Heroin: (ਜਗਦੀਪ ਸਿੰਘ) ਫਿਰੋਜ਼ਪੁਰ। ਭਾਰਤ-ਪਾਕਿ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਵੱਲੋਂ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਵਿੱਚੋਂ ਡਰੋਨ ਅਤੇ ਹੈਰੋਇਨ ਦੇ 3 ਪੈਕਟ ਬਰਾਮਦ ਕੀਤੇ ਗਏ ਹਨ। ਬੀਐੱਸਐੱਫ ਦੇ ਜਵਾਨਾਂ ਦੀ ਤੁਰੰਤ ਕਾਰਵਾਈ ਨੇ ਇੱਕ ਵਾਰ ਫਿਰ ਸਰਹੱਦ ਪਾਰ ਤੋਂ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ।
ਜਾਣਕਾਰੀ ਦਿੰਦੇ ਬੀਐੱਸਐੱਫ ਅਧਿਕਾਰੀ ਨੇ ਦੱਸਿਆ ਕਿ ਬੀਐੱਸਐੱਫ ਦੇ ਖੁਫੀਆ ਵਿੰਗ ਵੱਲੋਂ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਵਿੱਚ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਸਬੰਧੀ ਮਿਲੀ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਬੀਐੱਸਐੱਫ ਦੇ ਜਵਾਨਾਂ ਨੇ ਸ਼ੱਕੀ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਅੰਮ੍ਰਿਤਸਰ ਸਰਹੱਦ ਦੇ ਸਰਹੱਦੀ ਇਲਾਕੇ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਪ ਦੇ ਨਾਲ ਇੱਕ ਡਰੋਨ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ ਤਾਂ ਬੀਐੱਸਐੱਫ ਦੇ ਜਵਾਨਾਂ ਨੇ ਪਿੰਡ ਰੋੜਾਂਵਾਲਾ ਖੁਰਦ ਦੇ ਨਾਲ ਲੱਗਦੇ ਇੱਕ ਖੇਤਾਂ ਵਿੱਚੋਂ ਹੈਰੋਇਨ ਦਾ 1 ਪੈਕਟ (ਕੁੱਲ ਵਜ਼ਨ- 550 ਗ੍ਰਾਮ) ਸਮੇਤ 1 ਡਰੋਨ ਬਰਾਮਦ ਕੀਤਾ ਗਿਆ।
ਇਹ ਵੀ ਪੜ੍ਹੋ: Deportation: ਅਮਰੀਕਾ ਤੋਂ ਡਿਪੋਰਟ ਹੋ ਕੇ ਪਰਤੇ ਦੋ ਨੌਜਵਾਨ ਜਹਾਜ਼ ਤੋਂ ਉਤਰਦੇ ਹੀ ਗ੍ਰਿਫ਼ਤਾਰ
ਇਸ ਤੋਂ ਇਲਾਵਾ ਇੱਕ ਹੋਰ ਮਾਮਲੇ ਵਿੱਚ ਫਿਰੋਜ਼ਪੁਰ ਦੇ ਇਲਾਕੇ ਵਿੱਚ ਬੀਐੱਸਐੱਫ ਜਵਾਨਾਂ ਨੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਨੂੰ ਸੁੱਟਣ ਲਈ ਪਾਕਿ ਤੋਂ ਭਾਰਤ ਵਾਲੇ ਪਾਸੇ ਆਉਣ ਵਾਲੇ ਡਰੋਨ ’ਤੇ ਹਮਲਾ ਕੀਤਾ। ਇਸ ਤੋਂ ਬਾਅਦ ਸਰਚ ਦੌਰਾਨ ਫਿਰੋਜ਼ਪੁਰ ਦੇ ਪਿੰਡ ਦੋਨਾ ਰਹਿਮਤ ਵਾਲਾ ਦੇ ਨਾਲ ਲੱਗਦੇ ਇੱਕ ਖੇਤ ਵਿੱਚੋਂ 2 ਪੈਕੇਟ ਹੈਰੋਇਨ (ਕੁੱਲ ਵਜ਼ਨ 1 ਕਿਲੋ) ਬਰਾਮਦ ਕੀਤੀ। ਇਹ ਪੈਕਟ ਪੀਲੀ ਟੇਪ ਨਾਲ ਲਪੇਟੇ ਹੋਏ ਸਨ। ਫਿਰੋਜ਼ਪੁਰ ਇਲਾਕੇ ਵਿੱਚ ਹੋਈ ਬਰਾਮਦਗੀ ਸਬੰਧੀ ਥਾਣਾ ਮਮਦੋਟ ਪੁਲਿਸ ਵੱਲੋਂ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Heroin
ਸੀਆਈਏ ਸਟਾਫ਼ ਨੇ 134 ਗ੍ਰਾਮ ਆਈਸ ਡਰੱਗ ਕੀਤੀ ਬਰਾਮਦ | Heroin
ਸੀਆਈਏ ਸਟਾਫ਼ ਫਿਰੋਜ਼ਪੁਰ ਵੱਲੋਂ 134 ਗ੍ਰਾਮ ਆਈਸ ਡਰੱਗ (ਕ੍ਰਿਸਟਲ ਮੈਥਾਫੈਟਾਮਾਈਲ) ਬਰਾਮਦ ਕਰਦਿਆਂ ਇੱਕ ਲੁਧਿਆਣਾ ਵਾਸੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਖਿਲਾਫ਼ ਥਾਣਾ ਘੱਲ ਖੁਰਦ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਕਾਬੂ ਆਏ ਵਿਅਕਤੀ ਦੀ ਪਛਾਣ ਗੁਰਿੰਦਰ ਸਿੰਘ ਉਰਫ ਗੁਰੀ ਪੁੱਤਰ ਅਮਰ ਸਿੰਘ ਵਾਸੀ ਪ੍ਰਵਾਤ ਨਗਰ ਢੋਲੇਵਾਲਾ, ਲੁਧਿਆਣਾ ਵਜੋਂ ਹੋਈ ਹੈ, ਜਿਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।