accident | 2008 ‘ਚ ਗਿਆ ਸੀ ਅਮਰੀਕਾ
- ਰੁਜ਼ਗਾਰ ਦੀ ਭਾਲ ‘ਚ ਗਿਆ ਸੀ ਅਮਰੀਕਾ
- ਹੁਸ਼ਿਆਰਪੁਰ ਦੇ ਪਿੰਡ ਡੁਮਾਣਾ ਦਾ ਸੀ ਨੌਜਵਾਨ
ਹੁਸ਼ਿਆਰਪੁਰ | ਪੰਜਾਬ ਦੇ ਨੌਜਵਾਨ ਆਪਣੇ ਪਰਿਵਾਰਾਂ ਨੂੰ ਛੱਡ ਕੇ ਰੁਜ਼ਗਾਰ ਦੀ ਭਾਲ ‘ਚ ਬਾਹਰ ਜਾਂਦੇ ਹਨ। ਕਈ ਨੌਜਵਾਨ ਬਾਹਰ ਕਿਸੇ ਅਣਸੁਖਾਵੀਂ ਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ। ਇਸੇ ਤਰ੍ਹਾਂ ਦਾ ਅੱਜ ਇੱਕ ਹੋਰ ਮਾਮਲਾ ਹੁਸ਼ਿਆਰਪੁਰ ਦੇ ਟਾਂਡਾ ਬਲਾਕ ਦਾ ਸਾਹਮਣੇ ਆਇਆ ਹੈ। ਅਮਰੀਕਾ ਦੇ ਸਿਆਟਲ ‘ਚ ਸੜਕ ਹਾਦਸਾ ਵਾਪਰਨ ਕਰਕੇ ਜ਼ਿਲਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਦੇ ਪਿੰਡ ਡੁਮਾਣਾ ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਲਖਵਿੰਦਰ ਸਿੰਘ ਲੱਖਾ ਪੁੱਤਰ ਜੋਗਿੰਦਰ ਸਿੰਘ ਦੇ ਰੂਪ ‘ਚ ਹੋਈ ਹੈ।
- ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ
- 11 ਸਾਲਾਂ ਬਾਅਦ ਇਸ ਵਾਰ ਲੋਹੜੀ ‘ਤੇ ਆਉਣਾ ਸੀ ਵਾਪਸ
ਤਿੰਨ ਭੈਣਾਂ ਦਾ ਇਕਲੌਤਾ ਭਰਾ ਲੱਖਾ 2008 ‘ਚ ਅਮਰੀਕਾ ਗਿਆ ਸੀ ਅਤੇ ਉਹ ਉੱਥੇ ਟਰਾਲਾ ਚਲਾਉਂਦਾ ਸੀ। ਨੌਜਵਾਨ ਦੇ ਪਰਿਵਾਰ ਨੂੰ ਅੱਜ ਸਵੇਰੇ ਮਿਲੀ ਮਨਹੂਸ ਸੂਚਨਾ ਨਾਲ ਪਿੰਡ ‘ਚ ਮਾਤਮ ਛਾ ਗਿਆ। ਮ੍ਰਿਤਕ ਦੇ ਚਾਚਾ ਅਤੇ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਅਮਰੀਕਾ ਤੋਂ ਮਿਲੀ ਸੂਚਨਾ ਮੁਤਾਬਕ ਹਾਦਸਾ ਅੱਜ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਲੱਖਾ ਆਪਣੇ ਟਰਾਲੇ ਨੂੰ ਸੜਕ ਕਿਨਾਰੇ ਪਾਰਕ ਕਰਕੇ ਲਾਈਟਾਂ ਚੈੱਕ ਕਰ ਰਿਹਾ ਸੀ। ਇਸੇ ਦੌਰਾਨ ਪਿੱਛੋਂ ਕਿਸੇ ਵਾਹਨ ਨੇ ਉਸ ਵਿੱਚ ਆ ਕੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਮਾਤਾ ਬਲਵਿੰਦਰ ਕੌਰ ਅਤੇ ਭੈਣਾਂ ਨੇ ਰੋਂਦੇ ਕੁਰਲਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ 11 ਸਾਲ ਬਾਅਦ ਲੋਹੜੀ ਨੂੰ ਘਰ ਆਉਣਾ ਸੀ ਪਰ ਇਸ ਹਾਦਸੇ ਨੇ ਉਨ੍ਹਾਂ ਦੀ ਦੁਨੀਆ ਉਜਾੜ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।