ਬੀਤੇ ਦਿਨੀਂ ਬਦਿਆਲਾ ’ਚ ਕੀਤਾ ਗਿਆ ਸੀ ਬਜ਼ੁਰਗ ਜੋੜੇ ਦਾ ਕਤਲ | Bathinda News
ਬਠਿੰਡਾ (ਸੁਖਜੀਤ ਮਾਨ)। Bathinda News: ਰਾਮਪੁਰਾ ਨੇੜਲੇ ਪਿੰਡ ਬਦਿਆਲਾ ਦੇ ਖੇਤਾਂ ’ਚ ਬਣੀ ਢਾਹਣੀ ’ਚ ਰਹਿੰਦੇ ਬਜ਼ੁਰਗ ਜੋੜੇ ਦਾ ਕਾਤਲ ਬਜ਼ੁਰਗ ਦਾ ਭਰਾ ਹੀ ਨਿੱਕਲਿਆ ਹੈ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ’ਚ ਥਾਣਾ ਸਦਰ ਰਾਮਪੁਰਾ ’ਚ ਪਰਚਾ ਦਰਜ਼ ਹੋਇਆ ਸੀ। ਇਹ ਜਾਣਕਾਰੀ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਦਿੱਤੀ। ਵੇਰਵਿਆਂ ਮੁਤਾਬਿਕ ਲੰਘੇ ਮੰਗਲਵਾਰ ਦੀ ਰਾਤ ਨੂੰ ਪਿੰਡ ਬਦਿਆਲਾ ਵਾਸੀ ਕਿਆਸ ਸਿੰਘ (63) ਪੁੱਤਰ ਕਰਨੈਲ ਸਿੰਘ ਤੇ ਉਹਨਾਂ ਦੀ ਪਤਨੀ ਅਮਰਜੀਤ ਕੌਰ (62) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।
ਇਹ ਖਬਰ ਵੀ ਪੜ੍ਹੋ : Bambiha Gang: ਬੰਬੀਹਾ ਗੈਂਗ ਦੇ ਗੈਂਗਸਟਰ ਸਿੰਮਾ ਬਹਿਬਲ ਦੇ ਦੋ ਗੁਰਗੇ ਪੁਲਿਸ ਨੇ ਕੀਤੇ ਕਾਬੂ
ਖੇਤਾਂ ’ਚ ਬਣੀ ਢਾਹਣੀ ’ਚ ਇਹ ਬਜ਼ੁਰਗ ਜੋੜਾ ਇਕੱਲਾ ਹੀ ਰਹਿੰਦਾ ਸੀ ਕਿਉਂਕਿ ਉਹਨਾਂ ਦਾ ਪੁੱਤਰ ਤੇ ਨੂੰਹ ਨੌਕਰੀ ’ਤੇ ਲੱਗੇ ਹੋਣ ਕਰਕੇ ਘਰੋਂ ਬਾਹਰ ਰਹਿੰਦੇ ਹਨ ਤੇ ਧੀ ਵੀ ਵਿਆਹੀ ਹੋਈ ਹੈ। ਥਾਣਾ ਸਦਰ ਰਾਮਪੁਰਾ ਪੁਲਿਸ ਵੱਲੋਂ ਮ੍ਰਿਤਕ ਜੋੜੇ ਦੀ ਧੀ ਕਿਰਨਜੀਤ ਕੌਰ ਪਤਨੀ ਹਰਿੰਦਰ ਸਿੰਘ ਵਾਸੀ ਪਿੰਡ ਬੱਲ੍ਹੋ (ਬਠਿੰਡਾ) ਦੀ ਸ਼ਿਕਾਇਤ ਦੇ ਆਧਾਰ ’ਤੇ ਨਾਮਾਲੂਮ ਵਿਅਕਤੀਆਂ ਖਿਲਾਫ਼ ਪਰਚਾ ਦਰਜ਼ ਕੀਤਾ ਗਿਆ ਸੀ। ਪੁਲਿਸ ਵੱਲੋਂ ਕਤਲ ਦੀ ਗੁੱਥੀ ਸੁਲਝਾਉਣ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ।
ਕਿਆਸ ਸਿੰਘ ਦਾ ਆਪਣੇ ਭਰਾ ਬਿਕਰਮ ਸਿੰਘ ਉਰਫ ਬਿੱਕਰ ਸਿੰਘ (58) ਨਾਲ ਜ਼ਮੀਨੀ ਝਗੜਾ ਚੱਲ ਰਿਹਾ ਸੀ ਜਿਸਦੇ ਚਲਦਿਆਂ ਬਿਕਰਮ ਸਿੰਘ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਵੱਲੋਂ ਦੂਹਰੇ ਕਤਲ ਦੀ ਇਸ ਗੁੱਥੀ ਨੂੰ ਹੁਣ ਸੁਲਝਾ ਕੇ ਮ੍ਰਿਤਕ ਕਿਆਸ ਸਿੰਘ ਦੇ ਭਰਾ ਬਿਕਰਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਬਿਕਰਮ ਸਿੰਘ ਪੁੱਤਰ ਕਰਨੈਲ ਸਿੰਘ ਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ।