ਸਾਂਝੇ ਪਰਿਵਾਰਾਂ ਦੇ ਟੁੱਟਣ ਦਾ ਸੰਤਾਪ ਹੰਢਾ ਰਿਹੈ ਸਮਾਜ
ਕੌਮਾਂਤਰੀ ਪਰਿਵਾਰ ਦਿਵਸ ਹਰ ਸਾਲ 15 ਮਈ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਅਸੀ ਜਾਣਦੇ ਹਾਂ ਕਿ ਹਰ ਇਨਸਾਨ ਪਰਿਵਾਰ ਬਿਨਾ ਅਧੂਰਾ ਹੈ। ਜੀਵਨ ਵਿੱਚ ਭਾਵੇ ਕੋਈ ਕਿੰਨਾ ਵੀ ਸਫ਼ਲ ਹੋਵੇ ਜਾਂ ਪੜਿਆ-ਲਿਖਿਆ ਹੋਵੇ ਪਰ ਜੇਕਰ ਉਸ ਕੋਲ ਪਰਿਵਾਰ ਨਹੀ ਹੈ ਤਾਂ ਉਹ ਇੱਕਲਾ ਹੈ ਅਤੇ ਇੱਕਲਿਆਂ ਜ਼ਿੰਦਗੀ ਕੱਟਣੀ ਆਸਾਨ ਨਹੀਂ ਹੁੰਦੀ। ਪਰਿਵਾਰ ਵਿੱਚ ਰਹਿਣ ਵਾਲਾ ਇਨਸਾਨ ਆਪਣੀਆਂ ਖੁਸ਼ੀਆਂ ਅਤੇ ਦਰਦ ਨੂੰ ਵੰਡਣਾ ਜਾਣਦਾ ਹੈ। ਅਜੋਕੇ ਸਮੇਂ ਦੌਰਾਨ ਸੰਯੁਕਤ ਪਰਿਵਾਰਾਂ ਦਾ ਟੁੱਟਣਾ ਪੂਰੇ ਵਿਸ਼ਵ ਲਈ ਚਿੰਤਾ ਦਾ ਵਿਸ਼ਾ ਹੈ। ਇਸ ਲਈ ਕੌਮਾਂਤਰੀ ਪਰਿਵਾਰ ਦਿਵਸ ਮਨਾਉਣ ਦੀ ਅਹਿਮੀਅਤ ਅੱਜ ਹੋਰ ਵੀ ਵਧ ਗਈ ਹੈੇ।
ਕੌਮਾਂਤਰੀ ਪਰਿਵਾਰ ਦਿਵਸ ਮਨਾਉਣ ਦਾ ਐਲਾਨ 1993 ਵਿੱਚ ਸੰਯੁਕਤ ਰਾਸ਼ਟਰ ਜਨਰਲ ਐਸੰਬਲੀ ਵਲੋਂ ਕੀਤਾ ਗਿਆ ਸੀ ਅਤੇ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਅਮਰੀਕਾ ਵਲੋਂ ਸੰਨ 1994 ਵਿੱਚ ਕੀਤੀ ਗਈ ਸੀ। ਦੁਨੀਆ ਭਰ ਦੇ ਲੋਕਾਂ ਨੂੰ ਉਨਾਂ ਦੇ ਪਰਿਵਾਰਾਂ ਨਾਲ ਜੋੜਕੇ ਰੱਖਣ,ਸਮਾਜ ਵਿੱਚ ਇਸ ਪ੍ਰਤੀ ਜਾਗਰੂਕਤਾ ਫੈਲਾਉਣ,ਪਰਿਵਾਰ ਦੇ ਮਹੱਤਵ ਅਤੇ ਉਸਦੀ ਯੋਗਤਾ ਨੂੰ ਪ੍ਰਗਟ ਕਰਨ ਦੇ ਉਦੇਸ਼ ਨਾਲ ਹੀ ਹਰ ਸਾਲ 15 ਮਈ ਨੂੰ ਪੂਰੀ ਦੁਨੀਆ ਵਿੱਚ ਕੌਮਾਂਤਰੀ ਪਰਿਵਾਰ ਦਿਵਸ ਮਨਾਇਆ ਜਾਂਦਾ ਹੈ। ਪਰਿਵਾਰ ਦਿਵਸ ਮਨਾਉਣ ਦੀ ਭਾਵਨਾ ਦੇ ਪਿੱਛੇ ਆਪਸ ਵਿੱਚ ਵੈਰ-ਵਿਰੋਧ,ਕੜਵਾਹਟ,ਦੁਸ਼ਮਣੀ ਅਤੇ ਨਫ਼ਰਤ ਨੂੰ ਘੱਟ ਕਰਨਾ ਹੈ। ਪਰਿਵਾਰ ਇੱਕ ਅਜਿਹੀ ਸਮਾਜਿਕ ਸੰਸਥਾ ਹੈ ਜੋ ਆਪਸੀ ਸਹਿਯੋਗ ਅਤੇ ਸੰਯੋਗ ਨਾਲ ਅੱਗੇ ਵਧਦੀ ਹੈ।
ਜਿਸ ਪਰਿਵਾਰ ਦੇ ਸਾਰੇ ਮੈਂਬਰ ਆਪਸ ਵਿੱਚ ਮਿਲਕੇ ਆਪਣੀ ਜ਼ਿੰਦਗੀ ਪਿਆਰ ਅਤੇ ਸੁਨੇਹ ਨਾਲ ਗੁਜ਼ਾਰਦੇ ਹਨ ਉਹ ਪਰਿਵਾਰ ਕਿਸੇ ਜੰਨਤ ਤੋਂ ਘੱਟ ਨਹੀਂ ਹੁੰਦਾ। ਮਰਿਯਾਦਾ ਅਤੇ ਅਨੁਸ਼ਾਸਨ ਵਿੱਚ ਰਹਿਕੇ ਹਰ ਇੱਕ ਨੂੰ ਸਨਮਾਨ ਅਤੇ ਇੱਜ਼ਤ ਦੇਣਾ ਇੱਕ ਸੁਖੀ ਅਤੇ ਖੁਸ਼ਹਾਲ ਪਰਿਵਾਰ ਦੇ ਗੁਣ ਹੁੰਦੇ ਹਨ। ਕਿਸੇ ਵੀ ਪਰਿਵਾਰ ਦੇ ਗੁਣ ਅਤੇ ਔਗੁਣ ਹੀ ਆਦਮੀ ਦੀ ਪਹਿਚਾਣ ਹੁੰਦੇ ਹਨ। ਸੁੱਖ ਅਤੇ ਦੁੱਖ ਜ਼ਿੰਦਗੀ ਦੇ ਪਹਿਲੂ ਹਨ ਪਰ ਦੁੱਖ ਦੇ ਸਮਂੇ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਅਤੇ ਅਜਿਹੇ ਮੌਕੇ ਇੱਕ ਦੂਜੇ ਨੂੰ ਹੌਸਲਾ ਦੇ ਕੇ ਸਹਾਰਾ ਬਣਨ ਵਾਲੇ ਪਰਿਵਾਰ ਜਿੱਥੇ ਸਮਾਜ ਲਈ ਇੱਕ ਉਦਾਹਰਣ ਬਣਦੇ ਹਨ ਉੱਥੇ ਹੀ ਅਜਿਹੇ ਪਰਿਵਾਰਾਂ ਵਿੱਚ ਦੁੱਖ ਵੀ ਜ਼ਿਆਦਾ ਸਮਂੇ ਤੱਕ ਨਹੀਂ ਠਹਿਰਦੇ। ਅਜਿਹੇ ਪਰਿਵਾਰ ਆਪਸੀ ਭਾਈਚਾਰੇ ਅਤੇ ਸਹਿਨਸ਼ੀਲਤਾ ਨਾਲ ਆਪਣੀ ਜ਼ਿੰਦਗੀ ਵਿੱਚੋਂ ਦੁੱਖ ਨੂੰ ਦੂਰ ਭਜਾਉਣ ਲਈ ਮਿਸਾਲ ਬਣਦੇ ਹਨ ਪਰ ਇਸਦੇ ਨਾਲ ਹੀ ਅੱਜ ਇੱਕਲਤਾ ਭਰੀ ਜ਼ਿੰਦਗੀ ਜਿਉਂਣ ਵਾਲੇ ਲੋਕ ਵੱਡੇ ਪੱਧਰ ਦੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਆਖਿਆ ਜਾ ਸਕਦਾ ਹੈ ਕਿ ਖੁਸ਼ਹਾਲ ਜ਼ਿੰਦਗੀ ਜਿਉਂਣ ਵਿੱਚ ਸੰਯੁਕਤ ਪਰਿਵਾਰ ਦਾ ਵੱਡਾ ਹੱਥ ਹੁੰਦਾ ਹੈ।
ਸਿਆਣਿਆ ਦਾ ਕਥਨ ਹੈ ਕਿ ਸਾਂਝੇ ਪਰਿਵਾਰ ਤੋਂ ਵੱਡਾ ਕੋਈ ਧਨ ਨਹੀਂ ਹੁੰਦਾ। ਪਿਤਾ ਤੋਂ ਵੱਡਾ ਕੋਈ ਸਲਾਹਕਾਰ ਨਹੀਂ ਹੁੰਦਾ। ਮਾਂ ਦੀ ਅਸੀਸ ਤੋਂ ਵੱਡੀ ਕੋਈ ਦੁਨੀਆ ਨਹੀਂ ਹੁੰਦੀ। ਭਰਾ ਤੋਂ ਚੰਗਾ ਕੋਈ ਸਾਂਝੀਵਾਲ ਨਹੀਂ ਹੁੰਦਾ। ਭੈਣ ਤੋਂ ਵੱਡਾ ਕੋਈ ਸ਼ੁਭਚਿੰਤਕ ਨਹੀਂ ਹੁੰਦਾ। ਇਸ ਲਈ ਜੇਕਰ ਅਸੀਂ ਇਕਹਿਰੇ ਪਰਿਵਾਰ ਵਿੱਚ ਰਹਿੰਦੇ ਹਾਂ ਤਾਂ ਉਪਰੋਕਤ ਸਾਰੀਆਂ ਸਹੂਲਤਾਂ ਤੋਂ ਵਾਂਝੇ ਹੁੰਦੇ ਹਾਂ। ਸਾਂਝੇ ਪਰਿਵਾਰ ਤੋਂ ਬਿਨਾਂ ਖੁਸ਼ਹਾਲ ਜੀਵਨ ਦੀ ਕਲਪਨਾ ਕਰਨਾ ਔਖਾ ਹੈ। ਇੱਕ ਸਦਗੁਣੀ ਪਰਿਵਾਰ ਬੱਚੇ ਦੇ ਚਰਿੱਤਰ ਨਿਰਮਾਣ ਤੋਂ ਲੈ ਕੇ ਵਿਅਕਤੀ ਦੀ ਸਫਲਤਾ ਤੱਕ ਮਹੱਤਵਪੂਰਨ ਭੂਮਿਕਾ ਨਿਭਾਉਦਾ ਹੈ।
ਭਾਵੇ ਪ੍ਰਾਣੀ ਜਗਤ ਵਿੱਚ ਪਰਿਵਾਰ ਇੱਕ ਛੋਟੀ ਇਕਾਈ ਹੈ ਪਰ ਇਸਦੀ ਮਜਬੂਤੀ ਸਾਨੂੰ ਹਰ ਵੱਡੀ ਤੋਂ ਵੱਡੀ ਮੁਸੀਬਤ ਤੋਂ ਬਚਾਉਣ ਵਿੱਚ ਸਹਾਈ ਹੁੰਦੀ ਹੈ। ਪਰਿਵਾਰ ਕਿਸੇ ਵੀ ਰਾਸ਼ਟਰ ਦੀ ਮੁੱਢਲੀ ਇਕਾਈ ਵੀ ਹੈ। ਸੁਚੱਜੇ ਪਰਿਵਾਰ ਨਾਲ ਹੀ ਚੰਗੇ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ। ਇਸ ਲਈ ਆਖਿਆ ਜਾ ਸਕਦਾ ਹੈ ਕਿ ਇੱਕ ਸੰਪੂਰਨ ਪਰਿਵਾਰ ਦਾ ਰਾਸ਼ਟਰ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਹੁੰਦਾ ਹੈ।
ਪਰਿਵਾਰ ਇਨਸਾਨ ਦਾ ਪਹਿਲਾ ਸਕੂਲ ਹੈ। ਉਹ ਜੋ ਕੁਝ ਵੀ ਚੰਗਾ ਜਾਂ ਬੁਰਾ ਸਿੱਖਦਾ ਹੈ ਆਪਣੇ ਪਰਿਵਾਰ ਵਿੱਚੋਂ ਹੀ ਸਿੱਖਦਾ ਹੈ। ਮਨੋਵਿਗਿਆਨੀ ਵੀ ਜਦ ਕਿਸੇ ਪਰਿਵਾਰ ਦੀ ਸਮੱਸਿਆ ਨੂੰ ਹੱਲ ਕਰਦੇ ਹਨ ਤਾਂ ਸਭ ਤੋਂ ਜ਼ਿਆਦਾ ਤਵੱਜ਼ੋ ਪਰਿਵਾਰ ਦੀ ਵਿਚਾਰਧਾਰਾ ਨੂੰ ਹੀ ਦਿੰਦੇ ਹਨ। ਪਰਿਵਾਰ ਸਾਡੀ ਨੀਂਹ ਵਿੱਚ,ਚਾਲ ਚਲਣ ਵਿੱਚ ਅਤੇ ਫਿਰ ਸਾਡੇ ਪੂਰੇ ਜੀਵਨ ਵਿੱਚ ਝਲਕਦਾ ਅਤੇ ਛਲਕਦਾ ਹੈ। ਪਰਿਵਾਰ ਇੱਕ ਵਿਚਾਰ ਹੈ। ਸੁਰੱਖਿਆ ਅਤੇ ਜੀਵਨਸ਼ੈਲੀ ਹੈ। ਇਸ ਵਿੱਚ ਰਹਿਣ ਦਾ ਇੱਕ ਤਰੀਕਾ ਹੈ ਜਿਸਨੂੰ ਅਸੀ ਪਰਿਵਾਰਕ ਸੰਸਕਾਰ ਕਹਿੰਦੇ ਹਾਂ। ਭਾਰਤ ਵਿੱਚ ਪ੍ਰਾਚੀਨ ਕਾਲ ਤੋਂ ਹੀ ਸਾਂਝੇ ਪਰਿਵਾਰਾਂ ਦੀ ਪ੍ਰੰਪਰਾ ਰਹੀ ਹੈ। ਸੰਯੁਕਤ ਪਰਿਵਾਰ ਵਿੱਚ ਬਜ਼ੁਰਗਾਂ ਦੇ ਅਨੁਭਵ ਤੋਂ ਨਵੀਂ ਪੀੜ੍ਹੀ ਨੂੰ ਵੱਡਮੁੱਲਾ ਗਿਆਨ ਹਾਸਲ ਹੁੰਦਾ ਹੈ। ਸਾਂਝੀ ਪੂੰਜੀ,ਸਾਂਝੇ ਰਹਿਣ-ਸਹਿਣ ਅਤੇ ਸਾਂਝੀ ਜ਼ਿੰਮੇਵਾਰੀ ਕਾਰਨ ਪਰਿਵਾਰ ਵਿੱਚ ਅਨੁਸ਼ਾਸਨ ਅਤੇ ਇੱਜ਼ਤ ਦਾ ਮਾਹੌਲ ਹਮੇਸ਼ਾ ਬਣਿਆ ਰਹਿੰਦਾ ਹੈ ਪਰ ਅਜੋਕੇ ਬਦਲਦੇ ਸਮੇਂ ਵਿੱਚ ਸ਼ਹਿਰੀਕਰਨ ਅਤੇ ਆਧੁਨਿਕਤਾ ਨੇ ਸਾਂਝੇ ਪਰਿਵਾਰਾਂ ਦੀ ਪ੍ਰੰਪਰਾ ਨੂੰ ਖਤਰੇ ਵਿੱਚ ਪਾ ਦਿੱਤਾ ਹੈ ਜਿਸ ਨਾਲ ਸੰਯੁਕਤ ਪਰਿਵਾਰ ਇਕਹਿਰੀ ਪਰਿਵਾਰ ਪ੍ਰਣਾਲੀ ਵਿੱਚ ਤੇਜ਼ੀ ਨਾਲ ਬਦਲ ਰਹੇ ਹਨ।
ਅਜੋਕੇ ਇਕਹਿਰੇ ਪਰਿਵਾਰ ਦੀ ਜੀਵਨਸ਼ੈਲੀ ਨੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਦੀ ਗੋਦ ਵਿੱਚ ਖੇਡਣ ਅਤੇ ਲੋਰੀ ਸੁਣਨ ਵਾਲੇ ਬੱਚਿਆਂ ਦਾ ਬਚਪਨ ਖੋਹਕੇ ਉਨਾਂ ਨੂੰ ਮੋਬਾਇਲ ਦੇ ਆਦੀ ਬਣਾ ਦਿੱਤਾ ਹੈ। ਹੁਣ ਲਾਲਚ ਭਰੀ ਮਾਨਸਿਕਤਾ,ਉਪਭੋਗਤਾਵਾਦੀ ਸੱਭਿਆਚਾਰ ਅਤੇ ਸਹਿਨਸ਼ੀਲਤਾ ਦੀ ਕਮੀ ਕਾਰਨ ਸਾਂਝੇ ਪਰਿਵਾਰ ਟੁੱਟਣ ਲੱਗੇ ਹਨ। ਪਿੰਡਾਂ ਵਿੱਚ ਰੁਜ਼ਗਾਰ ਦੀ ਅਣਹੋਂਦ ਦੇ ਕਾਰਨ ਅਕਸਰ ਵੱਡੀ ਆਬਾਦੀ ਦਾ ਸ਼ਹਿਰਾਂ ਵੱਲ ਨੂੰ ਮੁਹਾਣ ਹੋਣ ਲੱਗਾ ਹੈ। ਇਸਤੋਂ ਇਲਾਵਾ ਪੱਛਮੀ ਸੰਸਕ੍ਰਿਤ ਦਾ ਪ੍ਰਭਾਵ ਵਧਣ ਦੇ ਕਾਰਨ ਆਧੁਨਿਕ ਪੀੜ੍ਹੀ ਦਾ ਆਪਣੇ ਬਜ਼ੁਰਗਾਂ ਅਤੇ ਮਾਪਿਆਂ ਪ੍ਰਤੀ ਇੱਜ਼ਤ ਅਤੇ ਸਨਮਾਨ ਘੱਟ ਹੋਣ ਲੱਗਾ ਹੈ। ਬੁਢੇਪੇ ਵਿੱਚ ਜ਼ਿਆਦਾਤਰ ਬਿਮਾਰ ਰਹਿਣ ਵਾਲੇ ਮਾਤਾ-ਪਿਤਾ ਹੁਣ ਦੀ ਪੀੜੀ ਨੂੰ ਬੋਝ ਲੱਗਣ ਲੱਗੇ ਹਨ।
ਇਕਹਿਰੀ ਪਰਿਵਾਰ ਪ੍ਰਣਾਲੀ ਵਿੱਚ ਪਲਿਆ ਕੋਈ ਵੀ ਬੱਚਾ ਆਪਣੇ ਫਰਜ਼ ਪ੍ਰਤੀ ਜਾਗਰੂਕ ਨਹੀਂ ਹੁੰਦਾ। ਇਸ ਲਈ ਅਜਿਹੇ ਬੱਚੇ ਅਲੱਗ ਰਹਿਣ ਨੂੰ ਹੀ ਆਪਣੇ ਜੀਵਨ ਦੀ ਸਭ ਤੋਂ ਵੱਡੀ ਖੁਸ਼ੀ ਮੰਨ ਲੈਦੇ ਹਨ। ਭਾਰਤ ਵਿੱਚ ਵਿੱਚ ਬਿਰਧ ਆਸ਼ਰਮਾਂ ਦੀ ਨਿਰੰਤਰ ਵਧਦੀ ਗਿਣਤੀ ਇਸ਼ਾਰਾ ਕਰ ਰਹੀ ਹੈ ਕਿ ਹੁਣ ਸੰਯੁਕਤ ਪਰਿਵਾਰਾਂ ਨੂੰ ਬਚਾਉਣ ਲਈ ਇੱਕ ਤੰਦਰੁਸਤ ਸਮਾਜਿਕ ਪ੍ਰਣਾਲੀ ਦੀ ਲੋੜ ਹੈ। ਬਜ਼ੁਰਗਾਂ ਅਤੇ ਆਧੁਨਿਕ ਪੀੜੀ ਦੇ ਵਿਚਾਰਾਂ ਵਿੱਚ ਆ ਰਿਹਾ ਵੱਡਾ ਫਰਕ ਸਾਂਝੇ ਪਰਿਵਾਰਾਂ ਨੂੰ ਤੋੜ ਰਿਹਾ ਹੈ ਪਰ ਅਨੁਭਵ ਦਾ ਖਜ਼ਾਨਾ ਕਹੇ ਜਾਣ ਵਾਲੇ ਬਜ਼ੁਰਗਾਂ ਦੀ ਅਸਲੀ ਜਗਾਂ ਬਿਰਧ ਆਸ਼ਰਮ ਨਹੀਂ ਸਗੋਂ ਘਰ ਹਨ ਕਿਉਕਿ ਅਜੋਕੇ ਸਮੇਂ ਵਿੱਚ ਦਿਸ਼ਾਹੀਣ ਹੋ ਰਹੀ ਨੌਜਵਾਨ ਪੀੜੀ ਨੂੰ ਬਜ਼ੁਰਗਾਂ ਦੇ ਅਨੁਭਵ ਦੀ ਵੱਡੀ ਲੋੜ ਹੈ।
ਇਸ ਲਈ ਸਾਂਝੇ ਪਰਿਵਾਰ ਵਿੱਚ ਬਜ਼ੁਰਗਾਂ ਦੀ ਹਰ ਗੱਲ ਨੂੰ ਅਹਿਮੀਅਤ ਦੇਣੀ ਅਤਿ ਜਰੂਰੀ ਹੈ। ਜਿਹੜੇ ਪਰਿਵਾਰ ਅੱਜ ਵੀ ਬਜ਼ੁਰਗਾਂ ਨੂੰ ਮਾਣ-ਸਨਮਾਨ ਦੇ ਕੇ ਉਨਾਂ ਦੀ ਰਹਿਨੁਮਾਈ ਹੇਠ ਆਪਣਾ ਜੀਵਨ ਜਿਉਂ ਰਹੇ ਹਨ ਉਨਾਂ ਪਰਿਵਾਰਾਂ ਦੇ ਬੱਚਿਆਂ ਵਿੱਚ ਇੱਕ ਚੰਗੇ ਨਾਗਰਿਕ ਬਣਨ ਦੇ ਗੁਣ ਆਪਣੇ-ਆਪ ਪੈਂਦਾ ਹੋ ਰਹੇ ਹਨ। ਸੋ ਅੱਜ ਪਰਿਵਾਰ ਦਿਵਸ ਦੇ ਮੌਕੇ ਤੇ ਸਾਂਝੇ ਪਰਿਵਾਰਾਂ ਦੀ ਅਹਿਮੀਅਤ ਨੂੰ ਸਮਝਣ ਦੀ ਅਤਿ ਲੋੜ ਹੈ।
ਜਗਤਾਰ ਸਮਾਲਸਰ
ਏਲਨਾਬਾਦ, ਸਿਰਸਾ , ਹਰਿਆਣਾ ਸੰਪਰਕ-94670-95953
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ