ ਐਕਸਪ੍ਰੈਸਵੇਅ ’ਤੇ ਸੜਕ ਹਾਦਸੇ ’ਚ ਜਾਨੀ ਨੁਕਸਾਨ ਬਹੁਤ ਦੁਖਦ ਹੈ। ਰਾਹਤ ਅਤੇ ਬਚਾਅ ਕਾਰਜਾਂ ਵਿਚ ਤੇਜ਼ੀ ਲਿਆਉਣ ਅਤੇ ਜ਼ਖਮੀਆਂ ਦੇ ਉਚਿਤ ਇਲਾਜ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਭਗਵਾਨ ਸ਼੍ਰੀ ਰਾਮ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਣ ਅਤੇ ਜ਼ਖਮੀਆਂ ਨੂੰ ਜਲਦੀ ਸਿਹਤਯਾਬ ਕਰਨ।

ਕਿਵੇਂ ਵਾਪਰਿਆ ਹਾਦਸਾ

ਪੁਲਸ ਸੂਤਰਾਂ ਨੇ ਦੱਸਿਆ ਕਿ ਬਿਹਾਰ ਤੋਂ ਦਿੱਲੀ ਜਾ ਰਹੀ ਡਬਲ ਡੈਕਰ ਬੱਸ ਪੂਰਵਾਂਚਲ ਐਕਸਪ੍ਰੈੱਸ ਵੇਅ ’ਤੇ ਇਕ ਢਾਬੇ ’ਤੇ ਰੁਕੀ ਸੀ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਹੋਰ ਡਬਲ ਡੈਕਰ ਬੱਸ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਤੇਜ਼ ਰਫਤਾਰ ਬੱਸ ’ਚ ਸਵਾਰ ਅੱਠ ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਬੱਸ ’ਚ ਫਸੇ ਯਾਤਰੀਆਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ, ਇਸ ਦੌਰਾਨ ਮੌਕੇ ’ਤੇ ਪਹੁੰਚੀ ਪੁਲਿਸ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।

ਤੜਕੇ ਹੋਏ ਇਸ ਹਾਦਸੇ ਤੋਂ ਬਾਅਦ ਪੂਰਵਾਂਚਲ ਐਕਸਪ੍ਰੈਸ ਵੇਅ ਦੀ ਇੱਕ ਲੇਨ ’ਤੇ ਜਾਮ ਦੀ ਸਥਿਤੀ ਬਣ ਗਈ। ਹਾਦਸਾਗ੍ਰਸਤ ਬੱਸਾਂ ਨੂੰ ਕਰੇਨ ਦੀ ਮਦਦ ਨਾਲ ਵੱਖ-ਵੱਖ ਕਰਕੇ ਆਵਾਜਾਈ ਨੂੰ ਸੁਚਾਰੂ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿ੍ਰਤਕਾਂ ਦੀ ਸ਼ਨਾਖਤ ਲਈ ਯਤਨ ਕੀਤੇ ਜਾ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ